ਹਰਦੀਪ ਨਿੱਝਰ ਦੀ ਮੌਤ ਪਿੱਛੇ ਭਾਰਤ ਸਰਕਾਰ ਦਾ ਹੱਥ: ਟਰੂਡੋ
ਔਟਵਾ ( 18 Sep 2023)ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਹਰਦੀਪ ਸਿੰਘ ਨਿੱਝਰ ਕਤਲਕਾਂਢ ਨਾਲ ਸਬਧੰਤ । ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ ਸਿੱਖ ਹਰਦੀਪ ਸਿੰਘ ਨਿੱਝਰ ਦੀ ਮੌਤ ਦੇ ਪਿੱਛੇ ਭਾਰਤ ਸਰਕਾਰ ਦਾ ਹੱਥ ਹੋਣ ਦਾ ਦੋਸ਼ ਲਾਇਆ ਹੈ। ਉਹਨਾਂ ਨੇ ਇਸ ਬਿਆਨ ਦੇ ਨਾਲ ਹੀ ਕੈਨੇਡੀਅਨ ਸੈਕਿਓਰਿਟੀ ਏਜੰਸੀ […]
By : Hamdard Tv Admin
ਔਟਵਾ ( 18 Sep 2023)
ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਹਰਦੀਪ ਸਿੰਘ ਨਿੱਝਰ ਕਤਲਕਾਂਢ ਨਾਲ ਸਬਧੰਤ । ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ ਸਿੱਖ ਹਰਦੀਪ ਸਿੰਘ ਨਿੱਝਰ ਦੀ ਮੌਤ ਦੇ ਪਿੱਛੇ ਭਾਰਤ ਸਰਕਾਰ ਦਾ ਹੱਥ ਹੋਣ ਦਾ ਦੋਸ਼ ਲਾਇਆ ਹੈ। ਉਹਨਾਂ ਨੇ ਇਸ ਬਿਆਨ ਦੇ ਨਾਲ ਹੀ ਕੈਨੇਡੀਅਨ ਸੈਕਿਓਰਿਟੀ ਏਜੰਸੀ ਦਾ ਵੀ ਹਵਾਲਾ ਦਿੱਤਾ ਹੈ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕੈਨੇਡਾ ਦੀ ਧਰਤੀ 'ਤੇ ਹੋਈ ਗੋਲੀਬਾਰੀ ਪਿੱਛੇ ਭਾਰਤ ਸਰਕਾਰ ਦਾ ਹੱਥ ਹੋਣ ਦਾ ਦੋਸ਼ ਲਗਾ ਰਹੇ ਹਨ। ਕੈਨੇਡੀਅਨ ਨਾਗਰਿਕ ਹਰਦੀਪ ਸਿੰਘ ਨਿੱਝਰ ਦੀ ਸਰੀ, ਬੀ.ਸੀ. ਵਿੱਚ 18 ਜੂਨ ਨੂੰ ਗੁਰੂਘਰ ਦੇ ਬਾਹਰ ਬੇਰਹਿਮੀ ਨਾਲ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਦੱਸ ਦਈਏ ਕਿ ਹਰਦੀਪ ਸਿੰਘ ਨਿੱਝਰ ਖਾਲਿਸਤਾਨ ਦੇ ਸਮਰਥਕ ਸਨ ਅਤੇ ਉਹਨਾਂ ਨੂੰ ਭਾਰਤ ਵਿਰੋਧੀ ਸਰਗਰਮੀਆਂ ਦੇ ਚਲਦਿਆਂ ਅੱਤਵਾਦੀ ਕਰਾਰ ਦਿੰਦਿਆਂ ਬੈਨ ਕੀਤਾ ਗਿਆ ਸੀ।
ਹੁਣ, ਟਰੂਡੋ ਨੇ ਕਿਹਾ, ਕੈਨੇਡਾ ਦੇ ਰਾਸ਼ਟਰੀ ਸੁਰੱਖਿਆ ਏਜੰਸੀ ਕੋਲ ਇਹ ਮੰਨਣ ਦਾ ਕਾਰਨ ਹੈ ਕਿ "ਭਾਰਤ ਸਰਕਾਰ ਦੇ ਏਜੰਟਾਂ" ਨੇ ਇਸ ਕੈਨੇਡੀਅਨ ਨਾਗਰਿਕ ਦੀ ਹੱਤਿਆ ਨੂੰ ਅੰਜ਼ਾਮ ਦਿੱਤਾ, ਜੋ ਸਰੀ ਦੇ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਵਜੋਂ ਵੀ ਸੇਵਾ ਨਿਭਾ ਰਿਹਾ ਸੀ।
ਟਰੂਡੋ ਨੇ ਸੋਮਵਾਰ ਨੂੰ ਕਿਹਾ, "ਕੈਨੇਡੀਅਨ ਸੁਰੱਖਿਆ ਏਜੰਸੀਆਂ ਭਾਰਤ ਸਰਕਾਰ ਦੇ ਏਜੰਟਾਂ ਅਤੇ ਇੱਕ ਕੈਨੇਡੀਅਨ ਨਾਗਰਿਕ, ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੇ ਵਿਚਕਾਰ ਸੰਭਾਵੀ ਸਬੰਧ ਦੇ ਭਰੋਸੇਯੋਗ ਦੋਸ਼ਾਂ ਦੀ ਸਰਗਰਮੀ ਨਾਲ ਪੈਰਵੀ ਕਰ ਰਹੀਆਂ ਹਨ,"। ਉਹਨਾਂ ਨੇ ਕਿਹਾ, "ਕੈਨੇਡੀਅਨ ਧਰਤੀ 'ਤੇ ਕੈਨੇਡੀਅਨ ਨਾਗਰਿਕ ਦੀ ਹੱਤਿਆ ਵਿੱਚ ਵਿਦੇਸ਼ੀ ਸਰਕਾਰ ਦੀ ਕੋਈ ਵੀ ਸ਼ਮੂਲੀਅਤ ਸਾਡੀ ਪ੍ਰਭੂਸੱਤਾ ਦੀ ਅਸਵੀਕਾਰਨਯੋਗ ਉਲੰਘਣਾ ਹੈ। ਇਹ ਬੁਨਿਆਦੀ ਨਿਯਮਾਂ ਦੇ ਉਲਟ ਹੈ, ਜਿਸ ਦੁਆਰਾ ਆਜ਼ਾਦ, ਖੁੱਲ੍ਹੇ ਅਤੇ ਜਮਹੂਰੀ ਸਮਾਜ ਆਪਣੇ ਆਪ ਨੂੰ ਚਲਾਉਂਦੇ ਹਨ। ਟਰੂਡੋ ਨੇ ਕਿਹਾ ਕਿ ਤੁਸੀਂ ਉਮੀਦ ਕਰੋਗੇ, ਅਸੀਂ ਇਸ ਬਹੁਤ ਗੰਭੀਰ ਮਾਮਲੇ 'ਤੇ ਆਪਣੇ ਸਹਿਯੋਗੀਆਂ ਨਾਲ ਨੇੜਿਓਂ ਕੰਮ ਕਰ ਰਹੇ ਹਾਂ ਅਤੇ ਤਾਲਮੇਲ ਕਰ ਰਹੇ ਹਾਂ।
ਟਰੂਡੋ ਨੇ ਭਾਰਤ ਸਰਕਾਰ ਨੂੰ ਚੱਲ ਰਹੀ ਜਾਂਚ ਵਿੱਚ ਹਿੱਸਾ ਲੈਣ ਅਤੇ ਇਸ ਮਾਮਲੇ ਦੀ ਤਹਿ ਤੱਕ ਜਾਣ ਲਈ ਕੈਨੇਡਾ ਨਾਲ ਸਹਿਯੋਗ ਕਰਨ ਦੀ ਅਪੀਲ ਕੀਤੀ।ਉਸਨੇ ਕਿਹਾ ਕਿ ਕੁਝ ਇੰਡੋ-ਕੈਨੇਡੀਅਨ ਇਸ ਸਮੇਂ "ਗੁੱਸੇ" ਅਤੇ "ਸ਼ਾਇਦ ਡਰੇ ਹੋਏ" ਮਹਿਸੂਸ ਕਰ ਰਹੇ ਹਨ।
ਦੱਸ ਦਈਏ ਕਿ ਇਸਤੋਂ ਪਹਿਲਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਜੀ 20 ਵਿੱਚ ਹਿੱਸਾ ਲੈਣ ਲਈ ਭਾਰਤ ਗਏ ਸਨ ਜਿੱਥੇ ਉਹਨਾਂ ਦਾ ਇਹ ਦੌਰਾ ਕਾਫੀ ਸੁਰਖੀਆਂ ਵਿੱਚ ਰਿਹਾ ਤੇ ਭਾਰਤੀ ਸਣੇ ਕੈਨੇਡੀਅਂ ਮੀਡੀਆ ਵਿੱਚ ਵੀ ਉਹਨਾਂ ਨੂੰ ਕਾਫੀ ਆਲੋਚਨਾਵਾਂ ਦਾ ਸਾਹਮਣਾ ਕਰਨਾ ਪਿਆ। ਇਸਤੋਂ ਬਾਅਦ ਅਜਿਹਾ ਬਿਆਨ ਸਾਹਮਣੇ ਆਉਣ 'ਤੇ ਦੋਹਾਂ ਦੇਸ਼ਾਂ ਦੇ ਰਿਸ਼ਤਿਆਂ ਉੱਤੇ ਇਸਦਾ ਕੀ ਅਸਰ ਪਏਗਾ ਇਹ ਵੀ ਚਿੰਤਾ ਦਾ ਵਿਸ਼ਾ ਹੈ।