ਬਰੈਂਪਟਨ ‘ਚ ਟਰੱਕ ਡਰਾਈਵਰਾਂ ਵਲੋਂ ਆਪਣੀਆਂ ਮੰਗਾਂ ਸਬੰਧੀ ਦੋ ਵੱਖ-ਵੱਖ ਮੁਜ਼ਾਹਰੇ ਹੋਏ
ਬਰੈਂਪਟਨ 4 ਦਸੰਬਰ (ਹਮਦਰਦ ਬਿਊਰੋ):-ਬੀਤੇ ਵੀਕਐਂਡ ਤੇ ਬਰੈਂਪਟਨ ਵਿਖੇ ਟਰੱਕ ਡਰਾਈਵਰਾਂ ਵਲੋਂ ਆਪਣੀਆਂ ਤਨਖਾਹਾਂ ਦੱਬਣ ਤੇ ਹੋਰ ਮੰਗਾਂ ਨੂੰ ਲੈ ਕੇ ਮੁਜ਼ਾਹਰੇ ਕੀਤੇ ਗਏ। 2 ਦਸੰਬਰ ਦਿਨ ਸ਼ਨਿੱਚਰਵਾਰ ਨੂੰ ਬਰੈਂਪਟਨ ਦੇ ਕਿੰਗਨੌਲ ਪਾਰਕ ਵਿਖੇ 12 ਵਜੇ ਹੋਈ ਪਬਲਿਕ ਮੀਟਿੰਗ ਤੇ ਪ੍ਰੋਟੈਸਟ ਦੇ ਮੌਕੇ ਤੇ 100 ਦੇ ਕਰੀਬ ਟਰੱਕ ਡਰਾਈਵਰ ਤੇ ਹੋਰ ਜਥੇਬੰਦੀਆਂ ਦੇ ਆਗੂ ਸ਼ਾਮਿਲ […]
By : Hamdard Tv Admin
ਬਰੈਂਪਟਨ 4 ਦਸੰਬਰ (ਹਮਦਰਦ ਬਿਊਰੋ):-ਬੀਤੇ ਵੀਕਐਂਡ ਤੇ ਬਰੈਂਪਟਨ ਵਿਖੇ ਟਰੱਕ ਡਰਾਈਵਰਾਂ ਵਲੋਂ ਆਪਣੀਆਂ ਤਨਖਾਹਾਂ ਦੱਬਣ ਤੇ ਹੋਰ ਮੰਗਾਂ ਨੂੰ ਲੈ ਕੇ ਮੁਜ਼ਾਹਰੇ ਕੀਤੇ ਗਏ। 2 ਦਸੰਬਰ ਦਿਨ ਸ਼ਨਿੱਚਰਵਾਰ ਨੂੰ ਬਰੈਂਪਟਨ ਦੇ ਕਿੰਗਨੌਲ ਪਾਰਕ ਵਿਖੇ 12 ਵਜੇ ਹੋਈ ਪਬਲਿਕ ਮੀਟਿੰਗ ਤੇ ਪ੍ਰੋਟੈਸਟ ਦੇ ਮੌਕੇ ਤੇ 100 ਦੇ ਕਰੀਬ ਟਰੱਕ ਡਰਾਈਵਰ ਤੇ ਹੋਰ ਜਥੇਬੰਦੀਆਂ ਦੇ ਆਗੂ ਸ਼ਾਮਿਲ ਹੋਏ। ਮੁਜ਼ਾਹਰਾਕਾਰੀਆਂ ਕੋਲ ਬੈਨਰ ਫੜੇ ਹੋਏ ਸਨ ਅਤੇ ਆਪਣੀਆਂ ਬਕਾਇਆ ਤਨਖਾਹਾਂ ਦੀ ਮੰਗ ਕਰ ਰਹੇ ਸਨ। ਡਰਾਈਵਰ ਸ਼ਰਨਜੀਤ ਸਿੰਘ ਨੇ ਹਮਦਰਦ ਨੂੰ ਦੱਸਿਆ ਕਿ ਉਨ੍ਹਾਂ ਦੀ ਕਾਫੀ ਤਨਖਾਹ ਟਰਾਂਸਪੋਰਟ ਕੰਪਨੀ ਵੱਲ ਬਕਾਇਆ ਹੈ ਜੋ ਉਹ ਦੇਣ ਤੋਂ ਆਨਾਕਾਨੀ ਕਰ ਰਹੇ ਹਨ।
ਮੁਜ਼ਾਹਰੇ ਦੀ ਅਗਵਾਈ ਕਰ ਰਹੇ ਇਕ ਹੋਰ ਆਗੂ ਬਿਕਰਮ ਸਿੰਘ ਨੇ ਦੱਸਿਆ ਕਿ 21 ਡਰਾਈਵਰਾਂ ਦੀ ਕੁਝ ਕੰਪਨੀਆਂ ਵਲੋਂ ਤਿੰਨ ਲੱਖ ਤੋਂ ਵੀ ਵੱਧ ਦੀ ਤਨਖਾਹ ਰਹਿੰਦੀ ਹੈ ਜੋ ਅਜੇ ਤੱਕ ਨਹੀਂ ਦਿੱਤੀ ਗਈ। ਉਨ੍ਹਾਂ ਇਹ ਵੀ ਵੀ ਗੱਲ ਆਖੀ ਕਿ 15 ਦਿਨ ਪਹਿਲਾਂ ਨੋਟਿਸ ਦਿੱਤਾ ਸੀ ਪਰ ਇਸ ਉਪਰੰਤ ਉਨ੍ਹਾਂ ਨੂੰ ਧਮਕੀ ਭਰੇ ਫੋਨ ਮਿਲੇ ਹਨ।ਇਸ ਮੌਕੇ ਤੇ ਪੁਲੀਸ ਵੀ ਪਹੁੰਚੀ ਹੋਈ ਸੀ। ਇਸ ਮੁਜ਼ਾਹਰੇ ਵਿਚ ਨੌਜਵਾਨ ਸਪੋਰਟਸ ਨੈਟਵਰਕ, ਟਰਾਂਟੋ ਐਜੂਕੇਸ਼ਨ ਵਰਕਰਜ਼, ਕੈਨੇਡੀਅਨ ਯੂਨੀਅਨ ਪੋਸਟਲ ਵਰਕਰਜ਼ ਜਥੇਬੰਦੀਆਂ ਦੇ ਆਗੂ ਸ਼ਾਮਿਲ ਹੋਏ। ਮੁਜ਼ਾਹਰਾਕਾਰੀਆਂ ਨੇ ਆਪਣੀਆਂ ਮੰਗਾਂ ਦੇ ਹੱਕ ਵਿਚ ਨਾਅਰੇ ਵੀ ਲਾਏ।
ਬਰੈਂਪਟਨ ਵਿਖੇ ਇਕ ਹੋਰ ਜਥੇਬੰਦੀ ਜਸਟਿਸ ਫਾਰ ਟਰੱਕ ਡਰਾਈਵਰ ਦੇ ਡਰਾਈਵਰਾਂ ਵਲੋਂ ਬਰੈਂਪਟਨ ਦੇ ਚਿੰਕੂਜੀ ਪਾਰਕ ਨੇੜੇ ਕੜਾਕੇ ਦੀ ਠੰਢ ਵਿਚ ਜੋਰਦਾਰ ਪ੍ਰਦਰਸ਼ਨ ਕੀਤਾ।ਇਸ ਮੌਕੇ ਤੇ ਦਰਜਨਾਂ ਟਰੱਕ ਡਰਾਈਵਰਾਂ ਨੇ ਆਪਣੇ ਹੱਥਾਂ ‘ਚ ਤਖਤੀਆਂ ਫੜ੍ਹੀਆਂ ਹੋਈਆਂ ਸਨ ਤੇ ਤਨਖਾਹਾਂ ਮਾਰਨ ਵਾਲੀਆਂ ਕੰਪਨੀਆਂ ਖਿਲਾਫ ਸਰਕਾਰ ਤੋਂ ਸਖਤ ਕਾਨੂੰਨ ਬਣਾਏ ਜਾਣ ਦੀ ਮੰਗ ਕੀਤੀ। ਬੁਲਾਰੇ ਨੇ ਇਸ ਮੌਕੇ ਤੇ ਬੋਲਦਿਆਂ ਕਿਹਾ ਕਿ ਟਰੱਕ ਡਰਾਈਵਰ ਮਜ਼ਬੂਰੀ ਵੱਸ ਸੜਕਾਂ ਤੇ ਉਤਰ ਰਹੇ ਹਨ।
ਟਰੱਕਿੰਗ ਕੰਪਨੀਆਂ ਦੇ ਬਹੁਤ ਸਾਰੇ ਮਾਲਕਾਂ ਦਾ ਕਹਿਣਾ ਹੈ ਕਿ ਮੰਦਵਾੜੇ ਦੀ ਮਾਰ ਹੇਠ ਆਈਆਂ ਬਹੁਤ ਸਾਰੀਆਂ ਕੰਪਨੀਆਂ ਨੂੰ ਮਜ਼ਬੂਰੀ ਵੱਸ ਬੈਂਕ ਕਰੈਪਸੀ ਕਰਨੀ ਪੈ ਰਹੀ ਹੈ ਅਤੇ ਕੰਪਨੀਆਂ ਦੇ ਮਾਲਕ ਏਨਾ ਟੁੱਟ ਚੁੱਕੇ ਹਨ ਕਿ ਉਨ੍ਹਾਂ ਕੋਲ ਤਨਖਾਹਾਂ ਦੇਣ ਨੂੰ ਪੈਸੇ ਹੀ ਨਹੀਂ ਬਚੇ ਸਗੋਂ ਬੜੀ ਮਿਹਨਤ ਨਾਲ ਖੜ੍ਹੀਆਂ ਕੀਤੀਆਂ ਕੰਪਨੀਆਂ ਬੰਦ ਕਰਨੀਆਂ ਪੈ ਰਹੀਆਂ ਹਨ। ਉਨ੍ਹਾਂ ਦਾ ਇਹ ਵੀ ਕਹਿਣਾ ਸੀ ਕਿ ਉਨ੍ਹਾਂ ਨੇ ਬਹੁਤ ਸਾਰੇ ਟਰੱਕ ਡਰਾਈਵਰਾਂ ਨੂੰ ਨੌਕਰੀਆਂ ਵੀ ਦਿੱਤੀਆਂ ਤੇ ਸਮੇਂ ਸਿਰ ਤਨਖਾਹ ਵੀ ਦਿੰਦੇ ਰਹੇ ਪਰ ਹੁਣ ਕੁਝ ਟਰੱਕ ਡਰਾਈਵਰ ਉਨ੍ਹਾਂ ਦੀ ਮਜ਼ਬੂਰੀ ਨੂੰ ਨਹੀਂ ਸਮਝ ਰਹੇ।