Begin typing your search above and press return to search.

ਕੈਨੇਡਾ ’ਚ ਨਵੇਂ ਆਏ ਪੰਜਾਬੀ ਜੋੜੇ ’ਤੇ ਟੁੱਟਿਆ ਦੁੱਖਾਂ ਦਾ ਪਹਾੜ

ਵੈਨਕੂਵਰ, 23 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਨਵੇਂ ਨਵੇਂ ਆਏ ਪੰਜਾਬੀ ਜੋੜੇ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਜਦੋਂ ਇਕ ਸ਼ਾਂਤਮਈ ਸ਼ਾਮ ਖੂਨ ਖਰਾਬੇ ਵਿਚ ਤਬਦੀਲ ਹੋ ਗਈ। ‘ਗਲੋਬਲ ਨਿਊਜ਼’ ਦੀ ਰਿਪੋਰਟ ਮੁਤਾਬਕ ਮਨਪ੍ਰੀਤ ਕੌਰ ਅਤੇ ਉਸ ਦਾ ਪਤੀ ਜਦਿੰਦਰ ਸਿੰਘ ਐਤਵਾਰ ਸ਼ਾਮ ਬੈਂਚ ’ਤੇ ਬੈਠ ਕੇ ਮੌਸਮ ਦਾ ਲੁਤਫ ਲੈ ਰਹੇ ਸਨ ਕਿ […]

ਕੈਨੇਡਾ ’ਚ ਨਵੇਂ ਆਏ ਪੰਜਾਬੀ ਜੋੜੇ ’ਤੇ ਟੁੱਟਿਆ ਦੁੱਖਾਂ ਦਾ ਪਹਾੜ
X

Editor EditorBy : Editor Editor

  |  23 April 2024 11:17 AM IST

  • whatsapp
  • Telegram

ਵੈਨਕੂਵਰ, 23 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਨਵੇਂ ਨਵੇਂ ਆਏ ਪੰਜਾਬੀ ਜੋੜੇ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਜਦੋਂ ਇਕ ਸ਼ਾਂਤਮਈ ਸ਼ਾਮ ਖੂਨ ਖਰਾਬੇ ਵਿਚ ਤਬਦੀਲ ਹੋ ਗਈ। ‘ਗਲੋਬਲ ਨਿਊਜ਼’ ਦੀ ਰਿਪੋਰਟ ਮੁਤਾਬਕ ਮਨਪ੍ਰੀਤ ਕੌਰ ਅਤੇ ਉਸ ਦਾ ਪਤੀ ਜਦਿੰਦਰ ਸਿੰਘ ਐਤਵਾਰ ਸ਼ਾਮ ਬੈਂਚ ’ਤੇ ਬੈਠ ਕੇ ਮੌਸਮ ਦਾ ਲੁਤਫ ਲੈ ਰਹੇ ਸਨ ਕਿ ਇਕ ਅਣਪਛਾਤੇ ਹਮਲਾਵਰ ਨੇ ਜਦਿੰਦਰ ਸਿੰਘ ਦੀ ਗਰਦਨ ’ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕਰਨੇ ਸ਼ੁਰੂ ਕਰ ਦਿਤੇ।

ਅਣਪਛਾਤੇ ਹਮਲਾਵਰ ਵੱਲੋਂ ਜਦਿੰਦਰ ਸਿੰਘ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ

ਬੀ.ਸੀ. ਦੇ ਵਾਈਟ ਰੌਕ ਇਲਾਕੇ ਵਿਚ ਹੋਈ ਵਾਰਦਾਤ ਬਾਰੇ ਮਨਪ੍ਰੀਤ ਕੌਰ ਨੇ ਦੱਸਿਆ ਕਿ ਹਮਲਾਵਰ ਦੇ ਹੱਥ ਵਿਚ ਚਮਕੀਲੇ ਰੰਗ ਦਾ ਇਕ ਹਥਿਆਰ ਸੀ ਅਤੇ ਉਨ੍ਹਾਂ ਵੱਲੋਂ ਚੀਕ ਚਿਹਾੜਾ ਪਾਉਣ ਦੇ ਬਾਵਜੂਦ ਹਮਲਾਵਰ ਟਸ ਤੋਂ ਮਸ ਨਾ ਹੋਇਆ। ਦੂਜੇ ਪਾਸੇ ਜਦਿੰਦਰ ਸਿੰਘ ਦੀ ਗਰਦਨ ਤੋਂ ਲਗਾਤਾਰ ਖੂਨ ਵਗ ਰਿਹਾ ਸੀ ਅਤੇ ਹਮਲਾਵਰ ਤੋਂ ਬਚਣ ਲਈ ਦੋਵੇਂ ਜਣੇ ਉਥੋਂ ਦੌੜੇ। ਉਚੀ ਉਚੀ ਰੌਲਾ ਪਾਉਣ ਦੇ ਬਾਵਜੂਦ ਜਦੋਂ ਕੋਈ ਮਦਦ ਵਾਸਤੇ ਨਾ ਆਇਆ ਤਾਂ ਹਰਪ੍ਰੀਤ ਕੌਰ ਨੇ 911 ’ਤੇ ਕਾਲ ਕੀਤੀ ਅਤੇ ਜਲਦ ਹੀ ਐਮਰਜੰਸੀ ਕਾਮੇ ਪੁੱਜ ਗਏ। ਪੁਲਿਸ ਨੇ ਦੱਸਿਆ ਕਿ 28 ਸਾਲ ਦਾ ਨੌਜਵਾਨ ਜ਼ਖਮੀ ਹਾਲਤ ਵਿਚ ਮਿਲਿਆ ਜਿਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਮਨਪ੍ਰੀਤ ਕੌਰ ਨੇ ਰੋਸ ਜ਼ਾਹਰ ਕੀਤਾ ਕਿ ਉਸ ਨੂੰ ਆਪਣੇ ਪਤੀ ਨਾਲ ਐਂਬੁਲੈਂਸ ਵਿਚ ਹਸਪਤਾਲ ਜਾਣ ਦੀ ਇਜਾਜ਼ਤ ਨਾ ਦਿਤੀ ਗਈ। ਪੁਲਿਸ ਵਾਲੇ ਪਹਿਲਾਂ ਜਦਿੰਦਰ ਸਿੰਘ ਨੂੰ ਗਲਤ ਹਸਪਤਾਲ ਲੈ ਗਏ ਅਤੇ ਬਾਅਦ ਵਿਚ ਸਹੀ ਥਾਂ ਲਿਜਾਇਆ ਗਿਆ ਤਾਂ ਮਨਪ੍ਰੀਤ ਕੌਰ ਨੂੰ ਮਿਲਣ ਤੋਂ ਰੋਕਿਆ ਜਾਣ ਲੱਗਾ। ਪੁਲਿਸ ਜ਼ੋਰ ਦੇ ਰਹੀ ਸੀ ਕਿ ਪਹਿਲਾਂ ਮਨਪ੍ਰੀਤ ਕੌਰ ਬਿਆਨ ਦੇਵੇ, ਇਸ ਤੋਂ ਬਾਅਦ ਹੀ ਉਹ ਆਪਣੇ ਪਤੀ ਨੂੰ ਮਿਲ ਸਕਦੀ ਹੈ। ਪੰਜਾਬੀ ਜੋੜੇ ਦੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਦੇਣ ਵਾਲੀ ਇਸ ਵਾਰਦਾਤ ਮਗਰੋਂ ਮਨਪ੍ਰੀਤ ਕੌਰ ਨੇ ਕਿਹਾ ਕਿ ਕੈਨੇਡਾ ਵਿਚ ਉਹ ਬਿਲਕੁਲ ਵੀ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੀ। ਇਕੱਲਿਆਂ ਘਰੋਂ ਬਾਹਰ ਨਿਕਲਣ ’ਤੇ ਵੀ ਡਰ ਲਗਦਾ ਹੈ।

ਹਸਪਤਾਲ ਦਾ ਬਿਲ ਅਦਾ ਕਰਨ ਤੋਂ ਅਸਮਰੱਥ ਹੈ ਮਨਪ੍ਰੀਤ ਕੌਰ

ਹਮਲਾਵਰ ਕੌਣ ਸੀ ਅਤੇ ਉਸ ਨੇ ਹਮਲਾ ਕਿਉਂ ਕੀਤਾ, ਸ਼ਾਇਦ ਇਸ ਗੱਲ ਦਾ ਜਵਾਬ ਕਦੇ ਨਹੀਂ ਮਿਲ ਸਕੇਗਾ? ਪੰਜਾਬੀ ਜੋੜੇ ਦੀਆਂ ਮੁਸ਼ਕਲਾਂ ਇਥੇ ਹੀ ਖਤਮ ਨਹੀਂ ਹੁੰਦੀਆਂ ਨਜ਼ਰ ਨਹੀਂ ਆ ਰਹੀਆਂ। ਹਸਪਤਾਲ ਦਾ ਭਾਰੀ ਭਰਕਮ ਬਿਲ ਅਦਾ ਕਰਨਾ ਦੋਹਾਂ ਵਾਸਤੇ ਵੱਡੀ ਚੁਣੌਤੀ ਬਣ ਗਈ ਹੈ। ਜਦਿੰਦਰ ਸਿੰਘ ਇਕ ਮਿਲ ਵਿਚ ਕੰਮ ਕਰਦਾ ਹੈ ਜਦਕਿ ਮਨਪ੍ਰੀਤ ਕੌਰ ਕਾਲਜ ਵਿਚ ਪੜ੍ਹਦੀ ਹੈ। ਘਰ ਵਿਚ ਕਮਾਉਣ ਵਾਲਾ ਇਕ ਜੀਅ ਅਤੇ ਉਹ ਵੀ ਮੰਜੇ ’ਤੇ ਪਿਆ ਹੈ। ਮਨਪ੍ਰੀਤ ਕੌਰ ਨੇ ਚਿੰਤਾ ਜ਼ਾਹਰ ਕੀਤੀ ਕਿ ਹੁਣ ਗਰੌਸਰੀ ਦਾ ਖਰਚਾ ਅਤੇ ਕਾਲਜ ਦੀ ਫੀਸ ਕਿਥੋਂ ਆਵੇਗੀ? ਉਧਰ ਵਾਈਟ ਰੌਕ ਦੀ ਮੇਅਰ ਮੇਘਨ ਨਾਈਟ ਦਾ ਕਹਿਣਾ ਸੀ ਕਿ ਲੋਕ ਸੁਰੱਖਿਆ ਯਕੀਨੀ ਬਣਾਉਣਾ ਉਨ੍ਹਾਂ ਦੀ ਪਹਿਲੀ ਤਰਜੀਹ ਹੈ। ਸੁਰੱਖਿਆ ਬੰਦੋਬਸਤ ਵਿਚ ਸੁਧਾਰ ਵਾਸਤੇ ਸ਼ਹਿਰ ਦੇ ਕਈ ਇਲਾਕਿਆਂ ਵਿਚ ਸੀ.ਸੀ.ਟੀ.ਵੀ. ਕੈਮਰੇ ਲਾਉਣ ’ਤੇ ਵਿਚਾਰ ਕੀਤਾ ਜਾ ਰਿਹਾ ਹੈ। ਵਾਈਟ ਰੌਕ ਵਿਚ ਵਾਰਦਾਤ ਵਾਲੀ ਥਾਂ ’ਤੇ ਪੁਲਿਸ ਐਤਵਾਰ ਦੀ ਪੂਰੀ ਰਾਤ ਮੌਜੂਦ ਰਹੀ ਪਰ ਹੁਣ ਤੱਕ ਕੋਈ ਗ੍ਰਿਫ਼ਤਾਰੀ ਹੋਣ ਦੀ ਰਿਪੋਰਟ ਨਹੀਂ ਅਤੇ ਹਮਲੇ ਦੇ ਮਕਸਦ ਬਾਰੇ ਵੀ ਕੁਝ ਪਤਾ ਨਹੀਂ ਲੱਗ ਸਕਿਆ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਸ ਮਾਮਲੇ ਬਾਰੇ ਕੋਈ ਜਾਣਕਾਰੀ ਹੋਵੇ ਤਾਂ 778 545 4800 ’ਤੇ ਸੰਪਰਕ ਕੀਤਾ ਜਾਵੇ।

Next Story
ਤਾਜ਼ਾ ਖਬਰਾਂ
Share it