Begin typing your search above and press return to search.

ਪੰਜਾਬ ਸਿਹੁੰ ਦਾ ਕੀ ਹਾਲ ਹੈ?

ਦਰਬਾਰਾ ਸਿੰਘ ਕਾਹਲੋਂਪਿਛਲੇ ਦਿਨੀਂ ਲੇਖਕ ਪੰਜਾਬ ਗੇੜੀ ਲਾਉਣ ਗਿਆ। ਕਰੀਬ ਸਾਰਾ ਪੰਜਾਬ ਗਾਹੁਣ ਦਾ ਸੁਭਾਗ ਪ੍ਰਾਪਤ ਹੋਇਆ। ਹਕੀਕਤ ਇਹ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ‘ਰੰਗਲਾ ਪੰਜਾਬ’ ਸਿਰਜਣ ਦੇ ਦਾਅਵਿਆਂ ਨੂੰ ਅਜੇ ਬੂਰ ਪੈਂਦਾ ਨਸੀਬ ਨਹੀਂ ਹੋ ਰਿਹਾ। ਜਿੱਧਰ ਵੀ ਝਾਤ ਮਾਰੋ ਉਧਰ ‘ਰੋਂਦਾ, ਵਿਲਕਦਾ ਅਤੇ ਤੜੱਪਦਾ ਪੰਜਾਬ’ ਹੀ ਨਜ਼ਰ ਆਇਆ। ਪੰਜਾਬੀਆਂ […]

ਪੰਜਾਬ ਸਿਹੁੰ ਦਾ ਕੀ ਹਾਲ ਹੈ?
X

Editor (BS)By : Editor (BS)

  |  21 Jan 2024 8:53 AM IST

  • whatsapp
  • Telegram

ਦਰਬਾਰਾ ਸਿੰਘ ਕਾਹਲੋਂ
ਪਿਛਲੇ ਦਿਨੀਂ ਲੇਖਕ ਪੰਜਾਬ ਗੇੜੀ ਲਾਉਣ ਗਿਆ। ਕਰੀਬ ਸਾਰਾ ਪੰਜਾਬ ਗਾਹੁਣ ਦਾ ਸੁਭਾਗ ਪ੍ਰਾਪਤ ਹੋਇਆ। ਹਕੀਕਤ ਇਹ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ‘ਰੰਗਲਾ ਪੰਜਾਬ’ ਸਿਰਜਣ ਦੇ ਦਾਅਵਿਆਂ ਨੂੰ ਅਜੇ ਬੂਰ ਪੈਂਦਾ ਨਸੀਬ ਨਹੀਂ ਹੋ ਰਿਹਾ। ਜਿੱਧਰ ਵੀ ਝਾਤ ਮਾਰੋ ਉਧਰ ‘ਰੋਂਦਾ, ਵਿਲਕਦਾ ਅਤੇ ਤੜੱਪਦਾ ਪੰਜਾਬ’ ਹੀ ਨਜ਼ਰ ਆਇਆ। ਪੰਜਾਬੀਆਂ ਨੇ ਰਵਾਇਤੀ ਕਾਂਗਰਸ ਅਤੇ ਅਕਾਲੀ-ਭਾਜਪਾ ਗਠਜੋੜ ਦੇ ਲੋਟੂ, ਭ੍ਰਿਸ਼ਟਾਚਾਰੀ, ਪਰਿਵਾਰਵਾਦੀ, ਕੁਸਾਸ਼ਕ ਨਿਜ਼ਾਮ ਵਲੋਂ ਇਸ ਨੂੰ ਬੇਰੋਜ਼ਗਾਰੀ, ਰਾਜਕੀ ਅਤੇ ਗੈਰ-ਰਾਜਕੀ ਅੱਤਵਾਦ, ਨਸ਼ੀਲੇ ਪਦਾਰਥਾਂ ਦੇ ਸੇਵਨ, ਗੈਂਗਸਟਰਵਾਦ, ਗੈਰ-ਕਾਨੂੰਨੀ ਮਾਈਨਿੰਗ, ਲੈਂਡ, ਕੇਬਲ, ਟ੍ਰਾਂਸਪੋਰਟ ਮਾਫੀਆਵਾਂ ਦੀ ਭੱਠੀ ਵਿਚ ਸੁੱਟਣ ਤੋਂ ਤੰਗ ਆ ਕੇ ਇਸ ਦੀ ਇਨਕਲਾਬੀ ਮੁੜ ਸੁਰਜੀਤੀ ਦੀ ਆਸ ਕਰਦੇ ਆਮ ਆਦਮੀ ਪਾਰਟੀ ਨੂੰ ਇਤਿਹਾਸਕ ਫੱਤਵੇ ਰਾਹੀਂ ਸੱਤਾ ਵਿਚ ਲਿਆਂਦਾ। ਉਨ੍ਹਾਂ ਇਸ ਦੀ ਵਿਚਾਰਧਾਰਾਹੀਨ, ਕਾਰਡਹੀਨ, ਕੱਚਘਰੜ, ਲੋਕ ਲੁਭਾਊ ਨਾਅਰਿਆਂ, ਗਰੰਟੀਆਂ ਅਤੇ ਪ੍ਰੋਗਰਾਮਾਂ ਨਾਲ ਲਬਰੇਜ਼ ਲੀਡਰਸ਼ਿਪ ਅਤੇ ਸੰਗਠਨ ਰਹਿਤ ਪਾਰਟੀ ਸਿਸਟਮ ਨੂੰ ਬਿਲਕੁਲ ਨਜ਼ਰ ਅੰਦਾਜ਼ ਕਰ ਦਿਤਾ।
ਲੇਕਿਨ ਪਿਛਲੇ 22 ਮਹੀਨੇ ਦੀ ਆਮ ਆਦਮੀ ਪਾਰਟੀ ਦੀ ਸ਼੍ਰੀ ਭਗਵੰਤ ਮਾਨ ਸਰਕਾਰ ਦੀ ਦਿੱਲੀ, ਉੱਧੜ-ਗੁੱਧੜ, ਬੇਕਾਇਦਗੀ ਅਤੇ ਇਕਸੁਰਤਾਹੀਨ ਕਾਰਗੁਜ਼ਾਰੀ ਕਰਕੇ ਕਿੱਧਰੇ ਵੀ ਸਥਿਤੀਆਂ ਸੁੱਧਰਦੀਆਂ ਨਜ਼ਰ ਆਉਂਦੀਆਂ। ਸ਼੍ਰੀਮਾਨ ਦੀ ਉਪਸਥਿਤੀ ਬਗੈਰ ਸਰਕਾਰ ਪੂਰੀ ਤਰ੍ਹਾਂ ਮਨਫੀ, ਖਾਲੀ-ਖਾਲੀ ਅਤੇ ਨਿਲ ਨਜ਼ਰ ਆਉਂਦੀ ਹੈ ਜਿਵੇਂ ਕਦੇ ਪਾਲਾ ਬਦਲ ਕੇ 25 ਨਵੰਬਰ ਤੋਂ 22 ਅਗਸਤ ਤਕ ਬਣਿਆ ਪੰਜਾਬ ਦਾ 12ਵਾਂ ਮੁੱਖ ਮੰਤਰੀ ਸ. ਲੱਛਮਣ ਸਿੰਘ ਗਿੱਲ ਕਹਿੰਦਾ ਹੁੰਦਾ ਸੀ ‘ਗਿੱਲ ਆਰ ਨਿੱਲ’।
ਕੁਪ੍ਰਬੰਧ :
ਮੁੱਖ ਮੰਤਰੀ ਸ਼੍ਰੀ ਮਾਨ ਨੇ ਸਹੁੰ ਚੁੱਕਦਿਆਂ ਐਲਾਨ ਕੀਤਾ ਸੀ ਕਿ ਉਨ੍ਹਾਂ ਦੀ ਸਰਕਾਰ ਪਿੰਡਾਂ ਅਤੇ ਪੱਤੀਆਂ ਦੀਆਂ ਸੱਥਾਂ ਵਿਚੋਂ ਚਲੇਗੀ। ਭਾਵ ਸਰਕਾਰ ਹੇਠਲੇ ਪੱਧਰ ਤੋਂ ਉਪਰਲੇ ਪੱਧਰ ਤਕ ਨੀਤੀਆਂ ਦੇ ਨਿਰਮਾਣ ਅਤੇ ਅਮਲ ਲਈ ਜਨਤਕ ਸ਼ਮੂਲੀਅਤ ਨਾਲ ਚਲੇਗੀ। ਲੇਕਿਨ ਇੰਜ ਨਹੀਂ ਹੋ ਸਕਿਆ। ਸੱਤਾ ਅਤੇ ਪ੍ਰਸਾਸ਼ਨ ਦੇ ਕੇਂਦਰੀਕਰਨ ਕਰਕੇ ਸਰਕਾਰ ਮੁੱਖ ਮੰਤਰੀ ਦੇ ਦਫ਼ਤਰ ਅਤੇ ਨਿੱਜ ਤੱਕ ਸੀਮਤ ਹੋ ਕੇ ਰਹਿ ਗਈ ਹੈ। ਸ਼੍ਰੀਮਾਨ ਬਗੈਰ ਸਭ ਨਿੱਲ ਹੀ ਲਗਦਾ ਹੈ।
ਭ੍ਰਿਸ਼ਟਾਚਾਰ :
ਕੱਟੜ ਇਮਾਨਦਾਰ ਆਮ ਆਦਮੀ ਪਾਰਟੀ ਅਤੇ ਸਰਕਾਰ ਦੇ ਮੰਤਰੀ, ਵਿਧਾਇਕ, ਆਗੂ, ਬਾਬੂ ਅਤੇ ਬਾਬੂ ਸ਼ਾਹ ਭ੍ਰਿਸ਼ਟਾਚਾਰ ਵਿਚ ਬੁਰੀ ਤਰ੍ਹਾਂ ਲਿਪਤ ਨਜ਼ਰ ਆਉਂਦੇ ਹਨ। ਵਿਜੈ ਸਿੰਗਲਾ, ਫੌਜਾ ਸਿੰਘ ਸਰਾਰੀ ਨੂੰ ਮੰਤਰੀ ਪੱਦ ਤੋਂ ਚਲਦਾ ਕਰਨ, ਬਠਿੰਡਾ ਦਿਹਾਤੀ ਵਿਧਾਇਕ ਅਮਿਤ ਰਤਨ ਨੂੰ ਰਿਸ਼ਵਤ ਦੇ ਦੋਸ਼ ਵਿਚ ਗਿ੍ਰਫਤਾਰ ਕਰਨ, ਕੈਨੇਡਾ ਦੀ ਐੱਨ.ਆਰ.ਆਈ. ਔਰਤ ਅਮਰਜੀਤ ਕੌਰ ਵੱਲੋਂ ਜਗਰਾਉਂ ਦੀ ਵਿਧਾਇਕਾਂ ਵੱਲੋਂ ਗੈਰਕਾਨੂੰਨੀ ਤੌਰ ’ਤੇ ਉਸ ਦੀ ਕੋਠੀ ਦਬਣ ਦੇ ਦੋਸ਼ਾਂ ਨਾਲ ਮਾਨ ਸਰਕਾਰ ਦੀ ਬਹੁਤ ਕਿਰਕਰੀ ਹੋਈ ਸੀ। ਸਭ ਤੋਂ ਵੱਡੀ ਹੈਰਾਨਗੀ ਦੀ ਗੱਲ ਤਾਂ ਇਹ ਹੈ ਕਿ ਦਰਜਨਾਂ ਸਾਬਕਾ ਭ੍ਰਿਸ਼ਟ ਮੰਤਰੀ, ਵਿਧਾਇਕ ਅਤੇ ਅਫਸਰਸ਼ਾਹ ਪਕੜਨ ਦੇ ਬਾਵਜੂਦ ਪੰਜਾਬ ਦੇ ਸਾਲਾਂ ਬੱਧੀ ਚਲੇ ਆ ਰਹੇ ਭ੍ਰਿਸ਼ਟਾਚਾਰੀ ਸਿਸਟਮ ਤੋਂ ਰਾਜ ਨੂੰ ਨਿਜ਼ਾਤ ਦਿਵਾਉਣੋਂ ਮਾਨ ਸਰਕਾਰ ਬੇਬਸ ਨਜ਼ਰ ਆਉਂਦੀ ਹੈ। ਸਿਰਫ ਕੁੱਝ ਹਲਕਿਆਂ ਦੇ ਬਾਕੀ ਸਭ ਹਲਕਿਆਂ ਵਿਚ ਅਧਿਕਾਰੀਆਂ ਤੋਂ ਮਹੀਨਾਂ ਜਜੀਆ ਲੈਣਾ ਜਾਰੀ ਹੈ।
ਵਿਧਾਇਕ, ਮੰਤਰੀ, ਅਫਸਰਸਾਹ, ਮੁੱਖ ਮੰਤਰੀ ਅਤਿ ਸ਼ਰਮਨਾਕ ਵੀ.ਆਈ.ਪੀ. ਸਭਿਆਚਾਰ ਵਿਚ ਘਿਰੇ ਹੋਣ ਕਰਕੇ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹਨ। ਰਿਸ਼ਵਤ ਅਤੇ ਰਿਸ਼ਵਤ ਲੈਣ ਵਾਲਿਆਂ ਦਾ ਮਾਨ ਸਰਕਾਰ ਨੂੰ ਚਿੱਟੇ ਦਿਨ ਚੈÇਲੰਜ ਜਾਰੀ ਹੈ। ‘ਵਾਰਿਸ਼ ਸ਼ਾਹ ਨਾ ਮੁੜਾਂਗੀ ਰਾਂਝਣੇ ਤੋਂ, ਭਾਵੇਂ ਬਾਪ ਦਾ ਬਾਪ ਆਵੇ।’
ਨਿੱਤ ਪਿੱਟ ਸਿਆਪਾ :
ਅਖੇ ਮੇਰੀ ਸਰਕਾਰ ਹੜਤਾਲ ਮੁੱਕਤ ਹੋਵੇਗੀ? ਮਾਨ ਸਾਹਿਬ ਦਾ ਦਾਅਵਾ ਸੌ ਪ੍ਰਤੀਸ਼ਤ ਠੁੱਸ ਹੈ। ਆਏ ਦਿਨ ਬੇਰੋਜ਼ਗਾਰ ਯੂਨੀਅਨਾਂ, ਕਿਸਾਨ, ਮਜ਼ਦੂਰ, ਕਰਮਚਾਰੀ ਆਦਿ ਧਰਨੇ ਲਾਈ ਬੈਠੇ, ਪਾਣੀ ਵਾਲੀਆਂ ਟੈਂਕੀਆਂ, ਟਾਵਰਾਂ ਅਤੇ ਖੰਬਿਆਂ ’ਤੇ ਚੜ੍ਹੇ ਵਿਖਾਈ ਦਿੰਦੇ ਹਨ। ਪੰਜਾਬ ਪੁਲਸ ਰਾਜ ਬਣਿਆ ਪਿਆ ਹੈ। ਪੁਲਸੀਏ ਆਮ ਆਦਮੀ ਪਾਰਟੀ ਸਬੰਧਿਤ ਆਕਾਵਾਂ ਦੇ ਅਮਾਨਵੀ ਹੁੱਕਮਾਂ ਤੇ ਔਰਤਾਂ ਦੀਆਂ ਗੁੱਤਾਂ ਖੋਂਹਦੇ, ਚੁੰਨੀਆਂ ਰੋਲਦੇ, ਧੂਹ-ਘਸੀਟ, ਕੁੱਟ-ਮਾਰ ਕਰਦੇ ਹਨ। ਆਦਮੀਆਂ ਦੀਆਂ ਤਾਂ ਲੱਤਾਂ-ਬਾਹਾਂ ਤੋੜਨੋਂ ਗੁਰੇਜ਼ ਨਹੀਂ ਕਰਦੇ। ਹੱਦ ਤਾਂ ਉਦੋਂ ਹੋਈ ਜਦੋਂ ਰੈਵੀਨਿਯੂ ਅਫਸਰ, ਪੀ.ਸੀ.ਐਸ ਹੜਤਾਲ ’ਤੇ ਚਲੇ ਗਏ, ਆਈ.ਏ.ਐਸ. ਅਫਸਰਸ਼ਾਹ ਨੇ ਵੀ ਧਮਕੀ ਦੇ ਦਿਤੀ। ਅਖੇ ਰਿਸ਼ਵਤ ਤੋਂ ਕਿਉਂ ਰੋਕਦੇ ਹੋ?
ਅਮਨ-ਕਾਨੂੰਨ ਠੁੱਸਾ :
ਰਾਜ ਵਿਚ ਸ਼ੁਰੂ ਤੋਂ ਹੀ ਗੈਂਗਸਟਰਵਾਦ, ਲੁੱਟਾਂ ਖੋਹਾਂ, ਨਸ਼ੀਲੇ ਪਦਾਰਥਾਂ ਦੀ ਤਸਕਰੀ, ਗੈਰ-ਕਾਨੂੰਨੀ ਮਾਈਨਿੰਗ, ਲੈਂਡ ਮਾਫੀਆ ਜਾਰੀ ਹਨ। ਦੇਹ-ਵਪਾਰ ਵੱਡੇ-ਵੱਡੇ ਸ਼ਹਿਰਾਂ ’ਚ ਹੀ ਨਹੀਂ ਪਿੰਡਾਂ ਤੱਕ ਪਸਰ ਚੁੱਕਾ ਹੈ। ਹਰ ਪਾਰਟੀ ਨਾਲ ਸਬੰਧਿਤ ਰਾਜਨੀਤੀਵਾਨ, ਤਸਕਰ, ਗੈਂਗਸਟਰਵਾਦ ਗੁਰਗੇ, ਪੁਲਸ ਅਤੇ ਪ੍ਰਸਾਸ਼ਨ ਦੀ ਮਿਲੀਭੁਗਤ ਨਾਲ ਇਹ ਸ਼ਰਮਨਾਕ ਅਪਰਾਧ ਜਾਰੀ ਹਨ। ਰਾਜਜੀਤ ਸਿੰਘ ਵਰਗੇ ਅਫਸਰ ਪੁਲਸ ਪ੍ਰਸਾਸ਼ਨ ਦੀ ਮਿਲੀਭੁਗਤ ਨਾਲ ਖੁੱਲ੍ਹੇ ਫਿਰ ਰਹੇ ਹਨ ਜਦਕਿ ਰਾਜਨੀਤਕ ਵਿਰੋਧੀਆਂ ਨੂੰ ਪਹਿਲੇ ਨਿਜ਼ਾਮਾਂ ਵਾਂਗ ਝੂਠੇ ਕੇਸਾਂ ਵਿਚ ਫਸਾਇਆ ਜਾ ਰਿਹਾ ਹੈ। ਸਾਬਕਾ ਜਥੇਦਾਰ ਸ਼੍ਰੀ ਅਕਾਲ ਤਖਤ ਭਾਈ ਗੁਰਦੇਵ ਸਿੰਘ ਕਾਉਂਕੇ ਨੂੰ ਪੰਜਾਬ ਪੁਲਸ ਵਲੋਂ ਟੁਕੜੇ-ਟੁਕੜੇ ਕਰਕੇ ਦਰਿਆ ਬੁਰਦ ਕਰਨ, ਭਾਈ ਬਲਵੰਤ ਸਿੰਘ ਰਾਜੋਆਣਾ ਸਮੇਤ ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ ਰਾਜ ਦੀ ਅਮਨ-ਕਾਨੂੰਨ ਦੀ ਸਥਿਤੀ ਲਈ ਚੁਣੌਤੀ ਵਜੋਂ ਉੱਭਰ ਰਹੇ ਹਨ।
ਝੂਠੀਆਂ ਸਰਜਰੀਆਂ :
ਮੁਹੱਲਾ ਕਲੀਨਿਕ ਮਾਡਲ ਪੰਜਾਬ ਵਿਚ ਫੇਲ੍ਹ ਹੋ ਚੁੱਕਾ ਹੈ। ਇਨ੍ਹਾਂ ਵਿਚ ਜਾਅਲਸ਼ਾਜ਼ੀ ਬੇਨਕਾਬ ਹੋਈ ਹੈ। ਸਰਕਾਰੀ ਹਸਪਤਾਲ ਖ਼ੁਦ ਬੀਮਾਰ ਹਨ। ਨਿੱਜੀ ਹਸਪਤਾਲ ਬੁੱਚੜਖਾਨਿਆਂ ਵਿਚ ਤਬਦੀਲ ਹੋ ਚੁੱਕੇ ਹਨ। ਜਾਅਲੀ ਬੀਮਾਰੀਆਂ, ਸਰਜਰੀਆਂ, ਆਈ.ਸੀ.ਯੂ. ਸਕੈਂਡਲ, ਜਾਅਲੀ ਦਵਾਈਆਂ ਪੰਜਾਬ ਸਿਹੁੰ ਨੂੰ ਅਪੰਗ ਬਣਾ ਰਹੀਆਂ ਹਨ। ਅੱਖਾਂ ਦੇ ਲੈੱਨਜ਼ ਬਦਲਣ ਦਾ ਧੰਦਾ ਜ਼ੋਰਾਂ ’ਤੇ ਹੈ। ਛੋਟੇ ਬੱਚੇ ਚੋਰੀ ਕਰਕੇ ਵੇਚਣ ਦਾ ਵਪਾਰ ਵੇਖਿਆ ਜਾ ਰਿਹਾ ਹੈ। ਸੋਸ਼ਲ ਮੀਡੀਆ ’ਤੇ ਜਣਾ-ਖਣਾ ਲੁਕਮਾਨ ਬਣੀ ਫਿਰਦਾ ਹੈ। ਮਿਲਾਵਟੀ ਖਾਣ-ਪੀਣ ਦੀਆਂ ਵਸਤਾਂ, ਯੂ.ਪੀ.-ਬਿਹਾਰ ਤੋਂ ਆਏ ਅਪਰਾਧੀ ਘਟੀਆ ਖੰਡ ਪਾ ਕੇ ਗੁੱੜ ਦਾ ਧੰਦਾ ਕਰਕੇ ਪੰਜਾਬ ਲੁੱਟ ਅਤੇ ਬਰਬਾਦ ਕਰ ਰਹੇ ਹਨ, ਬੀਕਾਨੇਰੀ ਜਾਅਲੀ ਮਿਠਿਆਈਆਂ ਆਮ ਆਦਮੀ ਦੀ ਜਾਨ ਦਾ ਖੌਅ ਬਣੀਆਂ ਪਈਆਂ ਹਨ। ਪੰਜਾਬ ਸਿਹੁੰ ਨਾਮਾਲੂਮ ਨਾਮੁਰਾਦ ਬੀਮਾਰੀਆਂ ਨਾਲ ਬੇਹਾਲ ਹੈ।
ਬੁਰੇ ਹਾਲ ਸਿੱਖਿਆ :
ਪੰਜਾਬ ਦੇ ਪ੍ਰਬੁੱਧ ਅਤੇ ਜ਼ਹੀਨ ਸਿਖਿਆ ਸਾਸ਼ਤਰੀਆਂ ਜਿਵੇਂ ਸਾਬਕਾ ਵਾਇਸ ਚਾਂਸਲਰ ਡਾ. ਕ੍ਰਿਪਾਲ ਸਿੰਘ ਔਲਖ, ਡਾ. ਐੱਸ.ਪੀ.ਸਿੰਘ, ਸਾਬਕਾ ਨਾਮਵਰ ਮੁੱਖ ਸਕੱਤਰ ਸ. ਰਮੇਸ਼ਇੰਦਰ ਸਿੰਘ, ਸ਼੍ਰੀ ਸਰਵੇਸ਼ ਕੌਸ਼ਲ, ਡਾ. ਕਰਮਜੀਤ ਸਿੰਘ ਆਦਿ ਦਾ ਮੱਤ ਹੈ ਕਿ ਮੌਜੂਦਾ ਸਿੱਖਿਆ ਮਾਡਲ ਪੰਜਾਬ ਸਿਹੁੰ ਲਈ ਅਤਿ ਘਾਤਿਕ ਸਿੱਧ ਹੋ ਰਿਹਾ ਹੈ ਜੋ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੈ। ਪੁਰਾਣਾ ਸਿਖਿਆ ਮਾਡਲ ਕਾਮਨ ਸਰਕਾਰੀ ਅਤੇ ਨਿੱਜੀ ਸਕੂਲਾਂ ’ਤੇ ਆਧਾਰਿਤ ਸੀ। ਉਸ ਮਾਡਲ ਵਿਚ ਗਰੀਬ ਚੌਂਕੀਦਾਰ, ਦਿਹਾੜੀਦਾਰ, ਕਿਸਾਨ ਦਾ ਪੁੱਤ-ਧੀ ਅਤੇ ਉੱਚ ਅਫਸਰਸਾਹਾਂ, ਰਾਜਨੀਤੀਵਾਨਾਂ, ਧਨਾਢਾਂ ਦੇ ਪੁੱਤ-ਧੀ ਇੱਕੋ ਸਕੂਲ ਇੱਕੋ ਕਲਾਸ ਅਤੇ ਇੱਕੋ ਡੈਸਕ ਤੇ ਬੈਠ ਕੇ ਪੜ੍ਹਦੇ ਸਨ। ਹੈਰਾਨਗੀ ਅਤੇ ਹਾਸਿਆਂ ਦੇ ਫੁਹਾਰੇ ਐਂਤਕੀ ਉਦੋਂ ਫੁੱਟੇ ਜਦੋਂ ਸ. ਰਮੇਸ਼ਇੰਦਰ ਸਿੰਘ ਜੀ ਨਾਲ ਮੁਲਾਕਾਤ ਵੇਲੇ ਇਹ ਇਨਸਾਫ ਸਾਹਮਣੇ ਆਇਆ ਕਿ ਲੇਖਕ ਅਤੇ ਉਹ ਸੰਨ 1962-63 ਵਿਚ ਗੌਰਮਿੰਟ ਸੈਕੰਡਰੀ ਸਕੂਲ (ਲੜਕੇ) ਗੁਰਦਾਸਪੁਰ ਵਿਖੇ ਪੜ੍ਹਦੇ ਸਾਂ। ਉਦੋਂ ਉਹ ਆਪਣੇ ਮਾਮਾ ਜੀ ਸੈਸ਼ਨ ਜੱਜ ਗੁਰਦਾਸਪੁਰ ਕੋਲ ਰਹਿੰਦੇ ਹੁੰਦੇ ਸਨ। ਕੁਝ ਸਾਂਝੇ ਮਿੱਤਰਾਂ ਸਹਿਪਾਠੀਆਂ ਦੇ ਨਾਂਅ ਵੀ ਸਾਂਝੇ ਕੀਤੇ। ਅਗੜ-ਪਿੱਛੜ ਕਲਾਸ ਕਰਕੇ ਉਦੋਂ ਆਪਸੀ ਮੁਲਾਕਾਤ ਵਾਂਝੇ ਰਹੇ। ਅੱਜ ਐਸੀ ਸਕੂÇਲੰਗ ਅਤੇ ਉੱਚ ਸਿੱਖਿਆ ਪੰਜਾਬ ਸਿਹੁੰ ਵਿਚੋਂ ਗਾਇਬ ਹੈ।
ਅਤਿ ਗੰਦਗੀ :
ਅਜੋਕਾ ਪੰਜਾਬ ਸਿਹੁੰ ਗੰਦੇ ਗਟਰਾਂ ਅਤੇ ਬਦਬੂ ਮਾਰਦੇ ਕੂੜਾ ਢੇਰਾਂ ’ਤੇ ਖੜਾ ਹੈ। ਜਲੰਧਰ ਸ਼ਹਿਰ ਦੇ ਮਾਡਲ ਟਾਊਨ ਦੀ ਸਮਸ਼ਾਨ ਘਾਟ ਦੀ ਕੰਧ ਨਾਲ ਕੂੜੇ ਦੇ ਬਦਬੂ ਮਾਰਦੇ ਢੇਰ ਮੁੱਖ ਮੰਤਰੀ ਜੀ ਦਾ ਮੂੰਹ ਚਿੜਾਉਂਦੇ ਹਨ। ਉਸ ਢੇਰ ’ਤੇ ਸ਼ਹਿਰ ਦੇ ਕਮਿਸ਼ਨਰ ਅਤੇ ਮੇਅਰ ਦੇ ਮੰਜੇ 24 ਘੰਟੇ ਵਿਛਾਏ ਜਾਣੇ ਚਾਹੀਦੇ ਹਨ। ਤਖਤ ਦਮਦਮਾ ਸਾਹਿਬ ਤਲਵੰਡੀ ਸਾਬੋ ਨੂੰ ਜੋੜਨ ਵਾਲੀਆਂ ਟੁੱਟੀਆਂ, ਸੜਕਾਂ, ਗੰਦਗੀ ਭਰੀਆਂ ਪਾਰਕਾਂ ਸਕਾਨਿਕ ਵਿਧਾਇਕਾਂ, ਤਖ਼ਤ ਸਾਹਿਬ ਪ੍ਰਬੰਧਕਾਂ ਅਤੇ ਸ਼੍ਰੋਮਣੀ ਕਮੇਟੀ ਲਈ ਡੁੱਬ ਮਰਨ ਵਾਲੀ ਗੱਲ ਹੈ। ਕਿੱਥੇ ਹੈ ਪੰਜਾਬ ਜੀਂਦਾ ਗੁਰਾਂ ਦੇ ਨਾਂਅ ’ਤੇ? ਕਾਸ਼! ਪੰਜਾਬ ਦੇ ਉੱਘੇ ਤੀਰਥ ਸਥਾਨਾਂ ਨੂੰ ਜਾਣ ਵਾਲੀਆਂ ਹਰ ਦਿਸ਼ਾ ਵਲੋਂ ਸੜਕਾਂ 10-10 ਕਿਲੋਮੀਟਰ ਤੱਕ ਅਤਿ ਉੱਤਮ ਹੋਣ।
ਗੰਦਗੀ ਕਰਕੇ ਡੇਂਗੂ, ਚਿਕਨ ਗੁਨੀਆਂ, ਹੋਰ ਨਾ ਮੁਰਾਦ ਬੀਮਾਰੀਆਂ ਦੀ ਲਪੇਟ ’ਚ ਹੈ ਪੰਜਾਬ ਸਿਹੁੰ।
ਅਵਾਰਾ ਕੁੱਤੇ :
ਅਜੋਕਾ ਪੰਜਾਬ ਸਿਹੁੰ ਅਵਾਰਾ ਕੁੱਤਿਆਂ ਦਾ ਗੜ੍ਹ ਬਣ ਚੁੱਕਾ ਹੈ। ਬੱਚੇ ਅਤੇ ਬਿਰਧ ਇਹ ਆਏ ਦਿਨ ਨੋਚ ਰਹੇ ਹਨ, ਰਾਹਗੀਰ ਕੱਟੇ ਜਾ ਰਹੇ ਹਨ।
ਛੋਟੇ ਰੋਜ਼ਗਾਰ :
ਕਾਰ ਵਾਸ਼ਿੰਗ, ਘਰੇਲੂ ਸਫਾਈ, ਮਾਲੀ, ਚੌਂਕੀਦਾਰਾ ਆਦਿ ਸਨਅਤਾਂ ਪੰਜਾਬ ਸਿਹੁੰ ਸ਼ਹਿਰਾਂ ਵਿਚ ਰੋਜ਼ਗਾਰ ਦਾ ਸਾਧਨ ਵਜੋਂ ਸਥਾਪਿਤ ਹੋ ਰਹੀਆਂ ਹਨ। ਲੇਕਿਨ ਚੌਕਸੀ ਰਹਿਤ ਇਹ ਸਨਅਤਾਂ ਚੋਰੀ, ਕਤਲਾਂ, ਲੁੱਟਾਂ-ਖੋਹ, ਬਲਾਤਕਾਰਾਂ ਆਦਿ ਅਪਰਾਧਾਂ ਦਾ ਸ੍ਰੋਤ ਬਣੀਆਂ ਪਈਆਂ ਹਨ।
ਫਸਲੀ ਬਟੇਰੇ :
ਨਵਜੋਤ ਸਿੱਧੂ, ਬਿਕਰਮ ਮਜੀਠੀਆ, ਮਨਜਿੰਦਰ ਸਿਰਸਾ, ਕੁਝ ਗਾਇਕ ਅਤੇ ਸਾਬਕਾ ਗੈਂਗਸਟਰ ਅੱਗੇ ਫਸਲੀ ਬਟੇਰਬਾਜ਼ ਰਾਜਨੀਤੀਵਾਨ ਵਿਧਾਨ ਸਭਾ ਜਾਂ ਲੋਕ ਸਭਾ ਚੋਣਾਂ ਤੋਂ ਐਨ ਪਹਿਲਾਂ ਖੌਰੂ ਪਾ ਕੇ ਰਾਜਨੀਤਕ ਮਾਹੌਲ ਗੰਧਲਾ ਕਰਨੋਂ ਬਾਜ਼ ਨਹੀਂ ਆਉਂਦੇ। ਇੰਨਾ ਪੰਜਾਬ ਸਿਹੁੰ ਨੂੰ ਸੁਚੇਤ ਰਹਿਣ ਦੀ ਲੋੜ ਹੈ।
ਢੌਂਗੀ ਸਾਧ :
ਮਹਾਤਮਾ ਗਾਂਧੀ ਦਾ ਕਥਨ ਹੈ ਕਿ ਜੋ ਵਿਅਕਤੀ ਕੰਮ ਨਹੀਂ ਕਰਨਾ ਚਾਹੁੰਦਾ ਸਾਧ ਬਣ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ, ਕੁਰਾਨ, ਗੀਤਾ, ਬਾਈਬਲ ਪਵਿੱਤਰ ਗ੍ਰੰਥਾਂ ਦੀਆਂ ਸਿਖਿਆਵਾਂ ਤੋਂ ਮੂੰਹ ਮੋੜ ਕੇ ਪੰਜਾਬ ਦੇ 13500 ਪਿੰਡਾਂ ਵਿਚ 50000 ਤੋਂ ਵੱਧ ਛੋਟੇ-ਵੱਡੇ ਸਾਧਾਂ ਦੇ ਡੇਰੇ ਹਨ। ਸਿਰਸਾ ਬਲਾਤਕਾਰੀ ਅਤੇ ਕਾਤਲ ਵਰਗੇ ਸਾਧਾਂ ਪਿੱਛੇ ਮੂਰਖ ਪੰਜਾਬੀ ਅਤੇ ਅਪਰਾਧੀ ਰਾਜਨੀਤੀਵਾਨ ਫਿਰਨੋਂ ਨਹੀਂ ਹਟਦੇ। ਪੰਜਾਬ ਸਿਹੁੰ ਦੀ ਇਹ ਵੱਡ ਤ੍ਰਾਸਦੀ ਹੈ।
ਗੋਦੀ ਮੀਡੀਆ :
ਸਰਕਾਰਾਂ, ਅਪਰਾਧੀਆਂ, ਭ੍ਰਿਸ਼ਟਾਚਾਰਾਂ ਦਾ ਪਿੱਠੂ ਪੰਜਾਬ ਸਿਹੁੰ ਸਬੰਧਿਤ ਮੀਡੀਆ ਸਾਹਸਤਹੀਨ ਹੋਇਆ ਬੈਠਾ ਹੈ। ਸੱਚ ਲਿਖਣੋਂ ਅਤੇ ਬੋਲਣੋ ਕਿਨਾਰਾ ਕਰ ਚੁੱਕਾ ਹੈ। ਸੱਚ ਦਾ ਸੀਸ਼ਾ ਦਿਖਾਉਂਦੀਆਂ ਕਲਮਾਂ ਨੂੰ ਪਬਲਿਸ਼ ਕਰਨੋਂ ਕਤਰਾਉਂਦਾ ਹੈ। ਦੇਸ਼-ਵਿਦੇਸ਼ ਵਿਚ ਪਾਠਕ ਇਸ ਤੋਂ ਕਿਨਾਰਾ ਕਰਨ ਲਗ ਪਏ ਹਨ। ਇਸ਼ਤਿਹਾਰਬਾਜ਼ੀ ਦੇ ਨਕਾਬ ਹੋੇਠ ਰਿਸ਼ਵਤ ਨੇ ਇਸ ਦੀ ਭਰੋਸੇਯੋਗਤਾ ਖਤਮ ਕਰ ਰਹੀ ਹੈ। ਇਸਦਾ ਹਾਲ ਇਹ ਹੋਣਾ ਤਹਿ ਹੈ ਜੇ ਨਾ ਸੰਭਾਲਿਆ, ‘‘ਸਭ ਕੁਛ ਲੁਟਾ ਕੇ ਹੋਸ਼ ਮੇਂ ਆਏ ਤੋਂ ਕਿਆ ਕੀਆ’’।
ਕਰਜ਼ਾ :
ਪੰਜਾਬ ਸਿਹੁੰ ਸਬੰਧਿਤ ਰਾਜਪਾਲ ਸ਼੍ਰੀ ਬਨਵਾਰੀ ਲਾਲ ਪ੍ਰੋਹਿਤ ਅਤੇ ਭਗਵੰਤ ਮਾਨ ਸਰਕਾਰ ਦਰਮਿਆਨ ਕੇਂਦਰੀ ਆਕਾਵਾਂ ਦੀ ਸ਼ਹਿ ਤੇ ਟਕਰਾਅ ਨੇ ਸਪੱਸ਼ਟ ਕਰ ਦਿਤਾ ਹੈ ਕਿ ਚਾਲੂ ਮਾਲੀ ਸਾਲ ਦੇ ਅੰਤ ਤੱਕ ਪੰਜਾਬ ਸਿਰ ਕਰੀਬ 3.47 ਲੱਖ ਕਰੋੜ ਕਰਜ਼ਾ ਚੜ੍ਹ ਜਾਏਗਾ। ਦੋ ਸਾਲਾਂ ਵਿਚ ਮਾਨ ਸਰਕਾਰ ਵੱਲੋਂ 65000 ਕਰੋੜ ਇਸ ਵਿਚ ਜੋੜਿਆ ਗਿਆ ਹੋਵੇਗਾ। ਅਖੇ ਪੰਜਾਬ ਸਿਹੁੰ ਦਾ ਖਜ਼ਾਨਾ ਭਰਿਆ ਪਿਆ ਹੈ? ਇਬਤਦਾਏ ਇਸ਼ਕ ਹੈ ਰੋਤਾ ਹੈ ਕਿਆ, ਆਗੇ ਆਗੇ ਦੇਖੀਏ ਹੋਤਾ ਹੈ ਕਿਆ।
ਖੈਰ! ਧਾਰਮਿਕ, ਸਮਾਜਿਕ, ਆਰਥਿਕ, ਪ੍ਰਵਾਸ, ਰਾਜਨੀਤਕ ਸਮੱਸਿਆਵਾਂ ਦੀ ਐਨੀ ਲੰਬੀ ਸੂਚੀ ਹੈ ਜੋ ਇਨ੍ਹਾਂ ਕਾਲਮਾਂ ਵਿਚ ਬਿਆਨ ਨਹੀਂ ਕੀਤੀ ਜਾ ਸਕਦੀ। ਭਗਵੰਤ ਮਾਨ ਅਤੇ ਉਨ੍ਹਾਂ ਦੀ ਪਾਰਟੀ ਨੂੰ ਰੋਂਦੇ, ਵਿਲਕਦੇ ਅਤੇ ਤੜਪਦੇ ਪੰਜਾਬ ਸਿਹੁੰ ਨੇ ਬੜੀ ਦਲੇਰੀ ਨਾਲ ਮੁੜ੍ਹ ਰੰਗਲੇ ਖੁਸ਼ਹਾਲ ਪੰਜਾਬ ਦੀ ਸਿਰਜਣਾ ਲਈ ਵਿਸ਼ਾਲ ਇਤਿਹਾਸਕ ਫਤਵਾ ਦਿਤਾ ਸੀ। ਜੇਕਰ ਉਹ ਉਸਦੀਆਂ ਆਸਾਂ ਉਮੀਦਾਂ ’ਤੇ ਪੂਰਾ ਨਾ ਉੱਤਰੇ ਤਾਂ ਉਹ ਉਨ੍ਹਾਂ ਨੂੰ ਨਿਸ਼ਚਿਤ ਤੌਰ ’ਤੇ ਸੱਤਾ ਤੋਂ ਵਗਾਹ ਬਾਹਰ ਮਾਰੇਗਾ। ਫਿਰ ਉਨ੍ਹਾਂ ਦਾ ਹਾਲ ਇਹ ਹੁੰਦਾ ਦਿਸੇਗਾ :
ਜਿਨ ਸਫੀਨੋਂ ਨੇ ਕਭੀ ਤੋੜਾ ਥਾ ਮੌਜੋਂ ਕਾ ਗਰੂਰ
ਡੂਬੀ ਵਹੀਂ ਯਹਾਂ ਦਰਿਆ ਮੇਂ ਤੁਗਿਆਨੀ ਨਾ ਥੀ।
ਸਾਬਕਾ ਰਾਜ ਸੂਚਨਾ ਕਮਿਸ਼ਨਰ, ਪੰਜਾਬ
ਕਿੰਗਸਟਨ-ਕੈਨੇਡਾ
+12898292929

ਇਹ ਵੀ ਪੜ੍ਹੋ : ਗੈਂਗਸਟਰ ਤੇ ਅੱਤਵਾਦੀ ਗੋਲਡੀ ਬਰਾੜ ਨੇ ਕੀਤੇ ਕਈ ਖੁਲਾਸੇ, ਪੜ੍ਹੋ

ਇਹ ਵੀ ਪੜ੍ਹੋ : ਤਰਨ ਤਾਰਨ : ਸੁਖਪ੍ਰੀਤ ਕਤਲ ਮਾਮਲੇ ‘ਚ ਵੱਡਾ ਖੁਲਾਸਾ

Next Story
ਤਾਜ਼ਾ ਖਬਰਾਂ
Share it