Begin typing your search above and press return to search.

2023 ਦੌਰਾਨ ਸੁਰਖ਼ੀਆਂ ’ਚ ਛਾਏ ਰਹੇ ਇਹ 5 ਪੰਜਾਬੀ

ਚੰਡੀਗੜ੍ਹ, 30 ਦਸੰਬਰ (ਸ਼ਾਹ) : ਸਭ ਤੋਂ ਪਹਿਲਾਂ ਹਮਦਰਦ ਟੀਵੀ ਦੇ ਸਰੋਤਿਆਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ,,,,, ਨਵੇਂ ਸਾਲ 2024 ਦੀ ਸ਼ੁਰੂਆਤ ਹੋਣ ਜਾ ਰਹੀ ਐ। ਸਾਲ 2023 ਸਾਡੇ ਲਈ ਕਈ ਖੱਟੀਆਂ ਮਿੱਠੀਆਂ ਯਾਦਾਂ ਛੱਡ ਗਿਆ, ਜਿਨ੍ਹਾਂ ਨੂੰ ਭੁਲਾਇਆ ਨਹੀਂ ਜਾ ਸਕਦਾ। ਪਿਛਲੇ ਸਾਲ ਦੌਰਾਨ ਕਈ ਪੰਜਾਬੀਆਂ ਦੇ ਨਾਮ ਵਿਸ਼ਵ ਪੱਧਰ ’ਤੇ ਵੱਡੀ […]

world famous five punjabi 2023
X

Makhan ShahBy : Makhan Shah

  |  30 Dec 2023 1:44 PM IST

  • whatsapp
  • Telegram

ਚੰਡੀਗੜ੍ਹ, 30 ਦਸੰਬਰ (ਸ਼ਾਹ) : ਸਭ ਤੋਂ ਪਹਿਲਾਂ ਹਮਦਰਦ ਟੀਵੀ ਦੇ ਸਰੋਤਿਆਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ,,,,, ਨਵੇਂ ਸਾਲ 2024 ਦੀ ਸ਼ੁਰੂਆਤ ਹੋਣ ਜਾ ਰਹੀ ਐ। ਸਾਲ 2023 ਸਾਡੇ ਲਈ ਕਈ ਖੱਟੀਆਂ ਮਿੱਠੀਆਂ ਯਾਦਾਂ ਛੱਡ ਗਿਆ, ਜਿਨ੍ਹਾਂ ਨੂੰ ਭੁਲਾਇਆ ਨਹੀਂ ਜਾ ਸਕਦਾ। ਪਿਛਲੇ ਸਾਲ ਦੌਰਾਨ ਕਈ ਪੰਜਾਬੀਆਂ ਦੇ ਨਾਮ ਵਿਸ਼ਵ ਪੱਧਰ ’ਤੇ ਵੱਡੀ ਚਰਚਾ ਦਾ ਵਿਸ਼ਾ ਬਣੇ ਰਹੇ ਜੋ ਵੱਖ ਵੱਖ ਖਿੱਤਿਆਂ ਨਾਲ ਜੁੜੇ ਹੋਏ ਨੇ। ਸੋ ਆਓ ਤੁਹਾਨੂੰ ਦੱਸਦੇ ਆਂ, ਪਿਛਲੇ ਸਾਲ ਕਿਹੜੇ ਪੰਜਾਬੀਆਂ ਨੇ ਵਿਸ਼ਵ ਪੱਧਰ ’ਤੇ ਬਟੋਰੀਆਂ ਸੁਰਖ਼ੀਆਂ।

ਸਾਲ 2023 ਦੌਰਾਨ ਅਰਥਵਿਵਸਥਾ, ਸੰਗੀਤ ਅਤੇ ਖੇਡਾਂ ਵਿਚ ਕਈ ਪੰਜਾਬੀਆਂ ਨੇ ਵਿਸ਼ਵ ਪੱਧਰ ’ਤੇ ਵੱਡੀਆਂ ਮੱਲਾਂ ਮਾਰੀਆਂ, ਜਦਕਿ ਕਈ ਪੰਜਾਬੀਆਂ ਦਾ ਨਾਮ ਰਾਜਨੀਤੀ ਕਰਕੇ ਦੁਨੀਆ ਭਰ ਵਿਚ ਚਰਚਾ ਦਾ ਵਿਸ਼ਾ ਬਣਿਆ ਰਿਹਾ। ਪਿਛਲੇ ਸਾਲ ਵਿਸ਼ਵ ਪੱਧਰ ’ਤੇ ਸੁਰਖ਼ੀਆਂ ਵਿਚ ਰਹਿਣ ਵਾਲੇ ਪੰਜਾਬੀਆਂ ਵਿਚ ਪੰਜਾਬੀ ਗਾਇਕ ਦਿਲਜੀਤ ਦੁਸਾਂਝ, ਵਿਸ਼ਵ ਬੈਂਕ ਦੇ ਮੁਖੀ ਅਜੇ ਬੰਗਾ, ਕ੍ਰਿਕਟਰ ਸ਼ੁਭਮਨ ਗਿੱਲ, ਸਿੱਖ ਕਾਰਕੁੰਨ ਅੰਮ੍ਰਿਤਪਾਲ ਸਿੰਘ ਅਤੇ ਹਰਦੀਪ ਸਿੰਘ ਨਿੱਝਰ ਦੇ ਨਾਮ ਸ਼ਾਮਲ ਨੇ।

ਦਿਲਜੀਤ ਦੁਸਾਂਝ : ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਪਿਛਲੇ ਸਾਲ 2023 ਦੌਰਾਨ ਕੋਚੇਲਾ ਮਿਊਜ਼ਕ ਫੈਸਟੀਵਲ ਕੈਲੀਫੋਰਨੀਆ ਵਿਚ ਪ੍ਰੋਫਾਰਮ ਕਰਕੇ ਪਹਿਲੇ ਪੰਜਾਬੀ ਗਾਇਕ ਵਜੋਂ ਇਤਿਹਾਸ ਸਿਰਜਿਆ। ਦਿਲਜੀਤ ਨੇ ਸਾਲ 2023 ਦੌਰਾਨ ਕੋਚੇਲਾ ਵਿਚ ਦੋ ਵਾਰ ਪੇਸ਼ਕਾਰੀ ਦਿੱਤੀ ਸੀ।

ਕੋਚੇਲਾ ਵੈਲੀ ਮਿਊਜ਼ਕ ਐਂਡ ਆਰਟਸ ਫੈਸਟੀਵਲ ਦੁਨੀਆ ਦੇ ਸਭ ਤੋਂ ਵੱਧ ਮੁਨਾਫ਼ ਖੱਟਣ ਵਾਲੇ ਸੰਗੀਤ ਸਮਾਗਮਾਂ ਵਿਚੋਂ ਇਕ ਐ। ਕੋਚੇਲਾ ਪ੍ਰਫਾਰਮੈਂਸ ਦੌਰਾਨ ਦਿਲਜੀਤ ਦਾ ਟਵੀਟ ਵੀ ਕਾਫ਼ੀ ਚਰਚਾ ਵਿਚ ਰਿਹਾ ਸੀ, ਜਿਸ ਵਿਚ ਉਸ ਨੇ ਲਿਖਿਆ ਸੀ ‘‘ਇਹ ਮੇਰੇ ਦੇਸ਼ ਦਾ ਝੰਡਾ ਹੈ, ਇਹ ਮੇਰੇ ਦੇਸ਼ ਲਈ… ਮਤਲਬ ਮੇਰੀ ਇਹ ਪ੍ਰਫਾਰਮੈਂਸ ਮੇਰੇ ਦੇਸ਼ ਲਈ ਹੈ,,, ਜੇ ਪੰਜਾਬੀ ਨਹੀਂ ਆਉਂਦੀ ਤਾਂ ਗੂਗਲ ਕਰ ਲਿਆ ਕਰੋ ਯਾਰ।’’

ਪਿਛਲੇ ਸਾਲ 2023 ਵਿਚ ਦਿਲਜੀਤ ਦੋਸਾਂਝ ਅਤੇ ਅਦਾਕਾਰ ਨਿਮਰਤ ਖਹਿਰਾ ਨੂੰ ਫਿਲਮ ‘ਜੋੜੀ’ ਵਿਚ ਇਕੱਠੇ ਦੇਖਿਆ ਗਿਆ। ਹੁਣ ਸਾਲ 2024 ਵਿਚ ਵੀ ਦਿਲਜੀਤ ਦੀ ਫਿਲਮ ‘ਰੰਨਾ ’ਚ ਧੰਨਾ’ ਅਕਤੂਬਰ ਵਿਚ ਰਿਲੀਜ਼ ਹੋਵੇਗੀ। ਭਾਵੇਂ ਕਿ ਦਿਲਜੀਤ ਸਾਲ ਵਿਚ ਸਿਰਫ਼ ਇਕ ਹੀ ਫਿਲਮ ਕਰਦੇ ਨੇ ਪਰ ਸਾਲ 2024 ਵਿਚ ਉਹ ਦੋ ਫਿਲਮਾਂ ਲੈ ਕੇ ਆਉਣਗੇ।

ਸ਼ੁਭਮਨ ਗਿੱਲ : ਸਾਲ 2023 ਵਿਚ ਭਾਰਤੀ ਕ੍ਰਿਕਟ ਦੇ ਸਟਾਰ ਖਿਡਾਰੀ ਸ਼ੁਭਮਨ ਗਿੱਲ ਗੂਗਲ ’ਤੇ ਸਰਚ ਕੀਤੇ ਜਾਣ ਵਾਲੇ ਖਿਡਾਰੀਆਂ ਵਿਚੋਂ ਇਕ ਸਨ। ਇਹ ਖ਼ੁਲਾਸਾ ਸਾਲ ਦੇ ਆਖ਼ਰ ਵਿਚ ‘ਗੂਗਲਜ਼ ਈਅਰ ਇਨ ਚਰਚਾ’ ਰਾਹੀਂ ਖ਼ੁਦ ਗੂਗਲ ਵੱਲੋਂ ਕੀਤਾ ਗਿਆ ਏ। ਸ਼ੁਭਮਨ ਗਿੱਲ 10 ਖਿਡਾਰੀਆਂ ਵਿਚੋਂ 9ਵੇਂ ਨੰਬਰ ’ਤੇ ਆਏ ਸਨ। ਭਾਰਤ ਵਿਚ ਸਰਚ ਕੀਤੀਆਂ ਜਾਣ ਵਾਲੀਆਂ ਹਸਤੀਆਂ ਵਿਚ ਸ਼ੁਭਮਨ ਗਿੱਲ ਦਾ ਨਾਮ ਦੂਜੇ ਨੰਬਰ ’ਤੇ ਰਿਹਾ ਜਦਕਿ ਪਹਿਲੇ ਨੰਬਰ ’ਤੇ ਬਾਲੀਵੁੱਡ ਫਿਲਮ ਅਦਾਕਾਰਾ ਕਿਆਰਾ ਅਡਵਾਨੀ ਦਾ ਨਾਮ ਸੀ।

ਸ਼ੁਭਮਨ ਗਿੱਲ ਪੰਜਾਬ ਦੇ ਜ਼ਿਲ੍ਹਾ ਫਾਜ਼ਿਲਕਾ ਨਾਲ ਸਬੰਧਤ ਨੇ। ਸ਼ੁਭਮਨ ਦੀ ਜ਼ਬਰਦਸਤ ਖੇਡ ਨੂੰ ਦੇਖਦਿਆਂ ਉਸ ਨੂੰ ਲੰਬੇ ਸਮੇਂ ਤੋਂ ਵਿਰਾਟ ਕੋਹਲੀ ਦੇ ਕੁਦਰਤੀ ਉਤਰਾਧਿਕਾਰੀ ਵਜੋਂ ਦੇਖਿਆ ਜਾ ਰਿਹਾ ਏ। ਮਹਿਜ਼ 15 ਸਾਲ ਦੀ ਉਮਰ ਵਿਚ ਹੀ ਸ਼ੁਭਮਨ ਗਿੱਲ ਨੇ ਅੰਡਰ –16 ਮੈਚ ਵਿਚ 351 ਦੌੜਾਂ ਬਣਾਈਆਂ ਸੀ। ਉਸ ਨੇ ਪੰਜਾਬ ਲਈ ਵਿਜੇ ਮਰਚੈਂਟ ਟੂਰਨਾਮੈਂਟ ਵਿਚ ਦੋਹਰੇ ਸੈਂਕੜੇ ਦੇ ਨਾਲ ਜ਼ਬਰਦਸਤ ਸ਼ੁਰੂਆਤ ਕੀਤੀ ਸੀ।

ਸਾਲ 2018 ਵਿਚ ਜਦੋਂ ਸ਼ੁਭਮਨ ਗਿੱਲ ਨੂੰ ਵਿਸ਼ਵ ਕੱਪ ਲਈ ਭਾਰਤ ਦਾ ਅੰਡਰ-19 ਉਪ ਕਪਤਾਨ ਐਲਾਨਿਆ ਗਿਆ ਤਾਂ ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਸੀ, ਉਸ ਦੀ ਜ਼ਬਰਦਸਤ ਖੇਡ ਨੂੰ ਦੇਖਦਿਆਂ ਲੋਕ ਵੀ ਇਹੀ ਚਾਹੁੰਦੇ ਸਨ। ਸਾਲ 2023 ਸ਼ੁਭਮਨ ਗਿੱਲ ਦੇ ਲਈ ਬਹੁਤ ਸ਼ਾਨਦਾਰ ਰਿਹਾ। ਅਰਦਾਸ ਕਰਦੇ ਆਂ ਕਿ ਅਗਲਾ ਸਾਲ ਵੀ ਉਸ ਦੇ ਲਈ ਖ਼ੁਸ਼ੀਆਂ ਭਰੇ ਰਹੇ।

ਅਜੇ ਬੰਗਾ : ਅਮਰੀਕਾ ਵਾਸੀ ਭਾਰਤ ਮੂਲ ਦੇ ਅਜੇ ਬੰਗਾ ਦਾ ਨਾਮ ਵੀ ਸਾਲ 2023 ਦੌਰਾਨ ਕਾਫ਼ੀ ਸੁਰਖ਼ੀਆਂ ਵਿਚ ਰਿਹਾ। ਦੋ ਜੂਨ 2023 ਨੂੰ ਅਜੇ ਬੰਗਾ ਵਿਸ਼ਵ ਬੈਂਕ ਦੇ ਚੇਅਰਮੈਨ ਬਣੇ। ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਅਜੇ ਬੰਗਾ ਨੂੰ ਇਸ ਅਹੁਦੇ ਲਈ ਨਾਮਜ਼ਦ ਕੀਤਾ ਗਿਆ ਸੀ। ਅਜੇ ਬੰਗਾ ਮੂਲ ਰੂਪ ਵਿਚ ਪੰਜਾਬੀ ਸਿੱਖ ਨੇ, ਜਿਨ੍ਹਾਂ ਨੇ ਆਪਣੇ ਸ਼ਾਨਦਾਰ ਕਰੀਅਰ ਦੀ ਸ਼ੁਰੂਆਤ ਭਾਰਤ ਤੋਂ ਹੀ ਕੀਤੀ ਸੀ। ਉਨ੍ਹਾਂ ਦੇ ਪਿਤਾ ਇਕ ਫ਼ੌਜੀ ਅਧਿਕਾਰੀ ਸਨ।
ਅਜੇ ਬੰਗਾ ਦਾ ਜਨਮ ਮਹਾਰਾਸ਼ਟਰ ਦੇ ਪੁਣੇ ਵਿਚ 10 ਅਕਤੂਬਰ 1959 ਵਿਚ ਹੋਇਆ ਸੀ।

ਇਕ ਜਾਣਕਾਰੀ ਅਨੁਸਾਰ ਅਜੇ ਬੰਗਾ ਨੇ ਦਿੱਲੀ ਯੂਨੀਵਰਸਿਟੀ ਤੋਂ ਅਰਥਸਾਸ਼ਤਰ ਵਿਚ ਬੀਏ ਆਨਰਜ਼ ਦੀ ਡਿਗਰੀ ਹਾਸਲ ਕੀਤੀ। ਸਾਲ 1996 ਵਿਚ ਅਜੇ ਬੰਗਾ ਨੇ ਸਿਟੀ ਗਰੁੱਪ ਜੁਆਇਨ ਸੀ, ਉਹ ਸਿਟੀ ਗਰੁੱਪ ਦੇ ਏਸ਼ੀਆ ਪੈਸੀਫਿਕ ਖੇਤਰ ਦੇ ਸੀਈਓ ਰਹੇ। 13 ਸਾਲ ਤੱਕ ਉਨ੍ਹਾਂ ਨੇ ਨੈਸਲੇ ਕੰਪਨੀ ਵਿਚ ਵੀ ਕੰਮ ਕੀਤਾ।

ਹਰਦੀਪ ਸਿੰਘ ਨਿੱਝਰ : ਸਿੱਖ ਗਰਮ ਖ਼ਿਆਲੀ ਧੜੇ ਨਾਲ ਸਬੰਧਤ ਹਰਦੀਪ ਸਿੰਘ ਨਿੱਝਰ ਦਾ ਨਾਮ ਸਾਲ 2023 ਦੌਰਾਨ ਕਾਫ਼ੀ ਸੁਰਖ਼ੀਆਂ ਵਿਚ ਰਿਹਾ। ਦਰਅਸਲ 18 ਜੂਨ 2023 ਵਿਚ ਹਰਦੀਪ ਸਿੰਘ ਨਿੱਝਰ ਦਾ ਕੈਨੇਡਾ ਦੇ ਸਰੀ ਵਿਚ ਉਸ ਸਮੇਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ, ਜਦੋਂ ਉਹ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਵਿਚ ਮੌਜੂਦ ਸਨ। ਕੈਨੇਡਾ ਦੇ ਪ੍ਰਧਾਨ ਜਸਟਿਨ ਟਰੂਡੋ ਵੱਲੋਂ ਇਸ ਕਤਲ ਕੇਸ ਵਿਚ ਭਾਰਤੀ ਏਜੰਟਾਂ ਦੀ ਸ਼ਮੂਲੀਅਤ ਦਾ ਸ਼ੱਕ ਜਤਾਇਆ ਗਿਆ ਸੀ ਪਰ ਭਾਰਤ ਨੇ ਇਨ੍ਹਾਂ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਦਿਆਂ ਖ਼ਾਰਜ ਕਰ ਦਿੱਤਾ ਸੀ।

ਹਰਦੀਪ ਸਿੰਘ ਨਿੱਝਰ ਜਲੰਧਰ ਦੇ ਪਿੰਡ ਭਾਰ ਸਿੰਘ ਪੁਰਾ ਨਾਲ ਸਬੰਧਤ ਸੀ। ਭਾਰਤ ਸਰਕਾਰ ਦੇ ਮੁਤਾਬਕ ਨਿੱਝਰ ਖ਼ਾਲਿਸਤਾਨ ਟਾਈਗਰ ਫੋਰਸ ਦਾ ਮੁਖੀ ਸੀ। ਭਾਰਤੀ ਏਜੰਸੀਆਂ ਮੁਤਾਬਕ ਨਿੱਝਰ ਭਾਰਤ ਵਿਚ ਪਾਬੰਦੀਸ਼ੁਦਾ ਸੰਗਠਨ ਸਿੱਖਸ ਫਾਰ ਜਸਟਿਸ ਦੇ ਨਾਲ ਵੀ ਜੁੜੇ ਹੋਏ ਸਨ। ਕੁੱਝ ਸਮਾਂ ਪਹਿਲਾਂ ਉਨ੍ਹਾਂ ਨੂੰ ਆਸਟ੍ਰੇਲੀਆ ਵਿਚ ਖ਼ਾਲਿਸਤਾਨ ਰੈਫਰੈਂਡਮ ਲਈ ਹੋਈ ਵੋਟਿੰਗ ਦੌਰਾਨ ਦੇਖਿਆ ਗਿਆ ਸੀ।

ਅੰਮ੍ਰਿਤਪਾਲ ਸਿੰਘ : ਸਾਲ 2023 ਦੌਰਾਨ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦਾ ਨਾਮ ਵੀ ਕਾਫ਼ੀ ਸੁਰਖ਼ੀਆਂ ਵਿਚ ਰਿਹਾ। ਪੰਜਾਬ ਪੁਲਿਸ ਨੇ 30 ਅਪ੍ਰੈਲ 2023 ਨੂੰ ਅੰਮ੍ਰਿਤਪਾਲ ਸਿੰਘ ਨੂੰ ਕਰੀਬ ਇਕ ਮਹੀਨੇ ਦੀ ਲੁਕਾ ਛੁਪੀ ਮਗਰੋਂ ਮੋਗਾ ਤੋਂ ਗ੍ਰਿਫ਼ਤਾਰ ਕਰ ਲਿਆ ਸੀ। ਮੌਜੂਦਾ ਸਮੇਂ ਅੰਮ੍ਰਿਤਪਾਲ ਸਿੰਘ ਆਪਣੇ ਸਾਥੀਆਂ ਸਮੇਤ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਵਿਚ ਬੰਦ ਨੇ।

ਦਰਅਸਲ ਅੰਮ੍ਰਿਤਪਾਲ ਸਿੰਘ ਨੇ ਆਪਣ ਇਕ ਸਾਥੀ ਦੀ ਰਿਹਾਈ ਲਈ ਅਜਨਾਲਾ ਥਾਣੇ ਦਾ ਘਿਰਾਓ ਕੀਤਾ ਸੀ, ਜਿਸ ਦੌਰਾਨ ਪ੍ਰਦਰਸ਼ਨ ਵਿਚ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਵੀ ਨਾਲ ਲੈ ਗਏ ਸੀ। ਇਸ ਪ੍ਰਦਰਸ਼ਨ ਦੌਰਾਨ ਅਜਨਾਲਾ ਵਿਚ ਹਿੰਸਾ ਭੜਕ ਗਈ ਸੀ, ਜਿਸ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਦੇ ਵਿਰੁੱਧ ਵੱਖ ਵੱਖ ਧਾਰਾਵਾਂ ਤਹਿਤ 16 ਕੇਸ ਦਰਜ ਕੀਤੇ ਗਏ ਅਤੇ ਐਨਐਸਏ ਲਗਾ ਕੇ ਡਿਬਰੂਗੜ੍ਹ ਜੇਲ੍ਹ ਭੇਜ ਦਿੱਤਾ ਗਿਆ।

ਅੰਮ੍ਰਿਤਪਾਲ ਸਿੰਘ,, ਸੰਦੀਪ ਸਿੰਘ ਉਰਫ਼ ਦੀਪ ਸਿੱਧੂ ਵੱਲੋਂ ਬਣਾਈ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਨਵੇਂ ਮੁਖੀ ਬਣੇ ਸੀ। ਉਨ੍ਹਾਂ ਦੀ ਦਸਤਾਰਬੰਦੀ ਦਮਦਮੀ ਟਕਸਾਲ ਦੇ ਸਾਬਕਾ ਮੁਖੀ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਜਨਮ ਦਿਨ ਮੌਕੇ 29 ਸਤੰਬਰ 2022 ਨੂੰ ਕੀਤੀ ਗਈ ਸੀ। ਇਸ ਤੋਂ ਬਾਅਦ 10 ਫਰਵਰੀ 2023 ਨੂੰ ਅੰਮ੍ਰਿਤਪਾਲ ਸਿੰਘ ਨੇ ਵਿਆਹ ਕਰਵਾ ਲਿਆ ਸੀ,,, ਪਰ ਜਦੋਂ ਅਜਨਾਲਾ ਹਿੰਸਾ ਕਾਂਡ ਵਾਪਰਿਆ ਤਾਂ ਪੰਜਾਬ ਸਰਕਾਰ ਨੇ ਸਖ਼ਤੀ ਦਿਖਾਉਂਦਿਆਂ ਉਨ੍ਹਾਂ ’ਤੇ ਐਨਐਸਏ ਲਗਾ ਦਿੱਤਾ ਅਤੇ ਉਨ੍ਹਾਂ ਨੂੰ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਵਿਚ ਭੇਜ ਦਿੱਤਾ ਸੀ।

ਸੋ ਇਹ ਸਨ ਉਹ ਪੰਜ ਪੰਜਾਬੀਆਂ ਦੇ ਨਾਮ, ਜਿਨ੍ਹਾਂ ਦੇ ਨਾਮ ਪਿਛਲੇ ਸਾਲ 2023 ਦੌਰਾਨ ਵਿਸ਼ਵ ਪੱਧਰ ’ਤੇ ਸੁਰਖ਼ੀਆਂ ਵਿਚ ਛਾਏ ਰਹੇ। ਸੋ ਤੁਹਾਨੂੰ ਇਹ ਜਾਣਕਾਰੀ ਕਿਵੇਂ ਲੱਗੀ, ਸਾਨੂੰ ਕੁਮੈਂਟ ਜ਼ਰੀਏ ਆਪਣੀ ਰਾਇ ਜ਼ਰੂਰ ਸਾਂਝੀ ਕਰੋ। ਹੋਰ ਜਾਣਕਾਰੀ ਅਤੇ ਤਾਜ਼ਾ ਖ਼ਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ

Next Story
ਤਾਜ਼ਾ ਖਬਰਾਂ
Share it