ਪ੍ਰਧਾਨ ਮੰਤਰੀ ਜਸਟਿਨ ਟਰੂਡੋ ‘ਸਮੋਸਾ ਸਵੀਟ ਫੈਕਟਰੀ’ ਟਰਾਂਟੋ ਤੇ ਜਾ ਕੇ ਬਾਗੋ-ਬਾਗ ਹੋਏ
ਟਰਾਂਟੋ 14 ਨਵੰਬਰ (ਹਮਦਰਦ ਦੇ ਵਿਸ਼ੇਸ਼ ਪ੍ਰਤੀਨਿਧ ਦੁਆਰਾ):-ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀਵਾਲੀ ਤੋਂ ਅਗਲੇ ਦਿਨ 13 ਨਵੰਬਰ 2023 ਨੂੰ ਉਚੇਚੇ ਤੌਰ ਤੇ ਉਤਰੀ ਅਮਰੀਕਾ ਦੀ ਸਭ ਤੋਂ ਵੱਡੀ ‘ਸਮੋਸਾ ਸਵੀਟ ਫੈਕਟਰੀ’ ਤੇ ਪਹਿਲੀ ਵਾਰ ਪਹੁੰਚੇ ਜਿਥੇ ਉਨ੍ਹਾਂ ਦਾ ਫੈਕਟਰੀ ਦੇ ਮਾਲਕ ਹਰਪਾਲ ਸਿੰਘ ਸੰਧੂ ਤੇ ਹਰਮਿੰਦਰ ਸਿੰਘ ਸੰਧੂ ਤੇ ਉਨ੍ਹਾਂ ਦੇ ਸਟਾਫ ਨੇ […]
By : Hamdard Tv Admin
ਟਰਾਂਟੋ 14 ਨਵੰਬਰ (ਹਮਦਰਦ ਦੇ ਵਿਸ਼ੇਸ਼ ਪ੍ਰਤੀਨਿਧ ਦੁਆਰਾ):-ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀਵਾਲੀ ਤੋਂ ਅਗਲੇ ਦਿਨ 13 ਨਵੰਬਰ 2023 ਨੂੰ ਉਚੇਚੇ ਤੌਰ ਤੇ ਉਤਰੀ ਅਮਰੀਕਾ ਦੀ ਸਭ ਤੋਂ ਵੱਡੀ ‘ਸਮੋਸਾ ਸਵੀਟ ਫੈਕਟਰੀ’ ਤੇ ਪਹਿਲੀ ਵਾਰ ਪਹੁੰਚੇ ਜਿਥੇ ਉਨ੍ਹਾਂ ਦਾ ਫੈਕਟਰੀ ਦੇ ਮਾਲਕ ਹਰਪਾਲ ਸਿੰਘ ਸੰਧੂ ਤੇ ਹਰਮਿੰਦਰ ਸਿੰਘ ਸੰਧੂ ਤੇ ਉਨ੍ਹਾਂ ਦੇ ਸਟਾਫ ਨੇ ਉਨ੍ਹਾਂ ਦਾ ਨਿੱਘਾ ਸੁਆਗਤ ਕੀਤਾ। ਪ੍ਰਧਾਨ ਮੰਤਰੀ ਨੇ ਫੈਕਟਰੀ ਦੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਸੇਫਟੀ ਲੈਬ ਕੋਟ ਤੇ ਹੈਟ ਪਾ ਕੇ ਫੈਕਟਰੀ ਦਾ ਦੌਰਾ ਕੀਤਾ।
ਫੈਕਟਰੀ ਦੇ ਅੰਦਰ ਜਾ ਕੇ ਉਨ੍ਹਾਂ ਨੇ ਦੇਖਿਆ ਕੇ ਕਿਸ ਤਰ੍ਹਾਂ ਮਸ਼ੀਨਾਂ ਰਾਹੀਂ ਰੋਜ਼ਾਨਾ ਤਿੰਨ ਲੱਖ ਸਮੋਸੇ ਬਣਦੇ ਹਨ। ਉਨ੍ਹਾਂ ਨੇ ਵੱਖ-ਵੱਖ ਤਰ੍ਹਾਂ ਦੀਆਂ ਮਿਿਠਆਈਆਂ ਆਪਣੇ ਅੱਖੀ ਬਣਦੀਆਂ ਦੇਖੀਆਂ।ਉਹ ਇਸ ਚੀਜ਼ ਨੂੰ ਦੇਖ ਕੇ ਬਹੁਤ ਖੁਸ਼ ਹੋਏ ਤੇ ਫੈਕਟਰੀ ਦੇ ਅੰਦਰ ਬਹੁਤ ਜ਼ਿਆਦਾ ਸਫਾਈ ਰੱਖੀ ਹੋਈ ਹੈ ਤੇ ਸਟਾਫ ਵਲੋਂ ਬਹੁਤ ਹੀ ਸਾਫ ਸੁਥਰੇ ਢੰਗਾਂ ਨਾਲ ਕੀਤੇ ਜਾ ਰਹੇ ਕੰਮ ਦੀ ਸ਼ਲਾਘਾ ਕੀਤੀ।ਪ੍ਰਧਾਨ ਮੰਤਰੀ ਨੇ ਸੰਧੂ ਪਰਿਵਾਰ ਦੇ ਸਾਰੇ ਮੈਂਬਰਾਂ ਨਾਲ ਫੋਟੋਆਂ ਖਿਚਵਾਈਆਂ ਅਤੇ ਉਨ੍ਹਾਂ ਨਾਲ ਗੱਲਬਾਤ ਕਰਕੇ ਵਧਾਈ ਦਿੱਤੀ ਤੇ ਉਨ੍ਹਾਂ ਦਾ ਵੀ ਇਸ ਫੈਕਟਰੀ ਦੀ ਕਾਮਯਾਬੀ ਵਿਚ ਬਹੁਤ ਵੱਡਾ ਯੋਗਦਾਨ ਹੈ।
ਪ੍ਰਧਾਨ ਮੰਤਰੀ ਨੇ ਸੰਧੂ ਭਰਾਵਾਂ ਵਲੋਂ ਕੀਤੇ ਜਾ ਰਹੇ ਇਸ ਕੰਮ ਦੀ ਬਹੁਤ ਸ਼ਲਾਘਾ ਕੀਤੀ। ਮੈਂਬਰ ਪਾਰਲੀਮੈਂਟ ਮਨਿੰਦਰ ਸਿੱਧੂ ਨੇ ਪ੍ਰਧਾਨ ਮੰਤਰੀ ਨੂੰ ਦੱਸਿਆਂ ਕਿ ਬੀਤੇ ਦਿਨੀਂ ਸਮੋਸਾ ਸਵੀਟ ਫੈਕਟਰੀ ਤੇ ਪੰਜ ਦਿਨ ਜੋ ਦੀਵਾਲੀ ਮੇਲਾ ਲੱਗਿਆ ਉਸ ਉਤੇ ਲੱਖ ਤੋਂ ਵੀ ਵੱਧ ਲੋਕ ਪਹੁੰਚੇ। ਜਸਟਿਨ ਟਰੂਡੋ ਨੇ ਫੈਕਟਰੀ ਦੇ ਕੰਮ-ਕਾਰ ਅਤੇ ਵੱਖ-ਵੱਖ ਤਰ੍ਹਾਂ ਦੀ ਮਿਿਠਆਈਆਂ ਵੇਖ ਕੇ ਹੈਰਾਨ ਰਹਿ ਗਏ।
ਪ੍ਰਧਾਨ ਮੰਤਰੀ ਟੂਰ ਲਗਾਉਣ ਉਪਰੰਤ ਫੈਕਟਰੀ ਦੇ ਵਰਾਂਡੇ ਵਿਚ ਖੜ੍ਹ ਕੇ ਉਨ੍ਹਾਂ ਆਖਿਆ ਕਿ ਮੈਂ ਫੈਕਟਰੀ ‘ਚ ਬਣਨ ਵਾਲੀ ਹਰ ਚੀਜ਼ ਅਤੇ ਬਣਾਉਣ ਦੇ ਢੰਗ ਤੋਂ ਬਹੁਤ ਪ੍ਰਭਾਵਿਤ ਹੋਇਆਂ ਹਾਂ। ਹਰਪਾਲ ਸਿੰਘ ਸੰਧੂ ਨੇ ਪ੍ਰਧਾਨ ਮੰਤਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਹਲਕੇ ਦੇ ਐਮ. ਪੀ. ਮਨਿੰਦਰ ਸਿੱਧੂ ਬਹੁਤ ਹੀ ਮਿਹਨਤੀ ਹਨ ਤੇ ਲੋਕਾਂ ਦਾ ਮਨ ਜਿੱਤ ਰਹੇ ਹਨ ਤੇ ਲਿਬਰਲ ਪਾਰਟੀ ਦੀ ਲੋਕ ਪ੍ਰਿਅਤਾ ਵਧਾਉਣ ਵਿਚ ਬਹੁਤ ਸਹਾਈ ਹੋ ਰਹੇ ਹਨ। ਪ੍ਰਧਾਨ ਮੰਤਰੀ ਨੇ ਸਿੱਧੂ ਨੂੰ ਸ਼ਾਬਾਸ਼ ਦਿੰਦਿਆਂ ਕਿਹਾ ਕਿ ਇਸ ਨੌਜਵਾਨ ਨੇ ਅੱਗੇ ਹੋਰ ਵਧਣਾ ਹੈ।ਪ੍ਰਧਾਨ ਮੰਤਰੀ ਨੇ ਇਹ ਵੀ ਆਖਿਆ ਕਿ ਇਸ ਗੱਲ ਦਾ ਅਫਸੋਸ ਹੈ ਕਿ ਉਹ ਇਕ ਦਿਨ ਪਹਿਲਾਂ ਦੀਵਾਲੀ ਮੇਲੇ ਤੇ ਨਹੀਂ ਆ ਸਕੇ ਤੇ ਉਹ ਕੋਸ਼ਿਸ਼ ਕਰਨਗੇ ਕਿ ਅਗਲੇ ਸਾਲ ‘ਸਮੋਸਾ ਸਵੀਟ ਫੈਕਟਰੀ’ ਦੇ ਦੀਵਾਲੀ ਮੇਲੇ ਤੇ ਆਉਣਗੇ।
ਲੱਗਭਗ ਅੱਧਾ ਘੰਟਾ ਫੈਕਟਰੀ ਦਾ ਟੂਰ ਲਗਾਉਣ ਦੌਰਾਨ ਉਨ੍ਹਾਂ ਦੇ ਨਾਲ ਕੈਬਨਿਟ ਮੰਤਰੀ ਅਨੀਤਾ ਆਨੰਦ, ਕਮਲ ਖਹਿਰਾ, ਮਨਿਸਟਰ ਆਫ ਸਮਾਲ ਬਿਜਨੈਸ ਮੰਤਰੀ ਰਿਚੀ ਵਾਰਡੇਜ਼, ਐਮ.ਪੀ. ਸੋਨੀਆ ਸਿੱਧੂ, ਸ਼ੌਕਤ ਅਲੀ ਐਮ.ਪੀ., ਐਮ. ਪੀ. ਰੂਬੀ ਸਹੋਤਾ, ਬਲਵਿੰਦਰ ਸਿੰਘ ਬੈਂਸ, ਨਰਿੰਦਰ ਸਿੰਘ ਸਿੱਧੂ, ਅਮਰ ਸਿੰਘ ਭੁੱਲਰ, ਬੱਬੀ ਬੈਂਸ, ਹਰਜਿੰਦਰ ਸਿੰਘ ਗਿੱਲ ਤੇ ਹੋਰ ਕਈ ਪਤਵੰਤੇ ਸੱਜਣ ਪਹੁੰਚੇ ਹੋਏ ਸਨ।‘ਹਮਦਰਦ’ ਨਾਲ ਗੱਲਬਾਤ ਕਰਦੇ ਹੋਏ ਹਰਪਾਲ ਸਿੰਘ ਸੰਧੂ ਤੇ ਹਰਮਿੰਦਰ ਸਿੰਘ ਸੰਧੂ ਨੇ ਕਿਹਾ ਕਿ ਉਨ੍ਹਾਂ ਲਈ ਇਹ ਮਾਣ ਵਾਲੀ ਗੱਲ ਹੈ ਕਿ ਪ੍ਰਧਾਨ ਮੰਤਰੀ ਉਨ੍ਹਾਂ ਦੀ ਫੈਕਟਰੀ ਵਿਚ ਪਹੁੰਚੇ ਹਨ।ਉਨ੍ਹਾਂ ਇਹ ਵੀ ਆਖਿਆ ਕਿ ਇਸ ਮੁਕਾਮ ਤੇ ਪਹੁੰਚਣ ਲਈ ਉਹ ਆਪਣੇ ਸਮੂਹ ਪਰਿਵਾਰ, ਰਿਸ਼ਤੇਦਾਰਾਂ, ਦੋਸਤਾਂ, ਸਟਾਫ ਮੈਂਬਰਾਂ ਅਤੇ ਸਮੂਹ ਲੋਕਾਂ ਦੇ ਰਿਣੀ ਹਨ ਜਿਨ੍ਹਾਂ ਦੇ ਸਹਿਯੋਗ ਤੋਂ ਬਿਨਾਂ ਸਫਲਤਾ ਪ੍ਰਾਪਤ ਨਹੀਂ ਸੀ ਹੋ ਸਕਣੀ।ਪ੍ਰਧਾਨ ਮੰਤਰੀ ਦੀ ਸਮੋਸਾ ਸਵੀਟ ਫੈਕਟਰੀ ਦੀ ਫੇਰੀ ਲਈ ਸੰਧੂ ਭਰਾਵਾਂ ਨੇ ਪਾਰਲੀਮਾਨੀ ਸਕੱਤਰ ਮਨਿੰਦਰ ਸਿੱਧੂ ਦਾ ਤਹਿ ਦਿਲੋਂ ਧੰਨਵਾਦ ਕੀਤਾ ਕਿਉਂਕਿ ਉਨ੍ਹਾਂ ਨੇ ਜਸਟਿਨ ਟਰੂਡੋ ਦਾ ਇਹ ਪ੍ਰੋਗਰਾਮ ਉਲੀਕਣ ਵਿਚ ਅਹਿਮ ਭੂਮਿਕਾ ਨਿਭਾਈ।