ਅਮਰੀਕਾ ਵਿਚ ਸਿੱਖ ਪਰਵਾਰ ਦੇ ਮਕਾਨ ’ਤੇ ਕਿਰਾਏਦਾਰ ਨੇ ਕੀਤਾ ਕਬਜ਼ਾ
ਸਿਐਟਲ, 19 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਵਿਚ ਸਿੱਖ ਪਰਵਾਰ ਆਪਣਾ 20 ਲੱਖ ਡਾਲਰ ਦਾ ਮਕਾਨ ਕਿਰਾਏਦਾਰ ਤੋਂ ਖਾਲੀ ਕਰਵਾਉਣ ਲਈ ਸੰਘਰਸ਼ ਕਰ ਰਿਹਾ ਹੈ। ਕਿਰਾਏਦਾਰ ਸਿਰ 80 ਹਜ਼ਾਰ ਡਾਲਰ ਦਾ ਰੈਂਟ ਚੜ੍ਹ ਗਿਆ ਹੈ ਪਰ ਉਹ ਨਾ ਤਾਂ ਕਿਰਾਇਆ ਦਿੰਦਾ ਹੈ ਅਤੇ ਨਾ ਹੀ ਮਕਾਨ ਖਾਲੀ ਕਰ ਰਿਹਾ ਹੈ। ਕਿਰਾਏਦਾਰ ਨੂੰ ਬਾਹਰ ਕੱਢਣ ਲਈ […]
By : Editor Editor
ਸਿਐਟਲ, 19 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਵਿਚ ਸਿੱਖ ਪਰਵਾਰ ਆਪਣਾ 20 ਲੱਖ ਡਾਲਰ ਦਾ ਮਕਾਨ ਕਿਰਾਏਦਾਰ ਤੋਂ ਖਾਲੀ ਕਰਵਾਉਣ ਲਈ ਸੰਘਰਸ਼ ਕਰ ਰਿਹਾ ਹੈ। ਕਿਰਾਏਦਾਰ ਸਿਰ 80 ਹਜ਼ਾਰ ਡਾਲਰ ਦਾ ਰੈਂਟ ਚੜ੍ਹ ਗਿਆ ਹੈ ਪਰ ਉਹ ਨਾ ਤਾਂ ਕਿਰਾਇਆ ਦਿੰਦਾ ਹੈ ਅਤੇ ਨਾ ਹੀ ਮਕਾਨ ਖਾਲੀ ਕਰ ਰਿਹਾ ਹੈ। ਕਿਰਾਏਦਾਰ ਨੂੰ ਬਾਹਰ ਕੱਢਣ ਲਈ ਭਾਈਚਾਰੇ ਵੱਲੋਂ ਵੱਡਾ ਇਕੱਠ ਕੀਤਾ ਗਿਆ ਪਰ ਪੁਲਿਸ ਦੇ ਦਖਲ ਕਾਰਨ ਨਾਹਰੇਬਾਜ਼ੀ ਤੋਂ ਅੱਗੇ ਗੱਲ ਨਾ ਵਧ ਸਕੀ। ਮੀਡੀਆ ਰਿਪੋਰਟਾਂ ਮੁਤਾਬਕ ਵਾਸ਼ਿੰਗਟਨ ਸੂਬੇ ਦੇ ਬੈਲਵਿਊ ਸ਼ਹਿਰ ਵਿਚ ਰਹਿੰਦੇ ਜਸਕਰਨ ਸਿੰਘ ਨੇ ਆਪਣਾ ਪੰਜ ਬੈਡਰੂਮ ਵਾਲਾ ਮਕਾਨ ਦੋ ਸਾਲ ਪਹਿਲਾਂ ਕਿਰਾਏ ’ਤੇ ਦਿਤਾ।
20 ਲੱਖ ਡਾਲਰ ਦਾ ਘਰ ਖਾਲੀ ਕਰਵਾਉਣ ਲਈ ਭਾਈਚਾਰੇ ਨੇ ਕੀਤਾ ਰੋਸ ਵਿਖਾਵਾ
ਜਸਕਰਨ ਸਿੰਘ ਨੂੰ ਪਹਿਲੇ ਮਹੀਨੇ ਦਾ ਕਿਰਾਇਆ ਅਤੇ ਇਕ ਮਹੀਨੇ ਦੇ ਕਿਰਾਏ ਬਰਾਬਰ ਸਕਿਉਰਿਟੀ ਮਿਲੀ। ਇਸ ਮਗਰੋਂ ਕਿਰਾਏਦਾਰ ਨੇ ਇਕ ਵੀ ਡਾਲਰ ਨਹੀਂ ਦਿਤਾ ਅਤੇ ਬਕਾਇਆ ਕਿਰਾਏ ਦੀ ਰਕਮ ਵਧ ਕੇ 80 ਹਜ਼ਾਰ ਡਾਲਰ ਹੋ ਗਈ। ਜਸਕਰਨ ਸਿੰਘ ਨੇ ਕਾਨੂੰਨ ਦਾ ਸਹਾਰਾ ਲਿਆ ਪਰ ਅਦਾਲਤ ਨੇ ਕਿਰਾਏਦਾਰ ਨੂੰ ਕੱਢਣ ’ਤੇ ਰੋਕ ਲਾ ਦਿਤੀ ਅਤੇ ਅਗਲੀ ਸੁਣਵਾਈ 5 ਅਪ੍ਰੈਲ ਨੂੰ ਹੋਣੀ ਹੈ। ਇਸ ਮਗਰੋਂ ਜਸਕਰਨ ਸਿੰਘ ਨੇ ਮਾਮਲਾ ਆਪਣੇ ਹੱਥਾਂ ਵਿਚ ਲੈਂਦਿਆਂ ਘਰ ਦੇ ਬਾਹਰ ਧਰਨਾ ਲਾ ਦਿਤਾ। ‘ਕੋਮੋ ਨਿਊਜ਼’ ਨਾਲ ਗੱਲਬਾਤ ਕਰਦਿਆਂ ਜਸਕਰਨ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ 80 ਹਜ਼ਾਰ ਡਾਲਰ ਦਾ ਨੁਕਸਾਨ ਹੋ ਚੁੱਕਾ ਹੈ ਅਤੇ ਹੁਣ ਇਹ ਬੰਦ ਹੋਣਾ ਚਾਹੀਦਾ ਹੈ। ਜਸਕਰਨ ਸਿੰਘ ਅਤੇ ਕਿਰਾਏਦਾਰ ਵਿਚਾਲੇ ਟਕਰਾਅ ਦੀਆਂ ਕਈ ਤਸਵੀਰਾਂ ਵੀ ਸਾਹਮਣੇ ਆਈਆਂ। ਕਿਰਾਏਦਾਰ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਪਰ ਉਹ ਕੋਰੀਅਨ ਮੂਲ ਦਾ ਦੱਸਿਆ ਜਾ ਰਿਹਾ ਹੈ। ਜਸਕਰਨ ਸਿੰਘ ਮੁਤਾਬਕ ਅਸਲ ਵਿਚ ਕਿਰਾਏਦਾਰ ਕਿਰਾਇਆ ਦੇਣਾ ਹੀ ਨਹੀਂ ਚਾਹੁੰਦਾ ਅਤੇ ਸਿਸਟਮ ਦੀ ਦੁਰਵਰਤੋਂ ਕਰ ਰਿਹਾ ਹੈ। ਜਸਕਰਨ ਸਿੰਘ ਵੱਲੋਂ ਉਸ ਵੇਲੇ ਹੀ ਸ਼ਿਕਾਇਤ ਕਰ ਦਿਤੀ ਗਈ ਸੀ ਜਦੋਂ ਕਿਰਾਏਦਾਰ ਨੇ ਲਗਾਤਾਰ ਦੋ-ਤਿੰਨ ਮਹੀਨੇ ਕਿਰਾਇਆ ਨਾ ਦਿਤਾ ਪਰ ਹਾਊਸਿੰਗ ਜਸਟਿਸ ਪ੍ਰੌਜੈਕਟ ਵੱਲੋਂ ਕਿਰਾਏਦਾਰ ਦੀ ਤਰਫਦਾਰੀ ਕੀਤੀ ਗਈ ਅਤੇ ਤਿੰਨੇ ਮਹੀਨੇ ਦਾ ਪੇਸ਼ਗੀ ਕਿਰਾਇਆ ਅਦਾ ਕਰ ਦਿਤਾ ਗਿਆ ਤਾਂਕਿ ਕਿਰਾਏਦਾਰ ਨੂੰ ਕੋਈ ਹੋਰ ਮਕਾਨ ਲੱਭਣ ਦਾ ਮੌਕਾ ਮਿਲ ਜਾਵੇ।
ਕਿਰਾਏਦਾਰ ਵੱਲ ਬਕਾਇਆ ਨੇ ਰੈਂਟ ਦੇ 80 ਹਜ਼ਾਰ ਡਾਲਰ
ਮਈ 2023 ਵਿਚ ਤਿੰਨ ਮਹੀਨੇ ਖਤਮ ਹੋ ਗਏ ਪਰ ਇਸ ਮਗਰੋਂ ਕਦੇ ਕਿਰਾਇਆ ਨਹੀਂ ਮਿਲਿਆ। ਉਧਰ ਕਿਰਾਏਦਾਰ ਦਾਅਵਾ ਕਰ ਰਿਹਾ ਹੈ ਕਿ ਕੋਰੋਨਾ ਮਹਾਂਮਾਰੀ ਦੌਰਾਨ ਉਸ ਦੀ ਨੌਕਰੀ ਚਲੀ ਗਈ ਅਤੇ ਹੁਣ ਦੁਬਾਰਾ ਨੌਕਰੀ ਲੱਭਣ ਵਿਚ ਮੁਸ਼ਕਲ ਆ ਰਹੀ ਹੈ। ਇਨ੍ਹਾਂ ਦਲੀਲਾਂ ਦਾ ਵਿਰੋਧ ਕਰਦਿਆਂ ਜਸਕਰਨ ਸਿੰਘ ਦੇ ਵਕੀਲ ਸਟੀਫਨ ਫਰੀਬੌਰਨ ਨੇ ਕਿਹਾ ਕਿ ਦੋ ਨਵੀਆਂ ਨਕੋਰ ਕਾਰਾਂ ਰੱਖਣ ਵਾਲਾ ਕਿਰਾਇਆ ਭਰਨ ਤੋਂ ਆਨਾ-ਕਾਨੀ ਕਰ ਰਿਹਾ ਹੈ। ਇਸੇ ਦੌਰਾਨ ਜਸਕਰਨ ਸਿੰਘ ਨੇ ਭਾਈਚਾਰੇ ਦੀ ਮਦਦ ਨਾਲ ਘਰ ਦੇ ਬਾਹਰ ਧਰਨਾ ਲਾ ਦਿਤਾ ਅਤੇ ਪੁਲਿਸ ਨੂੰ ਦਖਲ ਦੇਣਾ ਪਿਆ ਜਦੋਂ ਕੁਝ ਮੁਜ਼ਾਹਰਾਕਾਰੀ ਘਰ ਦਾ ਦਰਵਾਜ਼ਾ ਖੜਕਾਉਣ ਲੱਗੇ। 200 ਤੋਂ ਵੱਧ ਲੋਕਾਂ ਦੇ ਪੁੱਜਣ ’ਤੇ ਜਸਕਰਨ ਸਿੰਘ ਵੱਲੋਂ ਉਨ੍ਹਾਂ ਦਾ ਸ਼ੁਕਰੀਆ ਅਦਾ ਕੀਤਾ ਗਿਆ।