ਕੈਨੇਡਾ ’ਚ ਕਿਸ਼ਤੀਆਂ ਦੀ ਟੱਕਰ, 3 ਹਲਾਕ, 5 ਜ਼ਖਮੀ
ਕਿੰਗਸਟਨ, 20 ਮਈ (ਵਿਸ਼ੇਸ਼ ਪ੍ਰਤੀਨਿਧ) : ਉਨਟਾਰੀਓ ਦੇ ਕਿੰਗਸਟਨ ਨੇੜੇ ਇਕ ਝੀਲ ਵਿਚ ਦੋ ਕਿਸ਼ਤੀਆਂ ਦੀ ਟੱਕਰ ਕਾਰਨ 3 ਜਣਿਆਂ ਦੀ ਮੌਤ ਹੋ ਗਈ ਅਤੇ ਪੰਜ ਹੋਰ ਜ਼ਖਮੀ ਹੋ ਗਏ। ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਨੇ ਦੱਸਿਆ ਕਿ ਬੌਬਜ਼ ਲੇਕ ਵਿਚ ਵਾਪਰੇ ਹਾਦਸੇ ਦੌਰਾਨ ਇਕ ਸਪੀਡ ਬੋਟ ਅਤੇ ਇਕ ਫਿਸ਼ਿੰਗ ਬੋਟ ਦੀ ਟੱਕਰ ਹੋਈ ਅਤੇ ਹਾਦਸੇ ਦੇ […]
By : Editor Editor
ਕਿੰਗਸਟਨ, 20 ਮਈ (ਵਿਸ਼ੇਸ਼ ਪ੍ਰਤੀਨਿਧ) : ਉਨਟਾਰੀਓ ਦੇ ਕਿੰਗਸਟਨ ਨੇੜੇ ਇਕ ਝੀਲ ਵਿਚ ਦੋ ਕਿਸ਼ਤੀਆਂ ਦੀ ਟੱਕਰ ਕਾਰਨ 3 ਜਣਿਆਂ ਦੀ ਮੌਤ ਹੋ ਗਈ ਅਤੇ ਪੰਜ ਹੋਰ ਜ਼ਖਮੀ ਹੋ ਗਏ। ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਨੇ ਦੱਸਿਆ ਕਿ ਬੌਬਜ਼ ਲੇਕ ਵਿਚ ਵਾਪਰੇ ਹਾਦਸੇ ਦੌਰਾਨ ਇਕ ਸਪੀਡ ਬੋਟ ਅਤੇ ਇਕ ਫਿਸ਼ਿੰਗ ਬੋਟ ਦੀ ਟੱਕਰ ਹੋਈ ਅਤੇ ਹਾਦਸੇ ਦੇ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ। ਟੱਕਰ ਐਨੀ ਜ਼ੋਰਦਾਰ ਸੀ ਕਿ ਇਸ ਦੀ ਆਵਾਜ਼ ਦੂਰ-ਦੂਰ ਤੱਕ ਸੁਣੀ ਗਈ।
ਹਾਦਸੇ ਦੇ ਕਾਰਨਾਂ ਦੀ ਪੜਤਾਲ ਕਰ ਰਹੀ ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ
ਪੁਲਿਸ ਮੁਤਾਬਕ ਮਰਨ ਵਾਲਿਆਂ ਵਿਚ ਦੋ ਔਰਤਾਂ ਅਤੇ ਇਕ ਪੁਰਸ਼ ਸ਼ਾਮਲ ਹੈ ਜਦਕਿ ਪੰਜ ਜਣਿਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਜ਼ਖਮੀਆਂ ਵਿਚੋਂ ਇਕ ਦੀ ਨਾਜ਼ੁਕ ਹਾਲਤ ਨੂੰ ਵੇਖਦਿਆਂ ਹੈਲੀਕਾਪਟਰ ਰਾਹੀਂ ਹਸਪਤਾਲ ਲਿਜਾਇਆ ਗਿਆ। ਜ਼ਖਮੀਆਂ ਦੀ ਉਮਰ 21 ਸਾਲ ਤੋਂ 44 ਸਾਲ ਦਰਮਿਆਨ ਦੱਸੀ ਜਾ ਰਹੀ ਹੈ। ਫਿਲਹਾਲ ਪੁਲਿਸ ਵੱਲੋਂ ਮਰਨ ਵਾਲਿਆਂ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਅਤੇ ਮੰਨਿਆ ਜਾ ਰਿਹਾ ਹੈ ਕਿ ਸਪੀਡ ਬੋਟ ਦੇ ਬੇਕਾਬੂ ਹੋਣ ਕਾਰਨ ਕਿਸ਼ਤੀਆਂ ਵਿਚਾਲੇ ਟੱਕਰ ਹੋਈ। ਮਾਮਲੇ ਦੀ ਪੜਤਾਲ ਕਰ ਰਹੀ ਫਰੰਟਨੈਕ ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਦੀ ਮਦਦ ਵਾਸਤੇ ਕੇਨਾਈਨ ਯੂਨਿਟ ਪੁੱਜ ਗਏ ਅਤੇ ਕਿਸ਼ਤੀਆਂ ਦਾ ਮਲਬਾ ਝੀਲ ਵਿਚੋਂ ਬਾਹਰ ਕੱਢਿਆ ਗਿਆ।
ਟੋਰਾਂਟੋ ਨੇੜੇ ਛੋਟਾ ਹਵਾਈ ਜਹਾਜ਼ ਹੋਇਆ ਕਰੈਸ਼
ਇਸੇ ਦੌਰਾਨ ਟੋਰਾਂਟੋ ਦੇ ਉਤਰ ਪੂਰਬ ਵੱਲ ਇਕ ਛੋਟਾ ਜਹਾਜ਼ ਕਰੈਸ਼ ਹੋ ਗਿਆ ਜਿਸ ਵਿਚ ਦੋ ਜਣੇ ਸਵਾਰ ਸਨ। ਉਨਟਾਰੀਓ ਦੇ ਪੋਰਟ ਪੈਰੀ ਇਲਾਕੇ ਵਿਚ ਵਾਪਰੇ ਹਾਦਸੇ ਬਾਰੇ ਡਰਹਮ ਰੀਜਨਲ ਪੁਲਿਸ ਨੇ ਦੱਸਿਆ ਕਿ ਜਹਾਜ਼ ਵਿਚ ਸਵਾਰ ਦੋਵੇਂ ਜਣੇ ਬਾਹਰ ਨਿਕਲਣ ਵਿਚ ਸਫਲ ਰਹੇ ਅਤੇ ਉਨ੍ਹਾਂ ਨੂੰ ਕੋਈ ਗੰਭੀਰ ਸੱਟਾਂ ਨਹੀਂ ਵੱਜੀਆਂ। ਸਾਰਜੈਂਟ ਜੋਆਨ ਬੋਰਡਲਸ ਨੇ ਦੱਸਿਆ ਕਿ ਟ੍ਰਾਂਸਪੋਰਟ ਕੈਨੇਡਾ ਨੂੰ ਹਾਦਸੇ ਬਾਰੇ ਸੂਚਿਤ ਕਰ ਦਿਤਾ ਗਿਆ ਹੈ ਅਤੇ ਫੈਡਰਲ ਏਜੰਸੀ ਵੱਲੋਂ ਜਲਦ ਹੀ ਪੜਤਾਲ ਆਪਣੇ ਹੱਥਾਂ ਵਿਚ ਲਈ ਜਾ ਸਕਦੀ ਹੈ। ਹਵਾਈ ਜਹਾਜ਼ ਨੇ ਕਿੱਥੋਂ ਉਡਾਣ ਭਰੀ ਅਤੇ ਕਿਹੜੇ ਕਾਰਨਾਂ ਕਰ ਕੇ ਕਰੈਸ਼ ਹੋਇਆ, ਫਿਲਹਾਲ ਇਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆ ਸਕੀ। ਇਸੇ ਦੌਰਾਨ ਕੈਲੇਡਨ ਵਿਖੇ ਤੀਜਾ ਮਹਾਨ ਕੀਰਤਨ ਦਰਬਾਰ ਕਰਵਾਇਆ ਗਿਆ ਜਿਸ ਦੌਰਾਨ ਪੀਲ ਰੀਜਨ ਤੋਂ ਇਲਾਵਾ ਉਨਟਾਰੀਓ ਦੇ ਹੋਰਨਾਂ ਸ਼ਹਿਰਾਂ ਤੋਂ ਵੀ ਵੱਡੀ ਗਿਣਤੀ ਵਿਚ ਸੰਗਤ ਨੇ ਹਾਜ਼ਰੀ ਭਰੀ ਅਤੇ ਇਲਾਹੀ ਬਾਣੀ ਦੇ ਰਸਭਿੰਨੇ ਕੀਰਤਨ ਦਾ ਆਨੰਦ ਮਾਣਿਆ।