ਕੈਨੇਡਾ ’ਚ ਵਿਆਹ ਵਾਸਤੇ ਲਿਜਾ ਰਹੇ ਸਨ ਨਾਜਾਇਜ਼ ਸ਼ਰਾਬ
ਟੋਰਾਂਟੋ, 3 ਨਵੰਬਰ (ਵਿਦੇਸ਼ ਪ੍ਰਤੀਨਿਧ) : ਕੈਨੇਡਾ ਵਿਚ ਵਿਆਹ ਵਾਸਤੇ ਲਿਜਾਈ ਜਾ ਰਹੀ ਨਾਜਾਇਜ਼ ਸ਼ਰਾਬ ਫੜੇ ਜਾਣ ਦਾ ਹੈਰਾਨਕੁੰਨ ਮਾਮਲਾ ਸਾਹਮਣੇ ਆਇਆ ਹੈ। ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਨੇ ਕਿਊਬੈਕ ਤੋਂ ਖਰੀਦੀ 326 ਡੱਬੇ ਬੀਅਰ ਇਕ ਕਿਰਾਏ ਵਾਲੀ ਵੈਨ ਵਿਚੋਂ ਬਰਾਮਦ ਕੀਤੀ ਅਤੇ ਪੁੱਛੇ ਜਾਣ ’ਤੇ ਵੈਨ ਡਰਾਈਵਰ ਤਸੱਲੀਬਖਸ਼ ਜਵਾਬ ਨਾ ਦੇ ਸਕਿਆ। ਪੁਲਿਸ ਨੇ ਦੱਸਿਆ ਕਿ […]
By : Editor Editor
ਟੋਰਾਂਟੋ, 3 ਨਵੰਬਰ (ਵਿਦੇਸ਼ ਪ੍ਰਤੀਨਿਧ) : ਕੈਨੇਡਾ ਵਿਚ ਵਿਆਹ ਵਾਸਤੇ ਲਿਜਾਈ ਜਾ ਰਹੀ ਨਾਜਾਇਜ਼ ਸ਼ਰਾਬ ਫੜੇ ਜਾਣ ਦਾ ਹੈਰਾਨਕੁੰਨ ਮਾਮਲਾ ਸਾਹਮਣੇ ਆਇਆ ਹੈ। ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਨੇ ਕਿਊਬੈਕ ਤੋਂ ਖਰੀਦੀ 326 ਡੱਬੇ ਬੀਅਰ ਇਕ ਕਿਰਾਏ ਵਾਲੀ ਵੈਨ ਵਿਚੋਂ ਬਰਾਮਦ ਕੀਤੀ ਅਤੇ ਪੁੱਛੇ ਜਾਣ ’ਤੇ ਵੈਨ ਡਰਾਈਵਰ ਤਸੱਲੀਬਖਸ਼ ਜਵਾਬ ਨਾ ਦੇ ਸਕਿਆ। ਪੁਲਿਸ ਨੇ ਦੱਸਿਆ ਕਿ ਪੂਰਬੀ ਉਨਟਾਰੀਓ ਦੇ ਬੈਲਵਿਲ ਨੇੜੇ ਹਾਈਵੇਅ 401 ’ਤੇ ਇਕ ਵੈਨ ਦਾ ਟਾਇਰ ਫਟਣ ਮਗਰੋਂ ਟਰੈਫਿਕ ਸਮੱਸਿਆ ਪੈਦਾ ਹੋ ਗਈ। ਪੁਲਿਸ ਅਫਸਰ ਮੌਕੇ ’ਤੇ ਪੁੱਜੇ ਤਾਂ ਹਾਈਵੇਅ ’ਤੇ ਗੱਡੀ ਦੇ ਰਿੰਮ ਨਾਲ ਬਣੇ ਨਿਸ਼ਾਨ ਨਜ਼ਰ ਆਏ। ਥੋੜ੍ਹੀ ਦੂਰੀ ’ਤੇ ਸਬੰਧਤ ਵੈਨ ਵੀ ਨਜ਼ਰ ਆ ਗਈ ਜੋ ਬਗੈਰ ਟਾਇਰ ਤੋਂ ਅੱਗੇ ਵਧ ਰਹੀ ਸੀ।
ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਨੇ ਕੀਤੇ ਕਾਬੂ
ਪਿਛਲੇ ਹਿੱਸੇ ਦੇ ਖੱਬੇ ਪਹੀਏ ਵਿਚੋਂ ਧੂੰਆਂ ਨਿਕਲ ਰਿਹਾ ਸੀ ਅਤੇ ਪੁਲਿਸ ਨੇ ਤੁਰਤ ਵੈਨ ਨੂੰ ਰੋਕ ਲਿਆ। ਡਰਾਈਵਰ ਨਾਲ ਗੱਲ ਕਰਦਿਆਂ ਫਰੰਟ ਸੀਟ ਬੀਅਰ ਦੇ ਡੱਬੇ ਨਜ਼ਰ ਆਏ ਜਿਨ੍ਹਾਂ ਉਪਰ ਸਾਰੇ ਲੇਬਲ ਫਰੈਂਚ ਭਾਸ਼ਾ ਵਾਲੇ ਲੱਗੇ ਹੋਏ ਸਨ। ਸ਼ੱਕ ਹੋਣ ’ਤੇ ਪੁਲਿਸ ਅਫਸਰਾਂ ਨੇ ਸਵਾਲ ਕਰਨੇ ਸ਼ੁਰੂ ਕੀਤੇ ਤਾਂ ਡਰਾਈਵਰ ਇਧਰ-…ਉਧਰ ਦੀਆਂ ਛੱਡਣ ਲੱਗਾ। ਫਿਰ ਜਦੋਂ ਕਿਊਬੈਕ ਤੋਂ ਬੀਅਰ ਲਿਆਉਣ ਦੇ ਕਾਰਨ ਬਾਰੇ ਪੁੱਛਿਆ ਗਿਆ ਤਾਂ ਡਰਾਈਵਰ ਨੇ ਤਸੱਲੀਬਖਸ਼ ਜਵਾਬ ਨਾ ਦਿਤਾ। ਸੀ.ਟੀ.ਵੀ. ਦੀ ਰਿਪੋਰਟ ਮੁਤਾਬਕ ਡਰਾਈਵਰ ਵੱਲੋਂ ਸਪੱਸ਼ਟ ਤੌਰ ’ਤੇ ਕੋਈ ਗੱਲ ਨਾ ਦੱਸਣ ਮਗਰੋਂ ਵੈਨ ਦੀ ਤਲਾਸ਼ੀ ਲੈਣ ਦਾ ਫੈਸਲਾ ਲਿਆ ਗਿਆ ਅਤੇ ਵੱਖ ਵੱਖ ਬਰੈਂਡ ਦੀ ਬੀਅਰ ਦੇ 326 ਡੱਬੇ ਬਰਾਮਦ ਹੋਏ। ਪੁਲਿਸ ਮੁਤਾਬਕ ਡਰਾਈਵਰ ਨੇ ਇਹ ਗੱਲ ਕਬੂਲ ਕਰ ਲਈ ਕਿ ਵੈਨ ਵਿਚ ਲੱਦੀ ਸਾਰੀ ਸ਼ਰਾਬ ਉਨਟਾਰੀਓ ਦੇ ਅਧਿਕਾਰਤ ਲਿਕਰ ਸਟੋਰ ਤੋਂ ਨਹੀਂ ਸੀ ਖਰੀਦੀ ਗਈ। ਡਰਾਈਵਰ ਨੇ ਇਹ ਵੀ ਦੱਸਿਆ ਕਿ ਉਹ ਆਪਣੀ ਨਿਜੀ ਵਰਤੋਂ ਵਾਸਤੇ ਬੀਅਰ ਨਹੀਂ ਸੀ ਲਿਜਾ ਰਿਹਾ ਸਗੋਂ ਇਕ ਵਿਆਹ ਵਿਚ ਇਸ ਦੀ ਵਰਤੋਂ ਕੀਤੀ ਜਾਣੀ ਸੀ।