ਤੁਰ ਗਿਆ ਇੱਕ ਪਾਰਖੂ ਕਲਮ ਵਾਲ਼ਾ ਪੱਤਰਕਾਰ, ਇੱਕ ਸਾਹਿਤਕਾਰ, ਸੈਂਕੜੇ ਪੱਤਰਕਾਰਾਂ ਦਾ ਰਾਹ-ਦਿਸੇਰਾ ਤੇ ਇੱਕ ਜ਼ਿੰਦਾ-ਤਬੀਅਤ ਦਾ ਮਾਲਕ: ਸੁਰਜਨ ਜ਼ੀਰਵੀ
ਸੁਰਜਨ ਜ਼ੀਰਵੀ ਇੱਕ ਮਨੁੱਖ ਦਾ ਨਹੀਂ ਸਗੋਂ ਇੱਕ ਯੁਗ ਦਾ ਨਾਂ ਸੀ ਜੋ ਉਸਦੇ ਨਾਲ਼ ਹੀ ਬੀਤ ਗਿਆ। ਇੱਕ ਅਰਸਾ ਨਵਾਂ ਜ਼ਮਾਨਾ ਦਾ ਕਰਤਾ-ਧਰਤਾ ਰਹਿਣਾ, ਅੱਤਵਾਦ ਦੇ ਸਿਖਰ ਤੇ ਵੀ ਬੇਖੌਫ਼ ਬੱਸਾਂ ਵਿੱਚ ਚੜ੍ਹ ਕੇ ਦਫ਼ਤਰ ਆਉਣਾ, ਕਈ ਪ੍ਰਮੀਆਂ ਦੇ ਆਪਣੇ ਦਫ਼ਤਰ ਵਿੱਚ ਹੀ ਬੜੀ ਹੀ ਸਾਦਗੀ ਨਾਲ਼ ਵਿਆਹ ਕਰਨੇ ਅਤੇ ਸੈਂਕੜੇ ਪੱਤਰਕਾਰਾਂ ਨੂੰ ਪੱਤਰਕਾਰੀ […]
By : Editor (BS)
ਸੁਰਜਨ ਜ਼ੀਰਵੀ ਇੱਕ ਮਨੁੱਖ ਦਾ ਨਹੀਂ ਸਗੋਂ ਇੱਕ ਯੁਗ ਦਾ ਨਾਂ ਸੀ ਜੋ ਉਸਦੇ ਨਾਲ਼ ਹੀ ਬੀਤ ਗਿਆ। ਇੱਕ ਅਰਸਾ ਨਵਾਂ ਜ਼ਮਾਨਾ ਦਾ ਕਰਤਾ-ਧਰਤਾ ਰਹਿਣਾ, ਅੱਤਵਾਦ ਦੇ ਸਿਖਰ ਤੇ ਵੀ ਬੇਖੌਫ਼ ਬੱਸਾਂ ਵਿੱਚ ਚੜ੍ਹ ਕੇ ਦਫ਼ਤਰ ਆਉਣਾ, ਕਈ ਪ੍ਰਮੀਆਂ ਦੇ ਆਪਣੇ ਦਫ਼ਤਰ ਵਿੱਚ ਹੀ ਬੜੀ ਹੀ ਸਾਦਗੀ ਨਾਲ਼ ਵਿਆਹ ਕਰਨੇ ਅਤੇ ਸੈਂਕੜੇ ਪੱਤਰਕਾਰਾਂ ਨੂੰ ਪੱਤਰਕਾਰੀ ਦੇ ਗੁਰ ਸਿਖਾਉਣਾ ਸੁਰਜਨ ਜ਼ੀਰਵੀ ਦੀਆਂ ਖੂਬੀਆਂ
ਚੋਂ ਚੰਦ ਕੁ ਉਦਾਹਰਣਾਂ ਹੀ ਹਨ। ਉਨ੍ਹਾਂ ਦੀ ਸੰਗਤ ਚ ਰਹਿ ਕੇ ਉਨ੍ਹਾਂ ਕੋਲ਼ੋਂ ਸਿੱਖਣ ਵਾਲ਼ੇ ਸਾਰੇ ਪੱਤਰਕਾਰ ਉਨ੍ਹਾਂ ਦੇ ਸ਼ਾਗਿਰਦ ਹੋਣ
ਤੇ ਮਾਣ ਕਰਦੇ ਹਨ।
ਉਹ ਤਾ-ਉਮਰ ਖੱਬੇ-ਪੱਖੀ ਵਿਚਾਰਧਾਰਾ ਤੇ ਦ੍ਰਿੜ੍ਹ ਰਿਹਾ ਪਰ ਕਦੀ ਵੀ ਕੱਟੜਤਾ ਦੀ ਹੱਦ ਤੱਕ ਨਹੀਂ ਸੀ ਗਿਆ। ਜਿੱਥੇ ਉਸਨੂੰ ਫ਼ੈਜ਼ ਦੀ ਸ਼ਾਇਰੀ ਤਾਂ ਸ਼ਾਇਦ ਸਾਰੀ ਦੀ ਸਾਰੀ ਹੀ ਯਾਦ ਸੀ ਅਤੇ ਗਾਉਣ ਦਾ ਸ਼ੌਕ ਵੀ ਸੀ ਓਥੇ ਹੋਰ ਵੀ ਬਹੁਤ ਸਾਰੀ ਉਰਦੂ ਦੀ ਉਮਦਾ ਸ਼ਾਇਰੀ ਉਹ ਅਕਸਰ ਹੀ ਸਾਂਝੀ ਕਰਿਆ ਕਰਦੇ ਸਨ। ਜ਼ੀਰਵੀ ਸਾਹਿਬ ਦੀ ਇੱਕ ਹੋਰ ਬਹੁਤ ਵੱਡੀ ਖੂਬੀ ਇਹ ਸੀ ਕਿ ਉਹ ਲਤੀਫ਼ਿਆਂ ਦਾ ਭੰਡਾਰ ਸਨ ਅਤੇ ਹਰ ਮਹਿਫ਼ਲ ਵਿੱਚ ਆਪਣੇ ਹੀ ਅੰਦਾਜ਼ ਵਿੱਚ ਲਤੀਫ਼ਾ ਸੁਣਾ ਕੇ ਰੰਗ ਬੰਨ੍ਹ ਦਿੰਦੇ ਸਨ। ਜੁਲਾਈ ਵਿੱਚ ਮੈਂ ਅਤੇ ਭਾਅ ਜੀ ਮਨਮੋਹਨ ਗੁਲਾਟੀ ਜੀ ਉਨ੍ਹਾਂ ਨੂੰ ਮਿਲਣ ਗਏ ਤਾਂ ਕੁਝ ਘੱਟ ਗੱਲਾਂ ਕਰ ਰਹੇ ਸਨ। ਇਸਦੇ ਬਾਵਜੂਦ ਮੇਰੀ ਲੇਖਣੀ ਬਾਰੇ, ਕਾਫ਼ਲੇ ਦੀਆਂ ਗਤੀਵਿਧੀਆਂ ਬਾਰੇ ਪੁੱਛਦੇ ਰਹੇ। ਜ਼ੀਰਵੀ ਸਾਹਿਬ ਸ਼ਾਇਦ 1988
ਚ ਕੈਨੇਡਾ ਆਏ ਸਨ ਤੇ ਫਿਰ ਕੁਝ ਪਰਿਵਾਰ ਮੁਸ਼ਕਲਾਂ ਕਰਕੇ ਏਥੋਂ ਦੇ ਹੀ ਹੋ ਕੇ ਰਹਿ ਗਏ, ਸਿਰਫ ਇੱਕ ਵੀ ਹੀ ਇੰਡੀਆ ਜਾ ਕੇ ਆਏ। ਪਿਛਲੀ ਮਿਲਣੀ ਦੌਰਾਨ ਮੈਂ ਅਚਾਨਕ ਪੁੱਛ ਲਿਆ, "ਜ਼ੀਰਵੀ ਸਾਹਿਬ, ਤੁਹਾਡਾ ਓਥੇ ਏਡਾ ਵੱਡਾ ਕੱਦ, ਏਡਾ ਵੱਡਾ ਦੋਸਤਾਂ ਦਾ ਪਰਿਵਾਰ ਸੀ, ਕੀ ਕਦੀ ਜਾਣ ਨੂੰ ਦਿਲ ਨਹੀਂ ਕਰਦਾ?" ਉਹ ਕੁਝ ਪਲਾਂ ਲਈ ਚੁੱਪ ਰਹੇ ਤੇ ਤੇ ਫਿਰ ਮੇਰੇ ਵੱਲ ਵੇਖਦੇ ਹੋਏ ਬੜੀ ਉਦਾਸ ਜਿਹੀ ਆਵਾਜ਼ ਵਿੱਚ ਬੋਲੇ, "ਦਰਅਸਲ ਵੱਡੀ ਉਮਰ ਦਾ ਇੱਕ ਬਹੁਤ ਵੱਡਾ ਦੁਖਾਂਤ ਵੀ ਹੁੰਦਾ ਹੈ ਕਿ ਤੁਹਾਡੇ ਯਾਰ-ਦੋਸਤ, ਤੁਹਾਡੇ ਹਮ-ਉਮਰ ਤੇ ਨੇੜਿਉਂ ਜਾਨਣ ਵਾਲ਼ੇ ਸਭ ਤੁਰ ਜਾਂਦੇ ਹਨ ਤੇ ਤੁਸੀਂ ਇਕੱਲੇ ਰਹਿ ਜਾਂਦੇ ਹੋ। ਹੁਣ ਜੇ ਜਾਵਾਂ ਵੀ ਤਾਂ ਓਥੇ ਕੀਹਨੂੰ ਮਿਲੂੰਗਾ?"
ਉਨ੍ਹਾਂ ਦੀ ਆਵਾਜ਼ ਵਿਚਲੀ ਇਹ ਭਿਆਨਕ ਇਕੱਲਤਾ ਸੀ ਜੋ ਉਹ ਅੰਦਰੂਨੀ ਤੌਰ ਤੇ ਵੀ ਹੰਢਾ ਰਹੇ ਸਨ ਅਤੇ ਬਾਹਰੀ ਤੌਰ
ਤੇ ਵੀ। ਕਿੱਥੇ ਜ਼ੀਰਵੀ ਸਾਹਿਬ ਮਹਿਫ਼ਲਾਂ ਦਾ ਸ਼ਿੰਗਾਰ ਤੇ ਜਿੰਦਜਾਨ ਹੋਇਆ ਕਰਦੇ ਸਨ ਅਤੇ ਕਿੱਥੇ ਸਾਡੇ ਵਰਗਾ ਕੋਈ ਭੁੱਲਿਆ, ਵਿੱਸਰਿਆ ਸਾਲ-ਛਿਮਾਹੀਂ ਬਾਅਦ ਉਨ੍ਹਾਂ ਦਾ ਦਰ ਖੜਕਾਉਂਦਾ ਸੀ ਤੇ ਦੋ ਪਲ ਉਨ੍ਹਾਂ ਦੀ ਸੰਗਤ ਕਰਦਾ ਸੀ। ਬਾਕੀ ਸਾਰਾ ਸਮਾਂ ਉਹ ਅਤੇ ਉਨ੍ਹਾਂ ਦੀ ਪਤਨੀ ਅੰਮ੍ਰਿਤ ਜ਼ੀਰਵੀ ਜੀ ਇੱਕ ਦੂਸਰੇ ਦਾ ਦੁੱਖ-ਸੁੱਖ ਫੋਲਣ ਤੱਕ ਹੀ ਸੀਮਤ ਰਹਿ ਜਾਂਦੇ ਸਨ।
ਏਥੇ ਆਂਟੀ ਅੰਮ੍ਰਿਤ ਜ਼ੀਰਵੀ ਜੀ ਨੂੰ ਸਲਾਮ ਕਰਨਾ ਬਣਦਾ ਹੈ ਕਿ ਖੁਦ ਆਪ ਬਿਰਧ ਅਵਸਥਾ ਵਿੱਚ ਹੋਣ ਦੇ ਬਾਵਜੂਦ ਉਨ੍ਹਾਂ ਨੇ ਜ਼ੀਰਵੀ ਸਾਹਿਬ ਨੂੰ ਨਾ ਸਿਰਫ ਮੁਹਾਵਰਾ-ਰੂਪ ਵਿੱਚ ਹੀ "ਹੱਥਾਂ ਤੇ" ਚੁੱਕੀ ਰੱਖਿਆ ਸਗੋਂ ਵਾਸਤਵਿਕ ਰੂਪ ਵਿੱਚ ਵੀ ਖੁਦ ਜੱਫਾ ਭਰ ਕੇ ਉਨ੍ਹਾਂ ਨੂੰ ਆਸਰਾ ਦੇ ਕੇ ਵੀਲ੍ਹਚੇਅਰ
ਤੇ ਬਿਠਾਉਂਦੇ ਅਤੇ ਅੰਦਰ-ਬਾਹਰ ਲਿਜਾਂਦੇ ਰਹੇ।
ਅੱਜ ਜਿੱਥੇ ਪੰਜਾਬੀ ਪੱਤਰਕਾਰੀ ਥੰਮ੍ਹ ਡਿੱਗਾ ਹੈ ਓਥੇ ਸਾਡੇ ਕੈਨੇਡਾ ਦੇ ਭਾਈਚਾਰੇ ਖ਼ਾਸ ਕਰਕੇ ਟਰਾਂਟੋ ਦੇ ਸਾਹਿਤਕ ਭਾਈਚਾਰੇ ਲਈ ਖ਼ਾਸ ਤੌਰ ਤੇ ਸੋਗ ਦਾ ਦਿਨ ਹੈ ਕਿਉਂਕਿ ਸਾਡੇ ਸਾਹਿਤਕ ਪਰਿਵਾਰ ਦਾ ਆਸ਼ੀਰਵਾਦੀ ਹੱਥ ਅੱਜ ਅਲਵਿਦਾ ਕਹਿ ਗਿਆ ਹੈ। ਗੁਲਾਟੀ ਸਾਹਿਬ ਨਾਲ਼ ਜ਼ੀਰਵੀ ਸਾਹਿਬ ਦੀ ਫ਼ੋਟੋ ਸਾਡੀ ਉਨ੍ਹਾਂ ਨਾਲ਼ ਆਖਰੀ ਮਿਲਣੀ ਦੀ ਫ਼ੋਟੋ ਹੈ। ਪਤਾ ਨਹੀਂ ਸੀ ਕਿ ਜ਼ੀਰਵੀ ਸਾਹਿਬ ਹਸਪਤਾਲ ਹਨ ਤੇ ਮੈਂ ਅਤੇ ਗੁਲਾਟੀ ਭਾਅ ਜੀ ਇਸ ਵੀਕਐਂਡ
ਤੇ ਉਨ੍ਹਾਂ ਦੇ ਘਰ ਜਾਣ ਦੀ ਸਲਾਹ ਬਣਾਈ ਬੈਠੇ ਸਾਂ। ਪਰ ਅਫ਼ਸੋਸ ਕਿ ਇਸ ਐਤਵਾਰ ਨੂੰ ਅਸੀਂ ਉਨ੍ਹਾਂ ਨੂੰ ਅੰਤਮ ਵਿਦਾਇਗੀ ਦੇ ਰਹੇ ਹੋਵਾਂਗੇ।
ਕੁਲਵਿੰਦਰ ਖਹਿਰਾ