ਸਮੁੰਦਰੀ ਜਹਾਜ਼ ਤੋਂ ਮਲਬਾ ਹਟਾਉਣ ਲਈ ਪੁੱਜੀਆਂ ਕਰੇਨਾਂ
ਬੈਲਟੀਮੋਰ, 30 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਦੇ ਬੈਲਟੀਮੋਰ ਵਿਖੇ ਸਮੁੰਦਰੀ ਜਹਾਜ਼ ’ਤੇ ਡਿੱਗਿਆ ਪੁਲ ਦਾ ਮਲਬਾ ਹਟਾਉਣ ਲਈ ਵੱਡੀਆਂ ਵੱਡੀਆਂ ਕਰੇਨਾਂ ਪੁੱਜ ਚੁੱਕੀਆਂ ਹਨ ਅਤੇ ਇਕ ਕਰੇਨ ਇਕ ਹਜ਼ਾਰ ਟਨ ਤੱਕ ਵਜ਼ਨ ਚੁੱਕਣ ਦੀ ਤਾਕਤ ਰਖਦੀ ਹੈ। ਦੂਜੇ ਪਾਸੇ ਅਮਰੀਕਾ ਦੇ ਰਾਸ਼ਟਰਪਤੀ ਵੱਲੋਂ ਭਾਵੇਂ ਭਾਰਤੀ ਕਰੂ ਮੈਂਬਰਾਂ ਦੀ ਸ਼ਲਾਘਾ ਕੀਤੀ ਗਈ ਪਰ ਫੌਕਸਫੋਰਡ ਕੌਮਿਕਸ […]
By : Editor Editor
ਬੈਲਟੀਮੋਰ, 30 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਦੇ ਬੈਲਟੀਮੋਰ ਵਿਖੇ ਸਮੁੰਦਰੀ ਜਹਾਜ਼ ’ਤੇ ਡਿੱਗਿਆ ਪੁਲ ਦਾ ਮਲਬਾ ਹਟਾਉਣ ਲਈ ਵੱਡੀਆਂ ਵੱਡੀਆਂ ਕਰੇਨਾਂ ਪੁੱਜ ਚੁੱਕੀਆਂ ਹਨ ਅਤੇ ਇਕ ਕਰੇਨ ਇਕ ਹਜ਼ਾਰ ਟਨ ਤੱਕ ਵਜ਼ਨ ਚੁੱਕਣ ਦੀ ਤਾਕਤ ਰਖਦੀ ਹੈ। ਦੂਜੇ ਪਾਸੇ ਅਮਰੀਕਾ ਦੇ ਰਾਸ਼ਟਰਪਤੀ ਵੱਲੋਂ ਭਾਵੇਂ ਭਾਰਤੀ ਕਰੂ ਮੈਂਬਰਾਂ ਦੀ ਸ਼ਲਾਘਾ ਕੀਤੀ ਗਈ ਪਰ ਫੌਕਸਫੋਰਡ ਕੌਮਿਕਸ ਵੱਲੋਂ ਭਾਰਤੀ ਕਰੂ ਮੈਂਬਰਾਂ ਦਾ ਇਤਰਾਜ਼ਯੋਗ ਕਾਰਟੂਨ ਸ਼ੇਅਰ ਕੀਤਾ ਗਿਆ ਹੈ। ਨਸਲਵਾਦੀ ਕਾਰਟੂਨ ਵਿਚ ਭਾਰਤੀ ਕਰੂ ਮੈਂਬਰਾਂ ਨੂੰ ਸਿਰਫ ਲੰਗੋਟ ਵਿਚ ਦਿਖਾਇਆ ਗਿਆ ਅਤੇ ਸਾਹਮਣੇ ਨਜ਼ਰ ਆ ਰਹੇ ਖਤਰੇ ਕਾਰਨ ਚਿਹਰੇ ’ਤੇ ਪ੍ਰੇਸ਼ਾਨੀ ਵੀ ਦੇਖੀ ਜਾ ਸਕਦੀ ਹੈ।
ਅਮਰੀਕਾ ਦੇ ਅਦਾਰੇ ਨੇ ਭਾਰਤੀ ਅਮਲੇ ਦਾ ਉਡਾਇਆ ਮਖੌਲ
ਕਾਰਟੂਨ ਵਿਚ ਇਕ ਆਡੀਓ ਵੀ ਜੋੜਿਆ ਗਿਆ ਹੈ ਜਿਸ ਵਿਚ ਕੁਝ ਲੋਕ ਭਾਰਤੀ ਲਹਿਜ਼ੇ ਵਿਚ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕਰਦੇ ਸੁਣੇ ਜਾ ਸਕਦੇ ਹਨ। ਸੋਸ਼ਲ ਮੀਡੀਆ ’ਤੇ ਕਾਰਟੂਨ ਸ਼ੇਅਰ ਕਰਦਿਆਂ ਫੌਕਸਫੋਰਡ ਕੌਮਿਕਸ ਨੇ ਲਿਖਿਆ, ‘‘ਫਰਾਂਸਿਸ ਸਕੌਟ ਕੀਅ ਬ੍ਰਿਜ ਨਾਲ ਟਕਰਾਉਣ ਤੋਂ ਐਨ ਪਹਿਲਾਂ ਦਾਲੀ ਜਹਾਜ਼ ਦੀ ਰਿਕਾਰਡਿੰਗ।’’ ਸੋਸ਼ਲ ਮੀਡੀਆ ਪਲੈਟਫਾਰਮ ਐਕਸ ’ਤੇ ਅਪਲੋਡ ਕਾਰਟੂਨ ਨੂੰ 40 ਲੱਖ ਤੋਂ ਜ਼ਿਆਦਾ ਲੋਕ ਦੇਖ ਚੁੱਕੇ ਹਨ ਜਦਕਿ 4 ਲੱਖ ਤੋਂ ਵੱਧ ਲੋਕਾਂ ਨੇ ਰੀਟਵੀਟ ਵੀ ਕੀਤਾ ਹੈ। ਪਰ ਇਸ ਦੇ ਨਾਲ ਕਾਰਟੂਨ ਦੀ ਤਿੱਖੀ ਨੁਕਤਾਚੀਨੀ ਹੋ ਰਹੀ ਹੈ। ਇਥੇ ਦਸਣਾ ਬਣਦਾ ਹੈ ਕਿ ਸਮੁੰਦਰੀ ਜਹਾਜ਼ ਦੇ ਪੁਲ ਨਾਲ ਟਕਰਾਉਣ ਤੋਂ ਪਹਿਲਾਂ ਹੀ ਭਾਰਤੀ ਕਰੂ ਨੇ ਸੂਝ ਬੂਝ ਨਾਲ ਕੰਮ ਲੈਂਦਿਆਂ ਟ੍ਰੈਫਿਕ ਅਧਿਕਾਰੀਆਂ ਨੂੰ ਸੁਚੇਤ ਕਰ ਦਿਤਾ ਸੀ। ਇਸ ਤੋਂ 90 ਸੈਕਿੰਡ ਬਾਅਦ ਪੁਲ ’ਤੇ ਟ੍ਰੈਫਿਕ ਨੂੰ ਰੋਕ ਦਿਤਾ ਗਿਆ ਅਤੇ ਵੱਡਾ ਜਾਨੀ ਨੁਕਸਾਨ ਹੋਣ ਤੋਂ ਬਚ ਗਿਆ। ਹਾਦਸੇ ਵੇਲੇ 8 ਜਣੇ ਪੁਲ ’ਤੇ ਸੜਕ ਦੀ ਮੁਰੰਮਤ ਕਰ ਰਹੇ ਸਨ ਜਿਨ੍ਹਾਂ ਵਿਚੋਂ 2 ਨੂੰ ਕੱਢ ਲਿਆ ਗਿਆ ਜਦਕਿ 6 ਜਣੇ ਮਾਰੇ ਗਏ। ਪੁਲ ਦੀ ਨਵੇਂ ਸਿਰੇ ਤੋਂ ਉਸਾਰੀ ਦੀ ਯੋਜਨਾ ਤਿਆਰ ਕੀਤੀ ਜਾ ਰਹੀ ਹੈ ਅਤੇ ਇਸਦਾ ਡਿਜ਼ਾਈਨ ਅਜਿਹਾ ਬਣਾਇਆ ਜਾ ਰਿਹਾ ਹੈ ਜੋ ਜਲਦ ਤੋਂ ਜਲਦ ਤਿਆਰ ਹੋ ਜਾਵੇ ਅਤੇ ਹਾਦਸਿਆਂ ਤੋਂ ਮੁਕਤ ਹੋਵੇ। ਇਸੇ ਦੌਰਾਨ ਵਾਤਾਵਰਣ ਸੁਰੱਖਿਆ ਏਜੰਸੀ ਨੇ ਇਸ ਗੱਲ ਦੀ ਤਸਦੀਕ ਕਰ ਦਿਤੀ ਹੈ ਕਿ ਸਮੁੰਦਰੀ ਜਹਾਜ਼ ਵਿਚੋਂ ਕੋਈ ਖਤਰਨਾਕ ਚੀਜ਼ ਪਾਣੀ ਵਿਚ ਨਹੀਂ ਰਿਸ ਰਹੀ।