Begin typing your search above and press return to search.

ਸਮਾਜਿਕ ਤਾਣੇ-ਬਾਣੇ ਦੀਆਂ ਪਰਤਾਂ ਫਰੋਲਦਾ ਕਹਾਣੀ-ਸੰਗ੍ਰਹਿ: ਰੌਸ਼ਨੀ ਦੀਆਂ ਕਿਰਚਾਂ

ਹੱਥਲੀ ਪੁਸਤਕ ‘ਰੌਸ਼ਨੀ ਦੀਆਂ ਕਿਰਚਾਂ’ ਬੇਸ਼ੱਕ ਜਸਦੇਵ ਜੱਸ ਦਾ ਪਲੇਠਾ ਕਹਾਣੀ-ਸੰਗ੍ਰਹਿ ਹੈ ਪਰ ਉਨ੍ਹਾਂ ਵੱਲੋਂ ਕਹਾਣੀਆਂ ਵਿੱਚ ਵਰਤੀ ਗਈ ਮੁਹਾਵਰੇਦਾਰ, ਵਿਅੰਗਮਈ ਅਤੇ ਰੌਚਕ ਸ਼ਬਦਾਵਲੀ ਉਨ੍ਹਾਂ ਦੇ ਪ੍ਰਪੱਕ ਕਹਾਣੀਕਾਰ ਹੋਣ ਦੀ ਸ਼ਾਹਦੀ ਭਰਦੀ ਹੈ। ਅਜੋਕੇ ਵਿਸ਼ਵਮੰਡੀ ਦੇ ਦੌਰ ਵਿੱਚ ਵਸਤੂ ਬਣ ਚੁੱਕੇ ਮਨੁੱਖ ਦੇ ਦਿਲ ਵਿੱਚ ਮਾਨਵੀ ਜੀਵਨ ਮੁੱਲਾਂ ਦੀ ਬਹਾਲੀ ਹੀ ਉਨ੍ਹਾਂ ਦੀ ਲੇਖਣੀ ਦਾ […]

ਸਮਾਜਿਕ ਤਾਣੇ-ਬਾਣੇ ਦੀਆਂ ਪਰਤਾਂ ਫਰੋਲਦਾ ਕਹਾਣੀ-ਸੰਗ੍ਰਹਿ: ਰੌਸ਼ਨੀ ਦੀਆਂ ਕਿਰਚਾਂ
X

Hamdard Tv AdminBy : Hamdard Tv Admin

  |  17 April 2023 12:54 PM IST

  • whatsapp
  • Telegram
ਹੱਥਲੀ ਪੁਸਤਕ ‘ਰੌਸ਼ਨੀ ਦੀਆਂ ਕਿਰਚਾਂ’ ਬੇਸ਼ੱਕ ਜਸਦੇਵ ਜੱਸ ਦਾ ਪਲੇਠਾ ਕਹਾਣੀ-ਸੰਗ੍ਰਹਿ ਹੈ ਪਰ ਉਨ੍ਹਾਂ ਵੱਲੋਂ ਕਹਾਣੀਆਂ ਵਿੱਚ ਵਰਤੀ ਗਈ ਮੁਹਾਵਰੇਦਾਰ, ਵਿਅੰਗਮਈ ਅਤੇ ਰੌਚਕ ਸ਼ਬਦਾਵਲੀ ਉਨ੍ਹਾਂ ਦੇ ਪ੍ਰਪੱਕ ਕਹਾਣੀਕਾਰ ਹੋਣ ਦੀ ਸ਼ਾਹਦੀ ਭਰਦੀ ਹੈ। ਅਜੋਕੇ ਵਿਸ਼ਵਮੰਡੀ ਦੇ ਦੌਰ ਵਿੱਚ ਵਸਤੂ ਬਣ ਚੁੱਕੇ ਮਨੁੱਖ ਦੇ ਦਿਲ ਵਿੱਚ ਮਾਨਵੀ ਜੀਵਨ ਮੁੱਲਾਂ ਦੀ ਬਹਾਲੀ ਹੀ ਉਨ੍ਹਾਂ ਦੀ ਲੇਖਣੀ ਦਾ ਮੁੱਖ ਮਕਸਦ ਹੈ ਅਤੇ ਆਪਣੇ ਇਸ ਮਕਸਦ ਤੋਂ ਉਹ ਕਿਸੇ ਤਰ੍ਹਾਂ ਵੀ ਭਟਕਦੇ ਦਿਖਾਈ ਨਹੀਂ ਦਿੰਦੇ। ਸਭ ਤੋਂ ਵੱਡੀ ਗੱਲ ਇਹ ਕਿ ਉਨ੍ਹਾਂ ਦੀ ਕਹਾਣੀ ਨਾ ਸਿਰਫ਼ ਅਤੀਤ ਦੇ ਕਿਸੇ ਪੂਰਬਲੇ ਗਲਪਕਾਰ ਦੇ ਪ੍ਰਭਾਵ ਤੋਂ ਹੀ ਪੂਰੀ ਤਰ੍ਹਾਂ ਮੁਕਤ ਹੈ ਬਲਕਿ ਉਹ ਆਪਣੀ ਹੀ ਕਿਸਮ ਦੇ ਵਿਲੱਖਣ ਹਸਤਾਖ਼ਰ ਹਨ। ਤਸੱਲੀ ਵਾਲੀ ਗੱਲ ਹੈ ਕਿ ਬਹੁਤ ਸਾਰੀਆਂ ਸਮੱਸਿਆਵਾਂ ਸਬੰਧੀ ਰਵਾਇਤੀ ਦ੍ਰਿਸ਼ਟਕੋਣ ਹੋਣ ਦੇ ਬਾਵਜੂਦ, ਉਨ੍ਹਾਂ ਨੂੰ ਵੱਖਰੇ ਕੋਣ ਤੋਂ ਦੇਖਣ ਦੀ ਕੋਸ਼ਿਸ਼ ਵੀ ਕੀਤੀ ਗਈ ਹੈ।
ਪਹਿਲੀ ਕਹਾਣੀ ‘ਢਲਾਣ ’ਤੇ ਰੁਕੇ ਕਦਮ’ ਇੱਕ ਅਜਿਹੇ ਹਿੰਮਤੀ ਇਨਸਾਨ ਪ੍ਰੀਤਮ ਸਿੰਘ ਦੀ ਕਹਾਣੀ ਹੈ ਜੋ ਉਮਰ ਦੇ ਆਖ਼ਰੀ ਪੜਾਅ ’ਤੇ ਵੀ ਆਪਣੀ ਜ਼ਿੰਦਗੀ ਨੂੰ ਆਪਣੇ ਢੰਗ ਨਾਲ ਜਿਊਣਾ ਚਾਹੁੰਦਾ ਹੈ। ਭਾਰੀ ਜੱਦੋ-ਜਹਿਦ ਕਰ ਕੇ ਪੈਰਾਂ ਸਿਰ ਕੀਤੇ ਉਸ ਦੇ ਮੁੰਡਿਆਂ ਨੂੰ ਇਹ ਚੰਗਾ ਨਹੀਂ ਲੱਗਦਾ ਕਿ ਉਹ ਮਾੜੂ ਦੀ ਚਾਹ ਵਾਲੀ ਦੁਕਾਨ ’ਤੇ ਲੋਕਾਂ ਲਈ ਚਾਹ ਬਣਾਉਂਦਾ ਦਿਸੇ। ਇੱਕ ਦਿਨ ਉਸ ਦਾ ਮੁੰਡਾ ਜਿੰਦਰ ਮਾੜੂ ਦੀ ਚਾਹ ਵਾਲੀ ਭੱਠੀ ਵੀ ਢਾਹ ਦਿੰਦਾ ਹੈ ਪਰ ਪ੍ਰੀਤਮ ਸਿੰਘ ਇਨ੍ਹਾਂ ਪ੍ਰਸਥਿਤੀਆਂ ਨਾਲ ਸਮਝੌਤਾ ਕਰਨਾ ਪਸੰਦ ਨਹੀਂ ਕਰਦਾ। ਗੁੱਸੇ ਵਿੱਚ ਆ ਕੇ ਉਹ ਘਰ ਛੱਡ ਕੇ ਚਲਾ ਜਾਂਦਾ ਹੈ ਪਰ ਮਾੜੂ ਦੀ ਭੱਠੀ ਕੋਲ ਜਾ ਕੇ ਉਸ ਦੇ ਕਦਮ ਰੁਕ ਜਾਂਦੇ ਹਨ, ਖਿੰਡੀ ਹੋਈ ਭੱਠੀ ਉਸ ਨੂੰ ਆਪਣੇ ਬਜ਼ੁਰਗਾਂ ਦੀ ਖਿੰਡੀ ਹੋਈ ਮੜ੍ਹੀ ਪ੍ਰਤੀਤ ਹੁੰਦੀ ਹੈ ਅਤੇ ਉਹ ਬੇਪਰਵਾਹ ਹੋ ਕੇ ਚਾਹ ਦਾ ਕੰਮ ਜਾਰੀ ਰੱਖਣ ਦਾ ਫ਼ੈਸਲਾ ਕਰ ਲੈਂਦਾ ਹੈ।
ਦੋ ਪੱਕੀਆਂ ਸਹੇਲੀਆਂ ਅੰਜੂ ਤੇ ਦੀਪਾਂ ਦਰਮਿਆਨ ਪਿਆਰ ਸਬੰਧੀ ਚੱਲ ਰਹੀ ਅੰਦਰੂਨੀ ਕਸ਼ਮਕਸ਼ ਦਾ ਖ਼ੂਬਸੂਰਤ ਵਰਣਨ ਹੈ, ਕਹਾਣੀ ‘ਉਸ ਨੂੰ ਕਹੀਂ’। ਜਿਸ ਨੂੰ ਅੰਜੂ ਪਿਆਰ ਕਰਦੀ ਹੈ, ਉਹ ਉਸ ਦੀ ਸਹੇਲੀ ਦੀਪਾਂ ਨੂੰ ਪਸੰਦ ਕਰਦਾ ਹੈ ਅਤੇ ਧੋਖੇ ਨਾਲ ਫੋਟੋ ਖਿਚਵਾ ਕੇ ਅੰਜੂ ਨੂੰ ਮਜ਼ਬੂਰ ਵੀ ਕਰਦਾ ਹੈ ਕਿ ਉਹ ਦੀਪਾਂ ਨਾਲ ਉਸ ਦੀ ਗੱਲਬਾਤ ਨੂੰ ਸਿਰੇ ਚਾੜ੍ਹਨ ਵਿੱਚ ਵਿਚੋਲੀਏ ਦੀ ਭੂਮਿਕਾ ਨਿਭਾਵੇ। ਅੰਜੂ ਉਸ ਦੀ ਪਸੰਦ ਦੇ ਦੀਪਾਂ ਵਰਗੇ ਕੱਪੜੇ ਪਹਿਨ ਕੇ ਅਤੇ ਵਾਲ ਰੰਗਾ ਕੇ ਦੀਪਾਂ ਵਰਗੀ ਦਿਸਣ ਦੀ ਕੋਸ਼ਿਸ਼ ਵੀ ਕਰਦੀ ਹੈ ਪਰ ਦੀਪਾਂ ਉਸ ਵਿੱਚ ਜਰਾ ਵੀ ਦਿਲਚਸਪੀ ਲੈਂਦੀ ਦਿਖਾਈ ਨਹੀਂ ਦਿੰਦੀ। ਕਹਾਣੀ ਦੇ ਅਖ਼ੀਰ ਵਿੱਚ ਉਸ ਨੂੰ ਅਸਲੀਅਤ ਦਾ ਪਤਾ ਉਦੋਂ ਲੱਗਦਾ ਹੈ, ਜਦੋਂ ਦੀਪਾਂ ਉਸ ਨੂੰ ਇਹ ਕਹਿ ਕੇ ਹੈਰਾਨ ਕਰ ਦਿੰਦੀ ਹੈ, “ਹਾਂ ਅੰਜੂ, ਉਸ ਨੂੰ ਕਹੀਂ, ਸੁਨੇਹਿਆਂ ਨਾਲ ਗੱਲਾਂ ਨ੍ਹੀਂ ਹੁੰਦੀਆਂ, ਕਿਤੇ ਮਿਲ ਕੇ ਗੱਲ ਕਰੇ ਨਾ।”
ਪੁਸਤਕ ਦੀ ਮੁੱਖ ਕਹਾਣੀ ‘ਰੌਸ਼ਨੀ ਦੀਆਂ ਕਿਰਚਾਂ’ ਇੱਕ ਅਪੰਗ ਨੌਜਵਾਨ ਪੰਮੇ ਦੀ ਕਹਾਣੀ ਹੈ, ਜਿਸ ਦੀ ਲੱਤ ਕੀੜਾ ਲੱਗਣ ਕਰਕੇ ਕੱਟਣੀ ਪੈ ਗਈ ਸੀ ਅਤੇ ਇਸੇ ਕਾਰਨ ਉਸ ਨੇ ਵਿਆਹ ਵੀ ਨਹੀਂ ਸੀ ਕਰਵਾਇਆ। ਮਾਂ ਦੀ ਮੌਤ ਤੋਂ ਬਾਅਦ ਬੇਸ਼ੱਕ ਉਸ ਦੇ ਭਰਾ ਨੇ ਉੱਕਾ ਹੀ ਉਸ ਦੀ ਸਾਰ ਨਹੀਂ ਲਈ ਪਰ ਆਪਣੇ ਮਿੱਤਰਾਂ-ਪਿਆਰਿਆਂ ਦੇ ਸਹਾਰੇ ਪੰਮਾ ਵਧੀਆ ਜੀਵਨ ਗੁਜ਼ਾਰ ਰਿਹਾ ਸੀ ਅਤੇ ਦਾਰੂ ਪੀ ਕੇ ਵੀ ਉਹ ਕਦੇ ਗਲਤ ਨਹੀਂ ਸੀ ਹੋਇਆ। ਪੰਮਾ ਕਿਸੇ ਵੀ ਹਾਲਤ ਵਿੱਚ ਇਹ ਬਰਦਾਸ਼ਤ ਨਹੀਂ ਸੀ ਕਰ ਸਕਦਾ ਕਿ ਕੋਈ ਉਸ ਨੂੰ ਅਪੰਗ ਹੋਣ ਕਰਕੇ ਤਰਸ ਦੀ ਨਿਗਾਹ ਨਾਲ ਦੇਖੇ ਜਾਂ ਉਸ ਦਾ ਮਜ਼ਾਕ ਉਡਾਵੇ। ਗੁਆਂਢ ਵਿੱਚ ਰਹਿੰਦੀ ਚੰਨੋ ਜਦੋਂ ਇੱਕ ਰਾਤ ਉਸ ਕੋਲ ਆਉਣਾ ਮੰਨ ਜਾਂਦੀ ਹੈ ਤਾਂ ਉਹ ਰੰਗ-ਬਰੰਗੇ ਬੱਲਵ ਲਗਾ ਕੇ ਆਪਣੇ ਕਮਰੇ ਦੀ ਖ਼ੂਬ ਸਜਾਵਟ ਕਰਦਾ ਹੈ ਪਰ ਜਦੋਂ ਚੰਨੋ ਉਸ ਦੀ ਕੱਟੀ ਹੋਈ ਲੱਤ ਨੂੰ ਟੁੰਡ ਜਿਹਾ ਕਹਿ ਕੇ ਉਸ ਨੂੰ ਚਿੜਾਉਣ ਦੀ ਕੋਸ਼ਿਸ਼ ਕਰਦੀ ਹੈ ਤਾਂ ਉਹ ਉਸ ਨੂੰ ਉਸੇ ਪਲ ਘਰੋਂ ਜਾਣ ਲਈ ਕਹਿ ਦਿੰਦਾ ਹੈ।
ਹਕੂਮਤਾਂ ਦੀਆਂ ਕਿਸਾਨ ਵਿਰੋਧੀ ਨੀਤੀਆਂ ਕਾਰਨ ਕਿਸਾਨੀ ਦਿਨ-ਬਦਿਨ ਦਮ ਤੋੜਦੀ ਜਾ ਰਹੀ ਹੈ ਅਤੇ ਰਾਤ-ਦਿਨ ਸਖ਼ਤ ਮਿਹਨਤ-ਮੁਸ਼ੱਕਤ ਕਰਨ ਦੇ ਬਾਵਜੂਦ ਵੀ ਕਿਸਾਨ ਦੇ ਖਰਚੇ ਪੂਰੇ ਨਹੀਂ ਹੋ ਰਹੇ। ਇਨ੍ਹਾਂ ਹਾਲਾਤਾਂ ਵਿੱਚ ਜੇਕਰ ਕਿਸੇ ਨੂੰ ਨਸ਼ੇ-ਪੱਤੇ ਦੀ ਬੁਰੀ ਆਦਤ ਵੀ ਪੈ ਜਾਵੇ ਤਾਂ ਉਸ ਨੂੰ ਤਬਾਹ ਹੋਣ ਤੋਂ ਤਾਂ ਕੋਈ ਬਚਾ ਹੀ ਨਹੀਂ ਸਕਦਾ। ਨਰੈਣ ਸਿੰਘ ਅਜਿਹਾ ਹੀ ਇੱਕ ਡੇਢ ਕੁ ਕਿੱਲੇ ਦਾ ਮਾਲਕ ਕਿਸਾਨ ਹੈ, ਜਿਸ ਦੇ ਤੰਗੀਆਂ-ਤੁਰਸ਼ੀਆਂ ਭਰੇ ਜੀਵਨ ਦੀ ਬਾਤ ‘ਭਾਰ’ ਕਹਾਣੀ ਵਿੱਚ ਪਾਈ ਗਈ ਹੈ। ਖੇਤੀਬਾੜੀ ਦਾ ਧੰਦਾ ਵੀ ਉਸ ਨੂੰ ਜੂਏ ਵਰਗਾ ਲੱਗਣ ਲੱਗ ਪਿਆ ਹੈ ਕਿਉਂਕਿ ਕਦੇ ਉਸ ਦੀ ਫ਼ਸਲ ਨੂੰ ਮੀਂਹ ਮਾਰ ਜਾਂਦਾ ਹੈ ਅਤੇ ਕਦੇ ਸੋਕਾ। ਚਾਰ ਧੀਆਂ ਅਤੇ ਇੱਕ ਪੁੱਤ ਦੇ ਵਿਆਹ ਦੀ ਚਿੰਤਾ ਉਸ ਨੂੰ ਬੇਹੱਦ ਪ੍ਰੇਸ਼ਾਨ ਕਰਦੀ ਹੈ। ਘਰ ਵਿੱਚ ਖੇਡਦੇ ਬੱਚਿਆਂ ਵੱਲੋਂ ਕਿਹਾ ਜਾ ਰਿਹਾ ‘ਭੰਡਾ ਭੰਡਾਰੀਆ ਕਿੰਨਾ ਕੁ ਭਾਰ’ ਵੀ ਉਸ ਨੂੰ ਆਪਣੀ ਹੀ ਕਹਾਣੀ ਕਹਿੰਦਾ ਜਾਪਦਾ ਹੈ।
ਪੜ੍ਹਨ-ਲਿਖਣ ਦੀ ਅਣਭੋਲ ਜਿਹੀ ਉਮਰ ਵਿੱਚ ਜੇਕਰ ਕਿਸੇ ਪਾਸਿਓਂ ਮੁਹੱਬਤ ਦਾ ਬੁੱਲਾ ਆ ਜਾਵੇ ਤਾਂ ਉਹ ਉਸ ਨੂੰ ਕਿਸੇ ਜਾਦੂ ਤੋਂ ਘੱਟ ਨਹੀਂ ਲੱਗਦਾ। ਇਹੋ ਜਿਹਾ ਹੀ ਕੁੱਝ ਵਾਪਰਦਾ ਹੈ ‘ਜਾਦੂ’ ਕਹਾਣੀ ਵਿੱਚ ਨਾਨਕੀਂ ਗਏ ਸ਼ਿੰਦੇ ਨਾਲ, ਜਦੋਂ ਉਸ ਦੀ ਨਾਨੀ ਦੇ ਗੁਆਂਢ ਵਿੱਚ ਰਹਿੰਦੀ ਪਹਾੜਨ ਕੁੜੀ ਮੋਹੀ ਉਸ ਨੂੰ ਪਿਆਰ ਦੀਆਂ ਤੰਦਾਂ ਨਾਲ ਬੰਨ੍ਹਣ ਦੀ ਕੋਸ਼ਿਸ਼ ਕਰਦੀ ਹੈ। ਬੇਸ਼ੱਕ ਮੋਹੀ ਵੱਲੋਂ ਕੀਤੀ ਜਾਂਦੀ ਸਰੀਰਕ ਛੇੜਛਾੜ ਵੀ ਉਸ ਦੀ ਸਮਝ ਵਿੱਚ ਵਿੱਚ ਨਹੀਂ ਆਉਂਦੀ ਪਰ ਛੁੱਟੀਆਂ ਖ਼ਤਮ ਹੋਣ ਤੋਂ ਬਾਅਦ ਆਪਣੇ ਪਿੰਡ ਜਾਂਦੇ ਸਮੇਂ ਮੋਹੀ ਵੱਲੋਂ ਦਿੱਤੀ ਗਈ ਨਿਸ਼ਾਨੀ ਉਸ ਨੂੰ ਝੰਜੋੜ ਕੇ ਰੱਖ ਦਿੰਦੀ ਹੈ ਅਤੇ ਉਸ ਦਾ ਦਿਲ ਕਰਦਾ ਹੈ ਕਿ ਉਹ ਪਿੰਡ ਜਾਣ ਦੀ ਬਜਾਇ ਪਿਛਾਂਹ ਹੀ ਮੁੜ ਪਵੇ। ਉਸ ਨੂੰ ਲੱਗਦਾ ਹੈ ਕਿ ਜਿਵੇਂ ਸੱਚਮੁੱਚ ਹੀ ਉਸ ’ਤੇ ਜਾਦੂ ਹੋ ਗਿਆ ਹੋਵੇ।
ਆਪਣੇ ਪਤੀ ਤੋਂ ਇਲਾਵਾ ਕਿਸੇ ਵੀ ਹੋਰ ਵਿਅਕਤੀ ਨਾਲ ਸਰੀਰਕ ਸਬੰਧ ਬਣਾ ਲੈਣ ਵਾਲੀ ਔਰਤ ਨੂੰ ਸਾਡੇ ਸਮਾਜ ਵਿੱਚ ਚੰਗਾ ਨਹੀਂ ਸਮਝਿਆ ਜਾਂਦਾ। ਕਹਾਣੀ ‘ਜੂਠ’ ਦੀ ਜੀਤੋ ਵੀ ਇੱਕ ਅਜਿਹੀ ਹੀ ਬਦਨਾਮ ਔਰਤ ਹੈ, ਜਿਸ ਦੇ ਵਿਆਹ ਤੋਂ ਛੇ ਮਹੀਨੇ ਬਾਅਦ ਵੀ ਬੱਚਾ ਹੋ ਜਾਂਦਾ ਹੈ। ਨੀਮ ਪਾਗਲ ਹੋਇਆ ਉਸ ਦਾ ਪਤੀ ਦਿਆਲਾ ਤੰਗ ਆ ਕੇ ਘਰੋਂ ਨਿੱਕਲ ਜਾਂਦਾ ਹੈ ਅਤੇ ਉਸ ਦੇ ਜਾਣ ਪਿੱਛੋਂ ਉਹ ਪਿੰਡ ਵਾਲਿਆਂ ਦੇ ਡਰ ਤੋਂ ਬੇਫ਼ਿਕਰ ਹੋ ਕੇ ਆਪਮੁਹਾਰੀ ਹੋ ਜਾਂਦੀ ਹੈ। ਬਚਨੀ ਬੁੜੀ ਦੇ ਘਰੇ ਆਏ ਉਸ ਦੇ ਭਤੀਜੇ ਨੂੰ ਵੀ ਉਹ ਵਰਗਲਾਉਣ ਦੀ ਕੋਸ਼ਿਸ਼ ਕਰਦੀ ਹੈ। ਜਦੋਂ ਉਹ ਗਊ ਨੂੰ ਕੱਖ ਪਾਉਣ ਜਾਂਦਾ ਹੈ ਤਾਂ ਉਹ ਉਸ ਨੂੰ ਇਹ ਕਹਿ ਕੇ ਛੇੜਦੀ ਹੈ ਕਿ ਉਹ ਉਸ ਦੀ ਮੱਝ ਦੇ ਅੱਗਿਓਂ ਵੀ ਕੁਤਰੇ ਦੀ ਟੋਕਰੀ ਚੁੱਕ ਲਵੇ ਪਰ ਉਸ ਦੇ ਆਖੇ ਹੋਏ ਇਹ ਸ਼ਬਦ ਜੀਤੋ ਨੂੰ ਹਿਲਾ ਕੇ ਰੱਖ ਦਿੰਦੇ ਹਨ ਕਿ ਇਹ ਜੂਠ ਨ੍ਹੀਂ ਖਾਂਦੀ।
ਔਰਤ ਅਤੇ ਮਰਦ ਵਿੱਚ ਕੁਦਰਤੀ ਤੌਰ ’ਤੇ ਹੀ ਇੱਕ ਖਿੱਚ ਜਿਹੀ ਹੁੰਦੀ ਹੈ, ਜਿਸ ਕਰਕੇ ਉਨ੍ਹਾਂ ਦਾ ਇੱਕ ਦੂਜੇ ਵੱਲ ਝੁਕਾਅ ਹੋਣਾ ਸੁਭਾਵਿਕ ਹੈ। ਜੇਕਰ ਕਿਸੇ ਕਾਰਨ ਇਹ ਖਿੱਚ ਖ਼ਤਮ ਹੋ ਜਾਵੇ ਤਾਂ ਉਹ ਇੱਕ ਦੂਜੇ ਤੋਂ ਟਲਣਾ ਸ਼ੁਰੂ ਕਰ ਦਿੰਦੇ ਹਨ। ਕਹਾਣੀ ‘ਬੁਝੇ ਹੋਏ’ ਅਜਿਹੀ ਹੀ ਇੱਕ ਮਨੋਵਿਗਿਆਨਕ ਸਮੱਸਿਆ ਨੂੰ ਉਜਾਗਰ ਕਰਦੀ ਹੈ। ਆਪਣੇ ਪਤੀ ਤੋਂ ਪ੍ਰੇਸ਼ਾਨ ਰਹਿੰਦੀ ਪਦਮਾ ਵਿੱਚ ਵੀ ਉਸ ਨੂੰ ਪਹਿਲਾਂ ਵਾਲੀ ਗੱਲ ਦਿਖਾਈ ਨਹੀਂ ਦਿੰਦੀ, ਜਿਸ ਕਰਕੇ ਉਹ ਕਦੇ ਆਪਮੁਹਾਰਾ ਹੀ ਉਸ ਦੇ ਘਰ ਵੱਲ ਭੱਜਿਆ ਜਾਂਦਾ ਸੀ ਪਰ ਹੁਣ ਜਦੋਂ ਪਦਮਾ ਉਸ ਨੂੰ ਆਪਣੀ ਗਲਵੱਕੜੀ ਵਿੱਚ ਵੀ ਲੈ ਲੈਂਦੀ ਹੈ, ਤਾਂ ਵੀ ਉਸ ਦੇ ਅੰਦਰ ਕੋਈ ਹਿਲਜੁਲ ਨਹੀਂ ਹੁੰਦੀ। ਉਹ ਮਹਿਸੂਸ ਕਰਦਾ ਹੈ ਕਿ ਜਿਵੇਂ ਦੋਵਾਂ ਦੇ ਅੰਦਰਲੀ ਉਤੇਜਨਾ ਹੀ ਬੁਝ ਗਈ ਹੋਵੇ।
ਜਿਊਣ ਦੀ ਜੁਗਤ ਤੋਂ ਸੱਖਣੇ ਲੋਕ ਆਪਣੀ ਜ਼ਿੰਦਗੀ ਨੂੰ ਰੋਸਿਆਂ-ਗਿਲਿਆਂ ਵਿੱਚ ਹੀ ਬਤੀਤ ਕਰ ਲੈਂਦੇ ਹਨ ਅਤੇ ਉਹ ਸੋਚ ਵੀ ਨਹੀਂ ਸਕਦੇ ਕਿ ਜੇਕਰ ਜ਼ਿੰਦਗੀ ਦੀ ਹਰਿਆਲੀ ਰੁੱਸ ਜਾਵੇ ਤਾਂ ਕਈ ਵਾਰ ਇਸ ਨੂੰ ਮਨਾਉਂਦਿਆਂ ਉਮਰਾਂ ਬੀਤ ਜਾਂਦੀਆਂ ਹਨ। ਕਹਾਣੀ ‘ਰੁੱਸੇ ਹੋਏ’ ਦਾ ਮੁੱਖ ਪਾਤਰ ਦਾਰਾ ਵੀ ਆਪਣੀ ਪਤਨੀ ਪਾਰੋ ਨਾਲ ਕੁੱਝ ਅਜਿਹਾ ਹੀ ਵਰਤਾਓ ਕਰਦਾ ਹੈ। ਸ਼ਰਾਬ ਦੀ ਮਾੜੀ ਆਦਤ ਕਰਕੇ ਉਹ ਆਪਣੀ ਜ਼ਮੀਨ ਵੇਚਣੀ ਸ਼ੁਰੂ ਕਰ ਦਿੰਦਾ ਹੈ ਅਤੇ ਵਿਰੋਧ ਕਰਨ ’ਤੇ ਪਾਰੋ ਦੀ ਵੀ ਕੁੱਟ-ਮਾਰ ਕਰਦਾ ਹੈ। ਨਿੱਤ ਦੇ ਕਲੇਸ਼ ਤੋਂ ਤੰਗ ਆਈ ਪਾਰੋ ਆਪਣੇ ਬੱਚੇ ਨੂੰ ਲੈ ਕੇ ਪੇਕੇ ਚਲੀ ਜਾਂਦੀ ਹੈ ਅਤੇ ਅਖ਼ੀਰ ਨੂੰ ਦਾਰੇ ਨੂੰ ਵੀ ਘਰ ਛੱਡ ਕੇ ਜਾਣਾ ਪੈ ਜਾਂਦਾ ਹੈ। ਕਾਫ਼ੀ ਸਮੇਂ ਬਾਅਦ ਜਦੋਂ ਉਹ ਆਪਣੇ ਪਿੰਡ ਮੁੜਦਾ ਹੈ ਤਾਂ ਉਸ ਨੂੰ ਪਤਾ ਲੱਗਦਾ ਹੈ ਕਿ ਉਸ ਦੇ ਘਰੇ ਉਸ ਦਾ ਹੀ ਭੋਗ ਪਾਇਆ ਜਾ ਰਿਹਾ ਹੁੰਦਾ ਹੈ। ਉਸ ਨੂੰ ਆਪਣੇ ਗੁਨਾਹਾਂ ਦਾ ਅਹਿਸਾਸ ਉਦੋਂ ਹੁੰਦਾ ਹੈ, ਜਦੋਂ ਉਸ ਦੇ ਤਰਲੇ ਕਰਨ ਦੇ ਬਾਵਜੂਦ ਵੀ ਪਾਰੋ ਉਸ ਨੂੰ ਮਾਫ਼ ਕਰਨ ਤੋਂ ਇਨਕਾਰ ਕਰ ਦਿੰਦੀ ਹੈ।
‘ਤਿਲਕਣ’ ਕਹਾਣੀ ਆਪਣੇ ਫ਼ੌਜੀ ਪਤੀ ਦੀ ਗ਼ੈਰ-ਮੌਜੂਦਗੀ ਵਿੱਚ ਇਕਲਾਪੇ ਦਾ ਸੰਤਾਪ ਹੰਢਾਅ ਰਹੀ ਇੱਕ ਜਵਾਨ ਔਰਤ ਪੀਤੋ ਨਾਲ ਸਬੰਧਿਤ ਹੈ। ਅਜੇ ਉਸ ਦੇ ਮੁਕਲਾਵੇ ਨੂੰ ਮਸਾਂ ਸੱਤ ਦਿਨ ਹੀ ਹੋਏ ਸਨ ਕਿ ਉਸ ਦੇ ਪਤੀ ਨੂੰ ਫ਼ੌਜ ਵੱਲੋਂ ਬੁਲਾਵਾ ਆ ਗਿਆ। ਪਿਛਲੇ ਤਿੰਨ ਸਾਲਾਂ ਵਿੱਚ ਉਸ ਨੇ ਕੁੱਲ ਚਾਲੀ ਦਿਨ ਹੀ ਵਿਆਹੀਆਂ ਔਰਤਾਂ ਵਾਂਗ ਗੁਜ਼ਾਰੇ ਸਨ। ਪਿੰਡ ਦੇ ਸਾਈਂ ਬਾਬੇ ਅਤੇ ਗੁਆਂਢੀਆਂ ਦੇ ਛੜੇ ਰਹਿ ਗਏ ਦਲੀਪੇ ਵਰਗੇ ਲੋਕ ਉਸ ਨੂੰ ਤਿਲਕਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਦੇ ਪਰ ਇਸ ਤੋਂ ਪਹਿਲਾਂ ਕਿ ਉਹ ਤਿਲਕਦੀ, ਫ਼ੌਜ ਵਿੱਚੋਂ ਉਸ ਦੇ ਪਤੀ ਦੀ ਚਿੱਠੀ ਆ ਜਾਂਦੀ ਹੈ ਅਤੇ ਉਹ ਸਾਰੇ ਦੁੱਖ-ਦਰਦ ਭੁੱਲਾ ਕੇ ਪਤੀ ਦੀ ਨੀਲੇ ਰੰਗ ਦੀ ਚਿੱਠੀ ਨੂੰ ਘੁੱਟ ਕੇ ਆਪਣੇ ਸੀਨੇ ਨਾਲ ਲਗਾ ਲੈਂਦੀ ਹੈ।
ਕੁੱਝ ਲੋਕਾਂ ਦਾ ਮੰਨਣਾ ਹੈ ਕਿ ਜੇਕਰ ਕੁੱਝ ਕਰਨਾ ਹੈ ਤਾਂ ਕਰੋ ਅਤੇ ਜੇਕਰ ਨਹੀਂ ਕਰਨਾ ਤਾਂ ਨਾ ਕਰੋ ਪਰ ਵਿੱਚ-ਵਿਚਾਲਾ ਕਦੇ ਨਾ ਕਰੋ। ਕਹਾਣੀ ‘ਬਾਪੂ’ ਵਾਲਾ ਜੁਗਿੰਦਰ ਪੈਂਚ ਵੀ ਜਿੰਨਾ ਚਿਰ ਜਿਊਂਦਾ ਰਿਹਾ, ਉਨਾ ਚਿਰ ਪੂਰੀ ਟੌਰ੍ਹ ਨਾਲ ਜਿਊਂਇਆ। ਚਮਕਦਾ ਕਮੀਜ, ਤੇੜ ਚਾਦਰਾ, ਪੈਰੀਂ ਖੁੱਸਾ ਅਤੇ ਸਿਰ ’ਤੇ ਤਵਿਆਂ ਵਾਲੀ ਮਸ਼ੀਨ। ਮੀਲ ਪਹਿਲਾਂ ਹੀ ਪਤਾ ਲੱਗ ਜਾਂਦਾ ਸੀ ਕਿ ਕੋਈ ਆਉਂਦੈ ਸ਼ੁਕੀਨ। ਕੰਮ ਵੀ ਉਸ ਨੇ ਰੱਜ ਕੇ ਕੀਤਾ ਅਤੇ ਲੋਕਾਂ ਦੇ ਅੜੇ ਗੱਡੇ ਵੀ ਉਸ ਤੋਂ ਬਿਨਾਂ ਕੋਈ ਨਹੀਂ ਸੀ ਕੱਢਦਾ। ਵੱਡੀ ਭਰਜਾਈ ਬਿਸ਼ਨੀ ਨੂੰ ਵੀ ਉਹੀ ਤੁਰਵਾ ਕੇ ਲਿਆਇਆ ਸੀ, ਜਦੋਂ ਉਸ ਦੇ ਪੇਕਿਆਂ ਨੇ ਉਸ ਨੂੰ ਕਿਤੇ ਹੋਰ ਤੋਰ ਦਿੱਤਾ ਸੀ। ਪਰ ਜਦੋਂ ਜੀਵਨ ਦੇ ਆਖ਼ਰੀ ਸਮੇਂ ਵਿੱਚ ਉਸ ਨੇ ਕਿਸੇ ਡੇਰੇ ਤੋਂ ਨਾਮ-ਭਜਨ ਲੈ ਲਿਆ ਤਾਂ ਉਹ ਪੱਕਾ ਨਿੱਤਨੇਮੀ ਬਣ ਗਿਆ। ਹਰ ਰੋਜ਼ ਠੰਢੇ ਪਾਣੀ ਨਾਲ ਨਹਾ ਕੇ ਨਾਮ ਜਪਣ ਦੇ ਚੱਕਰ ਵਿੱਚ ਉਹ ਬਿਮਾਰ ਪੈ ਗਿਆ ਅਤੇ ਉਸ ਨੇ ਕਿਸੇ ਹਕੀਮ ਦੀ ਦਿੱਤੀ ਬਾਰਾਂ ਸਿੰਗੇ ਦੀ ਦਵਾਈ ਵੀ ਸਿਰਫ਼ ਇਸ ਲਈ ਨਹੀਂ ਖਾਧੀ ਤਾਂ ਕਿ ਇਸ ਤਰ੍ਹਾਂ ਕਰਨ ਨਾਲ ਉਸ ਦਾ ਧਰਮ ਭ੍ਰਿਸ਼ਟ ਨਾ ਹੋ ਜਾਵੇ।
ਦਿਨ ਭਰ ਹੱਡ ਭੰਨਵੀਂ ਮਿਹਨਤ-ਮੁਸ਼ੱਕਤ ਕਰਨ ਵਾਲੇ ਲੋਕਾਂ ਦੀ ਤਰਸਯੋਗ ਜ਼ਿੰਦਗੀ ਵਿੱਚ ਵਾਪਰੇ ਕੁੱਝ ਢਾਰਸ ਦੇਣ ਵਾਲੇ ਪਲਾਂ ਦੀ ਚਰਚਾ ਕਰਦੀ ਹੈ, ਉਨ੍ਹਾਂ ਕਹਾਣੀ ‘ਪਿੰਡ ਵਾਲੀ’। ਜਦੋਂ ਸਰਪੰਚ ਦੇ ਘਰੇ ਰੰਗ-ਰੋਗਨ ਦਾ ਕੰਮ ਕਰਦੇ ਪਾਲੀ ਦੀ ਪੌੜੀ ਕੰਧ ਨਾਲੋਂ ਹਿੱਲ ਜਾਂਦੀ ਹੈ ਤਾਂ ਸਾਹਮਣੇ ਘਰ ਵਾਲੀ ਕੁੜੀ ਨੂੰ ਲੱਗਦਾ ਹੈ ਕਿ ਉਹ ਡਿੱਗ ਪਵੇਗਾ ਅਤੇ ਉਹ ਆਵਾਜ਼ ਮਾਰ ਕੇ ਉਸ ਨੂੰ ਸੰਭਲਣ ਲਈ ਕਹਿੰਦੀ ਹੈ। ਜਿੰਨਾ ਚਿਰ ਪਾਲੀ ਦਾ ਕੰਮ ਸਰਪੰਚ ਦੇ ਘਰੇ ਚੱਲਿਆ, ਹਾਸੇ-ਠੱਠੇ ਵਿੱਚ ਉਸ ਦੇ ਦਿਨ ਤੀਆਂ ਵਾਂਗੂੰ ਲੰਘੇ ਪਰ ਕੰਮ ਸਮਾਪਤ ਹੁੰਦਿਆਂ ਹੀ ਪਾਲੀ ਦਾ ਉਸ ਤੋਂ ਬਿਨਾਂ ਜਿਊਣਾ ਮੁਸ਼ਕਿਲ ਹੋ ਗਿਆ। ਜਦੋਂ ਪਾਲੀ ਨੇ ਆਪਣੇ ਕਿਸੇ ਮਿੱਤਰ ਦੀ ਸਹਾਇਤਾ ਨਾਲ ਉਸ ਲੜਕੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪਤਾ ਲੱਗਿਆ ਕਿ ਦੋਵਾਂ ਵਿੱਚ ਕੋਈ ਪਿਆਰ-ਮੁਹੱਬਤ ਵਾਲੀ ਗੱਲ ਨਹੀਂ ਸੀ ਬਲਕਿ ਉਹ ਤਾਂ ਉਸ ਨੂੰ ਵੈਸੇ ਹੀ ਸਖ਼ਤ ਕੰਮ ਕਰਕੇ ਖ਼ੁਸ਼ ਰੱਖਣ ਦੀ ਕੋਸ਼ਿਸ਼ ਕਰ ਰਹੀ ਸੀ।
ਕਹਾਣੀ ‘ਤੂੰ ਕੌਮ ਤੇ ਮੈਂ ਕੌਣ’ ਵਿੱਚ ਸਮਾਜ ਵਿੱਚ ਫ਼ੈਲੇ ਜਾਤ-ਪਾਤ ਦੇ ਕੋਹੜ ’ਤੇ ਬੜਾ ਤਿੱਖਾ ਹਮਲਾ ਕੀਤਾ ਗਿਆ ਹੈ। ਟਿਊਬਵੈਲ ਅਪ੍ਰੇਟਰ ਵਜੋਂ ਕੰਮ ਕਰਦਾ ਕਹਾਣੀ ਦਾ ਮੁੱਖ ਪਾਤਰ ਅਨੁਸੂਚਿਤ ਜਾਤੀ ਨਾਲ ਸਬੰਧਿਤ ਹੈ ਅਤੇ ਉਸ ਦਾ ਇੱਕ ਡਰਾਇਵਰ ਮਿੱਤਰ ਕਰਮਜੀਤ ਸਿੰਘ ਜੱਟ ਭਾਈਚਾਰੇ ਨਾਲ ਸਬੰਧਿਤ ਹੈ, ਜਿਹੜਾ ਅਨੁਸੂਚਿਤ ਜਾਤੀ ਦੇ ਲੋਕਾਂ ਨਾਲ ਬੇਹੱਦ ਨਫ਼ਰਤ ਕਰਦਾ ਹੈ। ਇੱਕ ਦੂਜੇ ਬਾਰੇ ਪਤਾ ਨਾ ਹੋਣ ਕਰਕੇ ਉਹ ਦੋਵੇਂ ਇੱਕੋ ਭਾਂਡੇ ਵਿੱਚ ਖਾਂਦੇ-ਪੀਂਦੇ ਰਹਿੰਦੇ ਹਨ। ਜਦੋਂ ਚੌਕੀਦਾਰ ਮੇਲੂ ਤੋਂ ਅਸਲੀਅਤ ਪਤਾ ਲੱਗਦੀ ਹੈ ਤਾਂ ਕਰਮਜੀਤ ਸਿੰਘ ਬੜਾ ਪਛਤਾਉਂਦਾ ਹੈ ਅਤੇ ਸੰਘ ਵਿੱਚ ਉਂਗਲਾਂ ਮਾਰ-ਮਾਰ ਕੇ ਉਲਟੀਆਂ ਕਰਨ ਦੀ ਕੋਸ਼ਿਸ਼ ਕਰਦਾ ਹੈ ਪਰ ਜਦੋਂ ਅੱਗੋਂ ਉਹ ਵੀ ਗਰਮ ਹੋਣ ਲੱਗਦਾ ਹੈ ਤਾਂ ਕਰਮਜੀਤ ਸਿੰਘ ਸਾਰਾ ਕੁੱਝ ਭੁਲਾ ਕੇ ਫਿਰ ਉਸ ਨਾਲ ਖਾਣਾ-ਪੀਣਾ ਸ਼ੁਰੂ ਕਰ ਦਿੰਦਾ ਹੈ।
ਆਖ਼ਰੀ ਕਹਾਣੀ ਦਾ ਸਿਰਲੇਖ ਹੈ “ਮੌਤ ਦਾ ਚਿਹਰਾ’। ਇਸ ਕਹਾਣੀ ਵਿੱਚ ਨੈਤਿਕ ਕਦਰਾਂ-ਕੀਮਤਾਂ ਤੋਂ ਵਿਹੂਣੇ ਤਿੜਕ ਰਹੇ ਮਨੁੱਖੀ ਰਿਸ਼ਤਿਆਂ-ਨਾਤਿਆਂ ਦਾ ਕਰੂਪ ਚਿਹਰਾ ਉਜਾਗਰ ਕੀਤਾ ਗਿਆ ਹੈ। ਜਿਵੇਂ ਕਿ ਸਿਰਲੇਖ ਤੋਂ ਹੀ ਸਪੱਸ਼ਟ ਹੈ, ਇਸ ਕਹਾਣੀ ਵਿੱਚ ਦਰਸਾਇਆ ਗਿਆ ਹੈ ਕਿ ਦੁੱਖ ਦੀ ਹਾਲਤ ਵਿੱਚ ਕਿਵੇਂ ਨੇੜੇ ਤੋਂ ਨੇੜੇ ਦੇ ਰਿਸ਼ਤੇਦਾਰ ਅਤੇ ਮਿੱਤਰ ਵੀ ਸਾਥ ਛੱਡ ਜਾਂਦੇ ਹਨ। ਬਹਾਦਰ ਨਾਲ ਵੀ ਇਸੇ ਤਰ੍ਹਾਂ ਹੀ ਹੁੰਦਾ ਹੈ, ਜਦੋਂ ਉਹ ਮਰਨ ਕਿਨਾਰੇ ਹੁੰਦਾ ਹੈ। ਜਦੋਂ ਉਸ ਦੇ ਭਰਾ ਅਤੇ ਭਰਜਾਈਆਂ ਵੀ ਉਸ ਦੀ ਸਾਰ ਨਹੀਂ ਲੈਂਦੇ ਤਾਂ ਉਹ ਖਿੱਝ ਕੇ ਆਪਣੀ ਘਰਵਾਲੀ ਨੂੰ ਕਹਿੰਦਾ ਹੈ ਕਿ ਉਹ ਉਸ ਦੇ ਮਰਨ ਪਿੱਛੋਂ ਪਿੱਠ ਦਿਖਾ ਗਏ ਕਿਸੇ ਨੂੰ ਵੀ ਵਿਅਕਤੀ ਨੂੰ ਦੇਹਲੀ ਨਾ ਚੜ੍ਹਨ ਦੇਵੇ।
ਜਸਦੇਵ ਜੱਸ ਬਰਾਬਰੀ ਵਾਲੇ ਸਮਾਜ ਦੀ ਸਿਰਜਣਾ ਲਈ ਪ੍ਰਬੱਧ, ਲੋਕ ਸਰੋਕਾਰਾਂ ਨੂੰ ਪ੍ਰਣਾਏ ਹੋਏ ਯਥਾਰਥਵਾਦੀ ਕਹਾਣੀਕਾਰ ਹਨ। ਸਮਾਜਿਕ ਤਾਣੇ-ਬਾਣੇ ਦੀਆਂ ਗੁੰਝਲਦਾਰ ਪਰਤਾਂ ਨੂੰ ਫਰੋਲਦਿਆਂ ਦਿਸਦੇ-ਅਣਦਿਸਦੇ ਯਥਾਰਥ ਨੂੰ ਬਿਆਨ ਕਰਨ ਦੀ ਬੇਬਾਕ ਸ਼ੈਲੀ ਉਨ੍ਹਾਂ ਦੀ ਸੂਖਮ ਸੂਝ ਦਾ ਜਿਊਂਦਾ-ਜਾਗਦਾ ਪ੍ਰਮਾਣ ਹੈ ਅਤੇ ਉਨ੍ਹਾਂ ਦੀ ਕਹਾਣੀ ਨਵੇਂ ਦਿਹੱਦਿਆਂ ਦੀ ਉਸਾਰੀ ਕਰਨ ਦੇ ਪੂਰੀ ਤਰ੍ਹਾਂ ਸਮਰੱਥ ਹੈ। ਅਜੇ ਉਨ੍ਹਾਂ ਦੀ ਕਹਾਣੀ ਨੇ ਹੋਰ ਵਿਗਸਣਾ ਹੈ, ਹੋਰ ਮਹਿਕਣਾ ਹੈ ਅਤੇ ਹੋਰ ਲੰਮੀਆਂ ਉਡਾਣਾਂ ਭਰਨੀਆਂ ਹਨ। ਇਸੇ ਉਮੀਦ ਨਾਲ ਮੈਂ ਉਨ੍ਹਾਂ ਦੇ ਇਸ ਸਾਰਥਿਕ ਅਤੇ ਸੁਚੱਜੇ ਉਪਰਾਲੇ ਦਾ ਭਰਪੂਰ ਸਮਰਥਨ ਕਰਦਾ ਹਾਂ।
-ਕਰਮ ਸਿੰਘ ਜ਼ਖ਼ਮੀ
ਸੰਪਰਕ: 98146-28027
Next Story
ਤਾਜ਼ਾ ਖਬਰਾਂ
Share it