ਐਲਬਰਟਾ ਵਿਚ ਨਸ਼ਿਆਂ ਦੀ ਓਵਰਡੋਜ਼ ਕਾਰਨ 1867 ਮੌਤਾਂ
ਐਡਮਿੰਟਨ, 21 ਮਈ (ਵਿਸ਼ੇਸ਼ ਪ੍ਰਤੀਨਿਧ) : ਐਲਬਰਟਾ ਵਿਚ ਨਸ਼ਿਆਂ ਦੀ ਓਵਰਡੋਜ਼ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੈਰਾਨਕੁੰਨ ਤਰੀਕੇ ਨਾਲ ਵਧੀ ਹੈ ਅਤੇ ਤਾਜ਼ਾ ਰਿਪੋਰਟ ਦਰਸਾਉਂਦੀ ਹੈ ਕਿ 2023 ਵਿਚ ਹੋਈਆਂ ਮੌਤਾਂ ਨੇ ਸਾਰੇ ਰਿਕਾਰਡ ਤੋੜ ਦਿਤੇ। ਪਿਛਲੇ ਸਾਲ 1,867 ਲੋਕਾਂ ਨੇ ਜਾਨ ਗਵਾਈ ਜਦਕਿ 2024 ਦੇ ਪਹਿਲੇ ਦੋ ਮਹੀਨੇ ਦੌਰਾਨ 237 ਜਣੇ ਮੌਤ ਦੇ ਮੂੰਹ […]
By : Editor Editor
ਐਡਮਿੰਟਨ, 21 ਮਈ (ਵਿਸ਼ੇਸ਼ ਪ੍ਰਤੀਨਿਧ) : ਐਲਬਰਟਾ ਵਿਚ ਨਸ਼ਿਆਂ ਦੀ ਓਵਰਡੋਜ਼ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੈਰਾਨਕੁੰਨ ਤਰੀਕੇ ਨਾਲ ਵਧੀ ਹੈ ਅਤੇ ਤਾਜ਼ਾ ਰਿਪੋਰਟ ਦਰਸਾਉਂਦੀ ਹੈ ਕਿ 2023 ਵਿਚ ਹੋਈਆਂ ਮੌਤਾਂ ਨੇ ਸਾਰੇ ਰਿਕਾਰਡ ਤੋੜ ਦਿਤੇ। ਪਿਛਲੇ ਸਾਲ 1,867 ਲੋਕਾਂ ਨੇ ਜਾਨ ਗਵਾਈ ਜਦਕਿ 2024 ਦੇ ਪਹਿਲੇ ਦੋ ਮਹੀਨੇ ਦੌਰਾਨ 237 ਜਣੇ ਮੌਤ ਦੇ ਮੂੰਹ ਵਿਚ ਚਲੇ ਗਏ। ਐਡਮਿੰਟਨ ਅਤੇ ਕੈਲਗਰੀ ਵਿਖੇ ਓਪੀਔਇਡ ਸੰਕਟ ਡੂੰਘਾ ਹੁੰਦਾ ਜਾ ਰਿਹਾ ਹੈ ਅਤੇ ਸਮਾਜਿਕ ਜਥੇਬੰਦੀ ‘ਮੌਮਜ਼ ਸਟੌਪ ਦਾ ਹਾਰਮ’ ਦੀ ਬਾਨੀ ਪੈਟਰਾ ਸ਼ਲਜ਼ ਨੇ ਕਿਹਾ ਕਿ ਉਹ ਤਾਜ਼ਾ ਅੰਕੜਿਆਂ ਤੋਂ ਹੈਰਾਨ ਨਹੀਂ ਸਗੋਂ ਬੇਹੱਦ ਘਬਰਾਏ ਹੋਏ ਹਨ।
2023 ਦੇ ਅੰਕੜਿਆਂ ਤੋਂ ਸਮਾਜਿਕ ਜਥੇਬੰਦੀਆਂ ਚਿੰਤਤ
ਐਡਮਿੰਟਨ ਵਿਖੇ ਪਿਛਲੇ ਸਾਲ 673 ਜਣਿਆਂ ਨੇ ਦਮ ਤੋੜਿਆ ਜਦਕਿ ਕੈਲਗਰੀ ਵਿਖੇ ਜਾਨ ਗਵਾਉਣ ਵਾਲਿਆਂ ਦਾ ਅੰਕੜਾ 629 ਦਰਜ ਕੀਤਾ ਗਿਆ। ਇਸੇ ਦੌਰਾਨ ਗਲੋਬਲ ਨਿਊਜ਼ ਨਾਲ ਗੱਲਬਾਤ ਕਰਦਿਆਂ ਐਲਬਰਟਾ ਦੇ ਮਾਨਸਿਕ ਸਿਹਤ ਮਾਮਲਿਆਂ ਬਾਰੇ ਮੰਤਰੀ ਦੇ ਬੁਲਾਰੇ ਹੰਟਰ ਬੈਰਿਲ ਨੇ ਕਿਹਾ ਕਿ ਨਸ਼ਿਆਂ ਦੀ ਆਦਤ ਕਾਰਨ ਲੋਕਾਂ ਦਾ ਜਾਨ ਗਵਾਉਣਾ ਡੂੰਘੀਆਂ ਚਿੰਤਾਵਾਂ ਪੈਦਾ ਕਰਦਾ ਹੈ। ਸਰਕਾਰ 2024 ਦੇ ਅੰਕੜਿਆਂ ’ਤੇ ਨਜ਼ਰ ਰੱਖ ਰਹੀ ਹੈ ਜੋ ਇਸ ਵੇਲੇ ਘਟਦੇ ਨਜ਼ਰ ਆ ਰਹੇ ਹਨ। ਦੂਜੇ ਪਾਸੇ ਪੈਟਰਾ ਸ਼ਲਜ਼ ਦਾ ਕਹਿਣਾ ਸੀ ਕਿ ਲੰਮੇ ਸਮੇਂ ਦੌਰਾਨ ਮੌਤਾਂ ਦੀ ਗਿਣਤੀ ਘਟਣ ਮਗਰੋਂ ਹੀ ਕੋਈ ਤਸੱਲੀ ਜ਼ਾਹਰ ਕੀਤੀ ਜਾ ਸਕਦੀ ਹੈ। ਕਈ ਵਾਰ ਅਸੀਂ ਵੇਖਦੇ ਹਾਂ ਕਿ ਘੱਟ ਖਤਰਨਾਕ ਨਸ਼ੀਲੇ ਪਦਾਰਥਾਂ ਦੀ ਸਪਲਾਈ ਸ਼ੁਰੂ ਹੋ ਜਾਂਦੀ ਹੈ ਜਿਸ ਦੇ ਮੱਦੇਨਜ਼ਰ ਜਾਨੀ ਨੁਕਸਾਨ ਦਾ ਅੰਕੜਾ ਘਟ ਸਕਦਾ ਹੈ।
ਐਡਮਿੰਟਨ ਵਿਚ 673 ਅਤੇ ਕੈਲਗਰੀ ਵਿਚ 629 ਜਣਿਆਂ ਨੇ ਤੋੜਿਆ ਦਮ
ਸ਼ਲਜ਼ ਵੱਲੋਂ ਸੂਬਾ ਸਰਕਾਰ ਨੂੰ ਅਪੀਲ ਕੀਤੀ ਗਈ ਕਿ ਨੁਕਸਾਨ ਘਟਾਉਣ ਵਧੇਰੇ ਮਾਪਦੰਡ ਲਾਗੂ ਕੀਤੇ ਜਾਣ ਜਿਨ੍ਹਾਂ ਵਿਚ ਲੋਕਾਂ ਨੂੰ ਸੁਰੱਖਿਅਤ ਰਹਿਣ ਬਾਰੇ ਜਾਣੂ ਕਰਵਾਉਣਾ ਅਤੇ ਖਪਤ ਵਾਲੀਆਂ ਥਾਵਾਂ ਦੇ ਘੇਰਾ ਵਧਾਉਣਾ ਸ਼ਾਮਲ ਹੈ। ਇਸੇ ਦੌਰਾਨ ਐਨ.ਡੀ.ਪੀ. ਦੀ ਮਾਨਸਿਕ ਸਿਹਤ ਮਾਮਲਿਆਂ ਬਾਰੇ ਆਲੋਚਕ ਜੈਨਟ ਐਰਾਮੈਂਕੋ ਨੇ ਕਿਹਾ ਕਿ ਮੌਤਾਂ ਦੀ ਗਿਣਤੀ ਵਿਚ ਹੋਇਆ ਵਾਧਾ ਸਾਫ ਦਰਸਾਉਂਦਾ ਹੈ ਕਿ ਸਭ ਅੱਛਾ ਨਹੀਂ। ਯੂਨਾਈਟਡ ਕੰਜ਼ਰਵੇਟਿਵ ਪਾਰਟੀ ਦੀ ਸਰਕਾਰ ਮਾਮਲੇ ਦੀ ਗੰਭੀਰਤਾ ਸਮਝਣ ਨੂੰ ਤਿਆਰ ਨਹੀਂ। ਉਧਰ ਹੰਟਰ ਬੈਰਿਲ ਨੇ ਕਿਹਾ ਕਿ ਰੈਡ ਡੀਅਰ ਅਤੇ ਲੈਥਬ੍ਰਿਜ ਵਿਖੇ ਦੋ ਵਿਸ਼ਵ ਮਿਆਰੀ ਟ੍ਰੀਟਮੈਂਟ ਸੈਂਟਰ ਖੋਲ੍ਹੇ ਜਾ ਚੁੱਕੇ ਹਨ ਅਤੇ 9 ਹੋਰਨਾਂ ਥਾਂਵਾ ’ਤੇ ਸਹੂਲਤਾਂ ਉਪਲਬਧ ਕਰਵਾਈਆਂ ਜਾ ਰਹੀਆਂ ਹਨ। ਬੈਰਿਲ ਵੱਲੋਂ ਵਰਚੁਅਲ ਓਪੀਔਇਡ ਡਿਪੈਂਡੈਂਸੀ ਪ੍ਰੋਗਰਾਮ ਦਾ ਜ਼ਿਕਰ ਕੀਤਾ ਗਿਆ। ਅੰਤ ਵਿਚ ਸ਼ਲਜ਼ ਨੇ ਕਿਹਾ ਕਿ ਤੱਥਾਂ ’ਤੇ ਆਧਾਰਤ ਵਾਲੰਟੀ ਟ੍ਰੀਟਮੈਂਟ ਮੁਹੱਈਆ ਕਰਵਾਉਣਾ ਲਾਜ਼ਮੀ ਹੈ ਤਾਂ ਕਿ ਭਵਿੱਖ ਵਿਚ ਕੀਮਤੀ ਜਾਨਾਂ ਬਚਾਈਆਂ ਜਾ ਸਕਣ।