ਭਾਰਤ ਤੋਂ ਕੈਨੇਡਾ ਆਏ ਬੱਚੇ ਨੇ ਡਰਾਇਆ ਸਿਹਤ ਮਹਿਕਮਾ
ਟੋਰਾਂਟੋ, 14 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਭਾਰਤ ਤੋਂ ਕੈਨੇਡਾ ਆਏ ਇਕ ਬੱਚੇ ਨੇ ਸਿਹਤ ਮਹਿਕਮੇ ਨੂੰ ਹੱਥਾਂ ਪੈਰਾਂ ਦੀ ਪਾ ਦਿਤੀ ਜਦੋਂ ਉਸ ਦੇ ਖਸਰੇ ਤੋਂ ਪੀੜਤ ਹੋਣ ਦੀ ਤਸਦੀਕ ਹੋ ਗਈ। ਇਹ ਬੱਚਾ ਟੋਰਾਂਟੋ ਦੇ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਤੋਂ ਲੰਘਿਆ ਅਤੇ ਖਸਰੇ ਨੂੰ ਲਾਗ ਬਹੁਤ ਜਲਦ ਦੂਜਿਆਂ ਨੂੰ ਲਗਦੀ ਹੈ। ਹੈਮਿਲਟਨ ਪਬਲਿਕ ਹੈਲਥ ਸਰਵਿਸਿਜ਼ […]
By : Editor Editor
ਟੋਰਾਂਟੋ, 14 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਭਾਰਤ ਤੋਂ ਕੈਨੇਡਾ ਆਏ ਇਕ ਬੱਚੇ ਨੇ ਸਿਹਤ ਮਹਿਕਮੇ ਨੂੰ ਹੱਥਾਂ ਪੈਰਾਂ ਦੀ ਪਾ ਦਿਤੀ ਜਦੋਂ ਉਸ ਦੇ ਖਸਰੇ ਤੋਂ ਪੀੜਤ ਹੋਣ ਦੀ ਤਸਦੀਕ ਹੋ ਗਈ। ਇਹ ਬੱਚਾ ਟੋਰਾਂਟੋ ਦੇ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਤੋਂ ਲੰਘਿਆ ਅਤੇ ਖਸਰੇ ਨੂੰ ਲਾਗ ਬਹੁਤ ਜਲਦ ਦੂਜਿਆਂ ਨੂੰ ਲਗਦੀ ਹੈ। ਹੈਮਿਲਟਨ ਪਬਲਿਕ ਹੈਲਥ ਸਰਵਿਸਿਜ਼ ਦੀ ਰਿਪੋਰਟ ਮੁਤਾਬਕ ਬੱਚਾ ਘਰ ਵਿਚ ਆਰਾਮ ਕਰ ਰਿਹਾ ਹੈ ਅਤੇ ਉਸ ਨੂੰ ਕੁਆਰਨਟੀਨ ਕੀਤਾ ਗਿਆ ਹੈ। ਬੱਚਾ, ਸਾਊਦੀ ਅਰਬ ਏਅਰਲਾਈਨਜ਼ ਦੀ ਫਲਾਈਟ ਵਿਚ ਆਇਆ ਅਤੇ ਸਿਹਤ ਮਾਹਰਾਂ ਦਾ ਕਹਿਣਾ ਹੈ ਕਿ ਉਸ ਦੇ ਆਲੇ ਦੁਆਲੇ ਦੇ ਮੁਸਾਫਰਾਂ ਨੂੰ ਬਿਮਾਰੀ ਹੋ ਸਕਦੀ ਹੈ।
ਬੱਚੇ ਨੂੰ ਖਸਰਾ ਹੋਣ ਦੀ ਤਸਦੀਕ ਹੋਈ
ਸਿਹਤ ਵਿਗਿਆਨੀਆਂ ਦਾ ਮੰਨਣਾ ਹੈ ਕਿ ਇਕ ਮਰੀਜ਼ ਨਾਲ ਤਿੰਨ ਘੰਟੇ ਤੱਕ ਕਮਰੇ ਵਿਚ ਰਹਿਣ ਵਾਲਾ ਸ਼ਖਸ ਬਿਮਾਰੀ ਤੋਂ ਪੀੜਤ ਹੋ ਸਕਦਾ ਹੈ। ਬੱਚੇ ਦੀ ਪਛਾਣ ਭਾਵੇਂ ਜਨਤਕ ਨਹੀਂ ਕੀਤੀ ਗਈ ਪਰ ਦੱਸਿਆ ਜਾ ਰਿਹਾ ਹੈ ਕਿ ਹਵਾਈ ਅੱਡੇ ਦੇ ਟਰਮੀਨਲ 3 ਵਿਚ ਮੌਜੂਦ ਲੋਕ ਵੀ ਉਸ ਦੇ ਸੰਪਰਕ ਵਿਚ ਆਏ ਹੋਣਗੇ। ਦੂਜੇ ਪਾਸੇ ਉਨਟਾਰੀਓ ਵਿਚ ਖਸਰੇ ਦੇ ਮਰੀਜ਼ਾਂ ਦੀ ਗਿਣਤੀ 2023 ਦੇ ਮੁਕਾਬਲੇ ਵਧ ਚੁੱਕੀ ਹੈ। ਇਸ ਵੇਲੇ ਉਨਟਾਰੀਓ ਵਿਚ ਮੀਜ਼ਲਜ਼ ਦੇ 8 ਮਰੀਜ਼ ਦੱਸੇ ਜਾ ਰਹੇ ਹਨ। ਪਿਛਲੇ ਸਾਲ ਖਸਰੇ ਦੇ 7 ਮਰੀਜ਼ ਸਾਹਮਣੇ ਆਏ ਸਨ। ਖਸਰਾ ਹੋਣ ਦੀ ਸੂਰਤ ਵਿਚ ਸਰੀਰ ’ਤੇ ਲਾਲ ਧੱਬੇ, ਬੁਖਾਰ, ਖਾਂਸੀ, ਜ਼ੁਕਾਮ, ਲਾਲ ਅੱਖਾਂ ਅਤੇ ਬੇਹੱਦ ਥਕਾਵਟ ਹੁੰਦੀ ਹੈ।
ਉਨਟਾਰੀਓ ਵਿਚ ਮਰੀਜ਼ਾਂ ਦੀ ਗਿਣਤੀ 2023 ਦੇ ਮੁਕਾਬਲੇ ਵਧੀ
ਸੂਬੇ ਵਿਚ ਪਹਿਲੇ ਤਿੰਨ ਮਹੀਨੇ ਦੌਰਾਨ ਹੀ ਮਰੀਜ਼ਾਂ ਦੀ ਗਿਣਤੀ 8 ਤੱਕ ਪੁੱਜਣ ਤੋਂ ਸਿਹਤ ਮਾਹਰ ਚਿੰਤਤ ਹਨ ਕਿਉਂਕਿ 6 ਮਰੀਜ਼ਾਂ ਦੀ ਬਿਮਾਰੀ ਸਫਰ ਨਾਲ ਸਬੰਧਤ ਹੈ। ਮਾਰਚ ਦੇ ਪਹਿਲੇ ਹਫਤੇ ਤੱਕ ਪੂਰੇ ਕੈਨੇਡਾ ਵਿਚ ਖਸਰੇ ਦੇ 17 ਮਰੀਜ਼ਾਂ ਦੀ ਤਸਦੀਕ ਕੀਤੀ ਗਈ ਅਤੇ ਉਸ ਵੇਲੇ ਉਨਟਾਰੀਓ ਵਿਚ ਪੰਜ ਮਰੀਜ਼ ਸਨ। ਪਬਲਿਕ ਹੈਲਥ ਏਜੰਸੀਆਂ ਲੋਕਾਂ ਨੂੰ ਜਲਦ ਤੋਂ ਜਲਦ ਟੀਕੇ ਲਗਵਾਉਣ ਦਾ ਸੁਝਾਅ ਦਿਤਾ ਗਿਆ ਹੈ।