ਕੈਨੇਡਾ ’ਚ 2 ਪੰਜਾਬੀ ਪਰਵਾਰਾਂ ਨਾਲ ਵਰਤ ਗਿਆ ਭਾਣਾ
ਟੋਰਾਂਟੋ, 10 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਦੋ ਪੰਜਾਬੀ ਪਰਵਾਰਾਂ ਨਾਲ ਭਾਣਾ ਵਰਤ ਗਿਆ। ਹੁਸ਼ਿਆਰਪੁਰ ਜ਼ਿਲ੍ਹੇ ਦੇ ਕਰਨਵੀਰ ਸਿੰਘ ਅਤੇ ਤਰਨਤਾਰਨ ਦੇ ਸੁਖਚੈਨ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਟੋਰਾਂਟੋ ਦੇ ਸੇਂਟ ਕਲੇਅਰ ਕਾਲਜ ਵਿਚ ਕਰਨਵੀਰ ਸਿੰਘ ਦੇ ਜਮਾਤੀ ਰਹੇ ਨਵਨੀਤ ਸਿੰਘ ਨੇ ਦੱਸਿਆ ਕਿ ਉਸ ਦੇ ਦੋਸਤ ਦੀ ਮੌਤ […]
By : Hamdard Tv Admin
ਟੋਰਾਂਟੋ, 10 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਦੋ ਪੰਜਾਬੀ ਪਰਵਾਰਾਂ ਨਾਲ ਭਾਣਾ ਵਰਤ ਗਿਆ। ਹੁਸ਼ਿਆਰਪੁਰ ਜ਼ਿਲ੍ਹੇ ਦੇ ਕਰਨਵੀਰ ਸਿੰਘ ਅਤੇ ਤਰਨਤਾਰਨ ਦੇ ਸੁਖਚੈਨ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਟੋਰਾਂਟੋ ਦੇ ਸੇਂਟ ਕਲੇਅਰ ਕਾਲਜ ਵਿਚ ਕਰਨਵੀਰ ਸਿੰਘ ਦੇ ਜਮਾਤੀ ਰਹੇ ਨਵਨੀਤ ਸਿੰਘ ਨੇ ਦੱਸਿਆ ਕਿ ਉਸ ਦੇ ਦੋਸਤ ਦੀ ਮੌਤ ਅਚਨਚੇਤ ਹੋਈ ਜੋ ਆਪਣੇ ਚਚੇਰੇ ਭਰਾਵਾਂ ਨਾਲ ਰਹਿ ਰਿਹਾ ਸੀ।
ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਘੋਘੜਾ ਨਾਲ ਸਬੰਧਤ ਕਰਨਵੀਰ ਸਿੰਘ ਆਪਣੇ ਪਰਵਾਰ ਦਾ ਇਕੋ ਇਕ ਸਹਾਰਾ ਸੀ ਜਿਸ ਦੇ ਪਿਤਾ 13 ਸਾਲ ਪਹਿਲਾਂ ਇਸ ਦੁਨੀਆਂ ਤੋਂ ਚਲੇ ਗਏ। ਕਰਨਵੀਰ ਸਿੰਘ ਦੀ ਮਾਤਾ ਆਪਣੇ ਬੇਟੇ ਦੀ ਸਫਲ ਅਤੇ ਖੁਸ਼ਹਾਲ ਜ਼ਿੰਦਗੀ ਵਾਸਤੇ ਅਰਦਾਸਾਂ ਕਰ ਰਹੀ ਸੀ ਪਰ ਅਚਾਨਕ ਅਣਹੋਣੀ ਨੇ ਸਭ ਕੁਝ ਖੇਰੂੰ ਖੇਰੂੰ ਕਰ ਦਿਤਾ। ਕਰਨਵੀਰ ਸਿੰਘ ਦੇ ਚਾਚਾ ਸਤਪਾਲ ਸਿੰਘ ਬਾਜਵਾ ਨੇ ਦੱਸਿਆ ਕਿ ਪਿਤਾ ਦੀ ਸੜਕ ਹਾਦਸੇ ਵਿਚ ਮੌਤ ਤੋਂ ਬਾਅਦ ਕਰਨਵੀਰ ਅਤੇ ਉਸ ਦੀ ਭੈਣ ਦੀ ਪਰਵਰਿਸ਼ ਮਾਂ ਅਤੇ ਚਾਚਿਆਂ ਨੇ ਰਲ ਕੇ ਕੀਤੀ ਪਰ ਹੁਣ ਕੈਨੇਡਾ ਤੋਂ ਆਈ ਖਬਰ ਨੇ ਸਭ ਕੁਝ ਖਤਮ ਕਰ ਦਿਤਾ।
ਚਾਰ ਸਾਲ ਪਹਿਲਾਂ ਕੈਨੇਡਾ ਪੁੱਜਾ ਕਰਨਵੀਰ ਸਿੰਘ ਪੀ.ਆਰ. ਦੀ ਉਡੀਕ ਕਰ ਰਿਹਾ ਸੀ ਅਤੇ ਪੱਕਾ ਹੋਣ ਮਗਰੋਂ ਪੰਜਾਬ ਆਉਣ ਬਾਰੇ ਅਕਸਰ ਗੱਲਾਂ ਕਰਦਾ। ਕਰਨਵੀਰ ਸਿੰਘ ਦੇ ਕੈਨੇਡਾ ਜਾਣ ਮਗਰੋਂ ਉਸ ਦੇ ਚਚੇਰੇ ਭਰਾ ਵੀ ਉਥੇ ਪਹੁੰਚ ਗਏ ਅਤੇ ਸਾਰੇ ਰਲ ਮਿਲ ਕੇ ਰਹਿੰਦੇ ਸਨ। ਉਨ੍ਹਾਂ ਦੱਸਿਆ ਕਿ ਕਰਨਵੀਰ ਸਿੰਘ ਰਾਤ ਨੂੰ ਚੰਗਾ ਭਲਾ ਸੁੱਤਾ ਪਰ ਸਵੇਰੇ ਨਾ ਉਠਿਆ। ਉਸ ਨੂੰ ਤੁਰਤ ਹਸਪਤਾਲ ਲਿਜਾਇਆ ਗਿਆ ਪਰ ਡਾਕਟਰ ਨੇ ਮ੍ਰਿਤਕ ਕਰਾਰ ਦੇ ਦਿਤਾ। ਕਰਨਵੀਰ ਸਿੰਘ ਦੀ ਦੇਹ ਦਾ ਪੋਸਟਮਾਰਟਮ ਕਰਨ ਮਗਰੋਂ ਇਸ ਨੂੰ ਭਾਰਤ ਭੇਜਿਆ ਜਾਵੇਗਾ। ਕਰਨਵੀਰ ਸਿੰਘ ਦੀ ਦੇਹ ਭਾਰਤ ਭੇਜਣ ਲਈ ਉਸ ਦੇ ਦੋਸਤ ਨਵਨੀਤ ਸਿੰਘ ਵੱਲੋਂ ਗੋਫੰਡਮੀ ਪੇਜ ਸਥਾਪਤ ਕੀਤਾ ਗਿਆ ਹੈ।
ਇਧਰ ਪੰਜਾਬ ਦੇ ਦਸੂਹਾ ਕਸਬੇ ਨੇੜੇ ਪੈਂਦੇ ਪਿੰਡ ਘੋਘੜਾ ਵਿਚ ਭਾਵੇਂ ਜ਼ਿਆਦਾਤਰ ਪਰਵਾਰਕ ਮੈਂਬਰਾਂ ਨੂੰ ਕਰਨਵੀਰ ਸਿੰਘ ਦੇ ਅਕਾਲ ਚਲਾਣੇ ਬਾਰੇ ਪਤਾ ਲੱਗ ਚੁੱਕਾ ਹੈ ਪਰ ਉਸ ਦਾ ਮਾਤਾ ਨੂੰ ਇਹ ਦੁੱਖ ਭਰੀ ਖਬਰ ਦੱਸਣ ਦੀ ਕਿਸੇ ਕੋਲ ਹਿੰਮਤ ਨਹੀਂ। ਕਰਨਵੀਰ ਸਿੰਘ ਦੇ ਦੋਸਤ ਨਵਨੀਤ ਦਾ ਕਹਿਣਾ ਸੀ ਕਿ ਭਾਵੇਂ ਉਸ ਦੇ ਦੋਸਤ ਨੇ ਪੜ੍ਹਾਈ ਮੁਕੰਮਲ ਕਰ ਲਈ ਪਰ ਕੈਨੇਡਾ ਦੀ ਸੰਘਰਸ਼ ਭਰੀ ਜ਼ਿੰਦਗੀ ਕਾਰਨ ਸੰਭਾਵਤ ਤੌਰ ’ਤੇ ਉਹ ਤਣਾਅ ਵਿਚ ਸੀ ਅਤੇ ਜਲਦ ਤੋਂ ਜਲਦ ਪੱਕਾ ਹੋ ਕੇ ਪੰਜਾਬ ਦਾ ਗੇੜਾ ਲਾਉਣਾ ਚਾਹੁੰਦਾ ਸੀ। ਪਰਵਾਰ ਨਾਲ ਮੁਲਾਕਾਤ ਉਸ ਦੇ ਮਨ ਉਪਰ ਹਾਂਪੱਖੀ ਅਸਰ ਪਾਉਂਦੀ ਅਤੇ ਉਹ ਨਵੇਂ ਸਿਰੇ ਤੋਂ ਸੰਘਰਸ਼ ਕਰਨ ਦੇ ਕਾਬਲ ਬਣ ਜਾਂਦਾ ਹੈ। ਦੂਜੇ ਪਾਸੇ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਮੰਮਣਕੇ ਨਾਲ ਸਬੰਧਤ 21 ਸਾਲ ਦੇ ਸੁਖਚੈਨ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਸੁਖਚੈਨ ਸਿੰਘ ਦੀ ਦੇਹ ਭਾਰਤ ਭੇਜਣ ਲਈ ਉਸ ਦੇ ਦੋਸਤਾਂ ਵੱਲੋਂ ਫੰਡ ਇਕੱਤਰ ਕੀਤੇ ਜਾ ਰਹੇ ਹਨ।