ਭਾਰਤ ਦੇ ਅਮੀਰ ਲੋਕ ਵੀ ਕਰ ਰਹੇ ਹਨ ਪਰਵਾਸ, ਰਿਪੋਰਟ ਵਿੱਚ ਵੱਡੇ ਖੁਲਾਸੇ
ਸਾਲ 2024 ਦੌਰਾਨ 4300 ਅਮੀਰ ਲੋਕ ਭਾਰਤ ਛੱਡ ਕੇ ਹੋਰਨਾਂ ਦੇਸ਼ਾਂ ਵਿਚ ਵੱਸ ਜਾਣਗੇ। ਹਰੇਕ ਸਾਲ ਇਹ ਗਿਣਤੀ ਵੱਧਦੀ ਘੱਟਦੀ ਰਹਿੰਦੀ ਹੈ। ਸਾਲ 2019 ਵਿਚ 7000 ਕਰੋੜ ਪਤੀਆਂ ਨੇ ਭਾਰਤ ਛੱਡਿਆ ਸੀ।
By : Dr. Pardeep singh
ਤਾਜ਼ਾ ਖ਼ਬਰ ਹੈ ਕਿ ਸਾਲ 2024 ਦੌਰਾਨ 4300 ਅਮੀਰ ਲੋਕ ਭਾਰਤ ਛੱਡ ਕੇ ਹੋਰਨਾਂ ਦੇਸ਼ਾਂ ਵਿਚ ਵੱਸ ਜਾਣਗੇ। ਹਰੇਕ ਸਾਲ ਇਹ ਗਿਣਤੀ ਵੱਧਦੀ ਘੱਟਦੀ ਰਹਿੰਦੀ ਹੈ। ਸਾਲ 2019 ਵਿਚ 7000 ਕਰੋੜ ਪਤੀਆਂ ਨੇ ਭਾਰਤ ਛੱਡਿਆ ਸੀ।ਅੰਕੜੇ ਪੜ੍ਹਦੇ ਹੋਏ ਮੈਨੂੰ ਹੈਰਾਨੀ ਹੋਈ ਕਿ ਜਿਹੜੇ ਮੁਲਕਾਂ ਵਿਚ ਇਹ ਅਮੀਰ ਭਾਰਤੀ ਜਾ ਰਹੇ ਹਨ ਉਥੋਂ ਦੇ ਅਮੀਰ ਲੋਕ ਅੱਗੇ ਹੋਰਨਾਂ ਮੁਲਕਾਂ ਵੱਲ ਜਾ ਰਹੇ ਹਨ। ਸਾਲ 2024 ਵਿਚ 9500 ਇੰਗਲੈਂਡ ਵਾਸੀ, 15200 ਚੀਨੀ, 1200 ਕੋਰੀਆਈ, 1000 ਰੂਸੀ ਆਪਣੇ ਦੇਸ਼ ਛੱਡ ਜਾਣਗੇ।
ਜਲੰਧਰ ਜਿਸ ਇਲਾਕੇ ਵਿਚ ਮੈਂ ਰਹਿੰਦਾ ਹਾਂ ਉਸਦੇ ਰਸਤੇ ਵਿਚ ਲੰਮੇ ਸਮੇਂ ਤੋਂ ਇਕ ਸਰਮਾਏਦਾਰ ਪਰਿਵਾਰ ਰਹਿੰਦਾ ਸੀ। ਸ਼ਹਿਰ ਕੰਢੇ ਜੱਦੀ ਪੁਸ਼ਤੀ ਕਈ ਕਿੱਲੇ ਜ਼ਮੀਨ ਸੀ ਜਿਹੜੀ ਹੁਣ ਸ਼ਾਹਿਰ ਵਿਚ ਆ ਚੁੱਕੀ ਹੈ ਅਤੇ ਉਸਦੇ ਇਰਦ ਗਿਰਦ ਪੌਸ਼ ਏਰੀਆ ਹੈ। ਸ਼ਹਿਰ ਵਿਚ ਵੱਡੇ ਵੱਡੇ ਕਾਰੋਬਾਰ ਸਨ। ਇਕ ਦਿਨ ਪਤਾ ਲੱਗਾ ਕਿ ਉਹ ਸਾਰਾ ਕੁਝ ਵੇਚ ਵੱਟ ਕੇ ਕੈਨੇਡਾ ਚਲੇ ਗਏ ਹਨ। ਮੈਂ ਅਕਸਰ ਸੋਚਦਾ ਹਾਂ ਕਿ ਜੇ ਅਜਿਹੇ ਲੋਕ ਵੀ ਸਾਰਾ ਕੁਝ ਛੱਡ ਛੁਡਾ ਕੇ ਵਿਦੇਸ਼ ਜਾ ਕੇ ਵੱਸਣ ਨੂੰ ਤਰਜੀਹ ਦੇ ਰਹੇ ਹਨ ਤਾਂ ਕੋਈ ਗੱਲ ਤਾਂ ਜ਼ਰੂਰ ਹੋਵੇਗੀ।
ਮੈਂ ਅਕਸਰ ਪਰਵਾਸ ਦੇ ਪਲੱਸ ਮਾਈਨਸ ਸੋਚਣ ਬੈਠ ਜਾਂਦਾ ਹਾਂ ਪਰ ਕਿਸੇ ਨਤੀਜੇ ʼਤੇ ਨਹੀਂ ਪੁੱਜਾ। ਬਹੁਤ ਸਾਰਿਆਂ ਨੇ ਵਿਦੇਸ਼ਾਂ ਵਿਚ ਢੇਰ ਤਰੱਕੀਆਂ ਕੀਤੀਆਂ ਹਨ। ਕੁਝ ਇਸਨੂੰ ਮਿੱਠੀ ਜੇਲ੍ਹ ਆਖਦੇ ਹਨ। ਮੈਂ ਮੰਨਦਾ ਹਾਂ ਜੇ ਕੁਝ ਪ੍ਰਾਪਤ ਕਰਨਾ ਹੈ ਤਾਂ ਕੁਝ ਗਵਾਉਣਾ ਵੀ ਪੈਣਾ ਹੈ।
ਪੰਜਾਬ ਤੋਂ ਪਰਵਾਸ ਅਤੇ ਪੰਜਾਬ ਵੱਲ ਪਰਵਾਸ ਲਗਾਤਾ ਜਾਰੀ ਹੈ। ਸੋਸ਼ਲ ਮੀਡੀਆ ਅਤੇ ਆਲੇ ਦੁਆਲੇ ਚੋਂ ਅਜਿਹੀਆਂ ਖ਼ਬਰਾਂ ਵੀ ਪੜ੍ਹਨ ਸੁਣਨ ਨੂੰ ਮਿਲਦੀਆਂ ਹਨ ਕਿ ਲੰਮੇ ਸਮੇਂ ਤੋਂ ਵਿਦੇਸ਼ ਰਹਿੰਦੇ ਕੁਝ ਪਰਿਵਾਰ ਵਾਪਿਸ ਪੰਜਾਬ ਆ ਵੱਸੇ ਹਨ। ਇਸਦੇ ਕੁਝ ਨਿੱਜੀ ਕਾਰਨ ਹੁੰਦੇ ਹਨ ਅਤੇ ਕੁਝ ਸਾਂਝੇ। ਕਿਸੇ ਦਾ ਦਿਲ ਨਹੀਂ ਲਗਦਾ, ਕਿਸੇ ਨੂੰ ਆਪਣੀ ਧਰਤੀ, ਆਪਣੇ ਲੋਕਾਂ, ਆਪਣੇ ਘਰ-ਪਰਿਵਾਰ ਦਾ ਹੇਰਵਾ ਸਤਾਉਂਦਾ ਹੈ। ਕਿਸੇ ਦਾ ਮਨ ਅਜਨਬੀ ਮਾਹੌਲ, ਅਜਨਬੀ ਲੋਕਾਂ ਵਿਚ ਨਹੀਂ ਭਿੱਜਦਾ। ਕਿਸੇ ਨੂੰ ਚੱਜ ਦੀ ਨੌਕਰੀ ਨਹੀਂ ਮਿਲਦੀ, ਕਿਸੇ ਦਾ ਕੰਮਕਾਰ ਨਹੀਂ ਚੱਲਦਾ।
ਤਬਦੀਲੀ ਕੁਦਰਤ ਦਾ, ਜੀਵਨ ਦਾ ਨਿਯਮ ਹੈ। ਕੁਝ ਵੀ ਸਥਿਰ ਨਹੀਂ ਹੈ। ਹਰ ਪਲ ਸੱਭ ਕੁਝ ਬਦਲ ਰਿਹਾ ਹੈ। ਮਨੁੱਖੀ ਮਨ ਕਦੇ ਸੰਤੁਸ਼ਟ ਨਹੀਂ ਹੁੰਦਾ। ਮਨੁੱਖ ਜਿੱਥੇ ਹੈ ਉਥੋਂ ਹੋਰ ਕਿਤੇ ਚਲਾ ਜਾਣਾ ਚਾਹੁੰਦਾ ਹੈ। ਕਾਰਨ ਜੂਦਾ ਜੁਦਾ ਹੋ ਸਕਦੇ ਹਨ।
ਸਮਰਾਜ ਚੌਹਾਨ ਦਾ ਇਕ ਛੋਟਾ ਜਿਹਾ ਆਰਟੀਕਲ ਪੜ੍ਹ ਰਿਹਾ ਸਾਂ। ਲਿਖਿਆ ਸੀ ਦੁਨੀਆਂ ਵਿਚ ਹਰ ਚੀਜ਼ ਪਰਿਵਰਤਨਸ਼ੀਲ ਹੈ। ਬਦਲਾਅ ਤੋਂ ਇਲਾਵਾ ਕੁਝ ਵੀ ਸਥਾਈ ਨਹੀਂ ਹੈ। ਨਿਰੰਤਰਤਾ ਬਦਲਾਅ ਨਾਲ ਜੁੜੀ ਹੋਈ ਹੈ। ਬਦਲਾਅ ਨਾਲ ਹੀ ਵਿਕਾਸ ਅਤੇ ਵਿਕਾਸ ਨਾਲ ਹੀ ਲੋਕਾਂ ਦਾ ਜੀਵਨ ਬਿਹਤਰ ਹੁੰਦਾ ਹੈ। ਅਸੀਂ ਇਕ ਨਿਰੰਤਰ ਬਦਲਦੀ ਹੋਈ ਦੁਨੀਆਂ ਵਿਚ ਰਹਿ ਰਹੇ ਹਾਂ। ਮਨੁੱਖਾ ਜੀਵਨ ਵੀ ਇਸੇ ਬਦਲਾਅ ਦਾ ਹਿੱਸਾ ਹੈ। ਮਨੁੱਖ ਕਦੇ ਰੁਕਦਾ ਨਹੀਂ ਹੈ। ਸਦੀਆਂ ਪਹਿਲਾਂ ਕਿਥੋਂ ਚੱਲਿਆ ਸੀ ਅੱਜ ਕਿੱਥੇ ਪੁੱਜ ਗਿਆ ਹੈ। ਸਮੇਂ ਅਤੇ ਹਾਲਾਤ ਅਨੁਸਾਰ ਸਾਨੂੰ ਬਦਲਣਾ ਚਾਹੀਦਾ ਹੈ। ਬਦਲਣਾ ਹੀ ਪੈਣਾ ਹੈ। ਨਦੀ ਦੇ ਵਹਾਅ ਵਾਂਗ। ਨਦੀ ਜਿਸ ਤਰ੍ਹਾਂ ਦੇ ਸਥਾਨ ਤੋਂ ਗੁਜਰਦੀ ਹੈ ਉਵੇਂ ਦਾ ਆਚਰਣ ਧਾਰਨ ਕਰ ਲੈਂਦੀ ਹੈ। ਪਹਾੜਾਂ ਚੋਂ ਲੰਘਦੀ ਹੈ ਤਾਂ ਸ਼ੂਕਦੀ ਹੋਈ, ਮੈਦਾਨਾਂ ਚੋਂ ਗੁਜਰਦੀ ਹੈ ਤਾਂ ਸ਼ਾਂਤ ਜਿਹੀ, ਸਮੁੰਦਰ ਵਿਚ ਜਾ ਮਿਲਦੀ ਹੈ ਤਾਂ ਉਹਦਾ ਰੂਪ ਹੋ ਜਾਂਦੀ ਹੈ। ਜੀਵਨ ਵੀ ਇਸੇ ਤਰ੍ਹਾਂ ਹੈ।
ਅਖ਼ਬਾਰਾਂ ਵਿਚ ਪਰਵਾਸ ਬਾਰੇ ਲਗਾਤਾਰ ਲੇਖ ਪ੍ਰਕਾਸ਼ਿਤ ਹੋ ਰਹੇ ਹਨ। ਟੈਲੀਵਿਜ਼ਨ ਚੈਨਲਾਂ ʼਤੇ ਚਰਚਾ ਹੋ ਰਹੀ ਹੈ। ਪਰਵਾਸੀ ਪੰਜਾਬੀਆਂ ਨਾਲ ਲੰਮੀਆਂ ਇੰਟਰਵਿਊ ਪ੍ਰਸਾਰਿਤ ਹੋ ਰਹੀਆਂ ਹਨ।
ਦਰਅਸਲ ਹਾਲਾਤ ਪਹਿਲਾਂ ਵਾਲੇ ਨਹੀਂ ਰਹੇ ਸਮਾਂ ਬਦਲ ਗਿਆ ਹੈ। ਮਹਿੰਗਾਈ ਬਹੁਤ ਵਧ ਗਈ ਹੈ। ਨੌਕਰੀ ਦੇ ਮੌਕੇ ਘੱਟ ਗਏ ਹਨ। ਮੈਰਿਟ ਵਾਲੇ, ਚੰਗੀਆਂ ਡਿਗਰੀਆਂ ਵਾਲੇ ਨੌਜਵਾਨਾਂ ਨੂੰ ਅੱਜ ਵੀ ਕੋਈ ਦਿੱਕਤ ਨਹੀਂ। ਮੁਸ਼ਕਲਾਂ ਪਹਿਲਾਂ ਵੀ ਸਨ, ਮੁਸ਼ਕਲਾਂ ਅੱਜ ਵੀ ਹਨ। ਸੋਸ਼ਲ ਮੀਡੀਆ ਕਾਰਨ ਅੱਜ ਗੱਲ ਝੱਟਪਟ ਸੱਭ ਤੱਕ ਪਹੁੰਚ ਜਾਂਦੀ ਹੈ। ਵੱਖ ਵੱਖ ਮੁਲਕਾਂ ਦੀਆਂ ਸਰਕਾਰਾਂ ਵੀ ਬਦਲ ਰਹੀ ਸਥਿਤੀ ਦੇ ਮੱਦੇ-ਨਜ਼ਰ ਸਖ਼ਤ ਰੁਖ਼ ਅਪਣਾ ਰਹੀਆਂ ਹਨ।
ਬੀਤੇ ਦਿਨੀਂ ਕੈਨੇਡਾ ਵਿਖੇ ʽਵਿਸ਼ਵ ਵਿਆਪੀ ਪਰਵਾਸ: ਕਾਰਨ ਅਤੇ ਚੁਣਤੀਆਂʼ ਵਿਸ਼ੇ ʼਤੇ ਚਰਚਾ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਸਪਸ਼ਟ ਕਿਹਾ ਗਿਆ ਕਿ ਪਹਿਲੀ ਪੀੜ੍ਹੀ ਖੁਦ ਵਿਦੇਸ਼ ਜਾਣ ਲਈ ਤਿਆਰ ਨਹੀਂ ਸੀ ਪਰ ਹੁਣ ਆਪਣੇ ਬੱਚਿਆਂ ਨੂੰ ਧੜਾ ਧੜ ਵਿਦੇਸ਼ ਭੇਜ ਰਹੀ ਹੈ। ਵਿਦੇਸ਼ਾਂ ਵਿਚ ਸਥਾਪਤ ਹੋਣ ਲਈ ਹਮੇਸ਼ਾ ਸਰੀਰਕ, ਮਾਨਸਿਕ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਨਵੇਂ ਮਾਹੌਲ, ਨਵੀਂ ਸਮਾਜਕ ਬਣਤਰ ਵਿਚ ਘੁਲਣ-ਮਿਲਣ ਲਈ ਲੰਮਾ ਸੰਘਰਸ਼ ਕਰਨਾ ਪੈਂਦ ਹੈ। ਸਮਾਂ ਪਾ ਕੇ ਵਧੇਰੇ ਲੋਕ ਸਹਿਜ ਜੀਵਨ ਵਿਚ ਪ੍ਰਵੇਸ਼ ਕਰ ਜਾਂਦੇ ਹਨ।ਮੋੜਵੇਂ ਪਰਵਾਸ ਦੀ ਗੱਲ ਚੱਲੀ ਤਾਂ ਮਾਹਿਰਾਂ ਅਤੇ ਵਿਦਵਾਨਾਂ ਦੀ ਰਾਏ ਸੀ ਕਿ ਇਹ ਕੋਈ ਕਲਪਨਾ ਹੀ ਕਹੀ ਜਾ ਸਕਦੀ ਹੈ। ਵਿਦੇਸ਼ਾਂ ਵਿਚ ਪੀ ਆਰ ਲੈਣ ਬਾਅਦ ਵਾਪਿਸ ਭਾਰਤ ਆਉਣ ਵਾਲਿਆਂ ਦਾ ਅੰਕੜਾ ਨਾਮਾਤਰ ਹੈ।