ਪਦਮ ਸ੍ਰੀ ਸਾਹਿਤਕਾਰ ਡਾ. ਸੁਰਜੀਤ ਪਾਤਰ ਦਾ ਦਿਹਾਂਤ
ਲੁਧਿਆਣਾ, 11 ਮਈ, ਨਿਰਮਲ : ਅੱਜ ਸਵੇਰੇ ਬਹੁਤ ਹੀ ਮੰਦਭਾਗੀ ਖ਼ਬਰ ਸੁਣਨ ਨੁੂੰ ਮਿਲੀ। ਦੱਸਦੇ ਚਲੀਏ ਕਿ ਪੰਜਾਬੀ ਦੇ ਵੱਡੇ ਲੇਖਕ, ਸ਼ਾਇਰ ਅਤੇ ਕਵੀ ਪਦਮ ਸ੍ਰੀ ਸਾਹਿਤਕਾਰ ਡਾ. ਸੁਰਜੀਤ ਪਾਤਰ ਦਾ ਅੱਜ ਤੜਕੇ ਦਿਹਾਂਤ ਹੋ ਗਿਆ। ਉਨ੍ਹਾਂ ਦਾ ਦਿਹਾਂਤ ਦਿਲ ਦਾ ਦੌਰਾ ਪੈਣ ਕਾਰਨ ਹੋਇਆ। ਸਰਜੀਤ ਪਾਤਰ 79 ਸਾਲ ਦੇ ਸਨ ਅਤੇ ਅਪਣੇ ਘਰ ਵਿਚ […]

By : Editor Editor
ਲੁਧਿਆਣਾ, 11 ਮਈ, ਨਿਰਮਲ : ਅੱਜ ਸਵੇਰੇ ਬਹੁਤ ਹੀ ਮੰਦਭਾਗੀ ਖ਼ਬਰ ਸੁਣਨ ਨੁੂੰ ਮਿਲੀ। ਦੱਸਦੇ ਚਲੀਏ ਕਿ ਪੰਜਾਬੀ ਦੇ ਵੱਡੇ ਲੇਖਕ, ਸ਼ਾਇਰ ਅਤੇ ਕਵੀ ਪਦਮ ਸ੍ਰੀ ਸਾਹਿਤਕਾਰ ਡਾ. ਸੁਰਜੀਤ ਪਾਤਰ ਦਾ ਅੱਜ ਤੜਕੇ ਦਿਹਾਂਤ ਹੋ ਗਿਆ। ਉਨ੍ਹਾਂ ਦਾ ਦਿਹਾਂਤ ਦਿਲ ਦਾ ਦੌਰਾ ਪੈਣ ਕਾਰਨ ਹੋਇਆ। ਸਰਜੀਤ ਪਾਤਰ 79 ਸਾਲ ਦੇ ਸਨ ਅਤੇ ਅਪਣੇ ਘਰ ਵਿਚ ਹੀ ਉਨ੍ਹਾਂ ਨੇ ਅੰਤਿਮ ਸਾਹ ਲਏ।
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਉਹ ਸਵੇਰੇ ਉਠੇ ਹੀ ਨਹੀਂ। ਪਤਾ ਲੱਗਿਆ ਹੈ ਕਿ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਹੈ ਅਤੇ ਆਪਣੇ ਘਰ ਵਿਚ ਹੀ ਉਨ੍ਹਾਂ ਨੇ ਆਪਣੇ ਆਖਰੀ ਸਾਹ ਲਏ। ਸੁਰਜੀਤ ਪਾਤਰ ਦਾ ਜਨਮ ਸੰਨ 1945 ਨੂੰ ਪੰਜਾਬ ਵਿੱਚ ਜਲੰਧਰ ਜਿਲ੍ਹੇ ਦੇ ਪਿੰਡ ‘ਪੱਤੜ ਕਲਾਂ’ ਵਿਖੇ ਹੋਇਆ। ਉਨ੍ਹਾਂ ਦੀ ਮਾਤਾ ਦਾ ਨਾਮ ਗੁਰਬਖਸ਼ ਕੌਰ ਅਤੇ ਪਿਤਾ ਦਾ ਨਾਮ ਹਰਭਜਨ ਸਿੰਘ ਹੈ। ਪਾਤਰ ਨੇ ਆਪਣੇ ਪਿੰਡ ਦੇ ਸਕੂਲ ਤੋਂ ਹੀ ਪ੍ਰਾਇਮਰੀ ਦੀ ਸਿੱਖਿਆ ਲਈ ਅਤੇ ਖਾਲਸਾ ਹਾਈ ਸਕੂਲ ਖਹਿਰਾ ਮਝਾ ਤੋਂ ਦਸਵੀ ਪਾਸ ਕੀਤੀ। ਰਣਧੀਰ ਗੌਰਮਿੰਟ ਕਾਲਜ ਕਪੂਰਥਲਾ ਤੋਂ ਬੀ.ਏ ਕਰਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੰਜਾਬੀ ਦੀ ਐਮ ਏ ਅਤੇ ਗੁਰੂ ਨਾਨਕ ਦੇਵ ਯੂਨੀਵਰਿਸਟੀ ਅੰਮ੍ਰਿਤਸਰ ਤੋਂ ਪੀ ਐਚ ਡੀ ਕੀਤੀ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪ੍ਰਸਿੱਧ ਪੰਜਾਬੀ ਕਵੀ ਪਦਮਸ਼੍ਰੀ ਸੁਰਜੀਤ ਪਾਤਰ ਦੇ ਅਕਾਲ ਚਲਾਣੇ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪਾਤਰ ਨੇ ਪੰਜਾਬੀ ਭਾਸ਼ਾ ਦਾ ਪ੍ਰਚਾਰ ਪ੍ਰਸਾਰ ਕਰਨ ਵਿਚ ਅਹਿਮ ਯੋਗਦਾਨ ਪਾਇਆ ਹੈ। ਇਕ ਖੇਤਰੀ ਭਾਸ਼ਾ ਵਿਚ ਲਿਖਣ ਕਾਰਜ ਕਰਕੇ ਪਦਮਸ਼੍ਰੀ ਅਤੇ ਸਾਹਿਤ ਅਕਾਦਮੀ ਐਵਾਰਡ ਵਰਗੇ ਸਿਖਰਲੇ ਸਨਮਾਨ ਹਾਸਲ ਕਰਨੇ ਉਨ੍ਹਾਂ ਦੀ ਵੱਡੀ ਪ੍ਰਾਪਤੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਮਹਾਨ ਲੇਖਕ ਦਾ ਤੁਰ ਜਾਣਾ ਉਨ੍ਹਾਂ ਦੇ ਪਰਿਵਾਰ ਦੇ ਨਾਲ ਨਾਲ ਅਕਾਦਮਿਕ ਅਤੇ ਪੰਜਾਬੀ ਸਾਹਿਤਕ ਖੇਤਰ ਲਈ ਵੀ ਬੇਹੱਦ ਦੁੱਖਦਾਈ ਹੈ। ਐਡਵੋਕੇਟ ਧਾਮੀ ਨੇ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਵਿਛੜੀ ਰੂਹ ਨੂੰ ਸ਼ਰਧਾਂਜਲੀ ਭੇਟ ਕੀਤੀ।
ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਸੁਖਵਿੰਦਰਪਾਲ ਸਿੰਘ ਗਰਚਾ ਨੇ ਉਨ੍ਹਾਂ ਦੇ ਦਿਹਾਂਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪੰਜਾਬ ਦੀ ਮਾਣ ਮੱਤੀ ਸ਼ਖਸ਼ੀਅਤ ਉੱਘੇ ਕਵੀ ਸੁਰਜੀਤ ਪਾਤਰ ਦੇ ਸਦੀਵੀਂ ਵਿਛੋੜੇ ਦੀ ਖਬਰ ਬਹੁਤ ਹੀ ਦੁਖਦਾਈ ਹੈ। ਉਹਨਾਂ ਦੀ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਦੇਣ ਸ਼ਬਦਾਂ ਵਿਚ ਬਿਆਨ ਨਹੀਂ ਕੀਤੀ ਜਾ ਸਕਦੀ।ਬੇਹੱਦ ਸ਼ਾਂਤ, ਮਿਲਣਸਾਰ ਤੇ ਨਿੱਘੇ ਸੁਭਾਅ ਦੇ ਮਾਲਕ ਸੁਰਜੀਤ ਪਾਤਰ ਜੀ ਪੰਜਾਬ ਦਾ ਮਾਣ ਸਨ, ਹਨ ਤੇ ਹਮੇਸ਼ਾ ਰਹਿਣਗੇ। ਅਕਾਲ ਪੁਰਖ ਅੱਗੇ ਅਰਦਾਸ ਹੈ ਕਿ ਉਹ ਵਿਛੜੀ ਪਵਿੱਤਰ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਿਸ਼ ਕਰਨ ਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਬਖਸ਼ਿਸ਼ ਕਰਨ।


