ਨਿਊ ਯਾਰਕ ਦੇ ਮੇਅਰ ਨੇ ਸਿੱਖਾਂ ਨੂੰ ਮਨੁੱਖਤਾ ਦੇ ਰਾਖੇ ਕਰਾਰ ਦਿਤਾ
ਨਿਊ ਯਾਰਕ, 30 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਨਿਊ ਯਾਰਕ ਦੇ ਗੁਰਦਵਾਰਾ ਸਾਹਿਬ ਵਿਚ ਪੁੱਜੇ ਮੇਅਰ ਐਰਿਕ ਐਡਮਜ਼ ਨੇ ਸਿੱਖਾਂ ਨੂੰ ਮਨੁੱਖਤਾ ਦੇ ਰਾਖੇ ਕਰਾਰ ਦਿੰਦਿਆਂ ਕਿਹਾ ਕਿ ਭਾਈਚਾਰੇ ਵੱਲੋਂ ਸਜਾਈ ਜਾਂਦੀ ਦਸਤਾਰ ਕਿਸੇ ਨਫ਼ਰਤ ਦਾ ਨਹੀਂ ਸਗੋਂ ਆਸਥਾ ਪ੍ਰਤੀਕ ਹੈ। ਨਿਊ ਯਾਰਕ ਸ਼ਹਿਰ ਦੇ ਲੋਕਾਂ ਨੂੰ ਸਿੱਖ ਧਰਮ ਬਾਰੇ ਡੂੰਘਾਈ ਨਾਲ ਜਾਣਨ ਦਾ ਸੱਦਾ ਦਿੰਦਿਆਂ […]
By : Hamdard Tv Admin
ਨਿਊ ਯਾਰਕ, 30 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਨਿਊ ਯਾਰਕ ਦੇ ਗੁਰਦਵਾਰਾ ਸਾਹਿਬ ਵਿਚ ਪੁੱਜੇ ਮੇਅਰ ਐਰਿਕ ਐਡਮਜ਼ ਨੇ ਸਿੱਖਾਂ ਨੂੰ ਮਨੁੱਖਤਾ ਦੇ ਰਾਖੇ ਕਰਾਰ ਦਿੰਦਿਆਂ ਕਿਹਾ ਕਿ ਭਾਈਚਾਰੇ ਵੱਲੋਂ ਸਜਾਈ ਜਾਂਦੀ ਦਸਤਾਰ ਕਿਸੇ ਨਫ਼ਰਤ ਦਾ ਨਹੀਂ ਸਗੋਂ ਆਸਥਾ ਪ੍ਰਤੀਕ ਹੈ। ਨਿਊ ਯਾਰਕ ਸ਼ਹਿਰ ਦੇ ਲੋਕਾਂ ਨੂੰ ਸਿੱਖ ਧਰਮ ਬਾਰੇ ਡੂੰਘਾਈ ਨਾਲ ਜਾਣਨ ਦਾ ਸੱਦਾ ਦਿੰਦਿਆਂ ਉਨ੍ਹਾਂ ਕਿਹਾ ਕਿ ਸਿੱਖੀ ਬਾਰੇ ਵਧੇਰੇ ਜਾਗਰੂਕਤਾ ਫੈਲਾਉਣ ਦੀ ਜ਼ਰੂਰਤ ਹੈ। ਹਾਲ ਹੀ ਵਿਚ ਇਕ ਬਜ਼ੁਰਗ ਸਿੱਖ ਦੀ ਕੁੱਟ ਕੁੱਟ ਕੇ ਹੱਤਿਆ ਅਤੇ ਬੱਸ ਵਿਚ ਜਾ ਰਹੇ ਨੌਜਵਾਨ ਸਿੱਖ ਦੀ ਬੁਰੀ ਤਰ੍ਹਾਂ ਕੁੱਟਮਾਰ ਦੀਆਂ ਘਟਨਾਵਾਂ ਮਗਰੋਂ ਸਿੱਖਾਂ ਵਿਚ ਤਿੱਖਾ ਰੋਸ ਹੈ ਅਤੇ ਇਸ ਨੂੰ ਸ਼ਾਂਤ ਕਰਨ ਦੇ ਮਕਸਦ ਤਹਿਤ ਨਿਊ ਯਾਰਕ ਦੇ ਮੇਅਰ ਐਰਿਕ ਐਡਮਜ਼ ਕੁਈਨਜ਼ ਇਲਾਕੇ ਦੇ ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ ਪੁੱਜੇ।
ਕਿਹਾ, ਸਿੱਖਾਂ ਦੀ ਪੱਗ ਨਫ਼ਰਤ ਦਾ ਨਹੀਂ, ਆਸਥਾ ਦਾ ਪ੍ਰਤੀਕ
ਰਿਚਮੰਡ ਹਿਲ ਵਿਖੇ ਵਸਦੇ ਸਿੱਖਾਂ ਨੂੰ ਇਲਾਕੇ ਦੇ ਧੁਰਾ ਕਰਾਰ ਦਿੰਦਿਆਂ ਉਨ੍ਹਾਂ ਕਿਹਾ, ‘‘ਤੁਹਾਡੀ ਪੱਗ ਰਾਖੇ ਹੋਣ ਦਾ ਸਬੂਤ ਹੈ। ਇਹ ਨਫ਼ਰਤ ਨਹੀਂ ਫੈਲਾਉਂਦੀ ਬਲਕਿ ਭਾਈਚਾਰਕ ਸਾਂਝ ਦਾ ਸੁਨੇਹਾ ਦਿੰਦੀ ਹੈ। ਇਸ ਦਾ ਮਤਲਬ ਪਰਵਾਰ ਅਤੇ ਧਰਮ ਹੈ ਅਤੇ ਇਹ ਸ਼ਹਿਰ ਵਿਚ ਇਕਮਿਕ ਹੋ ਕੇ ਵਸਣ ਦਾ ਸੱਦਾ ਦਿੰਦੀ ਹੈ। ਸਿੱਖਾਂ ਨਾਲ ਵਾਪਰ ਰਹੀਆਂ ਘਟਨਾਵਾਂ ਰੋਕਣ ਵਾਸਤੇ ਅਸੀਂ ਹਰ ਸੰਭਵ ਯਤਨ ਕਰਾਂਗੇ।’’ ਮੇਅਰ ਐਰਿਕ ਐਡਮਜ਼ ਨਾਲ ਨਿਊ ਯਾਰਕ ਸੂਬਾ ਅਸੈਂਬਲੀ ਦੀ ਮੈਂਬਰ ਜੈਨੀਫਰ ਰਾਜਕੁਮਾਰ ਵੀ ਸਨ ਜਿਨ੍ਹਾਂ ਵੱਲੋਂ ਸਿੱਖ ਆਗੂਆਂ ਨਾਲ ਮੁਲਾਕਾਤ ਦੌਰਾਨ ਕਾਰਗਰ ਉਪਰਾਲੇ ਕਰਨ ਦਾ ਭਰੋਸਾ ਦਿਤਾ ਗਿਆ। ਇਥੇ ਦਸਣਾ ਬਣਦਾ ਹੈ ਕਿ 15 ਅਕਤੂਬਰ ਨੂੰ 19 ਸਾਲ ਦੇ ਸਿੱਖ ਨੌਜਵਾਨ ’ਤੇ ਬੱਸ ਵਿਚ ਹਮਲਾ ਹੋਇਆ। 26 ਸਾਲ ਦੇ ਹਮਲਾਵਰ ਕ੍ਰਿਸਟੋਫਰ ਨੇ ਸਿੱਖ ਨੌਜਵਾਨ ਦੀ ਪੱਗ ਉਤੇ ਕਈ ਵਾਰ ਕੀਤੇ ਅਤੇ ਕਹਿਣ ਲੱਗਾ ਕਿ ਇਸ ਮੁਲਕ ਵਿਚ ਕੋਈ ਪੱਗ ਨਹੀਂ ਬੰਨ੍ਹ ਸਕਦਾ। ਕ੍ਰਿਸਟੋਫਰ ਵਿਰੁੱਧ ਨਫ਼ਰਤੀ ਅਪਰਾਧ ਦੇ ਦੋਸ਼ ਆਇਦ ਕੀਤੇ ਗਏ ਹਨ।