ਕੈਨੇਡਾ ਵਿਚ ਮੁੜ ਤਬਾਹੀ ਮਚਾ ਸਕਦੀ ਹੈ ਜੰਗਲਾਂ ਦੀ ਅੱਗ
ਔਟਵਾ, 11 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਇਸ ਵਾਰ ਵੀ ਜੰਗਲਾਂ ਦੀ ਅੱਗ ਭਾਰੀ ਤਬਾਹੀ ਮਚਾ ਸਕਦੀ ਹੈ। ਵਧੇਰੇ ਖੁਸ਼ਕ ਅਤੇ ਗਰਮ ਮੌਸਮ ਕਾਰਨ ਖਤਰਾ ਵਧਦਾ ਜਾ ਰਿਹਾ ਹੈ ਅਤੇ ਸੋਕੇ ਵਰਗੇ ਹਾਲਾਤ ਅੱਗ ਦੇ ਤੇਜ਼ੀ ਨਾਲ ਫੈਲਣ ਦਾ ਕਾਰਨ ਬਣ ਸਕਦੇ ਹਨ। ਬੀ.ਸੀ. ਦੇ ਜੰਗਲਾਂ ਤੋਂ ਇਲਾਵਾ ਉਨਟਾਰੀਓ ਦੇ ਪੂਰਬੀ ਇਲਾਕੇ ਅਤੇ ਕਿਊਬੈਕ […]
By : Editor Editor
ਔਟਵਾ, 11 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਇਸ ਵਾਰ ਵੀ ਜੰਗਲਾਂ ਦੀ ਅੱਗ ਭਾਰੀ ਤਬਾਹੀ ਮਚਾ ਸਕਦੀ ਹੈ। ਵਧੇਰੇ ਖੁਸ਼ਕ ਅਤੇ ਗਰਮ ਮੌਸਮ ਕਾਰਨ ਖਤਰਾ ਵਧਦਾ ਜਾ ਰਿਹਾ ਹੈ ਅਤੇ ਸੋਕੇ ਵਰਗੇ ਹਾਲਾਤ ਅੱਗ ਦੇ ਤੇਜ਼ੀ ਨਾਲ ਫੈਲਣ ਦਾ ਕਾਰਨ ਬਣ ਸਕਦੇ ਹਨ। ਬੀ.ਸੀ. ਦੇ ਜੰਗਲਾਂ ਤੋਂ ਇਲਾਵਾ ਉਨਟਾਰੀਓ ਦੇ ਪੂਰਬੀ ਇਲਾਕੇ ਅਤੇ ਕਿਊਬੈਕ ਦੇ ਦੱਖਣੀ ਇਲਾਕਿਆਂ ਅਪ੍ਰੈਲ ਦੌਰਾਨ ਜੰਗਲਾਂ ਦੀ ਅੱਗ ਭੜਕਣ ਦੇ ਆਸਾਰ ਵਧਦੇ ਜਾ ਰਹੇ ਹਨ। ਫੈਡਰਲ ਸਰਕਾਰ ਵੱਲੋਂ ਦਿਤੀ ਚਿਤਾਵਨੀ ਮੁਤਾਬਕ ਮਈ ਮਹੀਨੇ ਦੌਰਾਨ ਅੱਗ ਦਾ ਖਤਰਾ ਹੋਰ ਵਧ ਜਾਵੇਗਾ।
ਖੁਸ਼ਕ ਅਤੇ ਗਰਮ ਮੌਸਮ ਬਣੇਗਾ ਮੁੱਖ ਕਾਰਨ
ਐਮਰਜੰਸੀ ਤਿਆਰੀਆਂ ਬਾਰੇ ਮੰਤਰੀ ਹਰਜੀਤ ਸਿੰਘ ਸੱਜਣ ਨੇ ਕਿਹਾ ਕਿ ਗਰਮੀਆਂ ਦੇ ਮੌਸਮ ਬਾਰੇ ਬਹੁਤਾ ਅੰਦਾਜ਼ਾ ਲਾਉਣਾ ਸੰਭਵ ਨਹੀਂ ਪਰ ਮੌਜੂਦਾ ਹਾਲਾਤ ਨੂੰ ਵੇਖਦਿਆਂ ਜੰਗਲਾਂ ਦੀ ਅੱਗ ਇਕ ਵੱਡੀ ਚੁਣੌਤੀ ਬਣ ਕੇ ਉਭਰ ਰਹੀ ਹੈ। ਬੀ.ਸੀ. ਦੇ ਉਤਰੀ ਇਲਾਕੇ, ਐਲਬਰਟਾ ਅਤੇ ਨੌਰਥ ਵੈਸਟ ਟੈਰੇਟ੍ਰੀਜ਼ ਵਿਚ ਪਹਿਲਾਂ ਹੀ 70 ਥਾਵਾਂ ’ਤੇ ਅੱਗ ਲੱਗੀ ਹੋਈ ਹੈ। ਬਰਫਬਾਰੀ ਦੀ ਕਮੀ ਅਤੇ ਸਿਆਲ ਦੌਰਾਨ ਤਾਪਮਾਨ ਜ਼ਿਆਦਾ ਰਹਿਣ ਕਰ ਕੇ ਅੱਗ ਲੱਗਣ ਦੀ ਸੂਰਤ ਵਿਚ ਇਸ ਦੇ ਫੈਲਣ ਦਾ ਖਤਰਾ ਬੇਹੱਦ ਵਧ ਗਿਆ ਹੈ। ਦੂਜੇ ਪਾਸੇ ਐਲਬਰਟਾ ਦੇ ਦੱਖਣੀ ਹਿੱਸਿਆਂ ਅਤੇ ਬੀ.ਸੀ. ਦੇ ਕੇਂਦਰੀ ਤੇ ਉਤਰੀ ਇਲਾਕਿਆਂ ਵਿਚ ਗੈਰਸਾਧਾਰਣ ਸੋਕਾ ਪੈਰ ਪਸਾਰ ਰਿਹਾ ਹੈ।
ਬੀ.ਸੀ., ਉਨਟਾਰੀਓ ਅਤੇ ਕਿਊਬੈਕ ਵਿਚ ਸਭ ਤੋਂ ਵੱਧ ਖ਼ਤਰਾ
ਮੌਸਮ ਵਿਗਿਆਨੀ ਡੇਵਿਡ ਫਿਲਿਪਸ ਦਾ ਕਹਿਣਾ ਹੈ ਕਿ ਕੈਨੇਡਾ ਵਿਚ 1948 ਮਗਰੋਂ ਪਹਿਲੀ ਵਾਰ ਦਸੰਬਰ ਤੋਂ ਫਰਵਰੀ ਦਾ ਤਾਪਮਾਨ 5 ਡਿਗਰੀ ਵੱਧ ਰਿਹਾ। ਅਜਿਹੇ ਹਾਲਾਤ ਵਿਚ ਆਉਣ ਵਾਲਾ ਸਮਾਂ ਹੋਰ ਗਰਮ ਅਤੇ ਖੁਸ਼ਕ ਹੋ ਸਕਦਾ ਹੈ। ਦੱਸ ਦੇਈਏ ਕਿ ਪਿਛਲੇ ਸਾਲ ਜੰਗਲਾਂ ਦੀ ਅੱਗ ਬੁਝਾਉਣ ਵਾਸਤੇ ਸਾਢੇ ਪੰਜ ਹਜ਼ਾਰ ਫਾਇਰ ਫਾਈਟਰ ਵਿਦੇਸ਼ਾਂ ਤੋਂ ਮੰਗਵਾਉਣੇ ਪਏ। ਕੁਦਰਤੀ ਸਰੋਤ ਮਾਮਲਿਆਂ ਬਾਰੇ ਮੰਤਰੀ ਜੌਨਾਥਨ ਵਿਲਕਿਨਸਨ ਨੇ ਦੱਸਿਆ ਕਿ ਵੱਖ ਵੱਖ ਮੁਲਕਾਂ ਨਾਲ ਗੱਲਬਾਤ ਦਾ ਸਿਲਸਿਲਾ ਜਾਰੀ ਹੈ ਅਤੇ 600 ਨਵੇਂ ਫਾਇਰ ਫਾਈਟਰਜ਼ ਨੂੰ ਸਿਖਲਾਈ ਵੀ ਦਿਤੀ ਜਾ ਰਹੀ ਹੈ। ਜੰਗਲਾਂ ਦੀ ਅੱਗ ਦਾ ਵਰਤਾਰਾ ਕੈਨੇਡਾ ਵਿਚ ਨਵਾਂ ਨਹੀਂ ਪਰ ਇਸ ਦੀ ਤੀਬਰਤਾ ਤੇਜ਼ ਹੋਣ ਕਾਰਨ ਨੁਕਸਾਨ ਬਹੁਤ ਜ਼ਿਆਦਾ ਹੋ ਰਿਹਾ ਹੈ।