ਕੈਨੇਡਾ ’ਚ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਨੂੰ ਮਿਲੀ ਵੱਡੀ ਰਾਹਤ
ਟੋਰਾਂਟੋ, 12 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਨੂੰ ਕਰਜ਼ਾ ਉਤਾਰਨ ਵਾਸਤੇ 30 ਸਾਲ ਦਾ ਸਮਾਂ ਮਿਲੇਗਾ। ਜੀ ਹਾਂ, ਟਰੂਡੋ ਸਰਕਾਰ ਵੱਲੋਂ ਰਿਹਾਇਸ਼ ਸੰਕਟ ਦੇ ਮੱਦੇਨਜ਼ਰ ਵੱਡੀ ਰਾਹਤ ਦਾ ਐਲਾਨ ਕੀਤਾ ਗਿਆ ਪਰ ਇੰਸ਼ੋਰਡ ਮੌਰਗੇਜ ਵਾਲਾ ਮਕਾਨ ਨਵਾਂ ਹੋਣ ਦੀ ਸ਼ਰਤ ਵੀ ਲਾਗੂ ਕੀਤੀ ਗਈ ਹੈ। ਟਰੂਡੋ ਸਰਕਾਰ ਦੇ ਇਸ […]
By : Editor Editor
ਟੋਰਾਂਟੋ, 12 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਨੂੰ ਕਰਜ਼ਾ ਉਤਾਰਨ ਵਾਸਤੇ 30 ਸਾਲ ਦਾ ਸਮਾਂ ਮਿਲੇਗਾ। ਜੀ ਹਾਂ, ਟਰੂਡੋ ਸਰਕਾਰ ਵੱਲੋਂ ਰਿਹਾਇਸ਼ ਸੰਕਟ ਦੇ ਮੱਦੇਨਜ਼ਰ ਵੱਡੀ ਰਾਹਤ ਦਾ ਐਲਾਨ ਕੀਤਾ ਗਿਆ ਪਰ ਇੰਸ਼ੋਰਡ ਮੌਰਗੇਜ ਵਾਲਾ ਮਕਾਨ ਨਵਾਂ ਹੋਣ ਦੀ ਸ਼ਰਤ ਵੀ ਲਾਗੂ ਕੀਤੀ ਗਈ ਹੈ। ਟਰੂਡੋ ਸਰਕਾਰ ਦੇ ਇਸ ਕਦਮ ਦਾ ਸਵਾਗਤ ਕੀਤਾ ਜਾ ਰਿਹਾ ਹੈ ਅਤੇ ਹਾਊਸਿੰਗ ਸੈਕਟਰ ਦੇ ਕੁਝ ਮਾਹਰਾਂ ਦਾ ਕਹਿਣਾ ਹੈ ਕਿ ਇਹ ਸਹੂਲਤ ਮਕਾਨ ਖਰੀਦਣ ਦੇ ਇੱਛਕ ਹਰ ਕੈਨੇਡੀਅਨ ਨੂੰ ਮਿਲਣੀ ਚਾਹੀਦੀ ਹੈ।
ਉਤਾਰਨ ਲਈ ਮਿਲੇਗਾ 30 ਸਾਲ ਦਾ ਸਮਾਂ
ਨਵੇਂ ਨਿਯਮ ਪਹਿਲੀ ਅਗਸਤ ਤੋਂ ਲਾਗੂ ਹੋਣਗੇ। ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਟੋਰਾਂਟੋ ਵਿਖੇ ਤਾਜ਼ਾ ਐਲਾਨ ਕਰਦਿਆਂ ਕਿਹਾ ਕਿ ਮਕਾਨ ਕਿਰਾਇਆਂ ਅਤੇ ਘਰਾਂ ਦੀਆਂ ਕੀਮਤਾਂ ਵਿਚ ਹੋ ਰਹੇ ਵਾਧੇ ਕਰ ਕੇ ਨੌਜਵਾਨ ਕੈਨੇਡੀਅਨ ਦੁਚਿੱਤੀ ਵਿਚ ਫਸੇ ਹੋਏ ਹਨ ਪਰ ਕਰਜ਼ਾ ਉਤਾਰਨ ਲਈ ਪੰਜ ਸਾਲ ਦਾ ਵਾਧੂ ਸਮਾਂ ਉਨ੍ਹਾਂ ਦੀਆਂ ਸਮੱਸਿਆਵਾਂ ਹੱਲ ਕਰ ਸਕਦਾ ਹੈ। ਇਥੇ ਦਸਣਾ ਬਣਦਾ ਹੈ ਕਿ ਮੌਜੂਦਾ ਨਿਯਮਾਂ ਤਹਿਤ ਜੇ ਡਾਊਨ ਪੇਮੈਂਟ, ਮਕਾਨ ਦੀ ਕੀਮਤ ਦਾ 20 ਫੀ ਸਦੀ ਤੋਂ ਘੱਟ ਬਣਦੀ ਹੈ ਤਾਂ ਕਰਜ਼ਾ ਲੈਣ ਵਾਲੇ ਨੂੰ ਕਿਸ਼ਤਾਂ ਮੋੜਨ ਵਾਸਤੇ ਵੱਧ ਤੋਂ ਵੱਧ 25 ਸਾਲ ਦਾ ਸਮਾਂ ਮਿਲਦਾ ਹੈ। ਕ੍ਰਿਸਟੀਆ ਫਰੀਲੈਂਡ ਨੇ ਅੱਗੇ ਕਿਹਾ ਕਿ ਕਰਜ਼ੇ ਦੀ ਮਿਆਦ ਲੰਮੀ ਹੋਣ ਨਾਲ ਮਹੀਨਾਵਾਰ ਕਿਸ਼ਤਾਂ ਘਟ ਜਾਣਗੀਆਂ ਅਤੇ ਲੋਕਾਂ ਦਾ ਘਰ ਖਰੀਦਣ ਦਾ ਸੁਪਨਾ ਜਲਦ ਪੂਰਾ ਹੋ ਸਕੇਗਾ।
ਕਰਜ਼ਾਕਿਸ਼ਤ ਦੀ ਰਕਮ ਘਟੇਗੀ, ਕਰਜ਼ਾ ਮੋੜਨਾ ਹੋਵੇਗਾ ਸੌਖਾ
ਦੂਜੇ ਪਾਸੇ ਮੌਰਗੇਜ ਪ੍ਰੋਫੈਸ਼ਨਲਜ਼ ਕੈਨੇਡਾ ਦੀ ਮੁੱਖ ਕਾਰਜਕਾਰੀ ਅਫਸਰ ਲੌਰਨ ਵੈਨ ਡੈਨ ਬਰਗ ਨੇ ਟਰੂਡੋ ਸਰਕਾਰ ਦੇ ਫੈਸਲੇ ਨੂੰ ਸਹੀ ਦਿਸ਼ਾ ਵਿਚ ਉਠਾਇਆ ਕਦਮ ਕਰਾਰ ਦਿਤਾ ਅਤੇ ਕਿਹਾ ਕਿ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਦਾ ਹੱਥ ਸੌਖਾ ਹੋ ਜਾਵੇਗਾ। ਪਰ ਇਸ ਦੇ ਨਾਲ ਹੀ ਸਰਕਾਰ ਨੂੰ ਚਾਹੀਦਾ ਹੈ ਕਿ ਇਹ ਸਹੂਲਤ ਹੋਰਨਾਂ ਖਰੀਦਾਰਾਂ ਨੂੰ ਵੀ ਮੁਹੱਈਆ ਕਰਵਾਈ ਜਾਵੇ। ਇਸੇ ਦੌਰਾਨ ਰੇਟਸ ਡਾਟ ਸੀ.ਏ. ਵਿਚ ਮੌਰਗੇਜ ਅਤੇ ਰੀਅਲ ਅਸਟੇਟ ਦੇ ਮਾਹਰ ਵਿਕਟਰ ਟਰੈਨ ਦਾ ਵੀ ਕਹਿਣਾ ਸੀ ਕਿ ਯੋਗਤਾਂ ਸ਼ਰਤਾਂ ਵਿਚ ਢਿੱਲ ਦਿਤੀ ਜਾਵੇ। ਉਨ੍ਹਾਂ ਕਿਹਾ ਕਿ ਵੈਨਕੂਵਰ ਅਤੇ ਟੋਰਾਂਟੋ ਵਿਚ ਘਰਾਂ ਦੀਆਂ ਕੀਮਤਾਂ ਬਹੁਤ ਜ਼ਿਆਦਾ ਵਧ ਚੁੱਕੀਆਂ ਹਨ ਅਤੇ ਜ਼ਿਅਦਾਤਰ ਖਰੀਦਾਰ ਬਗੈਰ ਬੀਮੇ ਵਾਲਾ ਮੌਰਗੇਜ ਹੀ ਲੈਂਦੇ ਹਨ। ਇਸ ਦੇ ਉਲਟ ਕੈਨੇਡੀਅਨ ਹੋਮ ਬਿਲਡਰਜ਼ ਐਸੋਸੀਏਸ਼ਨ ਦੇ ਮੁੱਖ ਕਾਰਜਕਾਰੀ ਅਫਸਰ ਕੈਵਿਨ ਲੀ ਨੇ ਆਖਿਆ ਕਿ ਫੈਡਰਲ ਸਰਕਾਰ ਦਾ ਨਵਾਂ ਨਿਯਮ ਲਾਹੇਵੰਦ ਸਾਬਤ ਹੋਵੇਗਾ ਕਿਉਂਕਿ ਇਸ ਤਰੀਕੇ ਨਾਲ ਨਵੇਂ ਮਕਾਨਾਂ ਦੀ ਉਸਾਰੀ ਵਿਚ ਤੇਜ਼ੀ ਆਵੇਗੀ।
1 ਅਗਸਤ ਤੋਂ ਲਾਗੂ ਹੋਣਗੇ ਨਵੇਂ ਨਿਯਮ
ਉਨ੍ਹਾਂ ਕਿਹਾ ਕਿ ਅਗਲੇ 10 ਸਾਲ ਦੌਰਾਨ 58 ਲੱਖ ਨਵੇਂ ਘਰਾਂ ਦੀ ਉਸਾਰੀ ਦਾ ਟੀਚਾ ਅਜਿਹੀਆਂ ਯੋਜਨਾਵਾਂ ਨਾਲ ਹੀ ਪੂਰਾ ਕੀਤਾ ਜਾ ਸਕਦਾ ਹੈ। ਸਭ ਤੋਂ ਅਹਿਮ ਗੱਲ ਇਹ ਹੈ ਕਿ ਮਕਾਨ ਕਿਰਾਇਆਂ ਵਿਚ ਹੋ ਰਹੇ ਤੇਜ਼ ਵਾਧੇ ਨੂੰ ਰੋਕਿਆ ਜਾ ਸਕੇਗਾ। ਉਧਰ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਨਾਲੋ ਨਾਲ ਇਕ ਹੋਰ ਐਲਾਨ ਕਰ ਦਿਤਾ। ਉਨ੍ਹਾਂ ਕਿਹਾ ਕਿ ਪਹਿਲੀ ਵਾਰ ਘਰ ਖਰੀਦਣ ਦੇ ਇੱਛਕ ਲੋਕ ਆਪਣੇ ਰਜਿਸਟਰਡ ਰਿਟਾਇਰਮੈਂਟ ਸੇਵਿੰਗ ਪਲੈਨ ਵਿਚੋਂ 60 ਹਜ਼ਾਰ ਡਾਲਰ ਕਢਵਾ ਸਕਣਗੇ। ਹੁਣ ਤੱਕ 35 ਹਜ਼ਾਰ ਡਾਲਰ ਹੀ ਕਢਵਾਏ ਜਾ ਸਕਦੇ ਸਨ। ਇਥੇ ਦਸਣਾ ਬਣਦਾ ਹੈ ਕਿ ਫੈਡਰਲ ਸਰਕਾਰ ਵੱਲੋਂ ਕੈਨੇਡੀਅਨ ਮੌਰਗੇਜ ਚਾਰਟਰ ਵਿਚ ਤਬਦੀਲੀਆਂ ਕਰਨ ਦਾ ਐਲਾਨ ਕੀਤਾ ਗਿਆ ਹੈ ਜਿਨ੍ਹਾਂ ਦੇ ਆਧਾਰ ਪਹਿਲਾਂ ਘਰ ਕਰਜ਼ੇ ਦੀਆਂ ਕਿਸ਼ਤਾਂ ਅਦਾ ਕਰ ਰਹੇ ਲੋਕਾਂ ਨੂੰ ਲੰਮਾ ਸਮਾਂ ਮਿਲ ਸਕਦਾ ਹੈ।