ਸਰੀ ਤੋਂ ਫਰਾਰ ਅਰਨਦੀਪ ਗਿੱਲ ਪੁਲਿਸ ਨੇ ਕੀਤਾ ਕਾਬੂ
ਸਰੀ, 28 ਮਈ (ਵਿਸ਼ੇਸ਼ ਪ੍ਰਤੀਨਿਧ) : ਸਰੀ ਆਰ.ਸੀ.ਐਮ.ਪੀ. ਨੇ 34 ਸਾਲ ਦੇ ਅਰਨਦੀਪ ਗਿੱਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜੋ 11 ਵੱਖ ਵੱਖ ਦੋਸ਼ਾਂ ਅਧੀਨ ਲੋੜੀਂਦਾ ਸੀ। ਪੁਲਿਸ ਮੁਤਾਬਕ ਅਰਨਦੀਪ ਗਿੱਲ ਨੂੰ ਯੂਨੀਵਰਸਿਟੀ ਡਰਾਈਵ ਦੇ 10400 ਬਲੌਕ ਵਿਖੇ ਸਥਿਤ ਇਕ ਘਰ ਵਿਚੋਂ ਕਾਬੂ ਕੀਤਾ ਗਿਆ। ਦੂਜੇ ਪਾਸੇ ਨੌਰਥ ਵੈਨਕੂਵਰ ਦੇ ਫੁਲਰਟਨ ਐਵੇਨਿਊ ਨੇੜੇ ਸਕਿਉਰਿਟੀ ਗਾਰਡ […]
By : Editor Editor
ਸਰੀ, 28 ਮਈ (ਵਿਸ਼ੇਸ਼ ਪ੍ਰਤੀਨਿਧ) : ਸਰੀ ਆਰ.ਸੀ.ਐਮ.ਪੀ. ਨੇ 34 ਸਾਲ ਦੇ ਅਰਨਦੀਪ ਗਿੱਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜੋ 11 ਵੱਖ ਵੱਖ ਦੋਸ਼ਾਂ ਅਧੀਨ ਲੋੜੀਂਦਾ ਸੀ। ਪੁਲਿਸ ਮੁਤਾਬਕ ਅਰਨਦੀਪ ਗਿੱਲ ਨੂੰ ਯੂਨੀਵਰਸਿਟੀ ਡਰਾਈਵ ਦੇ 10400 ਬਲੌਕ ਵਿਖੇ ਸਥਿਤ ਇਕ ਘਰ ਵਿਚੋਂ ਕਾਬੂ ਕੀਤਾ ਗਿਆ। ਦੂਜੇ ਪਾਸੇ ਨੌਰਥ ਵੈਨਕੂਵਰ ਦੇ ਫੁਲਰਟਨ ਐਵੇਨਿਊ ਨੇੜੇ ਸਕਿਉਰਿਟੀ ਗਾਰਡ ਵਜੋਂ ਕੰਮ ਕਰਦਾ 20 ਸਾਲ ਦਾ ਪਰਵਿੰਦਰ ਸਿੰਘ ਲਾਪਤਾ ਦੱਸਿਆ ਜਾ ਰਿਹਾ ਹੈ। ਅਰਨਦੀਪ ਗਿੱਲ ਬਾਰੇ ਸਰੀ ਆਰ.ਸੀ.ਐਮ.ਪੀ. ਨੇ ਦੱਸਿਆ ਕਿ ਉਹ 9 ਮਈ ਨੂੰ ਅਦਾਲਤ ਵਿਚ ਪੇਸ਼ ਦੌਰਾਨ ਗੈਰਹਾਜ਼ਰ ਰਿਹਾ।
11 ਮਾਮਲਿਆਂ ਵਿਚ ਲੋੜੀਂਦਾ ਸੀ ਪੰਜਾਬੀ ਨੌਜਵਾਨ
ਅਰਨਦੀਪ ਗਿੱਲ ਵਿਰੁੱਧ ਹਮਲਾ ਕਰਨ ਅਤੇ ਹਥਿਆਰ ਨਾਲ ਹਮਲਾ ਕਰਨ ਦੇ 8 ਦੋਸ਼ ਲੱਗੇ ਸਨ। ਇਸ ਤੋਂ ਇਲਾਵਾ ਲੈਂਗਲੀ ਵਿਖੇ ਤਸਕਰੀ ਦੇ ਮਕਸਦ ਨਾਲ ਨਸ਼ੀਲਾ ਪਦਾਰਥ ਰੱਖਣ ਅਤੇ ਖਤਰਨਾਕ ਤਰੀਕੇ ਨਾਲ ਗੱਡੀ ਚਲਾਉਣ ਦੇ ਤਿੰਨ ਦੋਸ਼ਾਂ ਅਧੀਨ ਪੁਲਿਸ ਨੂੰ ਲੋੜੀਂਦਾ ਸੀ। ਪੁਲਿਸ ਮੁਤਾਬਕ 26 ਮਈ ਨੂੰ ਲੋਅਰ ਮੇਨਲੈਂਡ ਇੰਟੈਗਰੇਟਿਡ ਐਮਰਜੰਸੀ ਰਿਸਪੌਂਸ ਟੀਮ, ਕ੍ਰਾਇਸਿਸ ਨੈਗੋਸੀਏਸ਼ਨ ਟੀਮ, ਇੰਟੈਗਰੇਟਿਡ ਪੁਲਿਸ ਡੌਗ ਸਰਵਿਸਿਜ਼, ਸਰੀ ਗੈਂਗ ਐਨਫੋਰਸਮੈਂਟ ਟੀਮ ਅਤੇ ਕਈ ਫਰੰਟਲਾਈਨ ਅਫਸਰਾਂ ਦੀ ਮਦਦ ਨਾਲ 26 ਮਈ ਨੂੰ ਸ਼ਾਮ ਤਰਕੀਬਨ ਸਵਾ ਪੰਜ ਵਜੇ ਅਰਨਦੀਪ ਗਿੱਲ ਨੂੰ ਕਾਬੂ ਕਰ ਲਿਆ ਗਿਆ।
ਨੌਰਥ ਵੈਨਕੂਵਰ ਤੋਂ ਪਰਵਿੰਦਰ ਸਿੰਘ ਹੋਇਆ ਲਾਪਤਾ
ਉਸ ਦੇ ਰਿਮਾਂਡ ਬਾਰੇ ਸੁਣਵਾਈ ਹੋਣੀ ਬਾਕੀ ਹੈ ਅਤੇ ਫਿਲਹਾਲ ਹਿਰਾਸਤ ਵਿਚ ਰੱਖਿਆ ਗਿਆ ਹੈ। ਉਧਰ ਨੌਰਥ ਵੈਨਕੂਵਰ ਆਰ.ਸੀ.ਐਮ.ਪੀ. ਨੇ ਦੱਸਿਆ ਕਿ 20 ਸਾਲ ਦਾ ਪਰਵਿੰਦਰ ਸਿੰਘ ਸ਼ਨਿੱਚਰਵਾਰ ਤੋਂ ਲਾਪਤਾ ਹੈ। ਉਸ ਦਾ ਹੁਲੀਆ ਜਾਰੀ ਕਰਦਿਆਂ ਪੁਲਿਸ ਨੇ ਕਿਹਾ ਕਿ ਆਖਰੀ ਵਾਰ ਦੇਖੇ ਜਾਣ ਵੇਲੇ ਉਸ ਨੇ ਸਕਿਉਰਿਟੀ ਗਾਰਡ ਦੀ ਵਰਦੀ ਪਾਈ ਹੋਈ ਸੀ ਅਤੇ ਉਸ ਦਾ ਕੱਦ 5 ਫੁੱਟ 7 ਇੰਚ ਅਤੇ ਸਰੀਰ ਦਰਮਿਆਨਾ ਹੈ। ਪਰਵਿੰਦਰ ਸਿੰਘ ਦੇ ਅਚਾਨਕ ਲਾਪਤਾ ਹੋਣ ਕਾਰਨ ਉਸ ਦੇ ਦੋਸਤ ਅਤੇ ਪੁਲਿਸ ਉਸ ਦੀ ਸੁੱਖ-ਸਾਂਦ ਪ੍ਰਤੀ ਬੇਹੱਦ ਚਿੰਤਤ ਹੈ। ਜੇ ਕਿਸੇ ਕੋਲ ਪਰਵਿੰਦਰ ਸਿੰਘ ਬਾਰੇ ਕੋਈ ਜਾਣਕਾਰੀ ਹੈ ਤਾਂ ਉਹ ਆਰ.ਸੀ.ਐਮ.ਪੀ. ਨਾਲ 604 985 1311 ’ਤੇ ਸੰਪਰਕ ਕਰੇ।