ਹਰਦੀਪ ਸਿੰਘ ਨਿੱਜਰ ਨੂੰ ਗੋਲੀਆਂ ਮਾਰਨ ਵਾਲਿਆਂ ਵਿਚੋਂ ਇਕ ਹੈ ਅਮਨਦੀਪ ਸਿੰਘ!
ਬਰੈਂਪਟਨ, 13 ਮਈ (ਵਿਸ਼ੇਸ਼ ਪ੍ਰਤੀਨਿਧ) : ਹਰਦੀਪ ਸਿੰਘ ਨਿੱਜਰ ਕਤਲਕਾਂਡ ਦੇ ਚੌਥੇ ਸ਼ੱਕੀ ਅਮਨਦੀਪ ਸਿੰਘ ਅਤੇ ਉਸ ਨਾਲ ਗ੍ਰਿਫ਼ਤਾਰ ਚਾਰ ਪੰਜਾਬੀ ਨੌਜਵਾਨਾਂ ਬਾਰੇ ਹੈਰਾਨਕੁੰਨ ਤੱਥ ਸਾਹਮਣੇ ਆਏ ਹਨ। ਗਲੋਬਲ ਨਿਊਜ਼ ਦੀ ਰਿਪੋਰਟ ਮੁਤਾਬਕ ਹਰਦੀਪ ਸਿੰਘ ਨਿੱਜਰ ਨੂੰ ਗੋਲੀਆਂ ਮਾਰਨ ਵਾਲੇ ਦੋ ਜਣਿਆਂ ਵਿਚੋਂ ਅਮਨਦੀਪ ਸਿੰਘ ਕਥਿਤ ਤੌਰ ’ਤੇ ਇਕ ਸੀ ਅਤੇ ਅਣਦੱਸੇ ਕਾਰਨਾਂ ਕਰ ਕੇ […]
By : Editor Editor
ਬਰੈਂਪਟਨ, 13 ਮਈ (ਵਿਸ਼ੇਸ਼ ਪ੍ਰਤੀਨਿਧ) : ਹਰਦੀਪ ਸਿੰਘ ਨਿੱਜਰ ਕਤਲਕਾਂਡ ਦੇ ਚੌਥੇ ਸ਼ੱਕੀ ਅਮਨਦੀਪ ਸਿੰਘ ਅਤੇ ਉਸ ਨਾਲ ਗ੍ਰਿਫ਼ਤਾਰ ਚਾਰ ਪੰਜਾਬੀ ਨੌਜਵਾਨਾਂ ਬਾਰੇ ਹੈਰਾਨਕੁੰਨ ਤੱਥ ਸਾਹਮਣੇ ਆਏ ਹਨ। ਗਲੋਬਲ ਨਿਊਜ਼ ਦੀ ਰਿਪੋਰਟ ਮੁਤਾਬਕ ਹਰਦੀਪ ਸਿੰਘ ਨਿੱਜਰ ਨੂੰ ਗੋਲੀਆਂ ਮਾਰਨ ਵਾਲੇ ਦੋ ਜਣਿਆਂ ਵਿਚੋਂ ਅਮਨਦੀਪ ਸਿੰਘ ਕਥਿਤ ਤੌਰ ’ਤੇ ਇਕ ਸੀ ਅਤੇ ਅਣਦੱਸੇ ਕਾਰਨਾਂ ਕਰ ਕੇ ਉਹ ਨਵੰਬਰ ਤੋਂ ਹੀ ਪੁਲਿਸ ਹਿਰਾਸਤ ਵਿਚ ਹੈ। ਅਮਨਦੀਪ ਸਿੰਘ ਨਾਲ ਚਾਰ ਹੋਰਨਾਂ ਵੀ ਕਾਬੂ ਕੀਤਾ ਗਿਆ ਹੈ ਜਿਨ੍ਹਾਂ ਦੀ ਸ਼ਨਾਖਤ ਰਮਨਪ੍ਰੀਤ ਸਿੰਘ, ਮਨਿੰਦਰ ਸਿੰਘ, ਸਵਰਪ੍ਰੀਤ ਸਿੰਘ ਅਤੇ ਜੋਬਨਪ੍ਰੀਤ ਸਿੰਘ ਵਜੋਂ ਕੀਤੀ ਗਈ ਹੈ।
ਨਵੰਬਰ ਤੋਂ ਪੁਲਿਸ ਹਿਰਾਸਤ ਵਿਚ ਹੈ ਨਿੱਜਰ ਕਤਲਕਾਂਡ ਦਾ ਚੌਥਾ ਸ਼ੱਕੀ
ਅਮਨਦੀਪ ਸਿੰਘ ਵਿਰੁੱਧ ਹਰਦੀਪ ਸਿੰਘ ਨਿੱਜਰ ਕਤਲ ਮਾਮਲੇ ਵਿਚ ਪਹਿਲੇ ਦਰਜੇ ਦੀ ਹੱਤਿਆ ਅਦੇ ਕਤਲ ਦੀ ਸਾਜ਼ਿਸ਼ ਘੜਨ ਦੇ ਦੋਸ਼ ਆਇਦ ਕੀਤੇ ਗਏ ਹਨ ਪਰ ਪੀਲ ਰੀਜਨਲ ਪੁਲਿਸ ਮੁਤਾਬਕ 3 ਨਵੰਬਰ 2023 ਨੂੰ ਹੋਈ ਗ੍ਰਿਫ਼ਤਾਰੀ ਦੌਰਾਨ ਅਮਨਦੀਪ ਤੋਂ ਇਲਾਵਾ 30 ਸਾਲ ਦੇ ਰਮਨਪ੍ਰੀਤ ਸਿੰਘ, 21 ਸਾਲ ਦੇ ਮਨਿੰਦਰ ਸਿੰਘ, 20 ਸਾਲ ਦੇ ਸਵਰਨਪ੍ਰੀਤ ਸਿੰਘ ਅਤੇ 20 ਸਾਲ ਦੇ ਜੋਬਨਪ੍ਰੀਤ ਸਿੰਘ ਵਿਰੁੱਧ ਨਾਜਾਇਜ਼ ਹਥਿਆਰ ਰੱਖਣ ਅਤੇ ਨਸ਼ਿਆਂ ਨਾਲ ਸਬੰਧਤ ਦੋਸ਼ ਆਇਦ ਕੀਤੇ ਗਏ। ਪੀਲ ਪੁਲਿਸ ਵੱਲੋਂ ਲਾਏ ਨਾਕੇ ਦੌਰਾਨ ਹੋਈਆਂ ਗ੍ਰਿਫ਼ਤਾਰੀਆਂ ਮੌਕੇ ਐਫ.ਐਨ. 509 9 ਐਮ.ਐਮ. ਪਸਤੌਲ ਬਰਾਮਦ ਕੀਤੀ ਗਈ ਜਿਸ ਰਾਹੀਂ ਇਕੋ ਵੇਲੇ 24 ਗੋਲੀਆਂ ਚਲਾਈਆਂ ਜਾ ਸਕਦੀਆਂ ਹਨ। ਕੈਨੇਡੀਅਨ ਮੀਡੀਆ ਮੁਤਾਬਕ ਨਿੱਜਰ ਕਤਲਕਾਂਡ ਵਿਚ ਗ੍ਰਿਫ਼ਤਾਰ ਚਾਰੇ ਜਣੇ ਸੰਭਾਵਤ ਤੌਰ ’ਤੇ ਭਾਰਤ ਦੇ ਬਿਸ਼ਨੋਈ ਗੈਂਗ ਨਾਲ ਸਬੰਧਤ ਹਨ।
ਬਰੈਂਪਟਨ ਰਹਿੰਦੇ 4 ਹੋਰ ਪੰਜਾਬੀ ਵੀ ਪੁਲਿਸ ਨੇ ਕੀਤੇ ਕਾਬੂ
ਉਧਰ ਗੁਰਪਤਵੰਤ ਸਿੰਘ ਪੰਨੂ ਵੱਲੋਂ ਐਤਵਾਰ ਨੂੰ ਜਾਰੀ ਬਿਆਨ ਵਿਚ ਕਿਹਾ ਗਿਆ ਕਿ ਨਿੱਜਰ ਕਤਲਕਾਂਡ ਦੇ ਮੁੱਖ ਸਾਜ਼ਿਸ਼ਘਾੜੇ ਹਾਲੇ ਵੀ ਪੁਲਿਸ ਦੀ ਪਕੜ ਤੋਂ ਬਾਹਰ ਹਨ। ਗਲੋਬਲ ਨਿਊਜ਼ ਦੀ ਰਿਪੋਰਟ ਮੁਤਾਬਕ ਸਿੱਖਸ ਫੌਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਨੇ ਅੱਗੇ ਕਿਹਾ ਕਿ ਜੇ ਕੈਨੇਡਾ ਸਰਕਾਰ ਆਪਣੇ ਨਾਗਰਿਕਾਂ ਵਿਰੁੱਧ ਵਿਦੇਸ਼ੀ ਧਰਤੀ ’ਤੇ ਘੜੀ ਜਾ ਰਹੀ ਸਾਜ਼ਿਸ਼ ਬੇਨਕਾਬ ਕਰਨਾ ਚਾਹੁੰਦੀ ਹੈ ਤਾਂ ਵੱਡੀ ਕਾਰਵਾਈ ਕਰਨੀ ਹੋਵੇਗੀ। ਕੋਈ ਫੈਸਲਾਕੁੰਨ ਕਦਮ ਹੀ ਹਿੰਸਕ ਵਾਰਦਾਤਾਂ ਦੇ ਰੁਝਾਨ ਨੂੰ ਠੱਲ੍ਹ ਪਾ ਸਕਦਾ ਹੈ। ਇਥੇ ਦਸਣਾ ਬਣਦਾ ਹੈ ਕਿ ਕੈਨੇਡੀਅਨ ਖੁਫੀਆ ਏਜੰਸੀ ਵੱਲੋਂ ਪਿਛਲੇ ਹਫਤੇ ਭਾਰਤ ਸਣੇ ਚਾਰ ਮੁਲਕਾਂ ਵਿਰੁੱਧ ਵਿਦੇਸ਼ੀ ਦਖਲ ਦੀ ਸਾਜ਼ਿਸ਼ ਘੜਨ ਦੇ ਦੋਸ਼ ਲਾਏ ਗਏ ਸਨ ਪਰ ਤਾਜ਼ਾ ਗ੍ਰਿਫ਼ਤਾਰੀਆਂ ਮਗਰੋਂ ਸਵਾਲ ਉਠ ਰਹੇ ਹਨ ਕਿ ਲਗਾਤਾਰ ਹਿੰਸਕ ਘਟਨਾਵਾਂ ਵਿਚ ਸ਼ਾਮਲ ਭਾਰਤੀ ਨਾਗਰਿਕਾਂ ਨੂੰ ਡਿਪੋਰਟ ਕਿਉਂ ਨਹੀਂ ਕੀਤਾ ਗਿਆ।
ਰਮਨਪ੍ਰੀਤ ਸਿੰਘ, ਮਨਿੰਦਰ ਸਿੰਘ, ਸਵਰਨਪ੍ਰੀਤ ਸਿੰਘ ਅਤੇ ਜੋਬਨਪ੍ਰੀਤ ਸਿੰਘ ਵਜੋਂ ਸ਼ਨਾਖਤ
ਗਲੋਬਲ ਨਿਊਜ਼ ਦੀ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਕੈਨੇਡਾ ਆਉਣ ਤੋਂ ਪਹਿਲਾਂ ਹੀ ਚਾਰੇ ਜਣੇ ਅਪਰਾਧਕ ਸਰਗਰਮੀਆਂ ਵਿਚ ਸ਼ਾਮਲ ਹੋ ਚੁੱਕੇ ਸਨ ਅਤੇ ਸੰਭਾਵਤ ਤੌਰ ’ਤੇ ਇਸ ਗੱਲ ਦੀ ਡੂੰਘਾਈ ਨਾਲ ਘੋਖ ਨਹੀਂ ਕੀਤੀ ਗਈ। ਚੇਤੇ ਰਹੇ ਕਿ ਕਰਨ ਬਰਾੜ ਅਤੀਤ ਵਿਚ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਇਕ ਵੀਡੀਓ ਸਾਂਝੀ ਕਰਦਿਆਂ ਦੱਸ ਚੁੱਕਾ ਹੈ ਕਿ ਉਹ ਸਟੂਡੈਂਟ ਵੀਜ਼ਾ ’ਤੇ ਕੈਨੇਡਾ ਪੁੱਜਾ ਅਤੇ ਵੀਜ਼ਾ ਲੈਣ ਵਿਚ ਮਦਦ ਕਰਨ ਵਾਲੀ ਇੰਮੀਗ੍ਰੇਸ਼ਨ ਸਲਾਹਕਾਰ ਫਰਮ ਦੇ ਪੰਜਾਬ ਅਤੇ ਕੈਨੇਡਾ ਦੇ ਸਸਕੈਚਵਨ ਸੂਬੇ ਵਿਚ ਦਫਤਰ ਮੌਜੂਦ ਹਨ।