Begin typing your search above and press return to search.

ਸ਼੍ਰੋਮਣੀ ਗਾਇਕ ਸੁਰਿੰਦਰ ਸ਼ਿੰਦਾ ਨਹੀਂ ਰਹੇ, ਡੀਐਮਸੀ ਵਿਚ ਲਏ ਆਖਰੀ ਸਾਹ

ਲੁਧਿਆਣਾ, 26 ਜੁਲਾਈ, ਹ.ਬ. : ਸ਼੍ਰੋਮਣੀ ਗਾਇਕ ਸੁਰਿੰਦਰ ਛਿੰਦਾ ਦਾ ਅੱਜ ਸਵੇਰੇ 6.30 ਵਜੇ ਲੁਧਿਆਣਾ ਦੇ ਡੀਐਮਸੀ ਵਿਚ ਦੇਹਾਂਤ ਹੋ ਗਿਆ। ਇਹ ਜਾਣਕਾਰੀ ਉਨ੍ਹਾਂ ਦੇ ਸਪੁੱਤਰ ਮਨਿੰਦਰ ਸ਼ਿੰਦੇ ਨੇ ਸਾਂਝੀ ਕੀਤੀ। ਦੱਸਦੇ ਚਲੀਏ ਕਿ ਸਵ. ਸੁਰਿੰਦਰ ਸ਼ਿੰਦਾ ਪਿਛਲੇ ਕਈ ਦਿਨਾਂ ਤੋਂ ਜ਼ੇਰੇ ਇਲਾਜ ਸੀ। ਪਹਿਲਾਂ ਉਨ੍ਹਾਂ ਨੂੰ ਦੀਪ ਹਸਪਤਾਲ ਲੁਧਿਆਣਾ ਵਿਖੇ ਦਾਖਲ ਕਰਵਾਇਆ ਗਿਆ ਸੀ […]

ਸ਼੍ਰੋਮਣੀ ਗਾਇਕ ਸੁਰਿੰਦਰ ਸ਼ਿੰਦਾ ਨਹੀਂ ਰਹੇ, ਡੀਐਮਸੀ ਵਿਚ ਲਏ ਆਖਰੀ ਸਾਹ
X

Editor (BS)By : Editor (BS)

  |  26 July 2023 4:22 AM IST

  • whatsapp
  • Telegram


ਲੁਧਿਆਣਾ, 26 ਜੁਲਾਈ, ਹ.ਬ. : ਸ਼੍ਰੋਮਣੀ ਗਾਇਕ ਸੁਰਿੰਦਰ ਛਿੰਦਾ ਦਾ ਅੱਜ ਸਵੇਰੇ 6.30 ਵਜੇ ਲੁਧਿਆਣਾ ਦੇ ਡੀਐਮਸੀ ਵਿਚ ਦੇਹਾਂਤ ਹੋ ਗਿਆ। ਇਹ ਜਾਣਕਾਰੀ ਉਨ੍ਹਾਂ ਦੇ ਸਪੁੱਤਰ ਮਨਿੰਦਰ ਸ਼ਿੰਦੇ ਨੇ ਸਾਂਝੀ ਕੀਤੀ। ਦੱਸਦੇ ਚਲੀਏ ਕਿ ਸਵ. ਸੁਰਿੰਦਰ ਸ਼ਿੰਦਾ ਪਿਛਲੇ ਕਈ ਦਿਨਾਂ ਤੋਂ ਜ਼ੇਰੇ ਇਲਾਜ ਸੀ। ਪਹਿਲਾਂ ਉਨ੍ਹਾਂ ਨੂੰ ਦੀਪ ਹਸਪਤਾਲ ਲੁਧਿਆਣਾ ਵਿਖੇ ਦਾਖਲ ਕਰਵਾਇਆ ਗਿਆ ਸੀ ਜਦ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਨੂੰ ਡੀਐਮਸੀ ਦਾਖਲ ਕਰਵਾਇਆ ਗਿਆ ਸੀ। ਜਾਣਕਾਰੀ ਅਨੁਸਾਰ ਲੋਕ ਗਾਇਕ ਸੁਰਿੰਦਰ ਸ਼ਿੰਦਾ ਦਾ ਕੁਝ ਦਿਨ ਪਹਿਲਾਂ ਮਾਮੂਲੀ ਅਪਰੇਸ਼ਨ ਹੋਇਆ ਸੀ, ਜਿਸ ਤੋਂ ਬਾਅਦ ਅਚਾਨਕ ਇਨਫੈਕਸ਼ਨ ਵਧ ਗਈ ਸੀ। ਇਸ ਕਾਰਨ ਉਸ ਨੂੰ ਸਾਹ ਲੈਣ ਆਦਿ ਵਿੱਚ ਦਿੱਕਤ ਆ ਰਹੀ ਸੀ। ਹਾਲਤ ਠੀਕ ਨਾ ਹੋਣ ਕਰਕੇ ਉਨ੍ਹਾਂ ਨੂੰ ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ। ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਪੰਜਾਬੀ ਲੋਕ ਗਾਇਕ ਸੁਰਿੰਦਰ ਸ਼ਿੰਦਾ ਦਾ ਦੇਹਾਂਤ ਸੰਗੀਤ ਜਗਤ ਵਿੱਚ ਹੋਏ ਸਭ ਤੋਂ ਵੱਡੇ ਘਾਟੇ ਵਿੱਚੋਂ ਇੱਕ ਹੈ। ਜਿਸ ਨੂੰ ਕੋਈ ਪੂਰਾ ਨਹੀਂ ਕਰ ਸਕਦਾ। ਕਲਾਕਾਰ ਦੀ ਮੌਤ ਨਾਲ ਸੰਗੀਤ ਜਗਤ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਸ਼ਿੰਦੇ ਦਾ ਪਹਿਲਾ ਗਾਣਾ ‘ਉੱਚਾ ਬੁਰਜ ਲਾਹੌਰ ਦਾ’ ਸੀ। ਇਸ ਗੀਤ ਨੂੰ ਦਰਸ਼ਕਾਂ ਤੇ ਸਰੋਤਿਆਂ ਦਾ ਅਥਾਹ ਪਿਆਰ ਮਿਲਿਆ ਸੀ। ਇਸ ਤਰ੍ਹਾਂ ਸ਼ਿੰਦਾ ਆਪਣੇ ਪਹਿਲੇ ਹੀ ਗੀਤ ਤੋਂ ਸਟਾਰ ਬਣ ਗਏ ਸੀ। ਇਸ ਤੋਂ ਬਾਅਦ 1979 ’ਚ ਉਨ੍ਹਾਂ ਦੀ ਪਹਿਲੀ ਐਲਬਮ ਰਿਲੀਜ਼ ਹੋਈ, ਜੋ ਕਿ ਬਹੁਤ ਹੀ ਜ਼ਿਆਦਾ ਹਿੱਟ ਰਹੀ ਸੀ। ਹੁਣ ਤੱਕ ਸ਼ਿੰਦਾ ਦੀਆਂ 46 ਐਲਬਮਾਂ ਰਿਲੀਜ਼ ਹੋ ਚੁੱਕੀਆਂ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਸੁਪਰਹਿੱਟ ਰਹੀਆਂ ਹਨ। ਉਨ੍ਹਾਂ ਦੀਆਂ ਸੁਪਰਹਿੱਟ ਐਲਬਮਾਂ ’ਚ ‘ਜੱਟ ਜਿਉਣਾ ਮੌੜ’, ‘ਪੁੱਤ ਜੱਟਾਂ ਦੇ’, ‘ਬਲਵੀਰੋ ਭਾਬੀ’ ਤੇ ‘ਬਦਲਾ ਲੈ ਲਈ ਸੋਹਣਿਆ’ ਵਰਗੀਆਂ ਐਲਬਮਾਂ ਸ਼ਾਮਲ ਹਨ।

20 ਮਈ 1954 ਨੂੰ ਜਲੰਧਰ ਪੰਜਾਬ ਵਿੱਚ ਸੁਰਿੰਦਰ ਪਾਲ ਧੰਮੀ ਦੇ ਰੂਪ ਵਿੱਚ ਜਨਮੇ ਸੁਰਿੰਦਰ ਸ਼ਿੰਦਾ ਨੇ ਆਪਣੀ ਦਮਦਾਰ ਆਵਾਜ਼ ਨਾਲ ਪੰਜਾਬੀ ਸੰਗੀਤ ਉਦਯੋਗ ਵਿੱਚ ਅਮਿੱਟ ਛਾਪ ਛੱਡੀ ਹੈ। ਉਨ੍ਹਾਂ ਅਣਗਿਣਤ ਗੀਤਾਂ ਵਿੱਚ ਜਾਨ ਪਾ ਕੇ ਆਪਣੀ ਵਿਲੱਖਣ ਸ਼ੈਲੀ ਅਤੇ ਮਨਮੋਹਕ ਪ੍ਰਦਰਸ਼ਨਾਂ ਨਾਲ ਸਰੋਤਿਆਂ ਨੂੰ ਮੋਹਿਆ ਸੀ।

ਸੁਰਿੰਦਰ ਸ਼ਿੰਦਾ ਦਾ ਸੰਗੀਤਕ ਸਫ਼ਰ 1970 ਦੇ ਦਹਾਕੇ ਵਿੱਚ ਸ਼ੁਰੂ ਹੋਇਆ ਅਤੇ ਉਹ ਜਲਦੀ ਹੀ ਆਪਣੇ ਸਮੇਂ ਦੇ ਸਭ ਤੋਂ ਸਤਿਕਾਰਤ ਅਤੇ ਮਸ਼ਹੂਰ ਪੰਜਾਬੀ ਗਾਇਕਾਂ ਵਿੱਚੋਂ ਇੱਕ ਬਣ ਗਏ। ਆਪਣੀ ਬਹੁਮੁਖੀ ਗਾਇਕੀ ਦੀ ਕਾਬਲੀਅਤ ਨਾਲ ਉਨ੍ਹਾਂ ਭੰਗੜਾ, ਲੋਕ, ਅਤੇ ਰਵਾਇਤੀ ਪੰਜਾਬੀ ਸੰਗੀਤ ਸਮੇਤ ਵੱਖ-ਵੱਖ ਸ਼ੈਲੀਆਂ ’ਚ ਆਪਣਾ ਅੱਧਭੂਤ ਪ੍ਰਦਰਸ਼ਨ ਦਿੱਤਾ। ਉਨ੍ਹਾਂ ਦੀ ਵੱਖਰੀ ਆਵਾਜ਼ ਅਤੇ ਗੀਤਾਂ ਵਿੱਚ ਭਾਵਨਾਵਾਂ ਨੂੰ ਪ੍ਰਭਾਵਤ ਕਰਨ ਦੀ ਯੋਗਤਾ ਨਾਲ ਉਨ੍ਹਾਂ ਪੀੜ੍ਹੀਆਂ ਤੱਕ ਸੰਗੀਤ ਪ੍ਰੇਮੀਆਂ ਦੇ ਦਿਲਾਂ ਵਿੱਚ ਇੱਕ ਵਿਸ਼ੇਸ਼ ਸਥਾਨ ਪ੍ਰਾਪਤ ਕੀਤਾ ਹੈ।

ਸੁਰਿੰਦਰ ਸ਼ਿੰਦਾ ਦੀ ਮੌਤ ’ਤੇ ਅੱਜ ਦੁਨੀਆ ਭਰ ਦੇ ਉਨ੍ਹਾਂ ਲੱਖਾਂ ਪ੍ਰਸ਼ੰਸਕਾਂ ਦੁਆਰਾ ਸੋਗ ਕੀਤਾ ਗਿਆ, ਜੋ ਉਨ੍ਹਾਂ ਦੇ ਸੰਗੀਤ ਅਤੇ ਕਲਾਤਮਕ ਪ੍ਰਤਿਭਾ ਤੋਂ ਪ੍ਰਭਾਵਿਤ ਹੋਏ ਸਨ। ਸੁਰਿੰਦਰ ਸ਼ਿੰਦਾ ਦੀ ਯਾਦ ਪੰਜਾਬੀ ਸੰਗੀਤ ਦੇ ਇਤਿਹਾਸ ਵਿੱਚ ਸਦਾ ਲਈ ਉੱਕਰੀ ਰਹੇਗੀ। ਹਮਦਰਦ ਮੀਡੀਆ ਗਰੁੱਪ ਇਸ ਔਖੀ ਘੜੀ ਵਿੱਚ ਸੁਰਿੰਦਰ ਸ਼ਿੰਦਾ ਦੇ ਪਰਿਵਾਰ, ਦੋਸਤਾਂ ਅਤੇ ਪ੍ਰਸ਼ੰਸਕਾਂ ਨਾਲ ਡੂੰਘੀ ਹਮਦਰਦੀ ਪ੍ਰਗਟ ਕਰਦਾ ਹੈ। ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ ਅਤੇ ਉਨ੍ਹਾਂ ਦਾ ਸੰਗੀਤ ਸਦਾ ਲਈ ਜਿਉਂਦਾ ਰਹੇ।

Next Story
ਤਾਜ਼ਾ ਖਬਰਾਂ
Share it