ਅਮਰੀਕਾ ਵਿਚ ਤੂਫਾਨ ਅਤੇ ਵਾਵਰੋਲਿਆਂ ਦਾ ਕਹਿਰ, 18 ਮੌਤਾਂ
ਟੈਕਸਸ, 27 ਮਈ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਦੇ ਦੱਖਣੀ ਰਾਜਾਂ ਵਿਚ ਐਤਵਾਰ ਨੂੰ ਆਏ ਜ਼ੋਰਦਾਰ ਤੂਫਾਨ ਅਤੇ ਵਾਵਰੋਲਿਆਂ ਨੇ ਕਹਿਰ ਢਾਹ ਦਿਤਾ। ਹੁਣ ਤੱਕ 18 ਜਣਿਆਂ ਦੀ ਮੌਤ ਹੋਣ ਅਤੇ 200 ਤੋਂ ਵੱਧ ਲੋਕਾਂ ਦੇ ਜ਼ਖਮੀ ਹੋਣ ਦੀ ਰਿਪੋਰਟ ਹੈ। ਟੈਕਸਸ, ਓਕਲਾਹੋਮਾ, ਕੈਂਟਕੀ ਅਤੇ ਅਰਕੰਸਾ ਰਾਜਾਂ ਵਿਚ ਸੈਂਕੜੇ ਮਕਾਨ ਤਬਾਹ ਹੋ ਗਏ ਅਤੇ ਵੱਡੀ ਗਿਣਤੀ […]
By : Editor Editor
ਟੈਕਸਸ, 27 ਮਈ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਦੇ ਦੱਖਣੀ ਰਾਜਾਂ ਵਿਚ ਐਤਵਾਰ ਨੂੰ ਆਏ ਜ਼ੋਰਦਾਰ ਤੂਫਾਨ ਅਤੇ ਵਾਵਰੋਲਿਆਂ ਨੇ ਕਹਿਰ ਢਾਹ ਦਿਤਾ। ਹੁਣ ਤੱਕ 18 ਜਣਿਆਂ ਦੀ ਮੌਤ ਹੋਣ ਅਤੇ 200 ਤੋਂ ਵੱਧ ਲੋਕਾਂ ਦੇ ਜ਼ਖਮੀ ਹੋਣ ਦੀ ਰਿਪੋਰਟ ਹੈ। ਟੈਕਸਸ, ਓਕਲਾਹੋਮਾ, ਕੈਂਟਕੀ ਅਤੇ ਅਰਕੰਸਾ ਰਾਜਾਂ ਵਿਚ ਸੈਂਕੜੇ ਮਕਾਨ ਤਬਾਹ ਹੋ ਗਏ ਅਤੇ ਵੱਡੀ ਗਿਣਤੀ ਵਿਚ ਲੋਕ ਸਰਕਾਰੀ ਇਮਾਰਤਾਂ ਆਸਰਾ ਲੈਣ ਲਈ ਮਜਬੂਰ ਹਨ। ਦੂਜੇ ਪਾਸੇ ਮੱਧ-ਪੱਛਮੀ ਰਾਜਾਂ ਵਿਚ ਸੋਮਵਾਰ ਨੂੰ ਖ਼ਤਰਨਾਕ ਮੌਮਸ ਦੀ ਚਿਤਾਵਨੀ ਦਿਤੀ ਗਈ ਹੈ। ਟੈਕਸਸ ਦੇ ਵੈਲੀ ਵਿਊ ਏਰੀਆ ਵਿਚ ਹਵਾਵਾਂ ਦੀ ਰਫਤਾਰ 217 ਕਿਲੋਮੀਟਰ ਪ੍ਰਤੀ ਘੰਟਾ ਦਰਜ ਕੀਤੀ ਗਈ ਅਤੇ ਮਾਰ ਹੇਠ ਆਏ ਜ਼ਿਆਦਾਤਰ ਘਰਾਂ ਦੀਆਂ ਛੱਤਾਂ ਉਡ ਗਈਆਂ ਜਦਕਿ ਕਾਰਾਂ ਮੂਧੀਆਂ ਵੱਜੀਆਂ ਦਿਖਾਈ ਦਿਤੀਆਂ।
ਟੈਕਸਸ, ਓਕਲਾਹੋਮਾ, ਕੈਂਟਕੀ ਅਤੇ ਅਰੰਸਾ ਰਾਜਾਂ ਵਿਚ ਭਾਰੀ ਤਬਾਹੀ
ਕਈ ਥਾਵਾਂ ’ਤੇ ਭਾਰੀ ਗੜੇਮਾਰੀ ਨੇ ਲੋਕਾਂ ਦੇ ਸਾਹ ਸੂਤ ਦਿਤ ਅਤੇ 20 ਸਾਲ ਦੇ ਇਕ ਨੌਜਵਾਨ ਨੇ ਦੱਸਿਆ ਕਿ ਉਸ ਨੇ ਆਪਣੇ ਪਿਤਾ ਅਤੇ ਭਰਾ ਨਾਲ ਬਾਥਰੂਮ ਵਿਚ ਲੁਕ ਕੇ ਆਪਣੀ ਜਾਨ ਬਚਾਈ। ਸੂਬੇ ਦੀ ਕੁਕ ਕਾਊਂਟੀ ਵਿਚ ਸੱਤ ਜਣਿਆਂ ਦੀ ਮੌਤ ਹੋਣ ਦੀ ਰਿਪੋਰਟ ਹੈ। ਗਵਰਨਰ ਗ੍ਰੈਗ ਐਬਟ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮਰਨ ਵਾਲਿਆਂ ਵਿਚ ਦੋ ਬੱਚੇ ਸ਼ਾਮਲ ਹਨ ਜਦਕਿ ਇਕ ਮਕਾਨ ਵਿਚੋਂ ਤਿੰਨ ਜਣਿਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ। ਉਨ੍ਹਾਂ ਕਿਹਾ ਕਿ ਟੈਕਸਸ ਦੇ ਦਰਜਨਾਂ ਪਰਵਾਰ ਬੇਘਰ ਹੋ ਚੁੱਕੇ ਹਨ ਅਤੇ ਛੋਟੇ ਕਾਰੋਬਾਰੀਆਂ ਨੂੰ ਆਪਣੀ ਜ਼ਿੰਦਗੀ ਨਵੇਂ ਸਿਰੇ ਤੋਂ ਸ਼ੁਰੂ ਕਰਨ ਲਈ ਸੰਘਰਸ਼ ਕਰਨਾ ਹੋਵੇਗਾ। ਇਸੇ ਦੌਰਾਨ ਓਕਲਾਹੋਮਾ ਵਿਚ ਖੁੱਲ੍ਹੇ ਅਸਮਾਨ ਹੇਠ ਹੋ ਰਹੇ ਵਿਆਹ ਸਮਾਗਮ ਦੌਰਾਨ ਭਾਜੜਾਂ ਪੈ ਗਈਆਂ ਜਿਥੇ ਕਈ ਜਣਿਆਂ ਦੇ ਜ਼ਖਮੀ ਹੋਣ ਦੀ ਰਿਪੋਰਟ ਹੈ। ਡੈਲਸ ਦੇ ਉਤਰ ਵੱਲ ਸਥਿਤ ਇਕ ਟਰੱਕ ਸਟੌਪ ਤੋਂ 40-50 ਜਣਿਆਂ ਨੂੰ ਬਚਾਇਆ ਗਿਆ ਜਿਥੇ ਤੇਜ਼ ਹਵਾਵਾਂ ਇਮਾਰਤ ਦੀ ਛੱਤ ਉਡਾ ਕੇ ਲੈ ਗਈਆਂ। ਉਧਰ ਅਰਕੰਸਾ ਸੂਬੇ ਵਿਚ ਪੰਜ ਜਣਿਆਂ ਦੀ ਜਾਨ ਗਈ ਜਦਕਿ ਇਕ ਔਰਤ ਦੀ ਲਾਸ਼ ਉਸ ਦੇ ਤਬਾਹ ਹੋਏ ਘਰ ਦੇ ਬਾਹਰ ਮਿਲੀ। ਕੈਂਟਕੀ ਸੂਬੇ ਦੇ ਲੂਈਵਿਲ ਇਲਾਕੇ ਵਿਚ ਦਰੱਖਤ ਡਿੱਗਣ ਕਾਰਨ ਇਕ ਜਣਾ ਦਮ ਤੋੜ ਗਿਆ।
ਸੋਮਵਾਰ ਨੂੰ ਮੱਧ ਪੱਛਮੀ ਰਾਜਾਂ ਵਿਚ ਖ਼ਤਰਨਾਕ ਮੌਸਮ ਦਾ ਕਹਿਰ
ਸੀ.ਐਨ.ਐਨ. ਦੀ ਰਿਪੋਰਟ ਮੁਤਾਬਕ ਰਾਸ਼ਟਰਪਤੀ ਜੋਅ ਬਾਇਡਨ ਹਾਲਾਤ ’ਤੇ ਨਜ਼ਰ ਰੱਖ ਰਹੇ ਹਨ ਅਤੇ ਫੈਡਰਲ ਸਰਕਾਰ ਵੱਲੋਂ ਰਾਹਤ ਟੀਮਾ ਨੂੰ ਪ੍ਰਭਾਵਤ ਇਲਾਕਿਆਂ ਵੱਲ ਭੇਜਿਆ ਗਿਆ ਹੈ। ਦੱਸ ਦੇਈਏ ਕਿ ਪਿਛਲੇ ਦੋ ਮਹੀਨੇ ਤੋਂ ਲਗਾਤਾਰ ਉਠ ਰਹੇ ਵਾਵਰੋਲੇ ਕਈ ਰਾਜਾਂ ਵਿਚ ਭਾਰੀ ਨੁਕਸਾਨ ਕਰ ਚੁੱਕੇ ਹਨ। ਨੌਰਮਨ ਵਿਖੇ ਸਥਿਤ ਨੈਸ਼ਨਲ ਸਿਵੀਅਰ ਸਟੌਰਮਜ਼ ਲੈਬੌਰਟਰੀ ਦੇ ਸੀਨੀਅਰ ਵਿਗਿਆਨੀ ਹੈਰਲਡ ਬਰੂਕਸ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿਚ ਲੋਕਾਂ ਨੂੰ ਸੁਚੇਤ ਰਹਿਣ ਦੀ ਜ਼ਰੂਰਤ ਹੈ। ਮਾਰੂ ਝੱਖੜ ਦਾ ਅਸਰ ਬਿਜਲੀ ਸਪਲਾਈ ’ਤੇ ਵੀ ਪਿਆ ਅਤੇ ਅਰਕੰਸਾ ਵਿਚ ਐਤਵਾਰ ਨੂੰ ਇਕ ਲੱਖ ਤੋਂ ਵੱਧ ਘਰਾਂ ਦੀ ਬਿਜਲੀ ਗੁੱਲ ਰਹੀ। ਮਿਜ਼ੂਰੀ ਸੂਬੇ ਵਿਚ ਵੀ ਇਕ ਲੱਖ ਦਾ ਅੰਕੜਾ ਦਰਜ ਕੀਤਾ ਗਿਆ ਜਦਕਿ ਟੈਕਸਸ ਵਿਖੇ 57 ਹਜ਼ਾਰ ਘਰਾਂ ਦੀ ਬਿਜਲੀ ਸਪਲਾਈ ਠੱਪ ਹੋ ਗਈ। ਮੌਸਮ ਵਿਗਿਆਨੀਆਂ ਮੁਤਾਬਕ ਇਲੀਨੌਇ, ਮਿਜ਼ੂਰੀ ਅਤੇ ਕੈਂਟਕੀ ਵਿਚ ਮੁੜ ਖਤਰਨਾਕ ਤੂਫਾਨ ਦਸਤਕ ਦੇ ਸਕਦੇ ਹਨ।