Begin typing your search above and press return to search.

ਸਦਨਾਂ ਵਿਚ ਆਪਣੀ ਭਾਸ਼ਾ ਦਾ ਖਿਆਲ ਰੱਖਣ ਸਿਆਸੀ ਆਗੂ

ਭਾਸ਼ਾ ਦਾ ਮਿਆਰ ਏਨਾ ਡਿਗ ਗਿਆ ਹੈ ਕਿ ਤੌਬਾ ਹੀ ਭਲੀ। ਕਦੇ ਵਕਤ ਸੀ ਕਿ ਲੋਕ ਸਭਾ, ਰਾਜ ਸਭਾ ਤੇ ਵਿਧਾਨ ਸਭਾਵਾਂ ਵਿਚ ਪੁੱਛੇ ਜਾਣ ਵਾਲੇ ਪ੍ਰਸ਼ਨਾਂ ਦੇ ਜਵਾਬ ਦੇਣ

ਸਦਨਾਂ ਵਿਚ ਆਪਣੀ ਭਾਸ਼ਾ ਦਾ ਖਿਆਲ ਰੱਖਣ ਸਿਆਸੀ ਆਗੂ
X

GillBy : Gill

  |  13 March 2026 8:39 AM IST

  • whatsapp
  • Telegram

ਹਰਜਿੰਦਰ ਸਿੰਘ ਲਾਲ

*ਹਰ ਏਕ ਬਾਤ ਪੇ ਕਹਤੇ ਹੋ ਤੁਮ ਕਿ ਤੂ ਕਯਾ ਹੈ,*

*ਤੁਮਹੀ ਕਹੋ ਕਿ ਯੇ ਅੰਦਾਜ਼-ਏ-ਗੁਫ਼ਤਗੂ ਕਯਾ ਹੈ।*

(ਅੰਦਾਜ਼-ਏ-ਗੁਫ਼ਤਗੂ=ਗੱਲਬਾਤ ਕਰਨ ਦਾ ਤਰੀਕਾ)

ਮਿਰਜ਼ਾ ਗਾਲਿਬ ਦਾ ਇਹ ਸ਼ਿਅਰ ਲਿਖਣ ਲਈ ਇਸ ਕਾਰਨ ਮਜਬੂਰ ਹਾਂ ਕਿ ਅੱਜਕਲ੍ਹ ਲੋਕ ਸਭਾ, ਰਾਜ ਸਭਾ ਤੇ ਵਿਧਾਨ ਸਭਾਵਾਂ ਦੇ ਸੈਸ਼ਨਾਂ ਵਿਚ ਹਰ ਲੋਕ ਨੁਮਾਇੰਦਾ ਅਜਿਹੀ ਹੀ ਭਾਸ਼ਾ ਬੋਲ ਰਿਹਾ ਹੈ, ਜਿਵੇਂ ਦੂਸਰੇ ਨੂੰ ਕਹਿ ਰਿਹਾ ਹੋਵੇ ਤੂੰ ਹੈ ਕੀ ਸ਼ੈਅ? ਸੱਚ ਤਾਂ ਇਹੀ ਹੈ ਕਿ ਹੁਣ ਲੋਕਤੰਤਰ ਦੇ ਇਨ੍ਹਾਂ ਮੰਦਰਾਂ ਵਿਚ, ਜਿਥੇ ਬੈਠ ਕੇ ਦੇਸ਼ ਅਤੇ ਰਾਜਾਂ ਨੂੰ ਦਰਪੇਸ਼ ਮਸਲਿਆਂ ਦੇ ਹੱਲ 'ਤੇ ਵਿਚਾਰ ਹੋਣਾ ਚਾਹੀਦਾ ਹੈ ਤੇ ਗ਼ਲਤੀਆਂ ਨੂੰ ਸੁਧਾਰਨ ਦੀ ਗੱਲ ਹੋਣੀ ਚਾਹੀਦੀ ਹੈ, ਉਥੇ ਹੁਣ ਸਿਰਫ਼ ਸਿਆਸਤ ਹੀ ਨਹੀਂ ਹੁੰਦੀ ਸਗੋਂ ਉਥੇ ਗਾਲੀ-ਗਲੋਚ ਅਤੇ ਉਹ ਮਸਲੇ ਉਠਾਏ ਜਾਂਦੇ ਹਨ ਜੋ ਅਸਲ ਵਿਚ ਮਸਲੇ ਹੀ ਨਹੀਂ ਹੁੰਦੇ। ਹਾਲਤ ਇਹ ਹੈ ਕਿ ਇਕ-ਦੂਜੇ ਨੂੰ ਵੇਖ ਲੈਣ ਤੇ ਨੀਵਾਂ ਦਿਖਾਉਣ ਲਈ ਕੋਈ ਕਿਸੇ ਵੀ ਪੱਧਰ ਤੱਕ ਜਾਣ ਲਈ ਤਿਆਰ ਹੁੰਦਾ ਹੈ।

ਭਾਸ਼ਾ ਦਾ ਮਿਆਰ ਏਨਾ ਡਿਗ ਗਿਆ ਹੈ ਕਿ ਤੌਬਾ ਹੀ ਭਲੀ। ਕਦੇ ਵਕਤ ਸੀ ਕਿ ਲੋਕ ਸਭਾ, ਰਾਜ ਸਭਾ ਤੇ ਵਿਧਾਨ ਸਭਾਵਾਂ ਵਿਚ ਪੁੱਛੇ ਜਾਣ ਵਾਲੇ ਪ੍ਰਸ਼ਨਾਂ ਦੇ ਜਵਾਬ ਦੇਣ ਲਈ ਮੰਤਰੀਆਂ ਨੂੰ ਏਨੀ ਮਿਹਨਤ ਕਰਨੀ ਪੈਂਦੀ ਸੀ ਕਿ ਉਨ੍ਹਾਂ ਨੂੰ ਪਸੀਨਾ ਆ ਜਾਂਦਾ ਸੀ। ਉਸ ਵੇਲੇ ਕੋਈ ਵਿਧਾਇਕ ਜਾਂ ਐਮ.ਪੀ. ਸਦਨ ਵਿਚ ਝੂਠ ਬੋਲਣ ਦੀ ਜੁਰਅਤ ਘੱਟ ਹੀ ਕਰਦਾ ਸੀ। ਜਵਾਬ ਦੇਣ ਵਾਲੇ ਮੰਤਰੀ ਅਤੇ ਪ੍ਰਧਾਨ ਮੰਤਰੀ ਦੇ ਜਵਾਬ ਦੇ ਝੂਠ ਹੋਣ ਦੀ ਤਾਂ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਸੀ। ਹਾਂ ਉਸ ਵੇਲੇ ਵੀ ਵੱਡੇ-ਵੱਡੇ ਉਦਯੋਗਿਕ ਘਰਾਣੇ ਆਪਣੇ ਮਤਲਬ ਦੇ ਸਵਾਲ ਉਠਾਉਣ ਲਈ ਸੰਸਦ ਮੈਂਬਰਾਂ ਤੇ ਵਿਧਾਇਕਾਂ ਨੂੰ ਪੈਸੇ ਦੇ ਕੇ ਸਵਾਲ ਉਠਵਾਉਂਦੇ ਸਨ। ਪਰ ਹੁਣ ਤਾਂ ਇਨ੍ਹਾਂ ਸਦਨਾਂ ਵਿਚ ਉਠਾਏ ਗਏ ਸਵਾਲਾਂ ਦੀ ਕੋਈ ਵੁਕਤ ਹੀ ਨਹੀਂ ਰਹੀ। ਕਈ ਵਾਰ ਤਾਂ ਸਵਾਲ ਰਾਜ ਦੀ ਨੀਤੀ ਨੂੰ ਬਦਲਣ ਤੱਕ ਲਈ ਮਜਬੂਰ ਕਰ ਦਿੰਦੇ ਸਨ। ਪਰ ਹੁਣ ਹਾਲਾਤ ਬਦਲ ਗਏ ਹਨ। ਹਰ ਹੁਕਮਰਾਨ ਪਾਰਟੀ ਦੇ ਨੇਤਾ ਬਹੁਮਤ ਦੇ ਜ਼ੋਰ ਨਾਲ ਆਪਣੇ-ਆਪ ਨੂੰ ਸ਼ਕਤੀਸ਼ਾਲੀ ਦਿਖਾਉਣ ਦੀ ਕੋਸ਼ਿਸ਼ ਕਰਦੇ ਹਨ।

ਹਾਲਾਂਕਿ ਪੰਜਾਬ ਗੁਰੂਆਂ, ਪੀਰਾਂ ਦੀ ਧਰਤੀ ਹੈ, ਇਥੇ ਜਾਤ-ਪਾਤ ਤੇ ਔਰਤਾਂ ਨੂੰ ਹੀਣ ਸਮਝਣ ਦੇ ਖਿਲਾਫ਼ ਮਹਾਂਪੁਰਸ਼ਾਂ ਨੇ ਇਕ ਸਮਾਜਿਕ ਇਨਕਲਾਬ ਲਿਆਂਦਾ ਸੀ। ਗੁਰੂ ਨਾਨਕ ਸਾਹਿਬ ਦਾ ਤਾਂ ਸਾਫ਼ ਸੰਦੇਸ਼ ਸੀ ਕਿ:

*ਜਬ ਲਗੁ ਦੁਨੀਆ ਰਹੀਐ ਨਾਨਕ*

*ਕਿਛੁ ਸੁਣੀਐ ਕਿਛੁ ਕਹੀਐ॥*

(ਮਹਲਾ ੧, ਅੰਗ : 660)

ਬੇਸ਼ੱਕ ਇਹ ਪਰਮਾਤਮਾ ਦੀ ਸਿਫ਼ਤ ਸਲਾਹ ਬਾਰੇ ਕਿਹਾ ਗਿਆ ਹੋਵੇਗਾ, ਪਰ ਇਸ ਦੇ ਦੁਨਿਆਵੀ ਅਰਥ ਤਾਂ ਇਹ ਹੀ ਹਨ ਕਿ ਪਹਿਲਾਂ ਕੁਝ ਸੁਣੋ ਫਿਰ ਕੁਝ ਕਹੋ। ਪਰ ਅਸੀਂ ਆਪਣੀ ਵਿਧਾਨ ਸਭਾ ਵਿਚ ਇਸ ਫਲਸਫੇ ਨੂੰ ਭੁਲ-ਭੁਲਾ ਕੇ ਚੀਕ-ਚਿਹਾੜਾ, ਧੌਂਸ ਵਾਲੇ ਤਰੀਕੇ ਨਾਲ ਆਪਣੀ ਗੱਲ ਕਹਿਣੀ, ਇਥੋਂ ਤੱਕ ਕਿ ਗਾਲੀ-ਗਲੋਚ ਨੂੰ ਹੀ ਆਪਣੀ ਬਹਾਦਰੀ ਤੇ ਅਕਲ ਸਮਝ ਲਿਆ ਹੈ।

ਸਰਕਾਰ ਨੇ ਔਰਤਾਂ ਨੂੰ 1000 ਰੁਪਏ ਮਹੀਨਾ ਦੇਣ ਦਾ ਐਲਾਨ ਕੀਤਾ ਹੈ। ਬੇਸ਼ੱਕ ਇਹ ਚੋਣ ਰਾਜਨੀਤੀ ਹੈ ਪਰ ਇਹ ਦੇਸ਼ ਭਰ ਵਿਚ ਜਾਰੀ ਹੈ, ਪਹਿਲਾਂ ਬਿਹਾਰ ਵਿਚ ਔਰਤਾਂ ਦੇ ਖਾਤੇ ਵਿਚ 10 ਹਜ਼ਾਰ ਰੁਪਏ ਯਕਮੁਸ਼ਤ ਪਾਏ ਗਏ, ਹੁਣ ਅਸਾਮ ਵਿਚ ਵੀ 9000 ਰੁਪਏ ਯਕਮੁਸ਼ਤ ਪਾਏ ਗਏ ਹਨ। ਇਸ ਦੇ ਗੁਣ ਔਗੁਣਾਂ 'ਤੇ ਬਹਿਸ ਦੀ ਬਜਾਏ ਹੁਕਮਰਾਨ ਧਿਰ ਕਿਸੇ ਇਕ ਮੈਂਬਰ ਦੀ ਟਿੱਪਣੀ 'ਤੇ ਸਾਰਾ ਸਮਾਂ ਲਾ ਰਹੀ ਹੈ ਤੇ ਦੂਜੇ ਪਾਸੇ ਵਿਰੋਧੀ ਧਿਰ ਮੁੱਖ ਮੰਤਰੀ ਦੇ ਇਕ ਬਿਆਨ ਨੂੰ ਔਰਤਾਂ ਦਾ ਅਪਮਾਨ ਦੱਸ ਰਹੀ ਹੈ। ਬੇਸ਼ੱਕ ਟਿੱਪਣੀਆਂ 'ਤੇ ਗੱਲ ਹੋਣੀ ਚਾਹੀਦੀ ਹੈ, ਪਰ ਸਾਰਾ ਸਮਾਂ ਟਿੱਪਣੀਆਂ 'ਤੇ ਖ਼ਰਾਬ ਕੀਤਾ ਜਾ ਰਿਹਾ ਹੈ, ਮੁੱਦੇ 'ਤੇ ਕੋਈ ਗੱਲ ਨਹੀਂ। ਹੁਣ ਬੰਧੂਆ-ਮਜ਼ਦੂਰ ਦੀ ਟਿੱਪਣੀ ਮੁੱਦਾ ਹੈ। ਜਦੋਂ ਕਿ ਪੰਜਾਬ ਵਿਚ ਜਾਤ-ਪਾਤ ਏਨਾ ਵੱਡਾ ਮੁੱਦਾ ਨਹੀਂ ਹੈ। ਖਾਸ ਕਰ ਕੇ ਗੁਰੂ ਸਾਹਿਬ ਨੇ ਸ੍ਰੀ ਦਰਬਾਰ ਸਾਹਿਬ ਦੇ 4 ਦਰਵਾਜ਼ੇ ਰੱਖ ਕੇ ਸਭ ਨੂੰ ਇਕ ਪੰਗਤ ਵਿਚ ਲੰਗਰ ਛਕਾ ਕੇ ਇਸ ਇਲਾਕੇ ਵਿਚ ਜਾਤ-ਪਾਤ ਦੇ ਬੰਧਨ ਬੜੇ ਕਮਜ਼ੋਰ ਕਰ ਦਿੱਤੇ ਸਨ। ਪਰ ਉਤਰਾਖੰਡ ਵਿਚ ਤਾਂ ਬਦਰੀਨਾਥ-ਕੇਦਾਰਨਾਥ ਮੰਦਰ ਸੰਮਤੀ ਨੇ ਗ਼ੈਰ-ਸਨਾਤਨੀਆਂ ਦੇ ਮੰਦਰ ਵਿਚ ਪ੍ਰਵੇਸ਼ 'ਤੇ ਹੀ ਪਾਬੰਦੀ ਲਗਾ ਦਿੱਤੀ ਹੈ।

ਅਫ਼ਸੋਸ ਹੈ ਕਿ ਜੋ ਬਜਟ ਕਿਸੇ ਰਾਜ ਦੇ ਭਵਿੱਖ ਦੀਆਂ ਨੀਹਾਂ ਮਜ਼ਬੂਤ ਕਰਨ ਜਾਂ ਕਮਜ਼ੋਰ ਕਰਨ ਦਾ ਕਾਰਨ ਬਣ ਸਕਦਾ ਹੈ, ਦੀਆਂ ਮੱਦਾਂ 'ਤੇ ਪੰਜਾਬ ਵਿਧਾਨ ਸਭਾ ਵਿਚ ਕੋਈ ਸਾਰਥਿਕ ਬਹਿਸ ਨਹੀਂ ਕੀਤੀ ਜਾ ਰਹੀ, ਸਗੋਂ ਉਹ ਮਸਲੇ ਜੋ ਅਸਲ ਵਿਚ ਮਸਲੇ ਹੀ ਨਹੀਂ ਸਿਰਫ਼ ਨਿੱਜੀ ਟਿੱਪਣੀਆਂ ਹਨ, 'ਤੇ ਸਾਰਾ ਸਮਾਂ ਖ਼ਰਾਬ ਕੀਤਾ ਜਾ ਰਿਹਾ ਹੈ। ਰੱਬ ਦਾ ਵਾਸਤਾ ਹੈ ਪੰਜਾਬ ਦੇ ਵਿਧਾਇਕਾਂ ਤੇ ਪਾਰਟੀਆਂ ਨੂੰ ਕਿ ਸਿਆਸਤ ਜੰਮ-ਜੰਮ ਕਰੋ ਪਰ ਆਪਣੀ ਭਾਸ਼ਾ ਦੀ ਮਰਿਆਦਾ ਨਾ ਛੱਡੋ। ਵਿਧਾਨ ਸਭਾ ਨੂੰ ਮਲ-ਯੁੱਧ ਦਾ ਅਖਾੜਾ ਨਾ ਬਣਾਓ, ਪੰਜਾਬ ਦੇ ਭਵਿੱਖ ਦਾ ਫਿਕਰ ਕਰੋ। ਪੰਜਾਬ ਦੇ ਬਹੁਤ ਮਸਲੇ ਹਨ ਪੰਜਾਬ ਦੇ ਮਤਲਬ ਦੀ ਗੱਲ ਕਰੋ।

*ਮਤਲਬ ਕੀ ਤੁਮ ਸੁਨੋ ਤੋ ਜ਼ਰਾ ਕੋਈ ਕੁਛ ਕਹੇ,*

*ਜਬ ਬੇ-ਸੁਨੇ ਖ਼ਫ਼ਾ ਹੋ ਤੋ ਕਯਾ ਕੋਈ ਕੁਛ ਕਹੇ।*

(ਦਾਗ਼ ਦੇਹਲਵੀ)

^^^^^^

*ਅਮਿਤ ਸ਼ਾਹ ਦੀ ਰੈਲੀ*

14 ਮਾਰਚ ਦੀ ਭਾਜਪਾ ਦੀ ਮੋਗਾ ਵਿਚ ਹੋਣ ਵਾਲੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਬਦਲਾਅ ਰੈਲੀ ਇਕ ਤਰ੍ਹਾਂ ਨਾਲ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਭਾਜਪਾ ਵਲੋਂ ਡੰਕੇ 'ਤੇ ਪਹਿਲੀ ਚੋਟ ਹੋਵੇਗੀ। ਉਹ ਆਪਣੀ ਚੋਣ ਮੁਹਿੰਮ ਦਾ ਆਗਾਜ਼ ਕਰ ਦੇਣਗੇ। ਭਾਵੇਂ ਭਾਜਪਾ-ਅਕਾਲੀ ਦਲ ਸਮਝੌਤੇ ਦੇ ਆਸਾਰ ਨਜ਼ਰ ਨਹੀਂ ਆਉਂਦੇ ਪਰ ਭਾਜਪਾ ਇਸ ਰੈਲੀ ਰਾਹੀਂ ਆਪਣੇ-ਆਪ ਨੂੰ ਪੰਜਾਬ ਵਿਚ ਇਕ ਵਧੀਆ ਬਦਲ ਵਜੋਂ ਪੇਸ਼ ਕਰੇਗੀ ਤੇ ਆਪਣੀ ਡਬਲ ਇੰਜਣ ਸਰਕਾਰ ਦੇ ਫਾਇਦੇ ਵੀ ਗਿਣਵਾਏਗੀ। ਉਮੀਦ ਹੈ ਕਿ ਸ੍ਰੀ ਅਮਿਤ ਸ਼ਾਹ ਇਸ ਰੈਲੀ ਵਿਚ ਨਸ਼ੇ, ਗੈਂਗਸਟਰਵਾਦ, ਅਮਨ-ਕਾਨੂੰਨ ਦੀ ਖ਼ਰਾਬ ਸਥਿਤੀ, ਧਰਮ ਪਰਿਵਰਤਨ ਰੋਕਣ, ਭ੍ਰਿਸ਼ਟਾਚਾਰ ਖਤਮ ਕਰਨ ਅਤੇ ਵਿਕਾਸ ਦਾ ਰੋਡ ਮੈਪ ਪੇਸ਼ ਕਰਨਗੇ। ਇਹ ਵੀ ਪੱਕਾ ਹੈ ਕਿ ਸ੍ਰੀ ਅਮਿਤ ਸ਼ਾਹ ਇਸ ਰੈਲੀ ਵਿਚ ਪੰਜਾਬੀਆਂ ਅਤੇ ਖਾਸ ਕਰਕੇ ਸਿੱਖਾਂ ਦੀ ਹਮਦਰਦੀ ਜਿੱਤਣ ਵਾਲਾ ਰਵੱਈਆ ਵੀ ਪ੍ਰਗਟਾਉਣਗੇ, ਹੋ ਸਕਦਾ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਕੋਈ ਐਲਾਨ ਵੀ ਹੋਵੇ ਪਰ ਇਹ ਹੋਵੇ ਜਾਂ ਨਾ ਹੋਵੇ, ਫਿਰ ਵੀ ਸਿੱਖ ਭਾਈਚਾਰੇ ਵਿਚ ਭਾਜਪਾ ਦੀ ਸਵੀਕਾਰਤਾ ਵਧਾਉਣ ਵਾਲਾ ਕੋਈ ਸੰਦੇਸ਼ ਵਲੋਂ ਦਿੱਤੇ ਜਾਣ ਦੀ ਸੰਭਾਵਨਾ ਬਹੁਤ ਜ਼ਿਆਦਾ ਹੈ। ਇਹ ਰੈਲੀ ਇਸ ਗੱਲ ਦਾ ਅਹਿਸਾਸ ਵੀ ਜ਼ਰੂਰ ਕਰਵਾਏਗੀ ਕਿ ਭਾਜਪਾ ਅਕਾਲੀ ਦਲ ਨਾਲ ਕੋਈ ਚੋਣ ਸਮਝੌਤਾ ਕਰੇਗੀ ਜਾਂ ਨਹੀਂ? ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਰੈਲੀ ਪੰਜਾਬ ਵਿਚ ਇਕ ਤਰ੍ਹਾਂ ਨਾਲ ਭਾਜਪਾ ਦਾ ਸ਼ਕਤੀ ਪ੍ਰਦਰਸ਼ਨ ਹੋਵੇਗੀ। ਅਸੀਂ ਆਸ ਕਰਦੇ ਹਾਂ ਕਿ ਅਮਿਤ ਸ਼ਾਹ ਪੰਜਾਬ ਅਤੇ ਸਿੱਖ ਮਸਲਿਆਂ ਬਾਰੇ ਕੁਝ ਨਾ ਕੁਝ ਸਾਫ਼-ਸਾਫ਼ ਜ਼ਰੂਰ ਕਹਿਣ ਦਾ ਹੌਸਲਾ ਕਰਨਗੇ।

*ਕਰੀਏ ਕਭੀ ਤੋ ਕੋਈ ਸੀ ਗੁਫ਼ਤਾਰ ਸਾਫ਼ ਸਾਫ਼,*

*ਇਨਕਾਰ ਸਾਫ਼ ਸਾਫ਼ ਯਾ ਇਕਰਾਰ ਸਾਫ਼ ਸਾਫ਼।*

(ਗੁਫ਼ਤਾਰ-ਗੱਲਬਾਤ)

(ਅਸ਼ੋਕ ਸਿੰਘ)

^^^^^^^^

*ਆਪਣੇਪਨ ਦਾ ਅਹਿਸਾਸ*

ਇਕ ਵਕਤ ਸੀ ਕਿ ਦੇਸ਼ ਵਿਚ ਘੱਟ-ਗਿਣਤੀਆਂ ਨੂੰ ਉਨ੍ਹਾਂ ਦੀ ਗਿਣਤੀ ਨਾਲੋਂ ਵਧੇਰੇ ਅਹੁਦੇ ਦੇ ਕੇ ਸਨਮਾਨ ਤੇ ਆਪਣੇਪਨ ਦਾ ਅਹਿਸਾਸ ਕਰਵਾਇਆ ਜਾਂਦਾ ਸੀ। ਪਰ ਹੁਣ ਹੁਕਮਰਾਨ ਭਾਜਪਾ ਦੇਸ਼ ਦੀਆਂ ਦੋ ਵੱਡੀਆਂ ਘਟ-ਗਿਣਤੀਆਂ ਨੂੰ ਤਾਂ ਇਕ ਤਰ੍ਹਾਂ ਨਾਲ ਸਬਕ ਸਿਖਾ ਰਹੀ ਹੈ ਤੇ ਸਾਫ਼ ਸੰਦੇਸ਼ ਦੇ ਰਹੀ ਹੈ ਕਿ ਜੇ ਤੁਸੀਂ ਸਾਨੂੰ ਵੋਟ ਨਹੀਂ ਪਾਉਣੀ ਤਾਂ ਆਪਣੀ ਘੱਟ-ਗਿਣਤੀ ਲਈ ਕਿਸੇ ਸਨਮਾਨ ਜਾਂ ਰਿਆਇਤ ਦੀ ਆਸ ਵੀ ਨਾ ਰੱਖੋ। ਪਰ ਭਾਜਪਾ ਦੇਸ਼ ਦੀ ਤੀਸਰੀ ਸਭ ਤੋਂ ਵੱਡੀ ਘੱਟ-ਗਿਣਤੀ ਸਿੱਖਾਂ ਨਾਲ ਕਿਤੇ ਨਾ ਕਿਤੇ ਪਿਆਰ ਦਿਖਾਉਣ ਦੀ ਕੋਸ਼ਿਸ਼ ਜ਼ਰੂਰ ਕਰਦੀ ਹੈ, ਭਾਵੇਂ ਉਸ ਦਾ ਇਕ ਚੰਗਾ ਤੇ ਹਮਦਰਦੀ ਵਾਲਾ ਕੰਮ ਦੂਜੇ ਵਿਰੋਧੀ ਕੰਮ ਹੇਠਾਂ ਦਬ ਜਾਂਦਾ ਹੈ ਅਤੇ ਘੱਟ-ਗਿਣਤੀ ਸਿੱਖ ਭਾਈਚਾਰੇ ਦਾ ਵਿਸ਼ਵਾਸ ਡੋਲ ਜਾਂਦਾ ਹੈ। ਬੇਸ਼ੱਕ ਹਰ ਪਾਰਟੀ ਹਰ ਕੰਮ ਆਪਣੀ ਰਾਜਨੀਤਕ ਮਸਲਹਤ ਨੂੰ ਸਾਹਮਣੇ ਰੱਖ ਕੇ ਕਰਦੀ ਹੈ ਪਰ ਕੇਂਦਰ ਸਰਕਾਰ ਵਲੋਂ ਇਕ ਸਾਬਕਾ ਸਿੱਖ ਡਿਪਲੋਮੇਟ ਤੇ ਹੁਣ ਦੇ ਭਾਜਪਾ ਆਗੂ ਸ. ਤਰਨਜੀਤ ਸਿੰਘ ਸੰਧੂ ਨੂੰ ਦਿੱਲੀ ਦਾ ਉਪ ਰਾਜਪਾਲ ਬਣਾਏ ਜਾਣ ਦਾ ਸਵਾਗਤ ਕਰਨਾ ਬਣਦਾ ਹੈ। ਇਸ ਤੋਂ ਪਹਿਲਾਂ ਸਿਰਫ਼ ਇਕ ਸਿੱਖ ਏਅਰ ਮਾਰਸ਼ਲ ਅਰਜੁਨ ਸਿੰਘ 12 ਦਸੰਬਰ, 1989 ਨੂੰ ਦਿੱਲੀ ਦੇ ਉਪ ਰਾਜਪਾਲ ਬਣੇ ਸਨ, ਇਸ ਲਈ ਜਦੋਂ ਕਿਸੇ ਘੱਟ-ਗਿਣਤੀ ਨੂੰ ਕੋਈ ਸਰਕਾਰ ਪ੍ਰਤੀਨਿਧਤਾ ਦਿੰਦੀ ਹੈ ਤਾਂ ਉਸ ਦਾ ਸ਼ੁਕਰੀਆ ਕਰਨਾ ਬਣਦਾ ਹੈ ਪਰ ਇਸ ਵੇਲੇ ਸਿੱਖਾਂ ਲਈ ਦੋ ਹੋਰ ਚੋਣਾਂ ਵੀ ਧੰਨਵਾਦ ਕਰਨ ਵਾਲੀਆਂ ਹਨ। ਇਕ ਤਾਂ ਜੰਮੂ-ਕਸ਼ਮੀਰ ਦੀ ਹੁਕਮਰਾਨ ਪਾਰਟੀ ਨੈਸ਼ਨਲ ਕਾਨਫ਼ਰੰਸ ਨੇ ਇਕ ਸਿੱਖ ਗੁਰਵਿੰਦਰ ਸਿੰਘ ਉਬਰਾਏ (ਸ਼ੰਮੀ ਉਬਰਾਏ) ਨੂੰ ਰਾਜ ਸਭਾ ਦਾ ਮੈਂਬਰ ਬਣਵਾਇਆ ਹੈ। ਉਹ ਜੰਮੂ-ਕਸ਼ਮੀਰ ਤੋਂ ਤੀਸਰੇ ਸਿੱਖ ਰਾਜ ਸਭਾ ਮੈਂਬਰ ਹਨ। ਉਨ੍ਹਾਂ ਤੋਂ ਪਹਿਲਾਂ ਭਾਈ ਬੁੱਧ ਸਿੰਘ ਤਿਆਗੀ 1952 ਤੋਂ 1964 ਤੱਕ ਨੈਸ਼ਨਲ ਕਾਨਫਰੰਸ ਵਲੋਂ ਰਾਜ ਸਭਾ ਦੇ ਮੈਂਬਰ ਅਤੇ ਫਿਰ 2002 ਤੋਂ 2008 ਤੱਕ ਪੀ.ਡੀ.ਪੀ. ਵਲੋਂ ਤਰਲੋਚਨ ਸਿੰਘ ਬਾਜਵਾ ਵੀ ਰਾਜ ਸਭਾ ਮੈਂਬਰ ਰਹੇ ਹਨ। ਦੂਜੇ ਪਾਸੇ ਟੀ.ਐਮ.ਸੀ. ਨੇ ਪੱਛਮੀ ਬੰਗਾਲ ਤੋਂ ਇਕ ਸਿੱਖ ਪਰਿਵਾਰ ਦੀ ਨੂੰਹ ਅਤੇ ਪ੍ਰਮੁੱਖ ਅਭਿਨੇਤਰੀ ਕੋਇਲ ਮਲਿਕ ਨੂੰ ਰਾਜ ਸਭਾ ਵਿਚ ਭੇਜਿਆ ਹੈ। ਟੀ.ਐਮ.ਸੀ. ਵਲੋਂ ਇਸ ਤੋਂ ਪਹਿਲਾਂ ਵੀ ਇਕ ਸਿੱਖ ਪਰਿਵਾਰ ਦੇ ਜੀਅ ਕੰਵਰਦੀਪ ਸਿੰਘ ਨੂੰ ਰਾਜ ਸਭਾ ਵਿਚ ਭੇਜਿਆ ਗਿਆ ਸੀ, ਜੋ ਪਹਿਲਾਂ ਝਾਰਖੰਡ ਮੁਕਤੀ ਮੋਰਚੇ ਵਲੋਂ ਵੀ ਰਾਜ ਸਭਾ ਮੈਂਬਰ ਰਹੇ ਸਨ। ਬੇਸ਼ੱਕ ਉਹ ਆਰਥਿਕ ਮਾਮਲਿਆਂ ਵਿਚ ਕਾਫੀ ਵਿਵਾਦਤ ਰਹੇ ਸਨ। ਖ਼ੈਰ ਇਹ ਚੰਗੀ ਗੱਲ ਹੈ ਕਿ ਨੈਸ਼ਨਲ ਪਾਰਟੀਆਂ ਤੋਂ ਬਿਨਾਂ ਖੇਤਰੀ ਪਾਰਟੀਆਂ ਵੀ ਸਿੱਖਾਂ ਵਰਗੀ ਮਹੱਤਵਪੂਰਨ ਘੱਟ-ਗਿਣਤੀ ਨੂੰ ਉਨ੍ਹਾਂ ਦੀ ਗਿਣਤੀ ਤੋਂ ਵੱਧ ਸਤਿਕਾਰ ਦੇ ਰਹੀਆਂ ਹਨ। ਉਂਝ ਕੌਮੀ ਪਾਰਟੀਆਂ ਤੇ ਭਾਜਪਾ ਨੂੰ ਖਾਸ ਕਰਕੇ ਇਹ ਸਮਝਣ ਦੀ ਲੋੜ ਹੈ ਕਿ ਘੱਟ-ਗਿਣਤੀਆਂ ਨੂੰ ਉਨ੍ਹਾਂ ਦੀ ਗਿਣਤੀ ਨਾਲੋਂ ਥੋੜ੍ਹਾ ਵੱਧ ਸਤਿਕਾਰ ਦੇਣ ਨਾਲ ਦੇਸ਼ ਵਿਚ ਪਿਆਰ ਸਤਿਕਾਰ ਤੇ ਆਪਸੀ ਵਿਸ਼ਵਾਸ ਵਧਦਾ ਹੈ, ਘਟਦਾ ਨਹੀਂ ਤੇ ਬਹੁਗਿਣਤੀ ਦੀ ਤਾਕਤ ਫਿਰ ਵੀ ਕਾਇਮ ਹੀ ਰਹਿੰਦੀ ਹੈ। ਸ਼ੁਕਰੀਆ।

*ਉਸ ਮਿਹਰਬਾਂ ਨਜ਼ਰ ਕੀ ਇਨਾਇਤ ਕਾ ਸ਼ੁਕਰੀਆ,*

*ਕੁਛ ਬਾਤ ਹਕ ਵ ਅਦਲ ਕੀ ਆਖ਼ਿਰ ਕਿਸੀ ਨੇ ਕੀ।*

(ਅਦਲ=ਇਨਸਾਫ)

-1044, ਗੁਰੂ ਨਾਨਕ ਸਟਰੀਟ, ਸਮਰਾਲਾ ਰੋਡ, ਖੰਨਾ

ਮੋਬਾਈਲ : 92168-60000

Translate in English

Next Story
ਤਾਜ਼ਾ ਖਬਰਾਂ
Share it