Begin typing your search above and press return to search.

ਪੀ.ਸੀ.ਐੱਚ.ਐੱਸ. ਦੇ ਸਾਰੇ ਗਰੁੱਪਾਂ ਨੇ ਮਿਲ ਕੇ ਮਨਾਇਆ ਦੀਵਾਲੀ ਦਾ ਸ਼ੁਭ-ਤਿਓਹਾਰ

ਮੈਂਬਰਾਂ ਨੇ ਸਾਰਥਿਕ ਗੱਲਬਾਤ ਤੇ ਮਨੋਰੰਜਨ ਦੀਆਂ ਆਈਟਮਾਂ ਦੇ ਨਾਲ ਨਾਲ ਸੁਆਦਲੇ ਖਾਣੇ ਦਾ ਅਨੰਦ ਮਾਣਿਆਬਰੈਂਪਟਨ, (ਡਾ. ਝੰਡ) – ਪੰਜਾਬੀ ਕਮਿਊਨਿਟੀ ਹੈੱਲਥ ਸਰਵਿਸਿਜ਼ (ਪੀ.ਸੀ.ਐੱਚ.ਐੱਸ) ਪਿਛਲੇ ਕਈ ਸਾਲਾਂ ਤੋਂ ਬਰੈਂਪਟਨ ਅਤੇ ਮਿਸੀਸਾਗਾ ਵਿਚ ਮੈਂਟਲ ਹੈੱਲਥ, ਸੈੱਟਲਮੈਂਟ ਸਰਵਿਸਿਜ਼, ਨਸ਼ਿਆਂ ਤੋਂ ਦੂਰੀ, ਪਰਿਵਾਰਾਂ ਦੇ ਚੰਗੇਰੇ ਭਵਿੱਖ ਅਤੇ ਕਮਿਊਨਿਟੀ ਡਿਵੈੱਲਪਮੈਂਟ, ਆਦਿ ਖ਼ੇਤਰਾਂ ਵਿਚ ਬਾਖ਼ੂਬੀ ਸੇਵਾਵਾਂ ਪ੍ਰਦਾਨ ਕਰ ਰਹੀ ਹੈ। […]

ਪੀ.ਸੀ.ਐੱਚ.ਐੱਸ. ਦੇ ਸਾਰੇ ਗਰੁੱਪਾਂ ਨੇ ਮਿਲ ਕੇ ਮਨਾਇਆ ਦੀਵਾਲੀ ਦਾ ਸ਼ੁਭ-ਤਿਓਹਾਰ
X

Hamdard Tv AdminBy : Hamdard Tv Admin

  |  15 Nov 2023 6:40 PM IST

  • whatsapp
  • Telegram

ਮੈਂਬਰਾਂ ਨੇ ਸਾਰਥਿਕ ਗੱਲਬਾਤ ਤੇ ਮਨੋਰੰਜਨ ਦੀਆਂ ਆਈਟਮਾਂ ਦੇ ਨਾਲ ਨਾਲ ਸੁਆਦਲੇ ਖਾਣੇ ਦਾ ਅਨੰਦ ਮਾਣਿਆ
ਬਰੈਂਪਟਨ, (ਡਾ. ਝੰਡ) – ਪੰਜਾਬੀ ਕਮਿਊਨਿਟੀ ਹੈੱਲਥ ਸਰਵਿਸਿਜ਼ (ਪੀ.ਸੀ.ਐੱਚ.ਐੱਸ) ਪਿਛਲੇ ਕਈ ਸਾਲਾਂ ਤੋਂ ਬਰੈਂਪਟਨ ਅਤੇ ਮਿਸੀਸਾਗਾ ਵਿਚ ਮੈਂਟਲ ਹੈੱਲਥ, ਸੈੱਟਲਮੈਂਟ ਸਰਵਿਸਿਜ਼, ਨਸ਼ਿਆਂ ਤੋਂ ਦੂਰੀ, ਪਰਿਵਾਰਾਂ ਦੇ ਚੰਗੇਰੇ ਭਵਿੱਖ ਅਤੇ ਕਮਿਊਨਿਟੀ ਡਿਵੈੱਲਪਮੈਂਟ, ਆਦਿ ਖ਼ੇਤਰਾਂ ਵਿਚ ਬਾਖ਼ੂਬੀ ਸੇਵਾਵਾਂ ਪ੍ਰਦਾਨ ਕਰ ਰਹੀ ਹੈ। ਇਸ ਦੇ ਨਾਲ ਹੀ ਇਹ ਹਫ਼ਤੇ ਦੇ ਵੱਖ-ਵੱਖ ਕੰਮ ਦੇ ਦਿਨਾਂ ਵਿਚ ਸੀਨੀਅਰ ਸਿਟੀਜ਼ਨਾਂ ਦੇ ਕਈ ਗਰੁੱਪ ਵੀ ਚਲਾ ਰਹੀ ਹੈ ਜਿਨ੍ਹਾਂ ਵਿਚ ਉਨ੍ਹਾਂ ਦੀ ਸਰੀਰਕ ਤੇ ਦਿਮਾਗ਼ੀ ਸਿਹਤ ਨੂੰ ਤੰਦਰੁਸਤ ਰੱਖਣ ਲਈ ਵੱਖ-ਵੱਖ ਖ਼ੇਤਰਾਂ ਦੇ ਮਾਹਿਰਾਂ ਨਾਲ ਗੱਲਬਾਤ ਹੁੰਦੀ ਹੈ, ਯੋਗਾ ਤੇ ਹੋਰ ਸਰੀਰਕ ਕਸਰਤਾਂ ਕਰਵਾਈਆਂ ਜਾਂਦੀਆਂ ਹਨ ਅਤੇ ਕਈ ਤਰੀਕਿਆਂ ਨਾਲ ਉਨ੍ਹਾਂ ਦਾ ਮਨੋਰੰਜਨ ਵੀ ਕੀਤਾ ਜਾਂਦਾ ਹੈ। ਗਰਮੀਆਂ ਦੇ ਮਹੀਨਿਆਂ ਦੌਰਾਨ ਇਸ ਸੰਸਥਾ ਦੇ ਕੋਆਰਡੀਨੇਟਰਾਂ ਵੱਲੋਂ ਉਨ੍ਹਾਂ ਨੂੰ ਕਈ ਨੇੜਲੀਆਂ ਅਹਿਮ ਥਾਵਾਂ ਦੇ ਟੂਰ ਲਈ ਬਾਹਰ ਵੀ ਲਿਜਾਇਆ ਜਾਂਦਾ ਹੈ। ਬਰੈਂਪਟਨ ਅਤੇ ਮਿਸੀਸਾਗਾ ਵਿਚ ਇਸ ਸਮੇਂ ਇਸ ਸੰਸਥਾ ਦੇ 9 ਗਰੁੱਪ ਚੱਲ ਰਹੇ ਹਨ। ਇਹ ਸੰਸਥਾ ਸਾਲ ਵਿਚ ਇਕ ਵਾਰ ਆਪਣੇ ਸਾਰੇ ਗਰੁੱਪਾਂ ਦਾ ਸਾਂਝਾ ਸਮਾਗ਼ਮ ਕਰਦੀ ਹੈ ਜਿਸ ਵਿਚ ਕਮਿਊਨਿਟੀ ਨੂੰ ਦਰਪੇਸ਼ ਸਾਂਝੇ ਮਸਲਿਆਂ ਬਾਰੇ ਗੱਲਬਾਤ ਹੁੰਦੀ ਹੈ ਅਤੇ ਮੈਂਬਰਾਂ ਦੇ ਮਨੋਰੰਜਨ ਲਈ ਵੱਖ-ਵੱਖ ਗਰੁੱਪਾਂ ਦੇ ਚੋਣਵੇਂ ਮੈਂਬਰਾਂ ਵੱਲੋਂ ਮਨੋਰੰਜਨ ਦੀਆਂ ਕਈ ਆਈਟਮਾਂ ਪੇਸ਼ ਕੀਤੀਆਂ ਜਾਂਦੀਆਂ ਹਨ।
ਇਸ ਵਾਰ ਇਸ ਸੰਸਥਾ ਦੇ ਵੱਖ-ਵੱਖ ਗਰੁੱਪਾਂ ਦਾ ਇਹ ਸਾਂਝਾ ਸਮਾਗ਼ਮ ਮਿਸੀਸਾਗਾ ਵਿਚ ਡੈਰੀ ਰੋਡ ਦੇ ਨਜ਼ਦੀਕ ਸਥਿਤ ‘ਗਰੈਂਡ ਤਾਜ ਬੈਂਕੁਇਟ ਹਾਲ’ ਵਿਚ ਬੁੱਧਵਾਰ 8 ਨਵੰਬਰ ਨੂੰ ਸ਼ਾਨਦਾਰ ‘ਦੀਵਾਲੀ ਸਮਾਗ਼ਮ’ ਦੇ ਰੂਪ ਵਿਚ ਹੋਇਆ ਜਿਸ ਵਿਚ ਇਨ੍ਹਾਂ ਦੇ 250 ਦੇ ਕਰੀਬ ਮੈਂਬਰਾਂ ਨੇ ਭਾਗ ਲਿਆ। ਸਵੇਰੇ ਦਸ ਵਜੇ ਤੋਂ ਹੀ ਹਾਲ ਵਿਚ ਮੈਂਬਰਾਂ ਦੀ ਆਮਦ ਆਰੰਭ ਹੋ ਗਈ ਅਤੇ 10.30 ਵਜੇ ਸਾਰੀਆਂ ਸੀਟਾਂ ਭਰ ਚੁੱਕੀਆਂ ਸਨ। ਬਰੇਕ-ਫ਼ਾਸਟ ਵਿਚ ਸੁਆਦਲੇ ਸਨੈਕਸ ਅਤੇ ਚਾਹ-ਪਾਣੀ ਛਕਣ ਉਪਰੰਤ ਸਾਰੇ ਮੈਂਬਰ ਆਪਣੀਆਂ ਸੀਟਾਂ ‘ਤੇ ਬੈਠ ਗਏ। ਮੰਚ ਤੋਂ ਮੁੱਖ-ਕੋਆਰਡੀਨੇਟਰ ਮੈਡਮ ਗੁਲਵਿੰਦਰ ਵੱਲੋਂ ਸਾਰੇ ਮੰੈਂਬਰਾਂ ਨਾਲ ਦੀਵਾਲੀ ਦੇ ਸ਼ੁਭ-ਤਿਓਹਾਰ ਦੀ ਵਧਾਈ ਦਿੰਦਿਆਂ ਹੋਇਆਂ ਸਰੀਰਕ ਤੇ ਦਿਮਾਗ਼ੀ ਪੱਖੌਂ ਤੰਦਰੁਸਤ ਰਹਿਣ, ਜੀਵਨ ਵਿਚ ਖ਼ੁਸ਼ ਰਹਿਣ ਅਤੇ ਕਮਿਊਨਿਟੀ ਵਿਚ ਹੋਰਨਾਂ ਨੂੰ ਖੁਸ਼ ਰੱਖਣ ਬਾਰੇ ਵਿਚਾਰ ਸਾਂਝੇ ਕੀਤੇ ਗਏ। ਸੰਸਥਾ ਦੀ ਮੁੱਖ-ਸੰਚਾਲਕ ਇਸ ਦੀ ਸੀ.ਈ.ਓ. ਮੈਡਮ ਅਮਨਦੀਪ ਅਤੇ ਮਿਸੀਸਾਗਾ ਸੈਂਟਰ ਦੀ ਸੰਚਾਲਕ ਮੈਡਮ ਮਦਾਲਸਾ ਵੱਲੋਂ ਵੀ ਦੀਵਾਲੀ ਦੀਆਂ ਮੁਬਾਰਕਾਂ ਸਾਂਝੀਆਂ ਕੀਤੀਆਂ ਗਈਆਂ ਅਤੇ ਜੀਵਨ ਨੂੰ ਖ਼ੁਸ਼ਹਾਲ ਰੱਖਣ ਲਈ ਕਈ ਅਹਿਮ ਨੁਕਤੇ ਦਰਸਾਏ ਗਏ।
ਪ੍ਰੋਗਰਾਮ ਦੀ ਸ਼ੁਰੂਆਤ ਪੀ.ਸੀ.ਐੱਚ.ਐੱਸ. ਦੇ ਸਟਾਫ਼-ਮੈਂਬਰਾਂ ਵੱਲੋਂ ਹੱਥਾਂ ਵਿਚ ਦੋ-ਦੋ ਦੀਵੇ ਪਕੜ ਕੇ ਇਕ ਲਾਈਨ ਵਿਚ ਬੜੇ ਖ਼ੂਬਸੂਰਤ ਅੰਦਾਜ਼ ਵਿਚ ਮੰਚ ਵੱਲ ਜਾਣ ਅਤੇ ਡਾਂਸ ਕਰਨ ਨਾਲ ਕੀਤੀ ਗਈ। ਉਪਰੰਤ,
ਮੈਂਬਰਾਂ ਦੇ ਮਨੋਰੰਜਨ ਦੇ ਲਈ ਮੰਚ ਮੈਡਮ ਹਰਜੀਤ ਬਾਜਵਾ ਦੇ ਹਵਾਲੇ ਕੀਤਾ ਗਿਆ। ਉਨ੍ਹਾਂ ਵੱਲੋਂ ਸਮਾਗ਼ਮ ਦੀ ਸੰਖੇਪ ਭੂਮਿਕਾ ਤੋਂ ਬਾਅਦ ਸੱਭ ਤੋਂ ਪਹਿਲਾਂ ਗਿਆਨੀ ਹਰਦੀਪ ਸਿੰਘ ਨੂੰ ਮੰਚ ‘ਤੇ ਆਉਣ ਦਾ ਸੱਦਾ ਦਿੱਤਾ ਗਿਆ ਜਿਨ੍ਹਾਂ ਨੇ ਬੜੇ ਭਾਵਪੂਰਤ ਸ਼ਬਦਾਂ ਵਿਚ ਗੁਰਬਾਣੀ ਅਤੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀਆਂ ਕਈ ਤੁਕਾਂ ਦੇ ਹਵਾਲਿਆਂ ਨਾਲ ਦੀਵਾਲੀ ਅਤੇ ਬੰਦੀ-ਛੋੜ ਦਿਵਸ ਦੇ ਇਤਿਹਾਸ ਦੀ ਵਿਆਖਿਆ ਕੀਤੀ। 97 ਸਾਲਾਂ ਦੇ ਸੱਭ ਤੋਂ ਸੀਨੀਅਰ ਬਜ਼ੁਰਗ ਮੈਂਬਰ ਮਿਸਟਰ ਬੌਬ ਵੱਲੋਂ ਆਪਣੇ ਵਿਚਾਰ ਪੇਸ਼ ਕੀਤੇ ਗਏ ਅਤੇ ਉਸ ਤੋਂ ਬਾਅਦ ਵੱਖ-ਵੱਖ ਗਰੁੱਪਾਂ ਦੇ ਕਈ ਮੈਂਬਰਾਂ ਵੱਲੋਂ ਵਾਰੀ-ਵਾਰੀ ਕਵਿਤਾਵਾਂ, ਗੀਤਾਂ ਅਤੇ ਤੇ ਹੋਰ ਆਈਟਮਾਂ ਦਾ ਸਿਲਸਿਲਾ ਆਰੰਭ ਹੋ ਗਿਆ।
ਕਵਿਤਾਵਾਂ ਵਿਚ ਸੱਭ ਤੋਂ ਪਹਿਲਾਂ ਸੁਖਦੇਵ ਸਿੰਘ ਝੰਡ ਵੱਲੋਂ ‘ਦੀਵਾਲੀ ਦੇ ਛੱਕੇ’ ਤੋਂ ਬਾਅਦ ਜ਼ਿੰਦਗੀ ਦੀ ਢਲ਼ਦੀ ਸ਼ਾਮ ਦੇ ਪ੍ਰਤੀਕ ਪੱਤਝੜ ਦੇ ਮੌਸਮ ਵਿਚ ਝੜਦੇ ਪੱਤਿਆਂ ਬਾਰੇ ਕਵਿਤਾ ‘ਪੱਤੇ’ ਪੇਸ਼ ਕੀਤੀ ਗਈ। ਸਰਬਜੀਤ ਕਾਹਲੋਂ ਵੱਲੋਂ ਦੀਵਾਲੀ ਦੇ ਤਿਓਹਾਰ ਦੇ ਅਜੋਕੇ ਸੰਦਰਭ ਵਿਚ ਕਵਿਤਾ ਸੁਣਾਈ ਗਈ ਜਿਸ ਵਿਚ ਉਨ੍ਹਾਂ ਵੱਲੋਂ ਕਿਹਾ ਗਿਆ ਕਿ ਵਰਤਮਾਨ ਸਮੈਂ ਵਿਚ ਕਿਸੇ ‘ਰਾਮ ਚੰਦਰ’ ਨੂੰ ਬਨਵਾਸ ਨਾ ਮਿਲੇ ਤੇ ਧੋਬੀ ਦੇ ਕਹਿਣ ‘ਤੇ ਕਿਸੇ ‘ਸੀਤਾ’ ਨੂੰ ‘ਅਗਨੀ-ਪ੍ਰੀਖਿਆ ਨਾ ਦੇਣੀ ਪਵੇ। ਪ੍ਰੋੜ-ਕਵੀ ਕੇਹਰ ਸਿੰਘ ਮਠਾੜੂ ਵੱਲੋਂ ਆਪਣੀ ਹਾਸਰਸ ਕਵਿਤਾ ਵਿਚ ਸੀਨੀਅਰਾਂ ਦੀ ਰਿਟਾਇਰਮੈਂਟ ਤੋਂ ਬਾਅਦ ਦੀ ਜ਼ਿੰਦਗੀ ਦੀ ਗੱਲ ਬਾਖ਼ੂਬੀ ਕੀਤੀ ਗਈ। ਅਮਰਜੀਤ ਸਿੰਘ ਅਤੇ ਇਕ ਲੇਡੀ ਮੈਂਬਰ ਨੇ ਆਪਣੀਆਂ ਕਵਿਤਾਵਾਂ ਸੁਣਾਈਆਂ ਅਤੇ ਪੀ.ਸੀ.ਐੱਚ.ਐੱਸ. ਦੀ ਸਟਾਫ਼-ਮੈਂਬਰ ਆਸ਼ਾ ਸ਼ਰਮਾ ਵੱਲੋਂ ਆਪਣੀ ਸੁਰੀਲੀ ਆਵਾਜ਼ ਵਿਚ ਹਿੰਦੀ ਫ਼ਿਲਮੀ ਗੀਤ “ਸੁਨ ਰੇ ਪੀਆ” ਪੇਸ਼ ਕੀਤਾ ਗਿਆ।
ਲੋਕ-ਗੀਤ ਦਾ ਰੂਪ ਧਾਰ ਚੁੱਕੇ ਸੁਰਿੰਦਰ ਕੌਰ ਤੇ ਪ੍ਰਕਾਸ਼ ਕੌਰ ਦੇ ਗਾਏ ਗਏ ਸਦਾ-ਬਹਾਰ ਗੀਤ ‘ਸੜਕੇ-ਸੜਕੇ ਜਾਂਦੀਏ ਮੁਟਿਆਰੇ ਨੀ’ ਦੀ ਪਿੱਠ-ਭੂਮੀ ਵਿਚ ਇਕ ਗਰੁੱਪ ਦੇ ਮੈਂਬਰਾਂ ਵੱਲੋਂ ਖ਼ੂਬਸੂਰਤ ਕੋਰੀਓਗਰਾਫ਼ੀ ਪੇਸ਼ ਕੀਤੀ ਗਈ। ਮਨਜੀਤ ਕੌਰ ਤੇ ਚਰਨਜੀਤ ਕੌਰ ਵੱਲੋਂ ਇਨ੍ਹਾਂ ਦੋਹਾਂ ਭੈਣਾਂ ਦਾ ਗਾਇਆ ਗੀਤ ‘ਲੱਠੇ ਦੀ ਚਾਦਰ ਉੱਤੇ ਸਲੇਟੀ ਰੰਗ ਮਾਹੀਆ’ ਬਾਖ਼ੂਬੀ ਗਾਇਆ ਗਿਆ। ਪੰਜਾਬੀ ਫ਼ਿਲਮਾਂ ਦੇ ਦੋ ਗੀਤਾਂ “ਕਿੰਨਾ ਸੋਹਣਾ ਏ ਪਟਿਆਲਾ” ਅਤੇ “ਤੂੰ ਲੌਂਗ ਤੇ ਮੈਂ ਲਾਚੀ” ਉੱਪਰ ਵੀ ਕੋਰੀਓਗ੍ਰਾਫ਼ੀ ਪੇਸ਼ ਕੀਤੀ ਗਈ। ਨਿਰੋਲ ਜੈਂਟਸ ਦੇ ਚੱਲ ਰਹੇ ਇਕ ਸੀਨੀਅਰਜ਼ ਗਰੁੱਪ ਵੱਲੋਂ ਸੁਖਦੇਵ ਸਿੰਘ ਬੇਦੀ ਦੀ ਅਗਵਾਈ ਵਿਚ ਪੰਜਾਬ ਦਾ ਲੋਕ-ਨਾਚ ‘ਭੰਗੜਾ’ ਪੇਸ਼ ਕੀਤਾ ਗਿਆ। ਇਸ ਦੌਰਾਨ ਬੇਦੀ ਸਾਹਿਬ ਨੇ ਦੱਸਿਆ ਕਿ ਉਹ ਆਪਣੇ ਗਰੁੱਪ ਦੀ ਹਫ਼ਤਾਵਾਰ ਮੀਟਿੰਗ ਮੈਂਬਰਾਂ ਵੱਲੋਂ ਏਸੇ ਤਰ੍ਹਾਂ 10 ਮਿੰਟ ਭੰਗੜਾ ਪਾਉਣ ਤੋਂ ਬਾਅਦ ਸ਼ੁਰੂ ਕਰਦੇ ਹਨ। ਇਸ ਨਾਲ ਉਨ੍ਹਾਂ ਦੀ ਕਸਰਤ ਵੀ ਹੋ ਜਾਂਦੀ ਹੈ ਅਤੇ ਨਾਲ ਹੀ ਰੂਹ ਵੀ ਖਿੜ ਉੱਠਦੀ ਹੈ। ਕੁਝ ਔਰਤ-ਮੈਂਬਰਾਂ ਵੱਲੋਂ ਇਕ ਗੁਜਰਾਤੀ ਗੀਤ ‘ਤੇ ‘ਡਾਂਡੀਆ’ ਡਾਂਸ ਕੀਤਾ ਗਿਆ ਅਤੇ ਇਕ ਹੋਰ ਸੀਨੀਅਰਜ਼ ਗਰੁੱਪ ਦੀਆਂ ਲੇਡੀਜ਼ ਮੈਂਬਰਾਂ ਵੱਲੋਂ ਬੜੇ ਉਤਸ਼ਾਹ ਨਾਲ ਪੰਜਾਬ ਦਾ ਲੋਕ-ਨਾਚ
‘ਗਿੱਧਾ’ ਪੇਸ਼ ਕੀਤਾ ਗਿਆ। ਪਰ ਸਮਾਗ਼ਮ ਦਾ ਸਿਖ਼ਰ ਪੀ.ਸੀ.ਐੱਚ.ਐੱਸ.ਦੀਆਂ ਸਟਾਫ਼-ਮੈਂਬਰਾਂ ਵੱਲੋਂ ਗਿੱਧੇ ਦੀ ਖ਼ੂਬਸੂਰਤ ਪੇਸ਼ਕਾਰੀ ਸੀ ਜਿਸ ਨੂੰ ਸਾਰੇ ਮੈਂਬਰਾਂ ਵੱਲੋਂ ਬੇਹੱਦ ਸਲਾਹਿਆ ਗਿਆ।
ਸਮਾਗ਼ਮ ਦੇ ਅਖ਼ੀਰ ਵਿਚ ਪੀ.ਸੀ.ਐੱਚ.ਐੱਸ. ਦੇ ਸਾਬਕਾ ਸੀ.ਈ.ਓ. ਬਲਦੇਵ ਸਿੰਘ ਮੁੱਤਾ ਜੋ ਇਸ ਸੰਸਥਾ ਦੇ ਬਾਨੀ ਹਨ, ਵੱਲੋਂ ਸੀਨੀਅਰਜ਼ ਨੂੰ ਆਪਣੇ ਜੀਵਨ ਨੂੰ ਖ਼ੁਸ਼ੀਆਂ ਤੇ ਖੇੜਿਆਂ ਭਰਪੂਰ ਬਨਾਉਣ ਲਈ ਕੀਮਤੀ ਵਿਚਾਰ ਪੇਸ਼ ਕੀਤੇ ਗਏ ਜਿਨ੍ਹਾਂ ਨੂੰ ਸਾਰਿਆਂ ਨੇ ਬੜੇ ਗਹੁ ਨਾਲ ਸੁਣਿਆਂ। ਇਸ ਦੌਰਾਨ ਬਾਅਦ ਦੁਪਹਿਰ ਦੋ ਵਜੇ ਸਾਰਿਆਂ ਨੇ ਸੁਆਦਲੇ ਖਾਣੇ ਦਾ ਅਨੰਦ ਵੀ ਮਾਣਿਆਂ।

Next Story
ਤਾਜ਼ਾ ਖਬਰਾਂ
Share it