Begin typing your search above and press return to search.

ਚਿਰਾਗ ਅੰਤਿਲ ਕਤਲ ਮਾਮਲੇ ’ਚ ਭਾਰਤੀ ਕੌਂਸਲੇਟ ਵੱਲੋਂ ਜਵਾਬ ਤਲਬੀ

ਵੈਨਕੂਵਰ, 15 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਵੈਨਕੂਵਰ ਵਿਖੇ ਭਾਰਤੀ ਵਿਦਿਆਰਥੀ ਦੇ ਕਤਲ ਮਾਮਲੇ ਵਿਚ ਹੁਣ ਤੱਕ ਕੋਈ ਸੁਰਾਗ ਨਹੀਂ ਮਿਲ ਸਕਿਆ ਅਤੇ ਇੰਡੀਅਨ ਕੌਂਸਲੇਟ ਵੱਲੋਂ ਕੈਨੇਡੀਅਨ ਅਧਿਕਾਰੀਆਂ ਤੋਂ ਜਵਾਬ ਤਲਬੀ ਕੀਤੀ ਗਈ ਹੈ। ਵੈਨਕੂਵਰ ਸਥਿਤ ਭਾਰਤੀ ਕੌਂਸਲੇਟ ਨੇ ਕਿਹਾ ਕਿ ਚਿਰਾਗ ਅੰਤਿਲ ਦੀ ਮੌਤ ਬਾਰੇ ਸੁਣ ਕੇ ਬੇਹੱਦ ਅਫਸੋਸ ਹੋਇਆ ਅਤੇ ਸਬੰਧਤ ਅਧਿਕਾਰੀਆਂ ਨਾਲ ਸੰਪਰਕ […]

ਚਿਰਾਗ ਅੰਤਿਲ ਕਤਲ ਮਾਮਲੇ ’ਚ ਭਾਰਤੀ ਕੌਂਸਲੇਟ ਵੱਲੋਂ ਜਵਾਬ ਤਲਬੀ
X

Editor EditorBy : Editor Editor

  |  15 April 2024 1:40 PM IST

  • whatsapp
  • Telegram

ਵੈਨਕੂਵਰ, 15 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਵੈਨਕੂਵਰ ਵਿਖੇ ਭਾਰਤੀ ਵਿਦਿਆਰਥੀ ਦੇ ਕਤਲ ਮਾਮਲੇ ਵਿਚ ਹੁਣ ਤੱਕ ਕੋਈ ਸੁਰਾਗ ਨਹੀਂ ਮਿਲ ਸਕਿਆ ਅਤੇ ਇੰਡੀਅਨ ਕੌਂਸਲੇਟ ਵੱਲੋਂ ਕੈਨੇਡੀਅਨ ਅਧਿਕਾਰੀਆਂ ਤੋਂ ਜਵਾਬ ਤਲਬੀ ਕੀਤੀ ਗਈ ਹੈ। ਵੈਨਕੂਵਰ ਸਥਿਤ ਭਾਰਤੀ ਕੌਂਸਲੇਟ ਨੇ ਕਿਹਾ ਕਿ ਚਿਰਾਗ ਅੰਤਿਲ ਦੀ ਮੌਤ ਬਾਰੇ ਸੁਣ ਕੇ ਬੇਹੱਦ ਅਫਸੋਸ ਹੋਇਆ ਅਤੇ ਸਬੰਧਤ ਅਧਿਕਾਰੀਆਂ ਨਾਲ ਸੰਪਰਕ ਕਾਇਮ ਕਰਦਿਆਂ ਵਧੇਰੇ ਜਾਣਕਾਰੀ ਮੰਗੀ ਗਈ ਹੈ। ਦੂਜੇ ਪਾਸੇ ਟੋਰਾਂਟੋ ਸਥਿਤ ਭਾਰਤੀ ਕੌਂਸਲੇਟ ਨੇ ਕਿਹਾ ਹੈ ਕਿ ਭਾਰਤੀ ਨਾਗਰਿਕਾਂ ਦੀਆਂ ਲਾਸ਼ਾਂ ਭੇਜਣ ਦਾ ਸਿਲਸਿਲਾ ਜਾਰੀ ਹੈ ਜਿਸ ਦੇ ਮੱਦੇਨਜ਼ਰ ਭਾਰਤੀ ਨਾਗਰਿਕ ਸਾਵਧਾਨੀ ਵਰਤਣ।

ਆਪਣੇ ਦੋਸਤਾਂ ਨਾਲ ਪਾਰਟੀ ਕਰਨ ਜਾ ਰਿਹਾ ਸੀ ਚਿਰਾਗ ਅੰਤਿਲ

‘ਵੈਨਕੂਵਰ ਸਨ’ ਦੀ ਰਿਪੋਰਟ ਮੁਤਾਬਕ ਗੋਲੀਬਾਰੀ ਵਾਲੀ ਥਾਂ ਦੇ ਨੇੜੇ ਰਹਿੰਦੇ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੇ 4 ਤੋਂ 6 ਗੋਲੀਆਂ ਚੱਲਣ ਦੀ ਆਵਾਜ਼ ਸੁਣੀ। ਇਕ ਔਰਤ ਨੇ ਪਛਾਣ ਗੁਪਤ ਰੱਖੇ ਜਾਣ ਦੀ ਸ਼ਰਤ ’ਤੇ ਦੱਸਿਆ ਕਿ ਦੋ ਗੋਲੀਆਂ ਲਗਾਤਾਰ ਚੱਲੀਆਂ ਅਤੇ ਕੁਝ ਪਲਾਂ ਦੀ ਸ਼ਾਂਤੀ ਮਗਰੋਂ ਤਿੰਨ ਗੋਲੀਆਂ ਦੀ ਮੁੜ ਆਵਾਜ਼ ਆਈ। ਪਹਿਲਾਂ ਉਸ ਨੇ ਸੋਚਿਆ ਕਿ ਵਿਸਾਖੀ ਮੌਕੇ ਪਟਾਕੇ ਚੱਲ ਰਹੇ ਹੋਣਗੇ ਪਰ ਬਾਅਦ ਵਿਚ ਪੁਲਿਸ ਦੀਆਂ ਗੱਡੀਆਂ ਦੇ ਸਾਇਰਨ ਸੁਣ ਕੇ ਮਾਮਲਾ ਗੰਭੀਰ ਮਹਿਸੂਸ ਹੋਇਆ। ਹਰਿਆਣਾ ਦੇ ਸੋਨੀਪਤ ਨਾਲ ਸਬੰਧਤ ਚਿਰਾਗ ਅੰਤਿਲ ਨੇ ਵਾਰਦਾਤ ਤੋਂ ਅੱਧਾ ਘੰਟਾ ਪਹਿਲਾਂ ਆਪਣੇ ਭਰਾ ਨਾਲ ਫੋਨ ’ਤੇ ਗੱਲ ਕੀਤੀ ਅਤੇ ਦੱਸਿਆ ਕਿ ਉਹ ਆਪਣੇ ਦੋਸਤਾਂ ਨਾਲ ਪਾਰਟੀ ਕਰਨ ਜਾ ਰਿਹਾ ਹੈ। ਚਿਰਾਗ ਦੇ ਫੇਸਬੁਕ ਪੇਜ ਮੁਤਾਬਕ ਉਹ ਯੂਨੀਵਰਸਿਟੀ ਕੈਨੇਡਾ ਵੈਸਟ ਦਾ ਵਿਦਿਆਰਥੀ ਸੀ ਜਿਥੇ ਉਸ ਨੇ ਬਿਜ਼ਨਸ ਅਤੇ ਮੈਨੇਜਮੈਂਟ ਦਾ ਕੋਰਸ ਕੀਤਾ। 2022 ਵਿਚ ਸਟੱਡੀ ਵੀਜ਼ਾ ’ਤੇ ਕੈਨੇਡਾ ਆਏ ਚਿਰਾਗ ਅੰਤਿਲ ਨੇ ਦਿੱਲੀ ਦੇ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਤੋਂ ਗ੍ਰੈਜੁਏਸ਼ਨ ਕੀਤੀ ਅਤੇ ਅਗਲੇਰੀ ਪੜ੍ਹਾਈ ਕੈਨੇਡਾ ਵਿਚ ਕਰਨ ਦਾ ਫੈਸਲਾ ਲਿਆ।

ਟੋਰਾਂਟੋ ਕੌਂਸਲੇਟ ਵੱਲੋਂ ਭਾਰਤੀ ਨਾਗਰਿਕਾਂ ਨੂੰ ਸਾਵਧਾਨੀ ਵਰਤਣ ਦੀ ਹਦਾਇਤ

ਐਮ.ਬੀ.ਏ. ਕਰਨ ਮਗਰੋਂ ਚਿਰਾਗ ਨੂੰ ਵਰਕ ਪਰਮਿਟ ਮਿਲਿਆ ਤਾਂ ਉਸ ਨੇ ਇਕ ਸਕਿਉਰਿਟੀ ਏਜੰਸੀ ਵਿਚ ਸੁਪਰਵਾਈਜ਼ਰ ਦੀ ਨੌਕਰੀ ਕਰ ਲਈ। ‘ਇੰਡੀਅਨ ਐਕਸਪ੍ਰੈਸ’ ਦੀ ਰਿਪੋਰਟ ਮੁਤਾਬਕ ਚਿਰਾਗ ਦੇ ਭਰਾ ਰੋਮਿਤ ਅੰਤਿਲ ਨੇ ਦੱਸਿਆ ਕਿ ਉਹ ਕੰਮ ਤੋਂ ਪਰਤਿਆ ਅਤੇ ਆਪਣੀ ਰਿਹਾਇਸ਼ ਦੇ ਪਿਛਲੇ ਪਾਸੇ ਕਾਰ ਪਾਰਕ ਕਰ ਦਿਤੀ। ਫੋਨ ’ਤੇ ਗੱਲ ਕਰਦਿਆਂ ਉਹ ਕਾਫੀ ਖੁਸ਼ ਮਹਿਸੂਸ ਹੋ ਰਿਹਾ ਸੀ ਪਰ ਕੁਝ ਘੰਟੇ ਬਾਅਦ ਉਸ ਦਾ ਗੋਲੀਆਂ ਮਾਰ ਕੇ ਕਤਲ ਕਰਨ ਦੀ ਖਬਰ ਆ ਗਈ। ਵੈਨਕੂਵਰ ਪੁਲਿਸ ਵੱਲੋਂ ਵੀ ਰੋਮਿਤ ਨੂੰ ਚਿਰਾਗ ਦੀ ਮੌਤ ਬਾਰੇ ਈਮੇਲ ਭੇਜੀ ਗਈ। ਰੋਮਿਤ ਨੇ ਚਿਰਾਗ ਦੇ ਦੋਸਤਾਂ ਨੂੰ ਫੋਨ ਕੀਤੇ ਤਾਂ ਉਨ੍ਹਾਂ ਤੋਂ ਕੋਈ ਵਿਸਤਾਰਤ ਜਾਣਕਾਰੀ ਹਾਸਲ ਨਾ ਹੋ ਸਕੀ। ਚਿਰਾਗ ਦੇ ਫਲੈਟ ਵਿਚ ਰਹਿੰਦੇ ਉਸ ਦੇ ਦੋਸਤ ਨੇ ਰੋਮਿਤ ਨੂੰ ਸਿਰਫ ਐਨਾ ਦੱਸਿਆ ਕਿ ਬਾਹਰ ਗੋਲੀਆਂ ਚੱਲਣ ਦੀ ਆਵਾਜ਼ ਆਈ ਪਰ ਗੋਲੀਆਂ ਚਲਾਉਣ ਵਾਲੇ ਕੌਣ ਸਨ ਅਤੇ ਉਨ੍ਹਾਂ ਨੇ ਚਿਰਾਗ ਦਾ ਕਤਲ ਕਿਉਂ ਕੀਤਾ, ਇਸ ਬਾਰੇ ਦੱਸਣਾ ਮੁਸ਼ਕਲ ਹੈ। ਰੋਮਿਤ ਨੇ ਵੈਨਕੂਵਰ ਪੁਲਿਸ ਨੂੰ ਵੀ ਕਈ ਫੋਨ ਕੀਤੇ ਪਰ ਕੋਈ ਅਹਿਮ ਜਾਣਕਾਰੀ ਨਾ ਮਿਲ ਸਕੀ। ਰੋਮਿਤ ਵੱਲੋਂ ਦਬਾਅ ਪਾਉਣ ’ਤੇ ਚਿਰਾਗ ਦੇ ਦੋਸਤ ਵਾਰਦਾਤ ਵਾਲੀ ਥਾਂ ਨੇੜਲੇ ਘਰਾਂ ਵਿਚ ਵੀ ਗਏ ਪਰ ਸਭਨਾਂ ਨੇ ਗੱਲ ਕਰਨ ਤੋਂ ਸਾਫ ਨਾਂਹ ਕਰ ਦਿਤੀ। ਚਿਰਾਗ ਦੀ ਦੇਹ ਭਾਰਤ ਭੇਜਣ ਲਈ ਗੋਫੰਡਮੀ ਪੇਜ ਸਥਾਪਤ ਕੀਤਾ ਗਿਆ ਹੈ ਅਤੇ ਹੁਣ ਤੱਕ ਤਕਰੀਬਨ 26 ਹਜ਼ਾਰ ਡਾਲਰ ਇਕੱਠੇ ਹੋ ਚੁੱਕੇ ਹਨ। ਇਸੇ ਦੌਰਾਨ ਚਿਰਾਗ ਦੇ ਪਰਵਾਰ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿਦੇਸ਼ ਮੰਤਰੀ ਐਸ.ਜੈਸ਼ੰਕਰ ਤੋਂ ਮਦਦ ਮੰਗੀ ਹੈ।

Next Story
ਤਾਜ਼ਾ ਖਬਰਾਂ
Share it