‘ਕੈਨੇਡਾ ਵਾਲਿਆਂ ’ਤੇ ਪਵੇਗਾ ਟੈਕਸਾਂ ਦਾ ਨਵਾਂ ਬੋਝ’
ਟੋਰਾਂਟੋ, 15 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਦਾ ਬਜਟ ਮੁਲਕ ਦੇ ਲੋਕਾਂ ਉਤੇ ਟੈਕਸਾਂ ਦਾ ਨਵਾਂ ਬੋਝ ਲੈ ਕੇ ਆ ਰਿਹਾ ਹੈ। ਜੀ ਹਾਂ, ਆਰਥਿਕ ਮਾਹਰਾਂ ਨੇ ਇਹ ਦਾਅਵਾ ਕਰਦਿਆਂ ਕਿਹਾ ਹੈ ਕਿ ਫੈਡਰਲ ਸਰਕਾਰ ਵੱਲੋਂ ਆਰੰਭੀਆਂ ਵੱਖ ਵੱਖ ਯੋਜਨਾਵਾਂ ਕਰ ਕੇ ਸਰਕਾਰੀ ਖ਼ਜ਼ਾਨੇ ’ਤੇ 38 ਅਰਬ ਡਾਲਰ ਦਾ ਵਾਧੂ ਬੋਝ ਪਿਆ ਹੈ ਅਤੇ ਅਜਿਹੇ […]
By : Editor Editor
ਟੋਰਾਂਟੋ, 15 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਦਾ ਬਜਟ ਮੁਲਕ ਦੇ ਲੋਕਾਂ ਉਤੇ ਟੈਕਸਾਂ ਦਾ ਨਵਾਂ ਬੋਝ ਲੈ ਕੇ ਆ ਰਿਹਾ ਹੈ। ਜੀ ਹਾਂ, ਆਰਥਿਕ ਮਾਹਰਾਂ ਨੇ ਇਹ ਦਾਅਵਾ ਕਰਦਿਆਂ ਕਿਹਾ ਹੈ ਕਿ ਫੈਡਰਲ ਸਰਕਾਰ ਵੱਲੋਂ ਆਰੰਭੀਆਂ ਵੱਖ ਵੱਖ ਯੋਜਨਾਵਾਂ ਕਰ ਕੇ ਸਰਕਾਰੀ ਖ਼ਜ਼ਾਨੇ ’ਤੇ 38 ਅਰਬ ਡਾਲਰ ਦਾ ਵਾਧੂ ਬੋਝ ਪਿਆ ਹੈ ਅਤੇ ਅਜਿਹੇ ਵਿਚ ਵਹੀ-ਖਾਤੇ ਸੰਤੁਲਤ ਰੱਖਣ ਲਈ ਟੈਕਸ ਵਧਾਉਣ ਤੋਂ ਸਿਵਾਏ ਕੋਈ ਚਾਰਾ ਨਹੀਂ ਬਚਦਾ। ਸੀ.ਬੀ.ਸੀ. ਦੀ ਰਿਪੋਰਟ ਮੁਤਾਬਕ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਦਾ ਮੰਨਣਾ ਹੈ ਕਿ ਮੌਜੂਦਾ ਵਰ੍ਹੇ ਦੇ ਬਜਟ ਦੌਰਾਨ ਘਾਟਾ ਨਹੀਂ ਵਧੇਗਾ ਅਤੇ ਕੈਨੇਡੀਅਨ ਅਰਥਚਾਰਾ ਹੁਣ ਤੱਕ ਰਿਸੈਸ਼ਨ ਪਛਾੜਨ ਵਿਚ ਸਫਲ ਰਿਹਾ ਹੈ। ਪਰ ਵਿਕਾਸ ਦੀ ਰਫ਼ਤਾਰ ਜ਼ਿਆਦਾ ਨਾ ਹੋਣ ਕਾਰਨ ਸਰਕਾਰ ਕੋਲ ਆਮਦਨ ਦੇ ਸਰੋਤਾਂ ਵਿਚ ਵਾਧਾ ਕਰਨ ਖਾਤਰ ਬਦਲਵੇਂ ਉਪਾਅ ਕਰਨ ਦਾ ਦਬਾਅ ਵੀ ਨਜ਼ਰ ਆ ਰਿਹਾ ਹੈ।
ਆਰਥਿਕ ਮਾਹਰਾਂ ਨੇ ਕੀਤੀ ਭਵਿੱਖਬਾਣੀ
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਸਾਬਕਾ ਪ੍ਰਧਾਨ ਮੰਤਰੀ ਪੌਲ ਮਾਰਟਿਨ ਦੇ ਸਲਾਹਕਾਰ ਰਹਿ ਚੁੱਕੇ ਅਤੇ ਇਸ ਵੇਲੇ ਬਿਜ਼ਨਸ ਕੌਂਸਲ ਆਫ ਕੈਨੇਡਾ ਦੇ ਸੀਨੀਅਰ ਵਾਇਸ ਪ੍ਰੈਜ਼ੀਡੈਂਟ ਰੌਬਰਟ ਐਸਲਿਨ ਨੇ ਕਿਹਾ, ‘‘ਮੈਨੂੰ ਪੱਕਾ ਯਕੀਨ ਹੈ ਸਰਕਾਰ ਆਪਣੀ ਆਮਦਨ ਵਧਾਉਣ ਦੇ ਯਤਨ ਕਰੇਗੀ ਤਾਂਕਿ ਖਰਚਿਆਂ ਵਾਸਤੇ ਲੋੜੀਂਦੀ ਰਕਮ ਦਾ ਪ੍ਰਬੰਧ ਕੀਤਾ ਜਾ ਸਕੇ। ਸਮੱਸਿਆ ਇਥੇ ਹੀ ਖਤਮ ਨਹੀਂ ਹੁੰਦੀ ਕਿਉਂਕਿ ਅਮੀਰਾਂ ਜਾਂ ਵੱਡੀਆਂ ਕਾਰਪੋਰੇਸ਼ਨਾਂ ’ਤੇ ਟੈਕਸ ਵਧਾਉਣ ਦੀ ਯੋਜਨਾ ਅਕਸਰ ਕਾਰਗਰ ਸਾਬਤ ਨਹੀਂ ਹੁੰਦੀ।’’ ਦੂਜੇ ਪਾਸੇ ਇਕ ਹੋਰ ਆਰਥਿਕ ਮਾਹਰ ਜੇਮਜ਼ ਥੌਰਨ ਦਾ ਵੀ ਮੰਨਣਾ ਹੈ ਕਿ ਫੈਡਰਲ ਸਰਕਾਰ ਟੈਕਸਾਂ ਵਿਚ ਲਾਜ਼ਮੀ ਵਾਧਾ ਕਰੇਗੀ ਪਰ ਇਸ ਵਾਸਤੇ ਜਲੇਬੀ ਵਰਗੇ ਰਾਹ ਅਖਤਿਆਰ ਕੀਤੇ ਜਾ ਸਕਦੇ ਹਨ।
ਮੰਗਲਵਾਰ ਦੇ ਬਜਟ ਵਿਚ ਐਲਾਨੇ ਜਾ ਸਕਦੇ ਨੇ ਨਵੇਂ ਟੈਕਸ
ਉਨ੍ਹਾਂ ਕਿਹਾ ਕਿ ਵਹੀ ਖਾਤਿਆਂ ਦੇ ਮਾਮਲੇ ਵਿਚ ਸਰਕਾਰ ਸੂਝ ਬੂਝ ਨਾਲ ਕਦਮ ਉਠਾਏ ਜਾਣ ਦੇ ਦਾਅਵੇ ਕਰ ਰਹੀ ਹੈ। ਪਰ ਇਸ ਦੇ ਨਾਲ ਹੀ ਵਿਆਜ ਦਰਾਂ ਨੂੰ ਹੇਠਾਂ ਲਿਆਉਣਾ ਵੀ ਜ਼ਰੂਰੀ ਹੈ ਜਿਸ ਨਾਲ ਲੋਕਾਂ ਦੇ ਰਹਿਣ ਸਹਿਣ ਦੇ ਖਰਚਿਆਂ ਵਿਚ ਕੁਝ ਕਮੀ ਆ ਸਕਦੀ ਹੈ। ਇਸੇ ਦੌਰਾਨ ਸੂਤਰਾਂ ਦਾ ਕਹਿਣਾ ਹੈ ਕਿ ਖੁਦ ਸਰਕਾਰ ਚਾਹੁੰਦੀ ਹੈ ਕਿ ਬੈਂਕ ਆਫ ਕੈਨੇਡਾ ਨੂੰ ਮਹਿੰਗਾਈ ਹੇਠਾਂ ਆਉਣ ਦੀ ਉਡੀਕ ਕੀਤੇ ਬਗੈਰ ਵਿਆਜ ਦਰਾਂ ਵਿਚ ਕਟੌਤੀ ਕਰ ਦੇਣੀ ਚਾਹੀਦੀ ਹੈ। ਮਹਿੰਗਾਈ ਨਾਲ ਸਬੰਧਤ ਅੰਕੜੇ ਮੰਗਲਵਾਰ ਨੂੰ ਜਾਰੀ ਹੋਣਗੇ ਅਤੇ ਇਨ੍ਹਾਂ ਇਕ ਪਾਸੇ ਰੱਖ ਕੇ ਵਿਆਜ ਦਰਾਂ ਵਿਚ ਪਹਿਲੀ ਕਟੌਤੀ ਦਾ ਐਲਾਨ ਜੂਨ ਵਿਚ ਹੋ ਜਾਣਾ ਚਾਹੀਦਾ ਹੈ।