ਕਿੰਨੇ ਕੁ ਸਬੂਤ ਲੋੜੀਂਦੇ ਦਾਗੀ ਮੰਤਰੀ ਹਟਾਉਣ ਲਈ?
‘ਦਰਬਾਰਾ ਸਿੰਘ ਕਾਹਲੋਂ’ 27 ਫਰਵਰੀ, 2023 ਨੂੰ ਪਠਾਨਕੋਟ ਜ਼ਿਲ੍ਹੇ ਦੇ ਪਿੰਡ ਗੋਲ ਦੀ 92 ਏਕੜ ਜ਼ਮੀਨ ਗੈਰ-ਕਾਨੂੰਨੀ ਤੌਰ ’ਤੇ ਇੱਕ ਰਾਜਨੀਤਕ ਅਤੇ ਪ੍ਰਸਾਸ਼ਨਿਕ ਸਾਜ਼ਿਸ ਰਾਹੀਂ ਨਿੱਜੀ ਪਾਰਟੀਆਂ ਨੂੰ ਟ੍ਰਾਂਸਫਰ ਕਰਨ ਦੇ ਸੰਗੀਨ ਘੋਟਾਲੇ ਵਿਚ ਜਿਨਸੀ ਦੁਰਾਚਾਰ ਵਿਵਾਦਾਂ ਵਿਚ ਰਹੇ ਪੰਜਾਬ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਤੇ ਕੁਲਦੀਪ ਸਿੰਘ ਧਾਲੀਵਾਲ ਸ਼ਮੂਲੀਅਤ ਦੇ ਗਲੀ-ਗਲੀ ਚਰਚੇ ਹਨ। ਵਿਰੋਧੀ […]
By : Editor (BS)
‘ਦਰਬਾਰਾ ਸਿੰਘ ਕਾਹਲੋਂ’
27 ਫਰਵਰੀ, 2023 ਨੂੰ ਪਠਾਨਕੋਟ ਜ਼ਿਲ੍ਹੇ ਦੇ ਪਿੰਡ ਗੋਲ ਦੀ 92 ਏਕੜ ਜ਼ਮੀਨ ਗੈਰ-ਕਾਨੂੰਨੀ ਤੌਰ ’ਤੇ ਇੱਕ ਰਾਜਨੀਤਕ ਅਤੇ ਪ੍ਰਸਾਸ਼ਨਿਕ ਸਾਜ਼ਿਸ ਰਾਹੀਂ ਨਿੱਜੀ ਪਾਰਟੀਆਂ ਨੂੰ ਟ੍ਰਾਂਸਫਰ ਕਰਨ ਦੇ ਸੰਗੀਨ ਘੋਟਾਲੇ ਵਿਚ ਜਿਨਸੀ ਦੁਰਾਚਾਰ ਵਿਵਾਦਾਂ ਵਿਚ ਰਹੇ ਪੰਜਾਬ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਤੇ ਕੁਲਦੀਪ ਸਿੰਘ ਧਾਲੀਵਾਲ ਸ਼ਮੂਲੀਅਤ ਦੇ ਗਲੀ-ਗਲੀ ਚਰਚੇ ਹਨ। ਵਿਰੋਧੀ ਧਿਰ ਨੇ ਇਸ ਸਬੰਧੀ ਪੂਰੀ ਰਿਪੋਰਟ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਦੇ ਧਿਆਨ ਵਿਚ ਲਿਆਂਦੀ ਹੈ। ਗਿਆਰ੍ਹਾਂ ਅਗਸਤ ਨੂੰ ਹੋਈ ਕੈਬਨਿਟ ਮੀਟਿੰਗ ਵਿਚ ਇਨ੍ਹਾਂ ਮੰਤਰੀਆਂ ਨੂੰ ਚਲਦੇ ਕਰਨ ਅਤੇ ਨਵੇਂ ਮੰਤਰੀਆਂ ਦੇ ਸਹੁੰ ਚੁੱਕ ਸਮਾਗਮਾਂ ਦੀ ਸੁਬਗਬਾਹਟ ਵੀ ਹੁੰਦੀ ਰਹੀ। ਪਰ ਮੀਟਿੰਗ ਵਿਚ ਕਿੱਧਰੇ ਇਸ ਘੁਟਾਲੇ ਦਾ ਜ਼ਿਕਰ ਨਹੀਂ ਹੋਇਆ। ਮੁੱਖ ਮੰਤਰੀ ਭਗਵੰਤ ਮਾਨ ਦਾ ਵਰਤਾਰਾ ਦਰਸਾਅ ਰਿਹਾ ਸੀ ਜਿਵੇ ਉਸ ਦੇ ਰਾਜ ਵਿਚ ਅਜਿਹਾ ਕੁੱਝ ਵੀ ਨਾ ਹੋਇਆ ਹੋਵੇ।
ਇਹ ਇੱਕ ਤੱਥਾਂ ਤੇ ਅਧਾਰਿਤ ਬਹੁਤ ਹੀ ਪੁਖ਼ਤਾ ਘੋਟਾਲਾ ਹੈ। ਆਮ ਆਦਮੀ ਪਾਰਟੀ, ਉਸਦੀ ਅਗਵਾਈ ਵਾਲੀ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਦੀ ਚੁੱਪ ਆਖਰ ਪੰਜਾਬੀਆਂ ਨੂੰ ਇਸ ਦੇ ਭ੍ਰਿਸ਼ਟਾਚਾਰ ਬਾਰੇ ਜ਼ੀਰੋ ਟਾਲਰੈਂਸ ਦੀ ਨੀਤੀ ਬਾਰੇ ਕੀ ਸੰਦੇਸ਼ ਦੇ ਰਹੀ ਹੈ? ਸਿਰਫ਼ ਇੱਕ ਅਵਾਜ਼ ਪਾਰਟੀ ਦੇ ਨਵ ਨਿਯੁੱਕਤ ਪ੍ਰਬੰਧ ਜਨਰਲ ਸਕੱਤਰ ਐਡਵੋਕੇਟ ਜਗਰੂਪ ਸਿੰਘ ਸੇਖ਼ਵਾਂ ਦੀ ਸੁਣੀ ਗਈ ਜਿਸ ਵਿਚ ਉਨ੍ਹਾਂ ਪਾਰਟੀ ਵਰਕਰਾਂ ਅਤੇ ਪੰਜਾਬ ਦੇ ਲੋਕਾਂ ਨੂੰ ਢਾਰਸ ਬਨਾਇਆ ਕਿ ਗੈਰ ਕਾਨੂੰਨੀ ਅਪਰਾਧਿਕ ਜ਼ਮੀਨ ਘੋਟਾਲੇ ਦੇ ਦੋਸ਼ੀਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ।
ਜਦੋਂ ਪੰਜਾਬ ਅੰਦਰ ਇਨਕਲਾਬੀ ਬਦਲਾਅ, ਰੰਗਲਾ ਅਤੇ ਭ੍ਰਿਸ਼ਟਾਚਾਰ ਰਹਿਤ ਪੰਜਾਬ ਦੇ ਨਿਰਮਾਣ ਪ੍ਰਤੀ ਸੰਕਲਪ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮਈ, 2022 ਵਿਚ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿਚ ਸਿਹਤ ਮੰਤਰੀ ਵਿਜੈ ਕੁਮਾਰ ਸਿੰਗਲਾ ਨੂੰ ਕੈਬਨਿਟ ਵਿਚੋਂ ਬਰਖਾਸਤ ਕਰਦੇ ਪੁਲਸ ਹਵਾਲੇ ਕਰਦਿਆਂ ਜ਼ੇਲ੍ਹ ਭੇਜਣ ਇਹ ਸ਼ਬਦ ਕਹੇ, ‘‘ਸ੍ਰੀ ਅਰਵਿੰਦ ਕੇਜਰੀਵਾਲ (ਪਾਰਟੀ ਸੁਪਰੀਮੋ) ਨੇ ਮੈਨੂੰ ਕਿਹਾ ਹੈ ਕਿ ਭਗਵੰਤ ਮੈਂ ਗੈਰਇਮਾਨਦਾਰੀ ਅਤੇ ਇੱਕ ਪੈਸੇ ਦੀ ਰਿਸ਼ਵਤ ਅਤੇ ਭ੍ਰਿਸ਼ਟਾਚਾਰ ਸਹਿਨ ਨਹੀਂ ਕਰਾਂਗਾ। ਉਦੋਂ ਮੈਂ ਵਚਨ ਦਿਤਾ ਸੀ ਕਿ ਅਜਿਹਾ ਕਦੇ ਨਹੀਂ ਹੋਵੇਗਾ। ਸਾਡੀ ਪਾਰਟੀ ਭ੍ਰਿਸ਼ਟਾਚਾਰ ਦੇ ਅੰਦੋਲਨ ਵਿਚੋਂ ਜਨਮੀਂ ਹੈ। ਅਸੀਂ ਇਸ ਸਬੰਧੀ ਆਪਣੇ ਵੀ ਨਹੀਂ ਬਖਸ਼ਾਗੇ। ਇੱਕ ਕੇਸ ਮੇਰੇ ਧਿਆਨ ਵਿਚ ਆਇਆ ਕਿ ਮੇਰੀ ਸਰਕਾਰ ਦਾ ਇੱਕ ਮੰਤਰੀ ਇੱਕ ਪ੍ਰਤੀਸ਼ਤ ਕਮਿਸ਼ਨ ਹਰ ਟੈਂਡਰ ਵਿਚੋਂ ਮੰਗ ਰਿਹਾ ਹੈ। ਮੈਂ ਇਸ ਨੂੰ ਬੜੀ ਗੰਭੀਰਤਾ ਨਾਲ ਲਿਆ। ਇਸ ਬਾਰੇ ਸਿਰਫ ਮੈਂ ਹੀ ਜਾਣਦਾ ਸੀ। ਨਾ ਵਿਰੋਧੀ ਪਾਰਟੀਆਂ ਅਤੇ ਨਾ ਹੀ ਮੀਡੀਆ।’’ ਅੱਗੇ ਕਹਿੰਦੇ ਨੇ ਕਿ ਮੈਂ ਇਹ ਕੇਸ ਠੱਪ ਵੀ ਕਰ ਸਕਦਾ ਸੀ, ਪਰ ਇੰਜ ਕਰਕੇ ਮੈਂ ਆਪਣੀ ਜ਼ਮੀਰ ਅਤੇ ਲੱਖਾਂ ਲੋਕਾਂ ਦੇ ਵਿਸ਼ਵਾਸ ਨਾਲ ਧੋਖਾ ਕਰਦਾ ਜਿਨ੍ਹਾਂ ਮੈਂ ਵੋਟ ਪਾਏ। ਸੋ ਉਸ ਸਿਹਤ ਮੰਤਰੀ ਵਿਜੈ ਸਿੰਗਲਾ ਨੂੰ ਬਾਹਰ ਦਾ ਰਸਤਾ ਵਿਖਾਇਆ।
ਭ੍ਰਿਸ਼ਟਾਚਾਰ ਵਿਸ਼ਵ ਦੀਆਂ ਹੀ ਨਹੀਂ ਬਲਕਿ ਪੰਜਾਬ ਦੀਆਂ ਸਭ ਸਮੱਸਿਆਵਾਂ ਦਾ ਮੂਲ ਹੈ। ਇਸ ਨੂੰ ਨਜਿੱਠਣ ਦਾ ਸਹੀ ਰਸਤਾ ਵਿਖਾਉਂਦੇ ਨਾਮਵਰ ਕਾਨੂੰਨਦਾਨ ਕਹਿੰਦੇ ਹਨ ਕਿ ਭ੍ਰਿਸ਼ਟਾਚਾਰ ਨਾਲ ਲੜਨ ਲਈ ਭ੍ਰਿਸ਼ਟਾਚਾਰੀ ਵਿਰੁੱਧ ਲੜਨਾ ਜ਼ਰੂਰੀ ਹੈ। ਭ੍ਰਿਸ਼ਟਾਚਾਰ ਦੀ ਮਾਂ ਵਜੋਂ ਜਾਣੇ ਜਾਂਦੇ ਅਫ਼ਸਰਾਸ਼ਾਹਾਂ, ਕਾਰੋਬਾਰੀਆਂ, ਵਿਚੋਲਿਆਂ ਅਤੇ ਮਾਫੀਆ ਗ੍ਰੋਹਾਂ ਨਾਲ ਲੋਹੇ ਦੇ ਹੱਥਾਂ ਨਾਲ ਸਿੱਝਣਾ ਜ਼ਰੂਰੀ ਹੈ। ਪਰ ਤੁਸਾਂ ਵਿਜੈ ਸਿੰਗਲਾ ਵਿਰੁੱਧ ਅਪਰਾਧਿਕ ਢੰਗ (Criminal procedure) ਨਹੀਂ ਸਿਝਿਆ। ਅੱਜ ਵਿਧਾਇਕ ਵਜੋਂ ਤੁਹਾਡੀਆਂ ਮੀਟਿੰਗਾਂ ਦਾ ਸ਼ਿਗਾਰ ਬਣਿਆ ਹੁੰਦਾ ਹੈ। ਤੁਹਾਡੇ ਵੱਲੋਂ ਉਸ ਦੇ ਦੋਸ਼ਾਂ ਵਾਲੀ ਵੀਡੀਓ ਕਦੇ ਜਨਤਕ ਨਹੀਂ ਕੀਤੀ ਗਈ।
ਤੁਸਾਂ ਹਾਰਟੀਕਲਚਰ ਮੰਤਰੀ ਰਹੇ ਫੌਜਾਂ ਸਿੰਘ ਸਰਾਰੀ ਦੇ ਉਸ ਦੇ ਨਿੱਜੀ ਸਹਾਇਕ ਤਰਸੇਮ ਲਾਲ ਕਪੂਰ ਨਾਲ ਵਾਇਰਲ ਵੀਡੀਓ ਵਿਚ ਅਨਾਜ ਟ੍ਰਾਂਸਪੋਰਟਰਾਂ ਅਤੇ ਅਧਿਕਾਰੀਆਂ ਤੋਂ ਫਿਰੌਤੀ ਸਬੰਧੀ ਕੋਈ ਸਖ਼ਤ ਨਹੀਂ ਲਿਆ ਗਿਆ। ਤੁਹਾਡੇ ਵੱਲੋਂ ਉਸ ਦੀ ਜਵਾਬਦੇਹੀ ਲਈ ਜਾਰੀ ਨੋਟਿਸ ਦਾ ਵੀ ਉਸ ਨੇ ਜਵਾਬ ਨਹੀਂ ਦਿਤਾ। ਕਹਿੰਦੇ ਦਿੱਲੀ ਹਾਈ ਕਮਾਨ ਦੇ ਉਹ ਨਜ਼ਦੀਕ ਸੀ। ਅੰਦਰੂਨੀ ਆਦੇਸ਼ਾਂ ਅਨੁਸਾਰ 7 ਜਨਵਰੀ, 2023 ਨੂੰ ਕੈਬਨਿਟ ਤੋਂ ਅਸਤੀਫਾ ਦੇ ਕੇ ਉਹ ਵੱਖ ਹੋ ਗਿਆ। ਪੰਜਾਬ ਦੇ ਲੋਕ ਤੁਹਾਡੀ ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਟਾਲਰੈਂਸ ਅਧੀਨ ਕਾਰਵਾਈ ਉਡੀਕਦੇ ਰਹੇ। ਨਤੀਜਾ ਜ਼ੀਰੋ।
ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਦੇ ਜਿਨਸੀ ਵਿਵਾਦ ਕੇਸ ਨੂੰ ਤੁਸਾਂ ਤੁਰੰਤ ਕੋਈ ਕਾਰਵਾਈ ਨਾ ਕਰਕੇ, ਸਰਕਾਰ ਦੇ ਟੂਲਾਂ ਦੀ ਸਿੱਟ ਗਠਤ ਕਰਕੇ ਆਇਆ-ਗਿਆ ਕਰ ਦਿਤਾ। ਤੁਹਾਡੇ ਤੋਂ ਕਦੇ ਪੰਜਾਬੀਆਂ ਨੂੰ ਐਸੀ ਆਸ ਨਹੀਂ ਸੀ ਕਿਉਂਕਿ ਤੁਸੀਂ ਜ਼ਮੀਰ ਦੀ ਅਵਾਜ਼ ਤੇ ਕਾਰਵਾਈ ਦਾ ਵਾਅਦਾ ਕਰਦੇ ਸੀ।
ਅਜੋਕਾ ਭੂੰ-ਘੋਟਾਲਾ ਬਹੁਤ ਸੰਗੀਨ ਹੈ। ਜਿਵੇਂ ਤੁਸੀਂ ਮੰਤਰੀਆਂ, ਵਿਧਾਇਕਾਂ, ਪਾਰਟੀ ਉੱਚ ਕਾਰਕੁਨਾਂ ਦੇ ਘੁਟਾਲੇ ਦੱਬਣ ਦੀ ਨੀਤੀ ਤੇ ਚੱਲ ਪਏ ਹੋ ਉਹ ਇੱਕ ਦਿਨ ਐਨੇ ਭਾਰੇ ਪੈ ਜਾਣਗੇ ਕਿ ਤੁਸੀਂ ਉਨ੍ਹਾਂ ਥੱਲੇ ਦੱਬ ਕੇ ਰਹਿ ਜਾਉਗੇ।
ਸਾਰਾ ਵਿਸ਼ਵ ਜਾਣਦਾ ਹੈ ਕਿ ਰਾਜਨੀਤੀ ਸਿਸਟਮ ਧੰਨ ਸਹਾਰੇ ਚਲਦਾ ਹੈ। ਚੋਣ ਸਿਸਟਮ ਅੰਦਰ ਵੱਡੇ-ਵੱਡੇ ਕਾਰੋਬਾਰੀ ਅਤੇ ਹੋਰ ਧੰਦਿਆਂ ਵਾਲੇ ਲੋਕ ਗਿਫ਼ਟਾਂ, ਚੰਦਿਆਂ, ਸਹਾਇਤਾਵਾਂ ਰਾਹੀਂ ਧੰਨ ਦਿੰਦੇ ਹਨ ਕਿਉਂਕਿ ਚੋਣ ਪਾਰਟੀ ਜਾਂ ਉਮੀਦਵਾਰ ਨੂੰ ਚਲਾਉਣੀ ਪੈਂਦੀ ਹੈ। ਸਰਕਾਰ ਕੋਈ ਖ਼ਰਚਾ ਨਹੀਂ ਕਰਦੀ। ਸਥਾਨਿਕ ਤੋਂ ਰਾਜ ਪੱਧਰ ਤੱਕ ਚੋਣਾਂ ਸਮੇਂ ਅਜਿਹਾ ਹੁੰਦਾ ਹੈ। ਇਵਜ਼ ਵਿਚ ਹਲਕੇ ਦੇ ਵੋਟਰਾਂ, ਸਪੋਰਟਰਾਂ ਅਤੇ ਦਾਨੀਆਂ ਦੇ ਕੰਮਾਂ ਲਈ ਸਿਫਾਰਸ਼ਾਂ ਕੋਈ ਨਵੀਂ ਗੱਲ ਨਹੀਂ।
ਅਮਰੀਕਾ ਦੇ ਨਿਊਜਰਸੀ ਸੈਨੇਟਰ ਰਾਬਰਟ ਮੈਨੇਡਜ਼ ਖਿਲਾਫ ਕੇਸ ਆਇਆ ਕਿ ਉਸ ਨੇ ਚੋਣਾਂ ਸਮੇਂ ਜਿਸ ਮਿੱਤਰ ਤੋਂ ਤੋਹਫੇ ਅਤੇ ਚੰਦਾ ਲਿਆ ਉਸ ਦੇ ਕਾਰੋਬਾਰ ਵਿਚ ਮਦਦ ਲਈ ਦੂਸਰੇ ਅਫਸਰਾਂ ਅਤੇ ਪਬਲਿਕ ਨੁਮਾਇੰਦਿਆਂ ਨੂੰ ਸਿਫਾਰਸ਼ਾਂ ਕੀਤੀਆਂ। ਅਦਾਲਤ ਨੇ ਇਸ ਮਦਦ ਨੂੰ ਭ੍ਰਿਸ਼ਟਚਾਰ ਮੰਨਣ ਤੋਂ ਇਨਕਾਰ ਕਰ ਦਿਤਾ।
ਇਸ ਤੋਂ ਪਹਿਲਾਂ ਵਰਜੀਨੀਆਂ ਦੇ ਸਾਬਕਾ ਗਵਰਨਰ ਬਾਬ ਮੈਕਾਡਾਨਲ ਦਾ ਕੇਸ ਸੁਪਰੀਮ ਕੋਰਟ ਸਾਹਮਣੇ ਆ ਚੁੱਕਾ ਸੀ ਜਿਸ ਵਿਚ ਉਨ੍ਹਾਂ ਇੱਕ ਵਪਾਰੀ ਕਾਰੋਬਾਰੀ ਤੋਂ 175000 ਡਾਲਰ ਚੋਣ ਚੰਦੇ ਅਤੇ ਗਿਫ਼ਟ ਵਜੋਂ ਲਏ ਸਨ। ਉਹ ਰਾਜ ਤੋਂ ਆਪਣੀਆਂ ਉਤਪਾਦਨ ਵਸਤਾਂ ਦੇ ਕਾਰੋਬਾਰ ਸਬੰਧੀ ਸਿਫਾਰਸ਼ ਚਾਹੁੰਦਾ ਸੀ। ਸੁਪਰੀਮ ਕੋਰਟ ਅਨੁਸਾਰ ਪ੍ਰਤੀਨਿਧਾਂ ਤੱਕ ਪਹੁੰਚ ਦੀ ਖਰੀਦਦਾਰੀ, ਉਨ੍ਹਾਂ ਵੱਲੋਂ ਸਹੀ ਕੰਮ-ਕਾਜਾਂ ਲਈ ਸਿਫਾਰਸ਼ਾਂ ਜਾਂ ਸਬੰਧਿਤ ਲੋਕਾਂ ਜਾਂ ਅਧਿਕਾਰੀਆਂ ਨਾਲ ਮਿਲਣੀਆਂ ਜਾਂ ਮੀਟਿੰਗਾਂ ਲਈ ਮਦਦ ਕਰਨਾ ਭ੍ਰਿਸ਼ਟਾਚਾਰ ਦੇ ਦਾਅਰੇ ਵਿਚ ਨਹੀਂ ਆਉਂਦੇ। ਇਹ ਜਾਇਜ਼ ਨਹੀ ਹੋ ਸਕਦਾ ਕਿ ਜਿਨ੍ਹਾਂ ਵੱਲੋਂ ਆਗੂ ਨੁਮਾਇੰਦੇ ਚੁਣੇ ਜਾਂਦੇ ਹਨ, ਉਹ ਉਨ੍ਹਾਂ ਦੀ ਮਦਦ ਨਾ ਕਰਨ।
ਸੁਪਰੀਮ ਕੋਰਟ ਦਾ ਸਪੱਸ਼ਟ ਕਹਿਣਾ ਹੈ ਕਿ ਭ੍ਰਿਸ਼ਟਾਚਾਰ ਦਾ ਮੁੱਦਾ ਉਦੋਂ ਉੱਠਦਾ ਹੈ ਜਦੋਂ ਜਨਤਕ ਪ੍ਰਤੀਨਿੱਧ ਵਲੋਂ ਸਰਕਾਰੀ ਤਾਕਤ ਦੀ ਵਰਤੋਂ ਦਾ ਇਸਤੇਮਾਲ ਇਸ ਵਿਚ ਦਿਸੇ। ਪਠਾਨਕੋਟ ਜ਼ਮੀਨ ਘੋਟਾਲੇ ਵਿਚ ਮੰਤਰੀਆਂ ਵੱਲੋਂ ਸਰਕਾਰੀ ਤਾਕਤ ਦਾ ਇਸਤੇਮਾਲ ਨਿੱਜੀ ਪਾਰਟੀਆਂ ਦੇ ਲਾਭਾਂ ਲਈ ਕੀਤਾ ਗਿਆ ਸਾਫ਼ ਨਜ਼ਰ ਆਉਂਦਾ ਹੈ।
ਜ਼ਿਲ੍ਹੇ ਅੰਦਰ ਏ.ਡੀ.ਸੀ. ਬਲਰਾਜ ਸਿੰਘ ਜਦੋਂ ਕੰਮ ਕਰ ਰਿਹਾ ਸੀ ਤਾਂ ਹਫ਼ਤੇ ਵਾਸਤੇ ਕਿਓਂ ਬਦਲਿਆ? ਇੱਕ ਕੁਲਦੀਪ ਸਿੰਘ ਨਾਮਕ ਬੀ.ਡੀ.ਪੀ.ਓ. ਨੂੰ ਡੀ.ਡੀ.ਪੀ.ਓ. 21 ਫਰਵਰੀ ਨੂੰ ਪਦ ਉੱਨਤ ਸੇਵਾਮੁਕਤੀ ਦੇ ਹਫਤਾ ਕੁ ਪਹਿਲਾਂ ਕਿਉਂ ਕੀਤਾ? ਫਿਰ ਉਸੇ ਨੂੰ 24 ਫਰਵਰੀ ਨੂੰ ਏ.ਡੀ.ਸੀ. ਵਿਕਾਸ ਵਜੋਂ ਪਦ-ਉਨਤ ਕਿਉਂ ਕੀਤਾ?ਉਸ ਵੱਲੋਂ ਗੋਲ ਪਿੰਡ ਦੀ ਪੰਚਾਇਤ ਦੀ 92 ਏਕੜ ਜ਼ਮੀਨ ਬਾਰੇ ਪੰਚਾਇਤ ਦਾ ਪੱਖ, ਦਸਤਾਵੇਜ਼ ਤੇ ਲੈਂਡ ਰਿਕਾਰਡ ਕਿਉਂ ਚੈੱਕ ਨਹੀਂ ਕੀਤੇ? ਕਾਹਲੀ ਕਾਹਦੀ ਸੀ? ਇਸ ਵਿਅਕਤੀ ਨੇ 28 ਫਰਵਰੀ, 2023 ਨੂੰ ਸੇਵਾ ਮੁਕਤ ਹੋ ਜਾਣਾ ਸੀ । 24 ਫਰਵਰੀ ਨੂੰ ਡੀ.ਡੀ.ਪੀ.ਓ. ਤੋਂ ਏ.ਡੀ.ਸੀ ਪਦ ਉੱਨਤ ਦਿਨ ਸ਼ੁਕਰਵਾਰ। ਅਗਲੇ ਦੋ ਦਿਨ ਛੁੱਟੀ ਸ਼ਨੀ-ਐਤਵਾਰ। ਸੋਮਵਾਰ ਨੂੰ 92 ਏਕੜ ਜ਼ਮੀਨ ਆਕਾਵਾਂ ਦੇ ਆਦੇਸ਼ ਤੇ ਨਿੱਜੀ ਪਾਰਟੀਆਂ ਨੂੰ ਟ੍ਰਾਂਸਫਰ ਅਤੇ ਅੱਗਲੇ ਦਿਨ ਸੇਵਾ ਮੁਕਤ ਫੁੱਰਰ। ਮੁੜ੍ਹ ਕੁੱਝ ਦਿਨ ਲਾਂਭੇ ਕੀਤੇ ਬਲਰਾਜ ਸਿੰਘ ਨੂੰ ਮੁੜ੍ਹ ਉੱਥੇ ਤਾਇਨਾਤ।
ਇਹ ਸਮੁੱਚੀ ਕਾਹਲੀ ਵਿਚ ਕੀਤੀ ਪਦ ਉੱਨਤੀ ਹਾਲਾਂਕਿ ਕੁਲਦੀਪ ਸਿੰਘ ਖਿਲਾਫ ਜਾਂਚ ਕੇਸ ਸਨ, ਉਹ ਵੀ ਪਲ ਭਰ ਵਿਚ ਛੂਹ ਮੰਤਰ, ਸਾਫ ਵਿਖਾਈ ਦਿੰਦਾ ਹੈ ਕਿ ਗਹਿਰੀ ਅਪਰਾਧਿਕ ਸਾਜਿਸ਼ ਸੀ। ਇਹ ਰੇਤ-ਬਜਰੀ ਦਾ ਖਜ਼ਾਨਾ ਜ਼ਮੀਨ ਸੀ ਜਿਸ ਤੋਂ ਸਾਲਾਨਾ ਘੱਟੋ-ਘੱਟ 40-50 ਕਰੋੜ ਆਮਦਨ ਹੋ ਸਕਦੀ ਹੈ।
ਹਲਕੇ ਦੇ ਵਿਧਾਇਕ, ਮੰਤਰੀ ਦਾ ਫਰਜ਼ ਬਣਦਾ ਸੀ ਐਸੇ ਘੋਟਾਲੇ ਦਾ ਪਰਦਾਫਾਸ਼ ਕਰਦਾ ਪਰ ਉਹ ਤਾਂ ਖੁਦ ਇਸ ਦਾ ਸਾਜਿਸ਼ਕਾਰ ਲਗਦਾ। ਇਵੇਂ ਦੋਹਰੇ ਅਪਰਾਧਿਕ ਕਾਰਨਾਮੇ ਦਾ ਜ਼ਿੰਮੇਵਾਰ ਤਾਂ ਨਹੀਂ? ਪੰਜਾਬ ਵਿਚ ਦੱਬੀਆਂ ਪੰਚਾਇਤੀ ਜ਼ਮੀਨਾਂ ਖੁਲਾਸ ਕਰਾਉਣ ਵਾਲਾ ਕੁਲਦੀਪ ਸਿੰਧ ਧਾਲੀਵਾਲ ਵੀ ਪੁੱਠੇ ਪਾਸੇ ਤੁਰ ਪਿਆ। ਉਸ ਤੋਂ ਖੇਤੀ ਅਤੇ ਪੰਚਾਇਤ ਵਿਕਾਸ ਮਹਿਕਮੇ ਖੋਹ ਕੇ ਐਨ.ਆਰ.ਆਈ. ਰਹਿਣ ਦਿਤਾ। ਵਿਦੇਸ਼ ਵਿਚੋਂ ਸੁਦੇਸ਼ ਪਰਤਣ ਦੇ ਤਜ਼ਰਬੇ ਕਰਕੇ।
ਭਗਵੰਤ ਮਾਨ ਜੀ ਦਾਗਦਾਰ ਕੈਬਨਿਟ ਮੰਤਰੀ, ਵਿਧਾਇਕ, ਅਫਸਰਸ਼ਾਹ ਮਹੱਤਵ ਨਹੀਂ ਰਖਦੇ ਇਨਕਲਾਬ ਅਤੇ ਬਦਲਾਅ ਦਾ ਦਾਅਵਾ ਕਰਨ ਵਾਲੀਆਂ ਸਰਕਾਰਾਂ ਲਈ, ਲੋਕ ਮਹੱਤਵਪੂਰਨ ਹੁੰਦੇ ਹਨ। ਦਾਗੀ ਮੰਤਰੀਆਂ ਨੂੰ ਡਿਸਮਿਸ ਹੀ ਨਹੀਂ ਉਨ੍ਹਾਂ ਨੂੰ ਅਪਰਾਧਿਕ ਅਤੇ ਭ੍ਰਿਸ਼ਟਾਚਾਰ ਦੋਸ਼ਾਂ ਵਿਚ ਜੇਲ੍ਹੀਂ ਡੱਕੋ। ਲੋਕਾਂ ਨੇ ਤੁਹਾਨੂੰ ਸ਼ਕਤੀ ਦਿਤੀ ਹੈ, ਜਿਨ੍ਹਾਂ ਕੋਲੋਂ ਖੋਹੀ ਜ਼ਰਾ ਵੇਖੋ ਕਿਵੇਂ ਦੋਵੇਂ ਹੱਥੀ ਦੁਹੱਥੜਾਂ ਮਾਰ-ਮਾਰ ਰੋ ਰਹੇ ਨੇ। ਰਾਜਨੀਤੀ ਪਿਤਾ ਪੁਰਖੀ ਧੰਦਾ ਜੁ ਬਣਾ ਲਈ। ਲੇਕਿਨ ਤੁਸੀਂ ਲੋਕ ਨਾਇਕ ਬਣੇ ਰਹਿਣ ਲਈ ਗੁਰੂ ਗੋਬਿੰਦ ਸਿੰਘ ਜੀ ਦੇ ਇਹ ਪਵਿੱਤਰ ਸ਼ਬਦ ਸਦਾ ਯਾਦ ਰੱਖੋ:
ਇਨਹੀ ਕੀ ਕ੍ਰਿਪਾ ਕਿ ਸਜੈ ਹਮ ਹੈਂ।।
ਨਹੀਂ ਮੋ ਸੋ ਗਰੀਬ ਕਰੋਰ ਭਰੇ।।
ਸਾਬਕਾ ਰਾਜ ਸੂਚਨਾ ਕਮਿਸ਼ਨਰ, ਪੰਜਾਬ
ਕਿੰਗਸਟਨ, ਕੈਨੇਡਾ+12898292929