Begin typing your search above and press return to search.

ਜਾਣੋ, ਕੌਣ ਸੀ ਭਾਈ ਜਸਵੰਤ ਸਿੰਘ ਖਾਲੜਾ?

ਚੰਡੀਗੜ੍ਹ, 7 ਸਤੰਬਰ (ਸ਼ਾਹ) : ਸੰਨ 1980 ਤੋਂ ਬਾਅਦ ਪੰਜਾਬ ਨੇ ਲੰਬਾ ਸਮਾਂ ਆਪਣੇ ਪਿੰਡੇ ’ਤੇ ਕਾਲਾ ਦੌਰ ਹੰਢਾਇਆ ਅਤੇ ਇਸ ਕਾਲੇ ਦੌਰ ਵਿਚ ਹਜ਼ਾਰਾਂ ਹੀ ਨਿਰਦੋਸ਼ ਸਿੱਖ ਨੌਜਵਾਨਾਂ ਨੂੰ ਬੇ-ਮੌਤੇ ਮਾਰ ਦਿੱਤਾ ਗਿਆ। ਇਸ ਦੌਰਾਨ ਕੁੱਝ ਅਜਿਹੇ ਸਿੱਖ ਯੋਧੇ ਵੀ ਸਨ, ਜਿਨ੍ਹਾਂ ਨੇ ਬਿਨਾਂ ਕੋਈ ਹਥਿਆਰ ਚੁੱਕੇ ਆਪਣੇ ਤਰੀਕੇ ਨਾਲ ਇਸ ਜ਼ੁਲਮ ਦਾ ਡਟ […]

Bhai Jaswant Singh Khalra
X

Bhai Jaswant Singh Khalra

Hamdard Tv AdminBy : Hamdard Tv Admin

  |  7 Sept 2023 1:13 PM IST

  • whatsapp
  • Telegram

ਚੰਡੀਗੜ੍ਹ, 7 ਸਤੰਬਰ (ਸ਼ਾਹ) : ਸੰਨ 1980 ਤੋਂ ਬਾਅਦ ਪੰਜਾਬ ਨੇ ਲੰਬਾ ਸਮਾਂ ਆਪਣੇ ਪਿੰਡੇ ’ਤੇ ਕਾਲਾ ਦੌਰ ਹੰਢਾਇਆ ਅਤੇ ਇਸ ਕਾਲੇ ਦੌਰ ਵਿਚ ਹਜ਼ਾਰਾਂ ਹੀ ਨਿਰਦੋਸ਼ ਸਿੱਖ ਨੌਜਵਾਨਾਂ ਨੂੰ ਬੇ-ਮੌਤੇ ਮਾਰ ਦਿੱਤਾ ਗਿਆ। ਇਸ ਦੌਰਾਨ ਕੁੱਝ ਅਜਿਹੇ ਸਿੱਖ ਯੋਧੇ ਵੀ ਸਨ, ਜਿਨ੍ਹਾਂ ਨੇ ਬਿਨਾਂ ਕੋਈ ਹਥਿਆਰ ਚੁੱਕੇ ਆਪਣੇ ਤਰੀਕੇ ਨਾਲ ਇਸ ਜ਼ੁਲਮ ਦਾ ਡਟ ਕੇ ਸਾਹਮਣਾ ਕੀਤਾ ਅਤੇ ਇਸ ਜ਼ੁਲਮ ਦਾ ਇਨਸਾਫ਼ ਲੈਣ ਲਈ ਲੰਬੀ ਜੱਦੋ ਜਹਿਦ ਕੀਤੀ।


ਭਾਈ ਜਸਵੰਤ ਸਿੰਘ ਖਾਲੜਾ ਵੀ ਅਜਿਹੇ ਸਿੱਖ ਯੋਧਿਆਂ ਵਿਚੋਂ ਇਕ ਸਨ, ਜਿਨ੍ਹਾਂ ਨੇ ਇਸ ਕਾਲੇ ਦੌਰ ਵਿਚ ਸਿੱਖਾਂ ਦੇ ਹੱਕਾਂ ਦੀ ਲੜਾਈ ਲੜੀ ਅਤੇ ਹਾਕਮਾਂ ਦੇ ਕਾਲੇ ਕਾਰਨਾਮਿਆਂ ਨੂੰ ਬੇਪਰਦ ਕੀਤਾ। ਸੋ ਆਓ ਤੁਹਾਨੂੰ ਦੱਸਦੇ ਆਂ ਕਿ ਕੌਣ ਸਨ ਭਾਈ ਜਸਵੰਤ ਸਿੰਘ ਖਾਲੜਾ ਅਤੇ ਕਿਵੇਂ ਕੀਤਾ ਸੀ ਉਨ੍ਹਾਂ ਨੇ ਜ਼ਾਲਮ ਹਕੂਮਤ ਦੇ ਕਾਲੇ ਕਾਰਨਾਮਿਆਂ ਦਾ ਪਰਦਾਫਾਸ਼?


ਉਂਝ ਭਾਵੇਂ ਸਿੱਖ ਕੌਮ ਦਾ ਇਤਿਹਾਸ ਅਨੇਕਾਂ ਸ਼ਹੀਦਾਂ ਤੇ ਸੂਰਬੀਰ ਯੋਧਿਆਂ ਨਾਲ ਭਰਿਆ ਹੋਇਆ ਏ ਪਰ ਭਾਈ ਜਸਵੰਤ ਸਿੰਘ ਖਾਲੜਾ ਵੀ ਸਿੱਖ ਕੌਮ ਦੇ ਉਨ੍ਹਾਂ ਮਹਾਨ ਯੋਧਿਆਂ ਵਿਚੋਂ ਇਕ ਨੇ ਜਿਨ੍ਹਾਂ ਨੇ 1984 ਤੋਂ ਲੈ ਕੇ ਦਸੰਬਰ 1994 ਤੱਕ ਅਣਪਛਾਤੀਆਂ ਕਹਿ ਕੇ ਸਾੜੀਆਂ ਗਈਆਂ ਪੰਜਾਬੀ ਮੁੰਡਿਆਂ ਦੀਆਂ ਲਾਸ਼ਾਂ ਦੇ ਵੇਰਵੇ ਨਸ਼ਰ ਕੀਤੇ ਸਨ। ਭਾਈ ਖਾਲੜਾ ਦਾ ਜਨਮ 2 ਨਵੰਬਰ 1952 ਨੂੰ ਸ੍ਰੀ ਤਰਨਤਾਰਨ ਸਾਹਿਬ ਦੇ ਪਿੰਡ ਖਾਲੜਾ ਵਿਚ ਹੋਇਆ ਸੀ। ਉਨ੍ਹਾਂ ਨੇ 1984 ਦੀ ਸਿੱਖ ਨਸਲਕੁਸ਼ੀ ਅਤੇ ਅਪਰੇਸ਼ਨ ਬਲੂ ਸਟਾਰ ਸਮੇਤ ਪੰਜਾਬ ਦਾ ਕਾਲਾ ਦੌਰ ਆਪਣੇ ਅੱਖੀਂ ਤੱਕਿਆ।


ਭਾਈ ਜਸਵੰਤ ਸਿੰਘ ਖਾਲੜਾ ਮਨੁੱਖੀ ਅਧਿਕਾਰਾਂ ਦੇ ਕਾਰਕੁੰਨ ਸਨ ਅਤੇ ਉਨ੍ਹਾਂ ਨੇ ਪੰਜਾਬ ਵਿਚ ਖਾੜਕੂਵਾਦ ਸਮੇਂ ਲਾਵਾਰਿਸ ਦੱਸ ਕੇ ਲਾਸ਼ਾਂ ਸਾੜਨ ਦੇ ਮਾਮਲੇ ਦਾ ਭੇਦ ਜੱਗ ਜ਼ਾਹਿਰ ਕਰਕੇ ਉਸ ਸਮੇਂ ਦੀ ਹਕੂਮਤ ਦਾ ਕਾਲਾ ਕਾਰਨਾਮਾ ਜੱਗ ਜ਼ਾਹਿਰ ਕੀਤਾ ਸੀ, ਜਿਸ ਦੀ ਕੀਮਤ ਉਨ੍ਹਾਂ ਨੂੰ ਆਪਣੀ ਜਾਨ ਦੇ ਕੇ ਚੁਕਾਉਣੀ ਪਈ।


ਦਰਅਸਲ ਭਾਈ ਜਸਵੰਤ ਸਿੰਘ ਖਾਲੜਾ ਨੇ ਪੰਜਾਬ ਵਿਚ ਖਾੜਕੂਵਾਦ ਦੌਰਾਨ ਜੂਨ 1984 ਤੋਂ ਲੈ ਕੇ ਦਸੰਬਰ 1994 ਦੌਰਾਨ ਮਾਰੇ ਗਏ ਪੰਜਾਬੀਆਂ ਦੀਆਂ 6017 ਅਣਪਛਾਤੀਆਂ ਲਾਸ਼ਾਂ ਦਾ ਵੇਰਵਾ ਇਕੱਠਾ ਕੀਤਾ ਸੀ ਜੋ ਅੰਮ੍ਰਿਤਸਰ, ਪੱਟੀ ਅਤੇ ਤਰਨਤਾਰਨ ਦੇ ਸਿਵਿਆਂ ਤੋਂ ਇਕੱਠਾ ਕੀਤਾ ਗਿਆ ਸੀ।


ਇਹ ਸਾਰੀ ਜਾਣਕਾਰੀ ਉਨ੍ਹਾਂ ਨੇ ਸਿਵਿਆਂ ਵਿਚ ਰੱਖੇ ਗਏ ਉਨ੍ਹਾਂ ਰਜਿਸਟਰਾਂ ਤੋਂ ਇਕੱਤਰ ਕੀਤੀ ਸੀ, ਜਿਨ੍ਹਾਂ ਵਿਚ ਲਾਸ਼ ਦਾ ਨਾਂਅ, ਪਿੰਡ ਦਾ ਨਾਂਅ, ਪਿਤਾ ਦਾ ਨਾਂਅ, ਉਮਰ, ਅੰਮ੍ਰਿਤਧਾਰੀ ਜਾਂ ਮੋਨਾ ਆਦਿ ਦਾ ਸਾਰਾ ਵੇਰਵਾ ਦਰਜ ਕੀਤਾ ਹੁੰਦਾ ਏ। ਇਸ ਸਬੰਧੀ ਜਾਣਕਾਰੀ ਇਕੱਤਰ ਕਰਦਿਆਂ ਉਨ੍ਹਾਂ ਦੇ ਹੱਥ ਅਜਿਹੇ ਵੇਰਵੇ ਲੱਗ ਗਏ, ਜਿਨ੍ਹਾਂ ਬਾਰੇ ਜਾਣ ਕੇ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਪੰਜਾਬੀ ਮੁੰਡਿਆਂ ਦੇ ਕਤਲ ਦਾ ਇਹ ਘਿਨੌਣਾ ਖੇਡ ਦੇਖ ਕੇ ਉਨ੍ਹਾਂ ਦੇ ਲੂੰ ਕੰਡੇ ਖੜ੍ਹੇ ਹੋ ਗਏ।


ਭਾਈ ਜਸਵੰਤ ਸਿੰਘ ਖਾਲੜਾ ਨੇ ਦੇਖਿਆ ਕਿ ਸਿਵਿਆਂ ਵਿਚ ਪਏ ਇਨ੍ਹਾਂ ਰਜਿਸਟਰਾਂ ਵਿਚ 6017 ਲਾਸ਼ਾਂ ਦੇ ਕਾਲਮ ਨਾਲ ਹੋਰ ਜਾਣਕਾਰੀ ਵਿਚ ਪੁਲਿਸ ਨੇ ਮੁਕਾਬਲਾ ਬਣਾ ਕੇ ਮਾਰਿਆ ਅਤੇ ਕਿਹੜਾ ਪੁਲਿਸ ਮੁਲਾਜ਼ਮ ਕਿੰਨੀਆਂ ਲਾਸ਼ਾਂ ਲੈ ਕੇ ਆਇਆ, ਇਹ ਸਭ ਕੁੱਝ ਵੀ ਦਰਜ ਕੀਤਾ ਹੋਇਆ ਸੀ। ਸਭ ਤੋਂ ਹੈਰਾਨੀ ਦੀ ਗੱਲ ਇਹ ਸੀ ਕਿ ਇਨ੍ਹਾਂ ਸਾਰੀਆਂ ਲਾਸ਼ਾਂ ਨੂੰ ਅਣਪਛਾਤੀਆਂ ਦੱਸ ਕੇ ਸਸਕਾਰ ਕੀਤਾ ਗਿਆ ਸੀ, ਜਿਸ ਨੇ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ’ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ। ਉਂਝ ਉਸ ਸਮੇਂ ਸਾਰੇ ਹੀ ਲੋਕ ਪੰਜਾਬ ਪੁਲਿਸ ਦੀਆਂ ਕਾਲੀਆਂ ਕਰਤੂਤਾਂ ਤੋਂ ਵਾਕਿਫ਼ ਸਨ ਪਰ ਜਦੋਂ ਭਾਈ ਖਾਲੜਾ ਨੇ ਇਹ ਅੰਕੜੇ ਦੇਖੇ ਤਾਂ ਉਨ੍ਹਾਂ ਦੇ ਹੋਸ਼ ਹੀ ਉਡ ਗਏ।


ਇਸ ਮਗਰੋਂ ਭਾਈ ਜਸਵੰਤ ਸਿੰਘ ਖਾਲੜਾ ਨੇ ਆਪਣੀ ਜਾਨ ’ਤੇ ਖੇਡ ਕੇ ਇਹ ਸਾਰੇ ਅੰਕੜੇ ਅਤੇ ਦਸਤਾਵੇਜ਼ ਇਕੱਠੇ ਕਰਕੇ ਅਦਾਲਤ ਵਿਚ ਪੇਸ਼ ਕਰ ਦਿੱਤੇ ਪਰ ਅਫ਼ਸੋਸ ਕਿ ਅਦਾਲਤ ਨੇ ਇਸ ’ਤੇ ਸੁਣਵਾਈ ਕਰਨ ਤੋਂ ਹੀ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਇਸ ਕੇਸ ਨੂੰ ਉਜਾਗਰ ਕਰਨ ਕਾਫ਼ੀ ਜੱਦੋ ਜਹਿਦ ਕੀਤੀ ਪਰ ਜਦੋਂ ਉਨ੍ਹਾਂ ਨੂੰ ਕਿਸੇ ਪਾਸਿਓਂ ਇਨਸਾਫ਼ ਮਿਲਦਾ ਦਿਖਾਈ ਨਾ ਦਿੱਤਾ ਤਾਂ ਉਨ੍ਹਾਂ ਨੇ ਇਹ ਸਾਰਾ ਰਿਕਾਰਡ ਕੈਨੇਡਾ ਦੀ ਪਾਰਲੀਮੈਂਟ ਵਿਚ ਜਮ੍ਹਾਂ ਕਰਵਾ ਦਿੱਤਾ।


ਇਸ ਕੇਸ ਨੂੰ ਲੈ ਕੇ ਭਾਈ ਜਸਵੰਤ ਸਿੰਘ ਖਾਲੜਾ ਪੂਰੀ ਤਰ੍ਹਾਂ ਪੰਜਾਬ ਪੁਲਿਸ ਦੀ ਨਜ਼ਰ ਵਿਚ ਆ ਗਏ ਸਨ। ਇਨ੍ਹਾਂ ਵੇਰਵਿਆਂ ਨੂੰ ਲੈ ਕੇ ਭਾਈ ਖਾਲੜਾ ਦੀ ਪੰਜਾਬ ਦੇ ਤਤਕਾਲੀ ਡੀਜੀਪੀ ਕੇਪੀਐਸ ਗਿੱਲ ਨਾਲ ਬਹਿਸ ਤੱਕ ਹੋ ਗਈ ਸੀ ਪਰ ਭਾਈ ਖਾਲੜਾ ਦਾ ਇਕੋ ਸਵਾਲ ਸੀ ਕਿ ਪੁਲਿਸ ਨੇ ਇੰਨੇ ਪੰਜਾਬੀ ਮੁੰਡੇ ਕਿਸ ਆਧਾਰ ’ਤੇ ਅਤੇ ਕਿਉਂ ਖ਼ਤਮ ਕੀਤੇ?, ਜਿਸ ਦਾ ਉਸ ਸਮੇਂ ਪੁਲਿਸ ਕੋਲ ਕੋਈ ਜਵਾਬ ਨਹੀਂ ਸੀ।


ਇਸ ਗੱਲ ਵਿਚ ਕੋਈ ਸ਼ੱਕ ਨਹੀਂ ਕਿ ਭਾਈ ਜਸਵੰਤ ਸਿੰਘ ਖਾਲੜਾ ਇਸ ਦੇ ਅੰਜ਼ਾਮ ਤੋਂ ਭਲੀ ਭਾਂਤ ਵਾਕਿਫ਼ ਸਨ ਕਿਉਂਕਿ ਉਸ ਸਮੇਂ ਕੇਪੀਐਸ ਗਿੱਲ ਵਰਗੇ ਪੁਲਿਸ ਅਫ਼ਸਰ ਨਾਲ ਮੱਥਾ ਲਾਉਣਾ ਮੌਤ ਨੂੰ ਸੱਦਾ ਦੇਣ ਦੇ ਬਰਾਬਰ ਸੀ ਪਰ ਭਾਈ ਖਾਲੜਾ ਨੇ ਮਨ ਵਿਚ ਧਾਰਿਆ ਹੋਇਆ ਸੀ ਕਿ ਜੋ ਮਰਜ਼ੀ ਹੋ ਜਾਵੇ, ਉਹ ਇਸ ਦਾ ਇਨਸਾਫ਼ ਲੈ ਕੇ ਹੀ ਰਹਿਣਗੇ ਅਤੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣਗੇ।


ਜਿਵੇਂ ਹੀ ਅਣਪਛਾਤੀਆਂ ਲਾਸ਼ਾਂ ਦੇ ਮੁੱਦੇ ਨੂੰ ਉਜਾਗਰ ਕਰਨ ਵਿਚ ਭਾਈ ਜਸਵੰਤ ਸਿੰਘ ਖਾਲੜਾ ਦਾ ਨਾਮ ਆਇਆ, ਓਵੇਂ ਹੀ ਉਨ੍ਹਾਂ ਦੀਆਂ ਮੁਸ਼ਕਲਾਂ ਵੀ ਵਧਣੀਆਂ ਸ਼ੁਰੂ ਹੋ ਗਈਆਂ। ਕੇਪੀਐਸ ਗਿੱਲ ਨਾਲ ਹੋਈ ਬਹਿਸ ਮਗਰੋਂ ਉਹ ਪੂਰੀ ਤਰ੍ਹਾਂ ਪੁਲਿਸ ਦੀ ਨਜ਼ਰ ਵਿਚ ਆ ਚੁੱਕੇ ਸਨ। ਦਰਅਸਲ ਪੰਜਾਬ ਪੁਲਿਸ ਭਾਈ ਖਾਲੜਾ ਪਾਸੋਂ ਅਜਿਹਾ ਬਿਆਨ ਦਿਵਾਉਣਾ ਚਾਹੁੰਦੀ ਸੀ ਤਾਂ ਜੋ ਕਿਸੇ ਨਾ ਕਿਸੇ ਤਰੀਕੇ ਇਸ ਕੇਸ ’ਤੇ ਪਰਦਾ ਪਾਇਆ ਜਾ ਸਕੇ।


ਆਖ਼ਰ 6 ਸਤੰਬਰ 1995 ਨੂੰ ਪੁਲਿਸ ਦੀਆਂ ਜਿਪਸੀਆਂ ਦੀ ਇਕ ਧਾੜ ਆਈ ਅਤੇ ਭਾਈ ਖਾਲੜਾ ਨੂੰ ਜ਼ਬਰਦਸਤੀ ਘਰੋਂ ਉਠਾ ਕੇ ਲੈ ਗਈ। ਤਰਨਤਾਰਨ ਦੇ ਥਾਣਾ ਝਬਾਲ ਵਿਖੇ ਉਨ੍ਹਾਂ ’ਤੇ ਜਮ ਕੇ ਤਸ਼ੱਦਦ ਢਾਹਿਆ ਗਿਆ ਪਰ ਗੁਰੂ ਦਾ ਇਹ ਸਿੱਖ ਸੱਚ ਤੋਂ ਰੱਤੀ ਭਰ ਵੀ ਪਿੱਛੇ ਨਹੀਂ ਹਟਿਆ। ਭਾਈ ਖਾਲੜਾ ਦਾ ਬਿਆਨ ਬਦਲਵਾਉਣ ਵਿਚ ਪੁਲਿਸ ਦੀ ਬਸ ਹੋ ਚੁੱਕੀ ਸੀ, ਆਖ਼ਰਕਾਰ ਕੁੱਝ ਦਿਨਾਂ ਮਗਰੋਂ ਉਨ੍ਹਾਂ ਦੀ ਲਾਸ਼ ਹਰੀਕੇ ਪੱਤਣ ਰਾਜਸਥਾਨ ਨਹਿਰ ਵਿਚੋਂ ਬਰਾਮਦ ਹੋਈ।


ਇਸ ਮਗਰੋਂ ਬਹੁਤ ਸਾਰੀਆਂ ਸਿੱਖ ਜਥੇਬੰਦੀਆਂ ਨੇ ਇਸ ਕੇਸ ਨੂੰ ਚੁੱਕਿਆ। ਸੀਬੀਆਈ ਨੇ ਇਸ ਕੇਸ ਦੀ ਡੂੰਘਾਈ ਨਾਲ ਜਾਂਚ ਪੜਤਾਲ ਕੀਤੀ, ਜਿਸ ਮਗਰੋਂ ਅਦਾਲਤ ਨੇ ਕਈ ਪੁਲਿਸ ਅਫ਼ਸਰਾਂ ਨੂੰ ਦੋਸ਼ੀ ਪਾਇਆ ਅਤੇ ਸਜ਼ਾਵਾਂ ਦਿੱਤੀਆਂ। ਮੌਜੂਦਾ ਸਮੇਂ ਭਾਈ ਖਾਲੜਾ ਦੀ ਧਰਮ ਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਉਨ੍ਹਾਂ ਦੇ ਸੰਘਰਸ਼ ਨੂੰ ਲੈ ਕੇ ਅੱਗੇ ਵਧ ਰਹੇ ਨੇ। ਭਾਈ ਜਸਵੰਤ ਸਿੰਘ ਖਾਲੜਾ ਸਿੱਖਾਂ ਦੇ ਹਕੂਕਾਂ ਲਈ ਲੜਨ ਵਾਲੇ ਇਕ ਮਹਾਨ ਯੋਧੇ ਸਨ, ਜਿਨ੍ਹਾਂ ਦੇ ਸੰਘਰਸ਼ ਅਤੇ ਕੁਰਬਾਨੀ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ।


ਸੋ ਸਿੱਖ ਕੌਮ ਦੇ ਇਸ ਮਹਾਨ ਯੋਧੇ ਨੂੰ ਲੈ ਕੇ ਤੁਹਾਡਾ ਕੀ ਕਹਿਣਾ ਏ, ਸਾਨੂੰ ਕੁਮੈਂਟ ਜ਼ਰੀਏ ਆਪਣੀ ਰਾਇ ਸਾਂਝੀ ਕਰੋ। Hamdradtv

Next Story
ਤਾਜ਼ਾ ਖਬਰਾਂ
Share it