ਕੈਨੇਡਾ : ਕਰਜ਼ੇ ’ਤੇ ਲਿਆ ਮਕਾਨ ਕਿਰਾਏਦਾਰ ਨੇ ਦੱਬਿਆ
ਬਰੈਂਪਟਨ, 23 ਮਈ (ਵਿਸ਼ੇਸ਼ ਪ੍ਰਤੀਨਿਧ) : ਕਰਜ਼ਾ ਲੈ ਕੇ ਮਕਾਨ ਖਰੀਦਿਆ ਅਤੇ ਉਹ ਵੀ ਕਿਰਾਏਦਾਰ ਨੇ ਦੱਬ ਲਿਆ। ਜੀ ਹਾਂ, ਇਹ ਕਹਾਣੀ ਬਰੈਂਪਟਨ ਦੇ ਇਕ ਜੋੜੇ ਦੀ ਹੈ ਜੋ ਆਪਣੇ ਹੀ ਮਕਾਨ ਵਿਚ ਦਾਖਲ ਨਹੀਂ ਹੋ ਸਕਦੇ। ਸਿਰਫ ਇਥੇ ਹੀ ਬੱਸ ਨਹੀਂ ਕਿਰਾਏਦਾਰ ਮੂੰਹਫੱਟ ਬਣ ਚੁੱਕਾ ਹੈ ਅਤੇ ਕਿਰਾਇਆ ਦੇਣ ਤੋਂ ਸਾਫ ਇਨਕਾਰੀ ਹੈ ਜਦਕਿ […]
By : Editor Editor
ਬਰੈਂਪਟਨ, 23 ਮਈ (ਵਿਸ਼ੇਸ਼ ਪ੍ਰਤੀਨਿਧ) : ਕਰਜ਼ਾ ਲੈ ਕੇ ਮਕਾਨ ਖਰੀਦਿਆ ਅਤੇ ਉਹ ਵੀ ਕਿਰਾਏਦਾਰ ਨੇ ਦੱਬ ਲਿਆ। ਜੀ ਹਾਂ, ਇਹ ਕਹਾਣੀ ਬਰੈਂਪਟਨ ਦੇ ਇਕ ਜੋੜੇ ਦੀ ਹੈ ਜੋ ਆਪਣੇ ਹੀ ਮਕਾਨ ਵਿਚ ਦਾਖਲ ਨਹੀਂ ਹੋ ਸਕਦੇ। ਸਿਰਫ ਇਥੇ ਹੀ ਬੱਸ ਨਹੀਂ ਕਿਰਾਏਦਾਰ ਮੂੰਹਫੱਟ ਬਣ ਚੁੱਕਾ ਹੈ ਅਤੇ ਕਿਰਾਇਆ ਦੇਣ ਤੋਂ ਸਾਫ ਇਨਕਾਰੀ ਹੈ ਜਦਕਿ ਵਿਚਾਰੇ ਪਤੀ-ਪਤਨੀ ਆਰਜ਼ੀ ਰਿਹਾਇਸ਼ ਵਿਚ ਦਿਨ ਕੱਟਣ ਲਈ ਮਜਬੂਰ ਹਨ। ‘ਗਲੋਬਲ ਨਿਊਜ਼’ ਦੀ ਰਿਪੋਰਟ ਮੁਤਾਬਕ ਬਰੈਂਪਟਨ ਦੇ ਜੋੜੇ ਵੱਲੋਂ 3200 ਡਾਲਰ ਪ੍ਰਤੀ ਮਹੀਨਾ ’ਤੇ ਆਪਣਾ ਮਕਾਨ ਕਿਰਾਏ ’ਤੇ ਦਿਤਾ ਗਿਆ ਤਾਂਕਿ ਕਰਜ਼ੇ ਦੀਆਂ ਕਿਸ਼ਤਾਂ ਉਤਾਰ ਸਕਣ। ਸ਼ੁਰੂ ਸ਼ੁਰੂ ਵਿਚ ਕਿਰਾਏਦਾਰ ਦਾ ਵਤੀਰਾ ਬਹੁਤ ਚੰਗਾ ਰਿਹਾ ਪਰ ਸਮਾਂ ਲੰਘਣ ਦੇ ਨਾਲ ਹੀ ਹਾਲਾਤ ਬਦਲਣ ਲੱਗੇ ਅਤੇ ਉਸ ਨੇ ਕਿਰਾਇਆ ਦੇਣਾ ਬੰਦ ਕਰ ਦਿਤਾ।
ਨਾ ਕਿਰਾਇਆ ਦੇ ਰਿਹਾ, ਨਾ ਖਾਲੀ ਕਰਨ ਨੂੰ ਤਿਆਰ
ਇਸ ਵੇਲੇ 22 ਹਜ਼ਾਰ ਡਾਲਰ ਦਾ ਬਕਾਇਆ ਦੱਸਿਆ ਜਾ ਰਿਹਾ ਹੈ। ਜੋੜੇ ਵੱਲੋਂ ਉਸ ਨੂੰ ਮਕਾਨ ਖਾਲੀ ਕਰਨ ਵਾਸਤੇ ਆਖਿਆ ਗਿਆ ਤਾਂ ਇਸ ਤੋਂ ਵੀ ਨਾਂਹ ਕਰ ਦਿਤੀ। ਪਤੀ-ਪਤਨੀ ਨੇ ਅੱਕ ਕੇ ਇਕ ਪੈਰਾਲੀਗਲ ਦੀਆਂ ਸੇਵਾਵਾਂ ਲਈਆਂ ਤਾਂ ਕਿਰਾਏਦਾਰ ਨੇ ਜ਼ਿਦ ਫੜ ਲਈ ਕਿ ਮੁਕੱਦਮੇ ਦੀ ਸੁਣਵਾਈ ਫਰੈਂਚ ਭਾਸ਼ਾ ਵਿਚ ਹੋਵੇ ਕਿਉਂਕਿ ਉਸ ਦੀ ਪਹਿਲੀ ਬੋਲੀ ਫਰੈਂਚ ਹੈ। ਗਲੋਬਲ ਨਿਊਜ਼ ਵਾਲਿਆਂ ਨੇ ਕਿਰਾਏਦਾਰ ਦੀ ਟਿੱਪਣੀ ਲੈਣੀ ਚਾਹੀ ਤਾਂ ਘਰ ਅੰਦਰ ਮੌਜੂਦ ਕਿਸੇ ਸ਼ਖਸ ਨੇ ਪੁਲਿਸ ਸੱਦ ਲਈ। ਪੁਲਿਸ ਦੀਆਂ ਦੋ ਗੱਡੀਆਂ ਪੁੱਜੀਆਂ ਤਾਂ ਕਿਰਾਏਦਾਰ ਵੀ ਬਾਹਰ ਆ ਗਿਆ ਅਤੇ ਜਦੋਂ ਉਸ ਨੂੰ ਪੱਛਿਆ ਗਿਆ ਕਿ ਅਕਤੂਬਰ 2023 ਮਗਰੋਂ ਕਿਰਾਇਆ ਕਿਉਂ ਨਹੀਂ ਦਿਤਾ ਤਾਂ ਉਸ ਨੇ ਮਕਾਨ ਮਾਲਕਾਂ ’ਤੇ ਹੀ ਦੋਸ਼ ਲਾਉਣੇ ਸ਼ੁਰੂ ਕਰ ਦਿਤੇ। ਕਿਰਾਏਦਾਰ ਨੇ ਕਿਹਾ ਕਿ ਮਕਾਨ ਮਾਲਕ ਦੀ ਪਤਨੀ ਨਹੀਂ ਚਾਹੁੰਦੀ ਕਿ ਮੈਂ ਕਿਰਾਇਆ ਦੇਵਾਂ। ਉਸ ਨੇ ਪੋਸਟ ਡੇਟਡ ਚੈਕ ਵੀ ਵਾਪਸ ਕਰ ਦਿਤੇ।
ਬਰੈਂਪਟਨ ਦਾ ਜੋੜਾ ਖਾ ਰਿਹਾ ਦਰ-ਦਰ ਦੀਆਂ ਠੋਕਰਾਂ
ਕਿਰਾਏਦਾਰ ਇਕ ਟ੍ਰਕਿੰਗ ਕੰਪਨੀ ਚਲਾਉਂਦਾ ਹੈ ਅਤੇ ਆਪਣੀ ਪਾਰਟਨਰ ਤੇ ਬੱਚੀ ਨਾਲ ਮਕਾਨ ਵਿਚ ਰਹਿ ਰਿਹਾ ਹੈ। ਇਸੇ ਦੌਰਾਨ ਰੈਂਟ ਟੂ ਰੂਇਨ ਦੇ ਲੇਖਕ ਕੈਵਿਨ ਕੌਸਟਨ ਨੇ ਕਿਹਾ ਕਿ ਕੁਝ ਕਿਰਾਏਦਾਰ ਸ਼ਰ੍ਹੇਆਮ ਮਕਾਨ ਮਾਲਕਾਂ ਨਾਲ ਧੋਖਾ ਕਰਦੇ ਹਨ। ਸ਼ਿਕਾਇਤਾਂ ਦਾ ਬੈਕਲਾਗ ਐਨਾ ਵਧ ਚੁੱਕਾ ਹੈ ਕਿ ਇਕ ਸਾਲ ਦਾ ਕਿਰਾਇਆ ਦਿਤੇ ਬਗੈਰ ਤੁਸੀਂ ਜਾ ਸਕਦੇ ਹੋ। ਉਨ੍ਹਾਂ ਚਿਤਾਵਨੀ ਦਿਤੀ ਕਿ ਕਰਜ਼ੇ ’ਤੇ ਖਰੀਦਿਆਂ ਮਕਾਨ ਕਿਰਾਏ ’ਤੇ ਦੇਣਾ ਦੂਹਰੀ ਮਾਰ ਹੇਠ ਆਉਣ ਤੋਂ ਘੱਟ ਨਹੀਂ। ਇਹ ਮਾਮਲਾ ਲੈਂਡਲੌਰਡ ਅਤੇ ਟੈਨੈਂਟ ਬੋਰਡ ਕੋਲ ਪੁੱਜਾ ਚੁੱਕਾ ਹੈ ਅਤੇ ਸੁਣਵਾਈ 4 ਜੂਨ ਨੂੰ ਹੋਣੀ ਹੈ ਪਰ ਇਸ ਪ੍ਰਕਿਰਿਆ ਵਿਚ ਸਮਾਂ ਲੱਗ ਸਕਦਾ ਹੈ ਅਤੇ ਮਕਾਨ ਮਾਲਕ ਮਿੰਨਤਾਂ ਤਰਲੇ ਕਰਨ ਤੋਂ ਸਿਵਾਏ ਕੁਝ ਨਹੀਂ ਕਰ ਸਕਦੇ।