ਪੁਣੇ ਪੋਰਸ਼ ਐਕਸੀਡੈਂਟ ਮਾਮਲੇ ਵਿਚ ਮੁਲਜ਼ਮ ਦਾ ਦਾਦਾ ਗ੍ਰਿਫਤਾਰ
ਡਰਾਈਵਰ ਨੂੰ ਬੰਧਕ ਬਣਾਉਣ ਦਾ ਲੱਗਿਆ ਇਲਜ਼ਾਮ ਪੁਣੇ, 25 ਮਈ, ਨਿਰਮਲ : ਪੁਣੇ ਪੁਲਸ ਦੀ ਕ੍ਰਾਈਮ ਬ੍ਰਾਂਚ ਨੇ ਸ਼ਨੀਵਾਰ (25 ਮਈ) ਨੂੰ ਪੋਰਸ਼ ਹਾਦਸੇ ਦੇ ਮਾਮਲੇ ’ਚ ਨਾਬਾਲਗ ਮੁਲਜ਼ਮ ਦੇ ਦਾਦਾ ਸੁਰਿੰਦਰ ਅਗਰਵਾਲ ਨੂੰ ਗ੍ਰਿਫਤਾਰ ਕੀਤਾ ਹੈ। ਉਸ ’ਤੇ ਪਰਿਵਾਰ ਦੇ ਡਰਾਈਵਰ ਨੂੰ ਬੰਧਕ ਬਣਾਉਣ ਦਾ ਦੋਸ਼ ਹੈ। ਇਸ ਮਾਮਲੇ ਵਿੱਚ ਨਾਬਾਲਗ ਦਾ ਪਿਤਾ ਵਿਸ਼ਾਲ […]
By : Editor Editor
ਡਰਾਈਵਰ ਨੂੰ ਬੰਧਕ ਬਣਾਉਣ ਦਾ ਲੱਗਿਆ ਇਲਜ਼ਾਮ
ਪੁਣੇ, 25 ਮਈ, ਨਿਰਮਲ : ਪੁਣੇ ਪੁਲਸ ਦੀ ਕ੍ਰਾਈਮ ਬ੍ਰਾਂਚ ਨੇ ਸ਼ਨੀਵਾਰ (25 ਮਈ) ਨੂੰ ਪੋਰਸ਼ ਹਾਦਸੇ ਦੇ ਮਾਮਲੇ ’ਚ ਨਾਬਾਲਗ ਮੁਲਜ਼ਮ ਦੇ ਦਾਦਾ ਸੁਰਿੰਦਰ ਅਗਰਵਾਲ ਨੂੰ ਗ੍ਰਿਫਤਾਰ ਕੀਤਾ ਹੈ। ਉਸ ’ਤੇ ਪਰਿਵਾਰ ਦੇ ਡਰਾਈਵਰ ਨੂੰ ਬੰਧਕ ਬਣਾਉਣ ਦਾ ਦੋਸ਼ ਹੈ। ਇਸ ਮਾਮਲੇ ਵਿੱਚ ਨਾਬਾਲਗ ਦਾ ਪਿਤਾ ਵਿਸ਼ਾਲ ਅਗਰਵਾਲ ਵੀ ਮੁਲਜ਼ਮ ਹੈ। ਪੁਲਸ ਨੇ ਉਸ ਨੂੰ 21 ਮਈ ਨੂੰ ਗ੍ਰਿਫ਼ਤਾਰ ਕੀਤਾ ਸੀ। ਪੁਲਸ ਮੁਤਾਬਕ 18 ਮਈ ਦੀ ਰਾਤ ਨੂੰ ਹੋਏ ਹਾਦਸੇ ਤੋਂ ਬਾਅਦ ਮੁਲਜ਼ਮ ਦੇ ਦਾਦਾ ਅਤੇ ਪਿਤਾ ਨੇ ਨਾਬਾਲਗ ਨੂੰ ਬਚਾਉਣ ਲਈ ਡਰਾਈਵਰ ਨੂੰ ਫਸਾਉਣ ਦੀ ਯੋਜਨਾ ਬਣਾਈ। ਉਨ੍ਹਾਂ ਨੇ ਡਰਾਈਵਰ ਦਾ ਫੋਨ ਖੋਹ ਲਿਆ ਅਤੇ ਉਸ ਨੂੰ 19 ਤੋਂ 20 ਮਈ ਤੱਕ ਆਪਣੇ ਬੰਗਲੇ ’ਚ ਬੰਦ ਰੱਖਿਆ। ਡਰਾਈਵਰ ਨੂੰ ਬਾਅਦ ਵਿੱਚ ਉਸਦੀ ਪਤਨੀ ਨੇ ਬਚਾ ਲਿਆ।
ਮੁਲਜ਼ਮ ਨਾਬਾਲਗ ਦੇ ਦਾਦਾ ਸੁਰਿੰਦਰ ਅਗਰਵਾਲ ਨੇ 23 ਮਈ ਨੂੰ ਦਾਅਵਾ ਕੀਤਾ ਸੀ ਕਿ ਘਟਨਾ ਦੇ ਸਮੇਂ ਉਸ ਦਾ ਪਰਿਵਾਰਕ ਡਰਾਈਵਰ ਕਾਰ ਚਲਾ ਰਿਹਾ ਸੀ। ਇਸ ਦੇ ਨਾਲ ਹੀ ਮੁਲਜ਼ਮ ਦੇ ਪਿਤਾ ਵਿਸ਼ਾਲ ਨੇ ਵੀ ਪੁਲਸ ਨੂੰ ਦੱਸਿਆ ਸੀ ਕਿ ਕਾਰ ਉਸ ਦਾ ਲੜਕਾ ਨਹੀਂ ਸਗੋਂ ਸਾਡੇ ਪਰਿਵਾਰ ਦਾ ਡਰਾਈਵਰ ਚਲਾ ਰਿਹਾ ਸੀ। ਪੁਲਸ ਪੁੱਛਗਿੱਛ ਦੌਰਾਨ ਡਰਾਈਵਰ ਨੇ ਆਪਣੇ ਪਹਿਲੇ ਬਿਆਨ ’ਚ ਗੱਡੀ ਚਲਾਉਣ ਦੀ ਗੱਲ ਵੀ ਕਬੂਲੀ ਹੈ ਪੁਣੇ ਦੇ ਪੁਲਸ ਕਮਿਸ਼ਨਰ ਅਮਿਤੇਸ਼ ਕੁਮਾਰ ਨੇ ਸ਼ੁੱਕਰਵਾਰ (24 ਮਈ) ਨੂੰ ਕਿਹਾ ਕਿ ਪੁਣੇ ਪੋਰਸ਼ ਮਾਮਲੇ ਦੀ ਜਾਂਚ ਹੁਣ ਕ੍ਰਾਈਮ ਬ੍ਰਾਂਚ ਕਰੇਗੀ। ਯਰਵਦਾ ਥਾਣਾ ਪੁਲਸ ਨੇ ਮਾਮਲੇ ਨੂੰ ਅਪਰਾਧ ਸ਼ਾਖਾ ਨੂੰ ਟਰਾਂਸਫਰ ਕਰ ਦਿੱਤਾ ਹੈ। ਅਪਰਾਧ ਸ਼ਾਖਾ ਪਹਿਲਾਂ ਹੀ ਦੋਸ਼ੀ ਨਾਬਾਲਗ ਦੇ ਪਿਤਾ ਵਿਸ਼ਾਲ ਅਗਰਵਾਲ ਅਤੇ ਦੋ ਪੱਬ ਮਾਲਕਾਂ ਖਿਲਾਫ ਜਾਂਚ ਕਰ ਰਹੀ ਹੈ।
ਇਸ ਦੇ ਨਾਲ ਹੀ ਇਸ ਮਾਮਲੇ ਵਿੱਚ ਲਾਪਰਵਾਹੀ ਲਈ ਯਰਵਦਾ ਥਾਣੇ ਦੇ ਇੰਸਪੈਕਟਰ ਰਾਹੁਲ ਜਗਦਾਲੇ ਅਤੇ ਏਐਸਆਈ ਵਿਸ਼ਵਨਾਥ ਟੋਡਕਰੀ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਦੋਵਾਂ ਨੇ ਘਟਨਾ ਵਾਲੀ ਰਾਤ ਆਪਣੇ ਸੀਨੀਅਰਜ਼ ਨੂੰ ਹਾਦਸੇ ਬਾਰੇ ਸੂਚਿਤ ਨਹੀਂ ਕੀਤਾ।
18 ਮਈ ਦੀ ਰਾਤ ਨੂੰ ਜਦੋਂ ਕਲਿਆਣੀ ਨਗਰ ਵਿੱਚ ਇਹ ਹਾਦਸਾ ਵਾਪਰਿਆ ਤਾਂ ਇੰਸਪੈਕਟਰ ਜਗਦਲੇ ਅਤੇ ਏਐਸਆਈ ਟੋਡਕਰੀ ਮੌਕੇ ’ਤੇ ਪਹੁੰਚ ਗਏ ਸਨ, ਪਰ ਦੋਵਾਂ ਨੇ ਇਸ ਘਟਨਾ ਦੀ ਸੂਚਨਾ ਕੰਟਰੋਲ ਰੂਮ ਨੂੰ ਨਹੀਂ ਦਿੱਤੀ। 24 ਮਈ ਨੂੰ ਵਿਸ਼ੇਸ਼ ਅਦਾਲਤ ਨੇ ਮੁਲਜ਼ਮ ਨਾਬਾਲਗ ਦੇ ਪਿਤਾ ਵਿਸ਼ਾਲ ਅਗਰਵਾਲ ਸਮੇਤ ਸਾਰੇ ਛੇ ਮੁਲਜ਼ਮਾਂ ਨੂੰ 7 ਜੂਨ ਤੱਕ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਸੀ। ਪੁਲਸ ਕਮਿਸ਼ਨਰ ਅਮਿਤੇਸ਼ ਕੁਮਾਰ ਨੇ ਕਿਹਾ ਕਿ ਇਸ ਮਾਮਲੇ ਵਿੱਚ ਪੁਲਸ ਦਾ ਪੱਖ ਪੇਸ਼ ਕਰਨ ਲਈ ਵਿਸ਼ੇਸ਼ ਕੌਂਸਲ ਨਿਯੁਕਤ ਕੀਤੀ ਜਾਵੇਗੀ।
ਪੁਲਿਸ ਕਮਿਸ਼ਨਰ ਨੇ ਕਿਹਾ ਕਿ ਮਾਮਲੇ ਵਿਚ ਸਬੂਤਾਂ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਤਾਂ ਜੋ ਇਹ ਦਰਸਾਇਆ ਜਾ ਸਕੇ ਕਿ ਦੋਸ਼ੀ ਨਾਬਾਲਗ ਗੱਡੀ ਨਹੀਂ ਚਲਾ ਰਿਹਾ ਸੀ। ਪੁਲਸ ਨੇ ਮੁਲਜ਼ਮ ਦੇ ਪਿਤਾ, ਬਾਰ ਮਾਲਕਾਂ ਅਤੇ ਮੈਨੇਜਰ ਖ਼ਿਲਾਫ਼ ਦਰਜ ਐਫਆਈਆਰ ਵਿੱਚ ਧੋਖਾਧੜੀ ਦੀ ਧਾਰਾ 420 ਵੀ ਸ਼ਾਮਲ ਕੀਤੀ ਹੈ।
ਕਮਿਸ਼ਨਰ ਨੇ ਕਿਹਾ, ‘ਸਾਡੇ ਕੋਲ ਇੱਕ ਪੱਬ ਵਿੱਚ ਸ਼ਰਾਬ ਪੀਂਦੇ ਇੱਕ ਨਾਬਾਲਗ ਦੀ ਸੀਸੀਟੀਵੀ ਫੁਟੇਜ ਹੈ। ਅਜਿਹੀ ਸਥਿਤੀ ਵਿੱਚ, ਅਸੀਂ ਸਿਰਫ ਖੂਨ ਦੇ ਨਮੂਨੇ ਦੀ ਰਿਪੋਰਟ ’ਤੇ ਨਿਰਭਰ ਨਹੀਂ ਕਰਾਂਗੇ। ਨਾਲ ਹੀ, ਅੰਦਰੂਨੀ ਜਾਂਚ ਤੋਂ ਪਤਾ ਲੱਗਾ ਹੈ ਕਿ ਕੁਝ ਪੁਲਿਸ ਵਾਲਿਆਂ ਤੋਂ ਗਲਤੀ ਹੋਈ ਹੈ ਅਤੇ ਸਬੂਤ ਨਸ਼ਟ ਕਰਨ ਲਈ ਉਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ।