ਨਾਜਾਇਜ਼ ਤਰੀਕੇ ਨਾਲ ਅਮਰੀਕਾ ਆ ਰਹੇ ਪ੍ਰਵਾਸੀਆਂ ਦੀ ਗਿਣਤੀ ਵਿਚ ਵੱਡੀ ਕਮੀ
ਟੈਕਸਸ, 24 ਮਈ (ਵਿਸ਼ੇਸ਼ ਪ੍ਰਤੀਨਿਧ) : ਨਾਜਾਇਜ਼ ਤਰੀਕੇ ਨਾਲ ਅਮਰੀਕਾ ਦਾਖਲ ਹੋ ਰਹੇ ਪ੍ਰਵਾਸੀਆਂ ਦੀ ਗਿਣਤੀ ਵਿਚ ਮਈ ਮਹੀਨੇ ਦੌਰਾਨ ਭਾਰੀ ਕਮੀ ਆਈ ਹੈ। ਬਾਰਡਰ ਪੈਟਰੋਲ ਏਜੰਟਾਂ ਮੁਤਾਬਕ ਮਈ ਦੇ ਪਹਿਲੇ 21 ਦਿਨਾਂ ਦੌਰਾਨ ਰੋਜ਼ਾਨਾ ਔਸਤਨ 3700 ਜਣਿਆਂ ਨੂੰ ਰੋਕਿਆ ਗਿਆ ਜਦਕਿ ਪਿਛਲੇ ਸਾਲ ਦਸੰਬਰ ਵਿਚ ਰੋਜ਼ਾਨਾ 8 ਹਜ਼ਾਰ ਪ੍ਰਵਾਸੀਆਂ ਨੂੰ ਰੋਕਿਆ ਜਾ ਰਿਹਾ ਸੀ। […]
By : Editor Editor
ਟੈਕਸਸ, 24 ਮਈ (ਵਿਸ਼ੇਸ਼ ਪ੍ਰਤੀਨਿਧ) : ਨਾਜਾਇਜ਼ ਤਰੀਕੇ ਨਾਲ ਅਮਰੀਕਾ ਦਾਖਲ ਹੋ ਰਹੇ ਪ੍ਰਵਾਸੀਆਂ ਦੀ ਗਿਣਤੀ ਵਿਚ ਮਈ ਮਹੀਨੇ ਦੌਰਾਨ ਭਾਰੀ ਕਮੀ ਆਈ ਹੈ। ਬਾਰਡਰ ਪੈਟਰੋਲ ਏਜੰਟਾਂ ਮੁਤਾਬਕ ਮਈ ਦੇ ਪਹਿਲੇ 21 ਦਿਨਾਂ ਦੌਰਾਨ ਰੋਜ਼ਾਨਾ ਔਸਤਨ 3700 ਜਣਿਆਂ ਨੂੰ ਰੋਕਿਆ ਗਿਆ ਜਦਕਿ ਪਿਛਲੇ ਸਾਲ ਦਸੰਬਰ ਵਿਚ ਰੋਜ਼ਾਨਾ 8 ਹਜ਼ਾਰ ਪ੍ਰਵਾਸੀਆਂ ਨੂੰ ਰੋਕਿਆ ਜਾ ਰਿਹਾ ਸੀ। ਮਾਰਚ ਦੌਰਾਨ 1 ਲੱਖ 37 ਹਜ਼ਾਰ ਪ੍ਰਵਾਸੀ ਰੋਕੇ ਗਏ ਜਦਕਿ ਅਪ੍ਰੈਲ ਦੌਰਾਨ 1 ਲੱਖ 29 ਹਜ਼ਾਰ ਦਾ ਅੰਕੜਾ ਦਰਜ ਕੀਤਾ ਗਿਆ।
ਮਈ ਵਿਚ ਰੋਜ਼ਾਨਾ ਔਸਤਨ 3700 ਪ੍ਰਵਾਸੀਆਂ ਨੂੰ ਰੋਕਿਆ
ਬਾਰਡਰ ਪੈਟਰੋਲ ਏਜੰਟਾਂ ਵੱਲੋਂ ਰੋਕੇ ਜਾ ਰਹੇ ਪ੍ਰਵਾਸੀਆਂ ਵਿਚ ਉਹ ਪ੍ਰਵਾਸੀ ਸ਼ਾਮਲ ਨਹੀਂ ਜੋ ਸਰਹੱਦ ਪਾਰ ਕਰਨ ਦੇ ਜਾਇਜ਼ ਲਾਂਘਿਆਂ ਰਾਹੀਂ ਆਪਣੀ ਜਾਣਕਾਰੀ ਦਰਜ ਕਰਵਾਉਂਦਆਂ ਅਮਰੀਕਾ ਆ ਰਹੇ ਹਨ। ਕੋਰੋਨਾ ਮਹਾਂਮਾਰੀ ਤੋਂ ਪਹਿਲਾਂ ਵਾਲੇ ਅੰਕੜਿਆਂ ਨਾਲ ਤੁਲਨਾ ਕੀਤੀ ਜਾਵੇ ਤਾਂ ਹੁਣ ਵੀ ਪ੍ਰਵਾਸੀਆਂ ਦੀ ਗਿਣਤੀ ਕਾਫੀ ਜ਼ਿਆਦਾ ਮੰਨੀ ਜਾ ਰਹੀ ਹੈ ਪਰ ਦੇਖਣ ਵਾਲੀ ਗੱਲ ਇਹ ਵੀ ਹੈ ਕਿ ਆਮ ਤੌਰ ’ਤੇ ਇਸ ਮੌਸਮ ਵਿਚ ਪ੍ਰਵਾਸੀਆਂ ਦੀ ਆਮਦ ਵਿਚ ਕਮੀ ਨਹੀਂ ਆਉਂਦੀ। ਮੰਨਿਆ ਜਾ ਰਿਹਾ ਹੈ ਕਿ ਮੈਕਸੀਕੋ ਸਰਕਾਰ ਵੱਲੋਂ ਵਿਦੇਸ਼ੀ ਨਾਗਰਿਕਾਂ ਵਿਰੁੱਧ ਕੀਤੀ ਜਾ ਰਹੀ ਸਖਤ ਕਾਰਵਾਈ, ਇਸ ਦਾ ਕਾਰਨ ਹੋ ਸਕਦੀ ਹੈ।
ਪਿਛਲੇ ਸਾਲ ਦਸੰਬਰ ਵਿਚ ਰੋਜ਼ਾਨਾ ਆ ਰਹੇ ਸਨ 8 ਹਜ਼ਾਰ ਪ੍ਰਵਾਸੀ
ਸੀ.ਬੀ.ਐਸ. ਨਿਊਜ਼ ਨਾਲ ਗੱਲਬਾਤ ਕਰਦਿਆਂ ਅਮਰੀਕਾ ਦੇ ਗ੍ਰਹਿ ਮੰਤਰੀ ਐਲਹੈਂਦਰੋ ਮਯੋਰਕਸ ਨੇ ਕਿਹਾ ਕਿ ਬਾਇਡਨ ਸਰਕਾਰ ਦੇ ਯਤਨਾਂ ਨੂੰ ਬੂਰ ਪਿਆ ਹੈ ਅਤੇ ਨਾਜਾਇਜ਼ ਪ੍ਰਵਾਸੀਆਂ ਦੀ ਗਿਣਤੀ ਘਟਦੀ ਜਾ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਦੱਖਣੀ ਸਰਹੱਦ ਰਾਹੀਂ ਨਾਜਾਇਜ਼ ਪ੍ਰਵਾਸ ਰੋਕਣ ਵਾਸਤੇ ਕਈ ਕਦਮ ਉਠਾਏ ਗਏ ਜਿਨ੍ਹਾਂ ਵਿਚ ਤਸਕਰਾਂ ਨਾਲ ਨਜਿੱਠਣਾ ਵੀ ਸ਼ਾਮਲ ਹੈ। ਇਸ ਦੇ ਨਾਲ ਹੀ ਅਮਰੀਕਾ ਦਾਖਲ ਹੋਣ ਵਾਲਿਆਂ ਨੂੰ ਕਾਨੂੰਨੀ ਰਾਹ ਅਖਤਿਆਰ ਕਰਨ ਵੱਲ ਪ੍ਰੇਰਿਤ ਕੀਤਾ ਜਾ ਰਿਹਾ ਹੈ। ਅਮਰੀਕਾ ਵਿਚ ਚੋਣਾਂ ਵਾਲਾ ਵਰ੍ਹਾ ਹੋਣ ਕਾਰਨ ਰਿਪਬਲਿਕਨ ਪਾਰਟੀ ਵੱਲੋਂ ਗੈਰਕਾਨੂੰਨੀ ਪ੍ਰਵਾਸੀਆਂ ਦੀ ਆਮਦ ਨੂੰ ਵੱਡਾ ਮੁੱਦਾ ਬਣਾਇਆ ਜਾ ਰਿਹਾ ਹੈ। ਸਾਬਕਾ ਰਾਸ਼ਟਰਪਤੀ ਡੌਨਲਡ ਟਰੰਪ ਨੇ ਤਾਂ ਇਥੋਂ ਤੱਕ ਆਖ ਦਿਤਾ ਕਿ ਗੈਰਕਾਨੂੰਨੀ ਪ੍ਰਵਾਸੀ, ਅਮਰੀਕੀ ਨਾਗਰਿਕਾਂ ’ਤੇ ਹਮਲਾ ਕਰਨ ਵਾਸਤੇ ਫੌਜ ਤਿਆਰ ਕਰ ਰਹੇ ਹਨ। ਇਸੇ ਦੌਰਾਨ ਮਯੋਰਕਸ ਵੱਲੋਂ ਸੰਭਾਵਤ ਐਗਜ਼ੈਕਟਿਵ ਐਕਸ਼ਨ ਦੀ ਤਸਦੀਕ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਵੱਖ ਵੱਖ ਬਦਲਾਂ ’ਤੇ ਗੌਰ ਕੀਤਾ ਜਾ ਰਿਹਾ ਹੈ ਤਾਂਕਿ ਸਰਹੱਦ ਸੁਰੱਖਿਆ ਨੂੰ ਮਜ਼ਬੂਤ ਬਣਾਇਆ ਜਾ ਸਕੇ। ਦੱਸ ਦੇਈਏ ਕਿ ਪ੍ਰਸ਼ਾਸਕੀ ਅਫਸਰਾਂ ਵੱਲੋਂ ਇੰਮੀਗ੍ਰੇਸ਼ਨ ਪ੍ਰਣਾਲੀ ਵਿਚ ਵੱਡੇ ਸੁਧਾਰਾਂ ਦਾ ਸੱਦਾ ਦਿਤਾ ਜਾ ਰਿਹਾ ਹੈ ਪਰ ਨਾਲ ਹੀ ਸੁਚੇਤ ਵੀ ਕੀਤਾ ਗਿਆ ਹੈ ਕਿ ਕੋਈ ਕਾਰਜਕਾਰੀ ਹੁਕਮ ਜਾਰੀ ਹੋਇਆ ਤਾਂ ਇਹ ਅਦਾਲਤੀ ਚੁਣੌਤੀਆਂ ਵਿਚ ਘਿਰ ਸਕਦਾ ਹੈ।