ਕੈਨੇਡਾ ਵਿਚ ਬੇਰੁਜ਼ਗਾਰੀ ਦਰ ਵਧ ਕੇ 6.1 ਫੀ ਸਦੀ ਹੋਈ
ਟੋਰਾਂਟੋ, 6 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਕੈਨੇਡੀਅਨ ਅਰਥਚਾਰੇ ਵਿਚੋਂ ਮਾਰਚ ਮਹੀਨੇ ਦੌਰਾਨ 2,200 ਨੌਕਰੀਆਂ ਖਤਮ ਹੋਈਆਂ ਅਤੇ ਬੇਰੁਜ਼ਗਾਰੀ ਦਰ ਵਧ ਕੇ 6.1 ਫੀ ਦਸੀ ਹੋ ਗਈ। ਰੁਜ਼ਗਾਰ ਦੇ ਸਭ ਤੋਂ ਵੱਧ ਨੁਕਸਾਨ ਵਾਲੇ ਖੇਤਰ ਹੋਟਲ ਅਤੇ ਰੈਸਟੋਰੈਂਟ ਰਹੇ ਜਦਕਿ ਹੋਲਸੇਲ ਅਤੇ ਰਿਟੇਲ ਸੈਕਟਰ ਵਿਚ ਵੀ ਨੌਕਰੀਆਂ ਖਤਮ ਹੋਈਆਂ। ਦੂਜੇ ਪਾਸੇ ਹੈਲਥ ਕੇਅਰ ਅਤੇ ਸਮਾਜਿਕ ਸਹਾਇਤਾ […]
By : Editor Editor
ਟੋਰਾਂਟੋ, 6 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਕੈਨੇਡੀਅਨ ਅਰਥਚਾਰੇ ਵਿਚੋਂ ਮਾਰਚ ਮਹੀਨੇ ਦੌਰਾਨ 2,200 ਨੌਕਰੀਆਂ ਖਤਮ ਹੋਈਆਂ ਅਤੇ ਬੇਰੁਜ਼ਗਾਰੀ ਦਰ ਵਧ ਕੇ 6.1 ਫੀ ਦਸੀ ਹੋ ਗਈ। ਰੁਜ਼ਗਾਰ ਦੇ ਸਭ ਤੋਂ ਵੱਧ ਨੁਕਸਾਨ ਵਾਲੇ ਖੇਤਰ ਹੋਟਲ ਅਤੇ ਰੈਸਟੋਰੈਂਟ ਰਹੇ ਜਦਕਿ ਹੋਲਸੇਲ ਅਤੇ ਰਿਟੇਲ ਸੈਕਟਰ ਵਿਚ ਵੀ ਨੌਕਰੀਆਂ ਖਤਮ ਹੋਈਆਂ। ਦੂਜੇ ਪਾਸੇ ਹੈਲਥ ਕੇਅਰ ਅਤੇ ਸਮਾਜਿਕ ਸਹਾਇਤਾ ਵਰਗੇ ਖੇਤਰਾਂ ਵਿਚ ਰੁਜ਼ਗਾਰ ਦੇ ਮੌਕਿਆਂ ਵਿਚ ਵਾਧਾ ਦਰਜ ਕੀਤਾ ਗਿਆ।
ਮਾਰਚ ਮਹੀਨੇ ਦੌਰਾਨ ਖਤਮ ਹੋਈਆਂ 2,200 ਨੌਕਰੀਆਂ
ਪ੍ਰਤੀ ਘੰਟਾ ਉਜਰਤ ਦਰ ਦਾ ਜ਼ਿਕਰ ਕੀਤਾ ਜਾਵੇ ਤਾਂ ਮਾਰਚ ਮਹੀਨੇ ਦੌਰਾਨ 5.1 ਫੀ ਸਦੀ ਵਾਧਾ ਹੋਇਆ ਅਤੇ ਔਸਤ ਕਮਾਈ 34.81 ਡਾਲਰ ਪ੍ਰਤੀ ਘੰਟਾ ਹੋ ਗਈ। ਆਰਥਿਕ ਮਾਹਰਾਂ ਦਾ ਕਹਿਣਾ ਹੈ ਕਿ ਨੌਕਰੀ ਲੱਭਣ ਵਾਲਿਆਂ ਦੀ ਗਿਣਤੀ ਵਿਚ ਵਾਧੇ ਕਾਰਨ ਬੇਰੁਜ਼ਗਾਰੀ ਦਰ ਉਪਰ ਗਈ ਹੈ। ਆਰ.ਬੀ.ਸੀ. ਦੀ ਇਕ ਰਿਪੋਰਟ ਕਹਿੰਦੀ ਹੈ ਕਿ ਕੈਨੇਡਾ ਦੀ ਵਸੋਂ ਵਿਚ ਹੋ ਰਹੇ ਵਾਧੇ ਕਾਰਨ ਰੁਜ਼ਗਾਰ ਦੀ ਭਾਲ ਵਿਚ ਨਿਕਲਣ ਵਾਲੇ ਕਾਫੀ ਜ਼ਿਆਦਾ ਹੋ ਚੁੱਕੇ ਹਨ। ਇਥੇ ਦਸਣਾ ਬਣਦਾ ਹੈ ਕਿ ਫਰਵਰੀ ਵਿਚ ਬੇਰੁਜ਼ਗਾਰੀ ਦਰ 5.8 ਫੀ ਸਦੀ ਦਰਜ ਕੀਤੀ ਗਈ ਸੀ। ਕਾਰਲਟਨ ਯੂਨੀਵਰਸਿਟੀ ਤੋਂ ਇਕ ਸਾਲ ਪਹਿਲਾਂ ਡਿਗਰੀ ਮੁਕੰਮਲ ਕਰਨ ਵਾਲੇ ਸੂਰਯਾ ਨਰੇਸ਼ਨ ਨੇ ਦੱਸਿਆ ਕਿ ਉਹ 80 ਤੋਂ ਵੱਧ ਥਾਵਾਂ ’ਤੇ ਨੌਕਰੀ ਲਈ ਅਰਜ਼ੀ ਦੇ ਚੁੱਕਾ ਹੈ ਪਰ ਕਿਤੇ ਵੀ ਕੰਮ ਨਹੀਂ ਬਣਿਆ। ਸੂਰਯਾ ਦਾ ਕਹਿਣਾ ਸੀ ਕਿ ਉਸ ਨੇ ਟੈਕਨੀਕਲ ਡਿਗਰੀ ਵਾਸਤੇ ਮੋਟੀ ਫੀਸ ਅਦਾ ਕੀਤੀ ਪਰ ਨੌਕਰੀ ਦੂਰ ਦੂਰ ਤੱਕ ਨਜ਼ਰ ਨਹੀਂ ਆ ਰਹੀ। ਕੈਨੇਡਾ ਵਿਚ ਬਗੈਰ ਰੁਜ਼ਗਾਰ ਤੋਂ ਕੁਝ ਹਫਤੇ ਵੀ ਕੱਢਣੇ ਮੁਸ਼ਕਲ ਹੋ ਜਾਂਦੇ ਹਨ ਪਰ ਸੂਰਯਾ ਦੇ ਮਾਮਲੇ ਵਿਚ ਇਕ ਸਾਲ ਦਾ ਸਮਾਂ ਲੰਘ ਚੁੱਕਾ ਹੈ।
ਪ੍ਰਤੀ ਘੰਟਾ ਉਜਰਤ ਦਰ ਵਿਚ ਹੋਇਆ 5.1 ਫੀ ਸਦੀ ਵਾਧਾ
ਉਹ ਆਪਣਾ ਖਰਚਾ ਚਲਾਉਣ ਲਈ ਛੋਟੀਆਂ ਮੋਟੀਆਂ ਨੌਕਰੀਆਂ ਕਰਨ ਵਾਸਤੇ ਮਜਬੂਰ ਹੈ। ਆਰ.ਬੀ.ਸੀ. ਦੀ ਇਕੌਨੋਮਿਸਟ ਕੈਰੀ ਫਰੀਸਟੋਨ ਦਾ ਕਹਿਣਾ ਸੀ ਕਿ ਰੁਜ਼ਗਾਰ ਦੇ ਮੌਕਿਆਂ ਵਿਚ ਕਮੀ ਦਾ ਸਭ ਤੋਂ ਵੱਧ ਅਸਰ 15 ਤੋਂ 24 ਸਾਲ ਦੇ ਨੌਜਵਾਨਾਂ ’ਤੇ ਪੈ ਰਿਹਾ ਹੈ। ਦਸੰਬਰ 2022 ਮਗਰੋਂ ਇਸ ਵਰਗ ਵਿਚ ਰੁਜ਼ਗਾਰ ਦੇ ਮੌਕੇ ਤੇਜ਼ੀ ਨਾਲ ਨਹੀਂ ਵਧ ਸਕੇ। ਕਈ ਯੂਨੀਵਰਸਿਟੀ ਗ੍ਰੈਜੁਏਟ ਅਤੇ ਹਾਈ ਸਕੂਲ ਪਾਸ ਕਰਨ ਵਾਲੇ ਰੁਜ਼ਗਾਰ ਵਾਸਤੇ ਸੰਘਰਸ਼ ਕਰ ਰਹੇ ਹਨ। ਕੈਨੇਡੀਅਨ ਵਸੋਂ 1957 ਮਗਰੋਂ ਪਹਿਲੀ ਵਾਰ ਐਨੀ ਤੇਜ਼ੀ ਨਾਲ ਵਧੀ ਹੈ ਜਦਕਿ ਰੁਜ਼ਗਾਰ ਦੇ ਮੌਕੇ ਇਸ ਰਫਤਾਰ ਨਾਲ ਵਧਾਏ ਨਹੀਂ ਜਾ ਸਕੇ। ਉਧਰ ਸੂਰਯਾ ਦਾ ਕਹਿਣਾ ਸੀ ਕਿ ਬਿਹਤਰ ਨੌਕਰੀ ਵਾਸਤੇ ਉਸ ਨੂੰ ਹੋਰ ਪੜ੍ਹਨਾ ਪਵੇਗਾ ਤਾਂ ਹੀ ਆਪਣੇ ਖੇਤਰ ਦੇ ਹੋਰਨਾਂ ਨੌਜਵਾਨਾਂ ਦਾ ਮੁਕਾਬਲਾ ਕਰ ਸਕੇਗਾ। ਜੇ ਫਿਰ ਵੀ ਨੌਕਰੀ ਨਾ ਮਿਲੀ ਤਾਂ ਅਮਰੀਕਾ ਜਾਣਾ ਹੀ ਉਸ ਵਾਸਤੇ ਇਕੋ ਇਕ ਰਾਹ ਬਾਕੀ ਬਚਦਾ ਹੈ।