ਕੈਨੇਡਾ ਦੇ ਕਾਰ ਚੋਰਾਂ ਵਿਰੁੱਧ ਸਖ਼ਤ ਕਾਰਵਾਈ ਕਰੇਗੀ ਸਰਕਾਰ
ਬਰੈਂਪਟਨ, 21 ਮਈ (ਵਿਸ਼ੇਸ਼ ਪ੍ਰਤੀਨਿਧ) : ਕਾਰ ਚੋਰੀ ਦੀਆਂ ਵਾਰਦਾਤਾਂ ਨਾਲ ਨਜਿੱਠਣ ਲਈ ਕੈਨੇਡਾ ਸਰਕਾਰ ਵੱਲੋਂ ਸੋਮਵਾਰ ਨੂੰ ਕੌਮੀ ਕਾਰਜ ਯੋਜਨਾ ਪੇਸ਼ ਕੀਤੀ ਗਈ। ਉਪ ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਬਰੈਂਪਟਨ ਵਿਖੇ ਇਕ ਸਮਾਗਮ ਦੌਰਾਨ ਕਿਹਾ ਕਿ ਪਿਛਲੇ ਕੁਝ ਵਰਿ੍ਹਆਂ ਦੌਰਾਨ ਪੂਰੇ ਮੁਲਕ ਵਿਚ ਕਾਰ ਚੋਰੀ ਦੇ ਮਾਮਲੇ ਅਣਕਿਆਸੇ ਤਰੀਕੇ ਨਾਲ ਵਧ ਗਏ ਅਤੇ ਉਨਟਾਰੀਓ […]
By : Editor Editor
ਬਰੈਂਪਟਨ, 21 ਮਈ (ਵਿਸ਼ੇਸ਼ ਪ੍ਰਤੀਨਿਧ) : ਕਾਰ ਚੋਰੀ ਦੀਆਂ ਵਾਰਦਾਤਾਂ ਨਾਲ ਨਜਿੱਠਣ ਲਈ ਕੈਨੇਡਾ ਸਰਕਾਰ ਵੱਲੋਂ ਸੋਮਵਾਰ ਨੂੰ ਕੌਮੀ ਕਾਰਜ ਯੋਜਨਾ ਪੇਸ਼ ਕੀਤੀ ਗਈ। ਉਪ ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਬਰੈਂਪਟਨ ਵਿਖੇ ਇਕ ਸਮਾਗਮ ਦੌਰਾਨ ਕਿਹਾ ਕਿ ਪਿਛਲੇ ਕੁਝ ਵਰਿ੍ਹਆਂ ਦੌਰਾਨ ਪੂਰੇ ਮੁਲਕ ਵਿਚ ਕਾਰ ਚੋਰੀ ਦੇ ਮਾਮਲੇ ਅਣਕਿਆਸੇ ਤਰੀਕੇ ਨਾਲ ਵਧ ਗਏ ਅਤੇ ਉਨਟਾਰੀਓ ਸਭ ਤੋਂ ਜ਼ਿਆਦਾ ਪ੍ਰਭਾਵਤ ਹੋਇਆ। ਹਾਲਾਤ ਦੇ ਮੱਦੇਨਜ਼ਰ ਕੌਮੀ ਯੋਜਨਾ ਅਧੀਨ ਐਨਫੋਰਸਮੈਂਟ ਏਜੰਸੀਆਂ ਵਾਸਤੇ ਵਾਧੂ ਫੰਡਜ਼ ਮੁਹੱਈਆ ਕਰਵਾਏ ਜਾਣਗੇ ਅਤੇ ਕਾਨੂੰਨ ਵਿਚ ਤਬਦੀਲੀ ਸਣੇ ਇੰਟਰਪੋਲ ਨਾਲ ਤਾਲਮੇਲ ਵਧਾਇਆ ਜਾਵੇਗਾ।
ਬਰੈਂਪਟਨ ਵਿਖੇ ਸਮਾਗਮ ਦੌਰਾਨ ਪੇਸ਼ ਕੀਤੀ ਕੌਮੀ ਕਾਰਜ ਯੋਜਨਾ
ਕੌਮੀ ਕਾਰਜ ਯੋਜਨਾ ਦਾ ਐਲਾਨ ਕਰਨ ਮੌਕੇ ਲੋਕ ਸੁਰੱਖਿਆ ਮੰਤਰੀ ਡੌਮੀਨਿਕ ਲੀਬਲੈਂਕ, ਨਿਆਂ ਮੰਤਰੀ ਆਰਿਫ ਵੀਰਾਨੀ ਅਤੇ ਬਰੈਂਪਟਨ ਦੇ ਐਮ.ਪੀਜ਼ ਸਣੇ ਮੇਅਰ ਪੈਟ੍ਰਿਕ ਬ੍ਰਾਊਨ ਵੀ ਮੌਜੂਦ ਰਹੇ। ਡੌਮੀਨਿਕ ਲੀਬਲੈਂਕ ਨੇ ਦੱਸਿਆ ਕਿ ਆਰ.ਸੀ.ਐਮ.ਪੀ. ਅਤੇ ਇੰਟਰਪੋਲ ਦਰਮਿਆਨ ਜਾਣਕਾਰੀ ਸਾਂਝੀ ਹੋਣ ਦੇ ਛੇ ਹਫਤਿਆਂ ਅੰਦਰ ਕੈਨੇਡਾ ਤੋਂ ਚੋਰੀ ਹੋਈਆਂ ਇਕ ਹਜ਼ਾਰ ਕਾਰਾਂ ਬਾਰੇ ਪਤਾ ਲੱਗਾ। ਇਸ ਤੋਂ ਇਲਾਵਾ ਪੁਲਿਸ ਮੌਜੂਦਾ ਵਰ੍ਹੇ ਦੌਰਾਨ 1200 ਚੋਰੀ ਹੋਈਆਂ ਗੱਡੀਆਂ ਬਰਾਮਦ ਕਰ ਚੁੱਕੀ ਹੈ। ਨਿਆਂ ਮੰਤਰੀ ਆਰਿਫ ਵੀਰਾਨੀ ਦਾ ਕਹਿਣਾ ਸੀ ਕਿ ਜਲਦ ਨਵਾਂ ਕਾਨੂੰਨ ਲਿਆਂਦਾ ਜਾ ਰਿਹਾ ਹੈ ਅਤੇ ਹਰ ਪਾਰੀ ਇਸ ਬਾਰੇ ਆਪਣੀ ਰਾਏ ਦਰਜ ਕਰਵਾ ਸਕਦੀ ਹੈ। ਉਧਰ ਕੰਜ਼ਰਵੇਟਿਵ ਪਾਰਟੀ ਨੇ ਕਾਰ ਚੋਰੀ ਦੇ ਮਾਮਲਿਆਂ ਦੀ ਨਿਖੇਧੀ ਕਰਦਿਆਂ ਆਪਣੀ ਯੋਜਨਾ ਪੇਸ਼ ਕਰ ਦਿਤੀ ਅਤੇ ਲਿਬਰਲ ਪਾਰਟੀ ਨੂੰ ਰੱਜ ਕੇ ਭੰਡਿਆ। ਪਾਰਟੀ ਦੇ ਬੁਲਾਰੇ ਸਬੈਸਟੀਅਨ ਸਕੈਮਸਕੀ ਨੇ ਕਿਹਾ ਕਿ ਜਸਟਿਨ ਟਰੂਡੋ ਦੀਆਂ ਨੀਤੀਆਂ ਦਾ ਸਿੱਟਾ ਕੈਨੇਡੀਅਨਜ਼ ਨੂੰ ਭੁਗਤਣਾ ਪੈ ਰਿਹਾ ਹੈ। ਕਾਰ ਚੋਰੀ ਦੀਆਂ ਵਾਰਦਾਤਾਂ ਬੇਕਾਬੂ ਹੋ ਚੁੱਕੀਆਂ ਹਨ ਅਤੇ ਕੰਜ਼ਰਵੇਟਿਵ ਪਾਰਟੀ ਹੀ ਇਨ੍ਹਾਂ ਨੂੰ ਠੱਲ੍ਹ ਪਾ ਸਕਦੀ ਹੈ।
ਆਰ.ਸੀ.ਐਮ.ਪੀ. ਨੇ ਇੰਟਰਪੋਲ ਨਾਲ ਤਾਲਮੇਲ ਵਧਾਇਆ
ਇਥੇ ਦਸਣਾ ਬਣਦਾ ਹੈ ਕਿ 2023 ਵਿਚ ਚੋਰੀ ਹੋਈਆਂ ਗੱਡੀਆਂ ਲਈ ਬੀਮੇ ਦੇ ਦਾਅਵਿਆਂ ਦੀ ਰਕਮ ਡੇਢ ਅਰਬ ਡਾਲਰ ਤੱਕ ਪੁੱਜ ਗਈ ਅਤੇ 2018 ਮਗਰੋਂ ਇਸ ਵਿਚ 254 ਫੀ ਸਦੀ ਵਾਧਾ ਹੋ ਚੁੱਕਾ ਹੈ। ਦੂਜੇ ਪਾਸੇ ਆਰ.ਸੀ.ਐਮ.ਪੀ. ਦੇ ਮੁਖੀ ਮਾਈਕਲ ਡਹੀਮ ਨੇ ਕਾਰ ਕੰਪਨੀਆਂ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਕਰਦਿਆਂ ਗੱਡੀ ਚੋਰੀ ਦੀਆਂ ਵਾਰਦਾਤਾਂ ਰੋਕਣ ਵਾਸਤੇ ਉਪਾਅ ਕਰਨ ਦਾ ਸੱਦਾ ਦਿਤਾ। ਆਰ.ਸੀ.ਐਮ.ਪੀ. ਦੇ ਕਮਿਸ਼ਨਰ ਨੇ ਦਾਅਵਾ ਕੀਤਾ ਕਿ ਕਾਰ ਕੰਪਨੀਆਂ ਆਪਣੇ ਪੱਧਰ ’ਤੇ ਬਿਹਤਰ ਉਪਾਅ ਕਰਨ ਦੇ ਯਤਨ ਕਰ ਰਹੀਆਂ ਹਨ। ਮਾਈਕਲ ਡਹੀਮ ਨੇ ਆਖਿਆ ਕਿ ਕਾਰ ਨਿਰਮਾਤਾ, ਇਸ ਸਮੱਸਿਆ ਨੂੰ ਚੰਗੀ ਤਰ੍ਹਾਂ ਸਮਝਦੇ ਹਨ ਪਰ ਇਥੇ ਸਾਂਝੇ ਯਤਨਾਂ ਰਾਹੀਂ ਹੀ ਸਫਲਤਾ ਯਕੀਨੀ ਬਣਾਈ ਜਾ ਸਕਦੀ ਹੈ। ਮਿਸਾਲ ਵਜੋਂ ਜੇ ਇਕ ਖਾਸ ਕੰਪਨੀ ਦੀ ਕਾਰ ਲਗਾਤਾਰ ਚੋਰੀ ਹੋ ਰਹੀ ਹੈ ਤਾਂ ਲੋਕ ਇਸ ਨੂੰ ਖਰੀਦਣਾ ਬੰਦ ਕਰ ਦੇਣਗੇ ਅਤੇ ਕੰਪਨੀ ਦਾ ਵੱਡਾ ਨੁਕਸਾਨ ਹੋ ਸਕਦਾ ਹੈ।