ਉੱਲੂਆਂ ਦੀ ਦੁਸ਼ਮਣ ਬਣੀ ਅਮਰੀਕੀ ਸਰਕਾਰ!
ਕੀਨੀਆ ਦੀ ਸਰਕਾਰ ਨੇ ਕੁੱਝ ਸਮਾਂ ਪਹਿਲਾਂ 10 ਲੱਖ ਕਾਂਵਾਂ ਨੂੰ ਮਾਰਨ ਦੀ ਯੋਜਨਾ ਦਾ ਖ਼ੁਲਾਸਾ ਕੀਤਾ ਸੀ ਪਰ ਹੁਣ ਅਜਿਹੀ ਹੀ ਇਕ ਯੋਜਨਾ ਅਮਰੀਕਾ ਵੱਲੋਂ ਬਣਾਈ ਗਈ ਐ ਪਰ ਉਹ ਕਾਂਵਾਂ ਨੂੰ ਮਾਰਨ ਲਈ ਨਹੀਂ ਬਲਕਿ ਉੱਲੂਆਂ ਨੂੰ ਮਾਰਨ ਲਈ ਬਣਾਈ ਗਈ ਐ, ਜਿਸ ਦੇ ਤਹਿਤ ਸਾਢੇ 4 ਲੱਖ ਉੱਲੂਆਂ ਨੂੰ ਗੋਲੀ ਮਾਰ ਕੇ ਖ਼ਤਮ
By : Makhan shah
ਵਾਸ਼ਿੰਗਟਨ : ਕੀਨੀਆ ਦੀ ਸਰਕਾਰ ਨੇ ਕੁੱਝ ਸਮਾਂ ਪਹਿਲਾਂ 10 ਲੱਖ ਕਾਂਵਾਂ ਨੂੰ ਮਾਰਨ ਦੀ ਯੋਜਨਾ ਦਾ ਖ਼ੁਲਾਸਾ ਕੀਤਾ ਸੀ ਪਰ ਹੁਣ ਅਜਿਹੀ ਹੀ ਇਕ ਯੋਜਨਾ ਅਮਰੀਕਾ ਵੱਲੋਂ ਬਣਾਈ ਗਈ ਐ ਪਰ ਉਹ ਕਾਂਵਾਂ ਨੂੰ ਮਾਰਨ ਲਈ ਨਹੀਂ ਬਲਕਿ ਉੱਲੂਆਂ ਨੂੰ ਮਾਰਨ ਲਈ ਬਣਾਈ ਗਈ ਐ, ਜਿਸ ਦੇ ਤਹਿਤ ਸਾਢੇ 4 ਲੱਖ ਉੱਲੂਆਂ ਨੂੰ ਗੋਲੀ ਮਾਰ ਕੇ ਖ਼ਤਮ ਕੀਤਾ ਜਾਵੇਗਾ। ਸੋ ਆਓ ਤੁਹਾਨੂੰ ਦੱਸਦੇ ਆਂ ਕਿ ਆਖ਼ਰਕਾਰ ਕਿਉਂ ਇਨ੍ਹਾਂ ਉੱਲੂਆਂ ਦੀ ਦੁਸ਼ਮਣ ਬਣ ਰਹੀ ਐ ਅਮਰੀਕੀ ਸਰਕਾਰ?
ਜਿਸ ਤਰ੍ਹਾਂ ਕੀਨੀਆ ਦੀ ਸਰਕਾਰ ਵੱਲੋਂ 10 ਲੱਖ ਕਾਂਵਾਂ ਨੂੰ ਮਾਰਨ ਦਾ ਫ਼ੈਸਲਾ ਲਿਆ ਗਿਆ ਏ, ਉਸੇ ਤਰ੍ਹਾਂ ਹੁਣ ਅਮਰੀਕਾ ਦੀ ਸਰਕਾਰ ਵੱਲੋਂ ਸਾਢੇ ਚਾਰ ਲੱਖ ਉੱਲੂਆਂ ਨੂੰ ਮੌਤ ਦੇ ਘਾਟ ਉਤਾਰਨ ਦਾ ਪਲਾਨ ਤਿਆਰ ਕੀਤਾ ਜਾ ਰਿਹਾ ਏ। ਦਰਅਸਲ ਅਮਰੀਕਾ ਵਿਚ ਸਪਾਟੇਡ ਉੱਲੂਆਂ ਦੀ ਪ੍ਰਜਾਤੀ ਖ਼ਤਮ ਹੋਣ ਦੇ ਕੰਢੇ ’ਤੇ ਪੁੱਜ ਗਈ ਐ, ਜਿਨ੍ਹਾਂ ਨੂੰ ਬਚਾਉਣ ਲਈ ਅਮਰੀਕੀ ਵਣਜੀਵ ਅਧਿਕਾਰੀਆਂ ਨੇ ਪੱਛਮੀ ਤੱਟ ਦੇ ਸੰਘਣੇ ਜੰਗਲਾਂ ਵਿਚ ਟੇ੍ਰਂਡ ਨਿਸ਼ਾਨੇਬਾਜ਼ਾਂ ਨੂੰ ਤਾਇਨਾਤ ਕਰਨ ਦਾ ਫ਼ੈਸਲਾ ਕੀਤਾ ਏ ਜੋ ਇਸ ਯੋਜਨਾ ਦੇ ਤਹਿਤ ਸਾਢੇ ਚਾਰ ਲੱਖ ‘ਬਾਰਡ ਉੱਲੂਆਂ’ ਨੂੰ ਖ਼ਤਮ ਕਰਨਗੇ ਕਿਉਂਕਿ ਬਾਰਡ ਪ੍ਰਜਾਤੀ ਦੇ ਉੱਲੂ ‘ਸਪਾਟੇਡ ਪ੍ਰਜਾਤੀ ਦੇ ਉੱਲੂਆਂ ਲਈ ਖ਼ਤਰਾ ਬਣ ਰਹੇ ਨੇ ਜੋ ਇਨ੍ਹਾਂ ਦੇ ਹੀ ਕਰੀਬੀ ਰਿਸ਼ਤੇਦਾਰ ਨੇ।
ਅਮਰੀਕੀ ਸਰਕਾਰ ਦਾ ਮਕਸਦ ਓਰੇਗਾਨ ਵਾਸ਼ਿੰਗਟਨ ਰਾਜ ਅਤੇ ਕੈਲੀਫੋਰਨੀਆ ਵਿਚ ਲਗਾਤਾਰ ਘੱਟ ਹੋ ਰਹੀ ਚਿੱਤੀਦਾਰ ਉੱਲੂਆਂ ਦੀ ਆਬਾਦੀ ਨੂੰ ਵਧਾਉਣਾ ਏ। ਰਿਪੋਰਟਾਂ ਦੇ ਮੁਤਾਬਕ ਅਗਲੇ ਤਿੰਨ ਦਹਾਕਿਆਂ ਵਿਚ ਕਰੀਬ ਸਾਢੇ ਚਾਰ ਲੱਖ ਉੱਲੂਆਂ ਨੂੰ ਗੋਲੀ ਮਾਰੀ ਜਾਵੇਗੀ। ਮੂਲ ਤੌਰ ’ਤੇ ਇਹ ਪੰਛੀ ਪੂਰਬੀ ਅਮਰੀਕਾ ਵਿਚ ਰਹਿੰਦੇ ਨੇ ਪਰ ਇਨ੍ਹਾਂ ਨੇ ਪੱਛਮੀ ਤੱਟ ’ਤੇ ਹਮਲਾ ਕਰ ਦਿੱਤਾ ਏ। ਸਰੋਤਾਂ ’ਤੇ ਕਬਜ਼ ਦੇ ਮਾਮਲੇ ਵਿਚ ਇਨ੍ਹਾਂ ਬਾਰਡ ਪ੍ਰਜਾਤੀ ਦੇ ਉੱਲੂਆਂ ਨੇ ‘ਸਪਾਟੇਡ ਉੱਲੂਆਂ’ ਨੂੰ ਪਛਾੜ ਕੇ ਰੱਖ ਦਿੱਤਾ ਏ। ਛੋਟੇ ਸਪਾਟੇਡ ਉੱਲੂ ਇਨ੍ਹਾਂ ਹਮਲਾਵਰਾਂ ਨਾਲ ਲੜ ਨਹੀਂ ਪਾ ਰਹੇ। ਜਾਣਕਾਰੀ ਦੇ ਅਨੁਸਾਰ ਬਾਰਡ ਉੱਲੂਆਂ ਦੇ ਅੰਡੇ ਵੱਡੇ ਹੁੰਦੇ ਨੇ ਅਤੇ ਇਨ੍ਹਾਂ ਨੂੰ ਰਹਿਣ ਲਈ ਜ਼ਿਆਦਾ ਜਗ੍ਹਾ ਦੀ ਜ਼ਰੂਰਤ ਹੁੰਦੀ ਐ।
ਇਕ ਰਿਪੋਰਟ ਦੇ ਮੁਤਾਬਕ ਖ਼ਤਰੇ ਵਿਚ ਪਈ ਸਪਾਟੇਡ ਉੱਲੂਆਂ ਦੀ ਪ੍ਰਜਾਤੀ ਦੀ ਸੰਭਾਲ ਲਈ ਦਹਾਕਿਆਂ ਤੋਂ ਯਤਨ ਕੀਤੇ ਜਾ ਰਹੇ ਨੇ। ਇਨ੍ਹਾਂ ਯਤਨਾਂ ਦੇ ਤਹਿਤ ਹੀ ਉਨ੍ਹਾਂ ਜੰਗਲਾਂ ਦੀ ਰੱਖਿਆ ’ਤੇ ਧਿਆਨ ਕੇਂਦਰਤ ਕੀਤਾ ਗਿਆ ਏ, ਜਿੱਥੇ ਇਹ ਰਹਿੰਦੇ ਨੇ। ਇਸ ਨਾਲ ਜੰਗਲਾਂ ਦੀ ਕਟਾਈ ਨੂੰ ਲੈਕੇ ਝਗੜੇ ਵੀ ਪੈਦਾ ਹੋਏ ਪਰ ਸਰਕਾਰ ਦੇ ਕਦਮਾਂ ਨਾਲ ਪੰਛੀਆਂ ਦੀ ਘੱਟ ਹੋ ਰਹੀ ਗਿਣਤੀ ਨੂੰ ਹੌਲੀ ਕਰਨ ਵਿਚ ਮਦਦ ਮਿਲ ਰਹੀ ਐ। ਅਧਿਕਾਰੀਆਂ ਦਾ ਕਹਿਣਾ ਏ ਕਿ ਹਾਲ ਦੇ ਸਾਲਾਂ ਦੌਰਾਨ ਬਾਰਡ ਉੱਲੂਆਂ ਦਾ ਆਉਣਾ ਲਗਾਤਾਰ ਇਸ ਯਤਨ ਨੂੰ ਕਮਜ਼ੋਰ ਕਰ ਰਿਹਾ ਏ। ਸੰਭਵ ਐ ਕਿ ਜੇਕਰ ਸਪਾਟੇਡ ਉੱਲੂਆਂ ਨੂੰ ਨਹੀਂ ਬਚਾਇਆ ਗਿਆ ਤਾਂ ਉਹ ਪੂਰੀ ਤਰ੍ਹਾਂ ਅਲੋਪ ਹੋ ਜਾਣਗੇ।
ਉਧਰ ਇਕ ਪੰਛੀ ਦੀ ਪ੍ਰਜਾਤੀ ਨੂੰ ਬਚਾਉਣ ਲਈ ਦੂਜੇ ਪੰਛੀ ਨੂੰ ਮਾਰਨ ਦੇ ਫ਼ੈਸਲੇ ਨੂੰ ਲੈ ਕੇ ਵੀ ਅਮਰੀਕਾ ਵਿਚ ਕਲੇਸ਼ ਖੜ੍ਹਾ ਹੋ ਗਿਆ ਏ। ਇਸ ਫ਼ੈਸਲੇ ਨੂੰ ਲੈਕੇ ਵਣਜੀਵ ਸਮਰਥਕ ਅਤੇ ਵਾਤਾਵਰਣ ਪ੍ਰੇਮੀ ਵੰਡੇ ਜਾ ਚੁੱਕੇ ਨੇ। ਕੁੱਝ ਲੋਕਾਂ ਨੇ ਨਾ ਚਾਹੁੰਦਿਆਂ ਵੀ ਉੱਲੂਆਂ ਨੂੰ ਮਾਰਨ ਦੇ ਫ਼ੈਸਲੇ ਨੂੰ ਸਵੀਕਾਰ ਕਰ ਲਿਆ, ਜਦਕਿ ਕੁੱਝ ਲੋਕਾਂਦਾ ਕਹਿਣਾ ਏ ਕਿ ਇਹ ਫ਼ੈਸਲਾ ਬਿਲਕੁਲ ਗ਼ਲਤ ਐ, ਸਰਕਾਰ ਸਿਰਫ਼ ਆਪਣੀ ਲਾਪ੍ਰਵਾਹੀ ਤੋਂ ਲੋਕਾਂ ਧਿਆਨ ਭਟਕਾਉਣਾ ਚਾਹੁੰਦੀ ਐ। ਵਕਾਲਤ ਸਮੂਹ ਐਨੀਮਲ ਵੈਲਨੈੱਸ ਐਕਸ਼ਨ ਦੇ ਵੇਨ ਪੈਕੇਲੇ ਨੇ ਆਖਿਆ ਕਿ ਜੋ ਵਣਜੀਵਾਂ ਦੇ ਰੱਖਿਅਕ ਹਨ, ਉਹ ਹੁਣ ਤਸ਼ੱਦਦ ਕਰਨ ਵਾਲੇ ਬਣ ਰਹੇ ਨੇ। ਉਨ੍ਹਾਂ ਭਵਿੱਖਬਾਣੀ ਕੀਤੀ ਸੀ ਕਿ ਇਹ ਯੋਜਨਾ ਫ਼ੇਲ੍ਹ ਸਾਬਤ ਹੋਵੇਗੀ ਕਿਉਂਕਿ ਇਸ ਨਾਲ ਬਾਰਡ ਉੱਲੂਆਂ ਨੂੰ ਰੋਕਿਆ ਨਹੀਂ ਜਾ ਸਕੇਗਾ,, ਪਰ ਉਧਰ ਅਧਿਕਾਰੀਆਂ ਦਾ ਕਹਿਣਾ ਏ ਕਿ ਅਗਲੀ ਬਸੰਤ ਤੋਂ ਉੱਲੂਆਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ ਜਾਵੇਗਾ।