ਅਮਰੀਕਾ ’ਚ ਤਾਸ਼ ਦੇ ਪੱਤਿਆਂ ਵਾਂਗ ਖਿੰਡ ਗਿਆ 2.5 ਕਿਲੋਮੀਟਰ ਲੰਮਾ ਪੁਲ
ਬਾਲਟੀਮੋਰ, 26 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਦੇ ਮੈਰੀਲੈਂਡ ਸੂਬੇ ਵਿਚ ਢਾਈ ਕਿਲੋਮੀਟਰ ਲੰਮਾ ਪੁਲ ਤਾਸ਼ ਦੇ ਪੱਤਿਆਂ ਵਾਂਗ ਖਿੰਡ ਗਿਆ ਜਦੋਂ ਇਕ ਜਹਾਜ਼ ਨੇ ਇਸ ਨੂੰ ਟੱਕਰ ਮਾਰ ਦਿਤੀ। ਹਾਦਸਾ ਮੰਗਲਵਾਰ ਵੱਡੇ ਤੜਕੇ ਤਕਰੀਬਨ ਡੇਢ ਵਜੇ ਵਾਪਰਿਆ ਅਤੇ ਰਾਹਤ ਟੀਮਾਂ ਵੱਲੋਂ 7 ਜਣਿਆਂ ਨੂੰ ਪਾਣੀ ਵਿਚੋਂ ਕੱਢਿਆ ਗਿਆ। ਦੂਜੇ ਪਾਸੇ ਪੁਲ ਦੇ ਪਿਲਰ ਨਾਲ […]
By : Editor Editor
ਬਾਲਟੀਮੋਰ, 26 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਦੇ ਮੈਰੀਲੈਂਡ ਸੂਬੇ ਵਿਚ ਢਾਈ ਕਿਲੋਮੀਟਰ ਲੰਮਾ ਪੁਲ ਤਾਸ਼ ਦੇ ਪੱਤਿਆਂ ਵਾਂਗ ਖਿੰਡ ਗਿਆ ਜਦੋਂ ਇਕ ਜਹਾਜ਼ ਨੇ ਇਸ ਨੂੰ ਟੱਕਰ ਮਾਰ ਦਿਤੀ। ਹਾਦਸਾ ਮੰਗਲਵਾਰ ਵੱਡੇ ਤੜਕੇ ਤਕਰੀਬਨ ਡੇਢ ਵਜੇ ਵਾਪਰਿਆ ਅਤੇ ਰਾਹਤ ਟੀਮਾਂ ਵੱਲੋਂ 7 ਜਣਿਆਂ ਨੂੰ ਪਾਣੀ ਵਿਚੋਂ ਕੱਢਿਆ ਗਿਆ। ਦੂਜੇ ਪਾਸੇ ਪੁਲ ਦੇ ਪਿਲਰ ਨਾਲ ਟੱਕਰ ਮਗਰੋਂ ਜਹਾਜ਼ ਨੂੰ ਅੱਗ ਲੱਗ ਗਈ। ਮੈਰੀਲੈਂਡ ਦੇ ਬੈਲਟੀਮੋਰ ਸ਼ਹਿਰ ਵਿਖੇ ਪੈਟਾਪਸਕੋ ਨਦੀ ’ਤੇ ਬਣਿਆ ਪੁਲ ਢਹਿਣ ਮਗਰੋਂ ਵੱਡੇ ਪੱਧਰ ’ਤੇ ਜਾਨੀ ਨੁਕਸਾਨਦਾ ਖਦਸ਼ਾ ਜ਼ਾਹਰ ਕੀਤਾ ਗਿਆ ਪਰ ਇਸ ਦੇ ਨਾਲ ਇਹ ਵੀ ਆਖਿਆ ਜਾਣ ਲੱਗਾ ਕਿ ਵੱਡੇ ਤੜਕੇ ਦਾ ਸਮਾਂ ਹੋਣ ਕਾਰਨ ਪੁਲਿਸ ਤੋਂ ਜ਼ਿਆਦਾ ਟ੍ਰੈਫਿਕ ਨਹੀਂ ਸੀ ਲੰਘ ਰਿਹਾ।
ਦਰਜਨਾਂ ਮੌਤਾਂ ਦਾ ਖਦਸ਼ਾ, ਮੈਰੀਲੈਂਡ ਸੂਬੇ ਵਿਚ ਰਾਹਤ ਕਾਰਜ ਜਾਰੀ
ਫਰਾਂਸਿਸ ਸਕੌਟ ਕੀਅ ਬ੍ਰਿਜ ਦੇ ਟੁੱਟਣ ਮਗਰੋਂ ਆਵਾਜਾਈ ਤੁਰਤ ਰੋਕ ਦਿਤੀ ਗਈ ਅਤੇ ਮੈਰੀਲੈਂਡ ਟ੍ਰਾਂਸਪੋਰਟੇਸ਼ਨ ਅਥਾਰਿਟੀ ਨੇ ਟਵੀਟ ਕਰਦਿਆਂ ਕਿਹਾ ਹੈ ਕਿ ਸਾਰੀਆਂ ਲੇਨਜ਼ ਦੋਹਾਂ ਪਾਸਿਆਂ ਤੋਂ ਅਣਮਿੱਥੇ ਸਮੇਂ ਲਈ ਬੰਦ ਕਰ ਦਿਤੀਆਂ ਗਈਆਂ ਹਨ। ਬੈਲਟੀਮੋਰ ਸਿਟੀ ਫਾਇਰ ਸਰਵਿਸ ਨੇ ਕਿਹਾ ਕਿ ਤਕਰੀਬਨ ਸੱਤ ਜਣੇ ਨਦੀ ਵਿਚ ਡਿੱਗੇ ਜਿਨ੍ਹਾਂ ਨੂੰ ਬਚਾਉਣ ਦੇ ਉਪਰਾਲੇ ਆਰੰਭ ਦਿਤੇ ਗਏ। ਪੁਲ ਦੇ ਡਿੱਗਣ ਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ ਜਿਸ ਵਿਚ ਕੁਝ ਹੀ ਪਲਾਂ ਦੌਰਾਨਾ ਸਾਰਾ ਪੁਲ ਢਹਿ ਢੇਰੀ ਹੁੰਦਾ ਦੇਖਿਆ ਜਾ ਸਕਦਾ ਹੈ। ਇਹ ਪੁਲ 1977 ਵਿਚ ਬਣਾਇਆ ਗਿਆ ਸੀ ਅਤੇ ਇਸ ਉਤੋਂ ਹਰ ਸਾਲ ਇਕ ਕਰੋੜ 20 ਲੱਖ ਗੱਡੀਆਂ ਲੰਘ ਰਹੀਆਂ ਸਨ।
ਸਮੁੰਦਰੀ ਜਹਾਜ਼ ਦੀ ਟੱਕਰ ਕਾਰਨ ਵਾਪਰਿਆ ਹਾਦਸਾ
ਪੁਲ ਦਾ ਨਾਂ ਅਮਰੀਕਾ ਦਾ ਕੌਮੀ ਤਰਾਨਾ ਲਿਖਣ ਵਾਲੇ ਫਰਾਂਸਿਸ ਸਕੌਟ ਕੀਅ ਦੇ ਨਾਂ ’ਤੇ ਰੱਖਿਆ ਗਿਆ। ਦੱਸ ਦੇਈਏ ਕਿ ਸਿੰਗਾਪੁਰ ਦੇ ਝੰਡੇ ਵਾਲਾ ਕਾਰਗੋ ਜਹਾਜ਼ ਸ੍ਰੀਲੰਕਾ ਦੀ ਰਾਜਧਾਨੀ ਕੋਲੰਬੋ ਜਾ ਰਿਹਾ ਸੀ ਜਦੋਂ ਹਾਦਸਾ ਵਾਪਰਿਆ ਅਤੇ ਪੁਲ ਅਚਾਨਕ ਢਹਿਣ ਕਾਰਨ ਇਸ ਉਪਰੋਂ ਲੰਘ ਰਹੀਆਂ ਗੱਡੀਆਂ ਪਾਣੀ ਵਿਚ ਰੁੜ੍ਹ ਗਈਆਂ। ਬੈਲਟੀਮੋਰ ਬੰਦਰਗਾਹ ਰਾਹੀਂ ਪਿਛਲੇ ਸਾਲ 5.2 ਕਰੋੜ ਟਨ ਸਮਾਨ ਲੰਘਿਆ ਜਿਸ ਦੀ ਕੁਲ ਕੀਮਤ 6.60 ਲੱਖ ਕਰੋੜ ਰੁਪਏ ਬਣਦੀ ਸੀ।
ਟੱਕਰ ਮਗਰੋਂ ਸਮੁੰਦਰੀ ਜਹਾਜ਼ ਵਿਚ ਵੀ ਅੱਗ ਲੱਗੀ
ਇਸ ਬੰਦਰਗਾਹ ’ਤੇ 15 ਹਜ਼ਾਰ ਤੋਂ ਵੱਧ ਲੋਕਾਂ ਨੂੰ ਰੁਜ਼ਗਾਰ ਮਿਲਿਆ ਹੈ ਅਤੇ ਮੈਰੀਲੈਂਡ ਦੇ ਡੇਢ ਲੱਖ ਲੋਕਾਂ ਦਾ ਅਸਿੱਧੇ ਤੌਰ ’ਤੇ ਰੁਜ਼ਗਾਰ ਵੀ ਇਸ ਬੰਦਰਗਾਹ ’ਤੇ ਨਿਰਭਰ ਹੈ।