ਅਮਰੀਕਾ ਵਿਚ ਅਪ੍ਰੈਲ ਦੌਰਾਨ ਦਾਖਲ ਹੋਏ 2.48 ਲੱਖ ਗੈਰਕਾਨੂੰਨੀ ਪ੍ਰਵਾਸੀ
ਸੈਨ ਡਿਆਗੋ, 17 ਮਈ (ਵਿਸ਼ੇਸ਼ ਪ੍ਰਤੀਨਿਧ) : ਨਾਜਾਇਜ਼ ਤਰੀਕੇ ਨਾਲ ਅਮਰੀਕਾ ਦਾਖਲ ਹੋ ਰਹੇ ਪ੍ਰਵਾਸੀਆਂ ਦੀ ਪਹਿਲੀ ਪਸੰਦ ਕੈਲੇਫੋਰਨੀਆ ਦਾ ਬਾਰਡਰ ਬਣ ਗਿਆ ਹੈ ਅਤੇ ਅਪ੍ਰੈਲ ਮਹੀਨੇ ਦੌਰਾਨ ਇਕੱਲੇ ਸੈਨ ਡਿਆਗੋ ਸੈਕਟਰ ਰਾਹੀਂ 37 ਹਜ਼ਾਰ ਤੋਂ ਵੱਧ ਪ੍ਰਵਾਸੀਆਂ ਨੇ ਅਮਰੀਕਾ ਦੀ ਧਰਤੀ ’ਤੇ ਕਦਮ ਰੱਖਿਆ। ਇਸ ਤੋਂ ਪਹਿਲਾਂ ਪ੍ਰਵਾਸੀਆਂ ਵੱਲੋਂ ਟੈਕਸਸ ਅਤੇ ਐਰੀਜ਼ੋਨਾ ਰਾਹੀਂ ਬਾਰਡਰ […]
By : Editor Editor
ਸੈਨ ਡਿਆਗੋ, 17 ਮਈ (ਵਿਸ਼ੇਸ਼ ਪ੍ਰਤੀਨਿਧ) : ਨਾਜਾਇਜ਼ ਤਰੀਕੇ ਨਾਲ ਅਮਰੀਕਾ ਦਾਖਲ ਹੋ ਰਹੇ ਪ੍ਰਵਾਸੀਆਂ ਦੀ ਪਹਿਲੀ ਪਸੰਦ ਕੈਲੇਫੋਰਨੀਆ ਦਾ ਬਾਰਡਰ ਬਣ ਗਿਆ ਹੈ ਅਤੇ ਅਪ੍ਰੈਲ ਮਹੀਨੇ ਦੌਰਾਨ ਇਕੱਲੇ ਸੈਨ ਡਿਆਗੋ ਸੈਕਟਰ ਰਾਹੀਂ 37 ਹਜ਼ਾਰ ਤੋਂ ਵੱਧ ਪ੍ਰਵਾਸੀਆਂ ਨੇ ਅਮਰੀਕਾ ਦੀ ਧਰਤੀ ’ਤੇ ਕਦਮ ਰੱਖਿਆ। ਇਸ ਤੋਂ ਪਹਿਲਾਂ ਪ੍ਰਵਾਸੀਆਂ ਵੱਲੋਂ ਟੈਕਸਸ ਅਤੇ ਐਰੀਜ਼ੋਨਾ ਰਾਹੀਂ ਬਾਰਡਰ ਪਾਰ ਕਰਨ ਨੂੰ ਤਰਜੀਹ ਦਿਤੀ ਜਾ ਰਹੀ ਸੀ। ਸੈਨ ਡਿਆਗੋ ਨੇ ਐਰੀਜ਼ੋਨਾ ਦੇ ਟੂਸੌਨ ਇਲਾਕੇ ਨੂੰ ਪਿੱਛੇ ਛੱਡ ਦਿਤਾ ਜਿਥੇ ਅਪ੍ਰੈਲ ਮਹੀਨੇ ਦੌਰਾਨ 31 ਹਜ਼ਾਰ ਪ੍ਰਵਾਸੀਆਂ ਨੇ ਬਾਰਡਰ ਪਾਰ ਕੀਤਾ।
ਪ੍ਰਵਾਸੀਆਂ ਨੇ ਕੈਲੇਫੋਰਨੀਆ ਨੂੰ ਬਣਾਇਆ ਮੁੱਖ ਲਾਂਘਾ
ਟੈਕਸਸ ਦੇ ਅਲ ਪਾਸੋ ਸੈਕਟਰ ਰਾਹੀਂ 30 ਹਜ਼ਾਰ ਪ੍ਰਵਾਸੀ ਦਾਖਲ ਹੋਏ ਅਤੇ ਇਹ ਤੀਜੇ ਸਥਾਨ ’ਤੇ ਰਿਹਾ। ਪਿਛਲੇ ਕੁਝ ਮਹੀਨਿਆਂ ਦੌਰਾਨ ਸੈਨ ਡਿਆਗੋ ਦੇ ਰਸਤੇ ਸਿਰਫ 6 ਹਜ਼ਾਰ ਤੋਂ 8 ਹਜ਼ਾਰ ਪ੍ਰਵਾਸੀ ਹੀ ਅਮਰੀਕਾ ਵਿਚ ਦਾਖਲ ਹੋ ਰਹੇ ਸਨ ਪਰ ਤਾਜ਼ਾ ਅੰਕੜਾ ਹੈਰਾਨਕੁੰਨ ਹੈ। ਸੈਨ ਡਿਆਗੋ ਕਾਊਂਟੀ ਦੇ ਕਮਿਸ਼ਨਰ ਜਿਮ ਡਜ਼ਮੰਡ ਨੇ ਕਿਹਾ ਕਿ ਗੈਰਕਾਨੂੰਨੀ ਪ੍ਰਵਾਸੀਆਂ ਦੇ ਆਮਦ ਵਿਚ ਹੋਏ ਵਾਧੇ ਤੋਂ ਉਹ ਬਿਲਕੁਲ ਵੀ ਹੈਰਾਨ ਨਹੀਂ ਕਿਉਂਕਿ ਟੈਕਸ ਵਿਚ ਬੰਦਿਸ਼ਾਂ ਬਹੁਤ ਜ਼ਿਆਦਾ ਵਧ ਚੁੱਕੀਆਂ ਹਨ ਅਤੇ ਐਰੀਜ਼ੋਨਾ ਵਿਚ ਵੀ ਹਾਲਾਤ ਸੁਖਾਵੇਂ ਨਹੀਂ। ਇਸ ਦੇ ਉਲਟ ਕੈਲੇਫੋਰਨੀਆ ਵਿਚ ਦਾਖਲ ਹੋਣ ਮਗਰੋਂ ਪ੍ਰਵਾਸੀਆਂ ਨੂੰ ਜ਼ਿਆਦਾ ਦਿੱਕਤ ਨਹੀਂ ਹੁੰਦੀ। ਦੱਸ ਦੇਈਏ ਕਿ ਟੈਕਸਸ ਦੇ ਗਵਰਨਰ ਗ੍ਰੈਗ ਐਬਟ ਗੈਰਕਾਨੂੰਨੀ ਪ੍ਰਵਾਸੀਆਂ ਨਾਲ ਬੇਹੱਦ ਸਖਤੀ ਵਰਤ ਰਹੇ ਹਨ ਅਤੇ ਇਨ੍ਹਾਂ ਨੂੰ ਬੱਸਾਂ ਵਿਚ ਚੜ੍ਹਾ ਕੇ ਨਿਊ ਯਾਰਕ ਵਾਲੇ ਪਾਸੇ ਭੇਜਿਆ ਜਾ ਰਿਹਾ ਹੈ। ਕੌਮਾਂਤਰੀ ਸਰਹੱਦ ਰਾਹੀਂ ਸਿਰਫ ਪ੍ਰਵਾਸੀਆਂ ਦੀ ਆਵਾਜਾਈ ਨਹੀਂ ਹੁੰਦੀ ਸਗੋਂ ਨਸ਼ਾ ਤਸਕਰ ਵੀ ਆਪਣਾ ਕੰਮ ਕੱਢਣ ਦੀ ਤਾਕ ਵਿਚ ਰਹਿੰਦੇ ਹਨ। ‘ਡੇਲੀ ਮੇਲ’ ਦੀ ਰਿਪੋਰਟ ਮੁਤਾਬਕ ਅਪ੍ਰੈਲ ਮਹੀਨੇ ਦੌਰਾਨ 2 ਲੱਖ 48 ਹਜ਼ਾਰ ਪ੍ਰਵਾਸੀ ਨਾਜਾਇਜ਼ ਤਰੀਕੇ ਨਾਲ ਅਮਰੀਕਾ ਦਾਖਲ ਹੋਏ ਜਦਕਿ ਮਾਰਚ ਵਿਚ ਇਹ ਅੰਕੜਾ 3 ਲੱਖ ਤੋਂ ਉਤੇ ਦਰਜ ਕੀਤਾ ਗਿਆ ਸੀ।
ਬਾਇਡਨ ਅਤੇ ਟਰੰਪ ਵੱਲੋਂ ਮੈਕਸੀਕੋ ਬਾਰਡਰ ਦੇ ਦੌਰੇ ਦਾ ਐਲਾਨ
ਸੈਨ ਡਿਆਗੋ ਸੈਕਟਰ ਵਿਚ ਪ੍ਰਵਾਸੀਆਂ ਵਾਸਤੇ ਬਣਾਇਆ ਸ਼ੈਲਟਰ ਬੰਦ ਕੀਤਾ ਜਾ ਚੁੱਕਾ ਹੈ ਜਿਸ ਦੇ ਮੱਦੇਨਜ਼ਰ ਬਾਰਡਰ ਪੈਟਰੌਲ ਏਜੰਟ ਵੱਡੀ ਗਿਣਤੀ ਵਿਚ ਪ੍ਰਵਾਸੀਆਂ ਨੂੰ ਹਿਰਾਸਤ ਵਿਚ ਨਹੀਂ ਰੱਖ ਸਕਦੇ। ਵੱਡੀ ਗਿਣਤੀ ਵਿਚ ਪ੍ਰਵਾਸੀ ਕੈਲੇਫੋਰਨੀਆ ਤੋਂ ਮੁਲਕ ਦੇ ਹੋਰਨਾਂ ਰਾਜਾਂ ਵੱਲ ਜਾ ਰਹੇ ਹਨ ਜਿਸ ਤੋਂ ਸੈਨ ਡਿਆਗੋ ਕਾਊਂਟੀ ਦੇ ਕਮਿਸ਼ਨਰ ਖੁਸ਼ ਨਜ਼ਰ ਆਏ। ਨਾਜਾਇਜ਼ ਤਰੀਕੇ ਨਾਲ ਅਮਰੀਕਾ ਆ ਰਹੇ ਪ੍ਰਵਾਸੀਆਂ ਦਾ ਮਸਲਾ ਰਿਪਬਲਿਕਨ ਪਾਰਟੀ ਜ਼ੋਰਦਾਰ ਤਰੀਕੇ ਨਾਲ ਉਠਾ ਰਹੀ ਹੈ ਅਤੇ ਆਉਂਦੀਆਂ ਚੋਣਾਂ ਦੌਰਾਨ ਇਸ ਦਾ ਅਸਰ ਵੇਖਣ ਨੂੰ ਮਿਲ ਸਕਦਾ ਹੈ। ਮੈਕਸੀਕੋ ਦੇ ਬਾਰਡਰ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਵਸੇ ਸ਼ਹਿਰ ਵੀ ਗੈਰਕਾਨੂੰਨੀ ਪ੍ਰਵਾਸੀਆਂ ਦੀ ਵਧ ਰਹੀ ਗਿਣਤੀ ਤੋਂ ਚਿੰਤਤ ਨਜ਼ਰ ਆ ਰਹੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਪਿਛਲੇ ਸਮੇਂ ਦੌਰਾਨ ਅਮਰੀਕਾ ਪੁੱਜੇ ਪ੍ਰਵਾਸੀ ਕਿਸੇ ਨਾਲ ਕਿਸੇ ਸ਼ਹਿਰ ਵਿਚ ਜ਼ਰੂਰ ਵਸਣਗੇ ਅਤੇ ਇਹ ਰੁਝਾਨ ਸਥਾਨਕ ਲੋਕਾਂ ਲਈ ਪੈਦਾ ਹੋਣ ਵਾਲੇ ਰੁਜ਼ਗਾਰ ਦੇ ਮੌਕਿਆਂ ਨੂੰ ਪ੍ਰਭਾਵਤ ਕਰ ਸਕਦਾ ਹੈ। ਸੈਨ ਡਿਆਗੋ ਦੇ ਹਵਾਈ ਅੱਡੇ ਤੋਂ ਪ੍ਰਵਾਸੀਆਂ ਨੂੰ ਹੋਰਨਾਂ ਸ਼ਹਿਰਾਂ ਵੱਲ ਰਵਾਨਾ ਕਰਨ ਵਾਸਤੇ ਵਾਧੂ ਫਲਾਈਟਸ ਦਾ ਪ੍ਰਬੰਧ ਕੀਤੇ ਜਾਣ ਦੀ ਕੋਈ ਰਿਪੋਰਟ ਨਹੀਂ ਅਤੇ ਹਵਾਈ ਅੱਡੇ ’ਤੇ ਭੂੰਜੇ ਸੌਂ ਰਹੇ ਕੁਝ ਪ੍ਰਵਾਸੀਆਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ। ਗੈਰਕਾਨੂੰਨੀ ਪ੍ਰਵਾਸੀਆਂ ਨਾਲ ਸਬੰਧਤ ਅੰਕੜੇ ਅਜਿਹੇ ਸਮੇਂ ਸਾਹਮਣੇ ਆਏ ਨੇ ਜਦੋਂ ਰਾਸ਼ਟਰਪਤੀ ਜੋਅ ਬਾਇਡਨ ਟੈਕਸਸ ਦੇ ਬ੍ਰਾਊਨਜ਼ਵਿਲ ਦਾ ਦੌਰਾ ਕਰਨ ਦਾ ਐਲਾਨ ਕਰ ਚੁੱਕੇ ਹਨ ਜਦਕਿ ਡੌਨਲਡ ਟਰੰਪ ਟੈਕਸਸ ਦੇ ਹੀ ਈਗਲ ਪਾਸ ਜਾਣਗੇ।