ਅਮਰੀਕਾ : ਰਾਮਾਸਵਾਮੀ ਨੇ ਜ਼ੈਲੈਂਸਕੀ ਦੀ ਕੀਤੀ ਝਾੜ ਝੰਬ
ਵਾਸ਼ਿੰਗਟਨ, 5 ਅਕਤੂਬਰ, ਨਿਰਮਲ : ਰਿਪਬਲਿਕਨ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਵਿਵੇਕ ਰਾਮਾਸਵਾਮੀ ਨੇ ਯੂਕਰੇਨ ਵਿੱਚ ਆਮ ਚੋਣਾਂ ਕਰਵਾਉਣ ਲਈ ਅਮਰੀਕਾ ਤੋਂ ਹੋਰ ਫੰਡ ਦੀ ਮੰਗ ਕਰਨ ਨੂੰ ਲੈ ਕੇ ਰਾਸ਼ਟਰਪਤੀ ਵੋਲੋਦੀਮੀਰ ਜ਼ੈਲੈਂਸਕੀ ਨੂੰ ਨਿਸ਼ਾਨਾ ਬਣਾਇਆ ਹੈ। ਇੱਕ ਮੀਡੀਆ ਇੰਟਰਵਿਊ ਵਿੱਚ ਵਿਵੇਕ ਰਾਮਾਸਵਾਮੀ ਨੇ ਆਪਣੇ ਉਸ ਬਿਆਨ ਦਾ ਵੀ ਬਚਾਅ ਕੀਤਾ ਜਿਸ ਵਿੱਚ ਉਨ੍ਹਾਂ […]
By : Hamdard Tv Admin
ਵਾਸ਼ਿੰਗਟਨ, 5 ਅਕਤੂਬਰ, ਨਿਰਮਲ : ਰਿਪਬਲਿਕਨ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਵਿਵੇਕ ਰਾਮਾਸਵਾਮੀ ਨੇ ਯੂਕਰੇਨ ਵਿੱਚ ਆਮ ਚੋਣਾਂ ਕਰਵਾਉਣ ਲਈ ਅਮਰੀਕਾ ਤੋਂ ਹੋਰ ਫੰਡ ਦੀ ਮੰਗ ਕਰਨ ਨੂੰ ਲੈ ਕੇ ਰਾਸ਼ਟਰਪਤੀ ਵੋਲੋਦੀਮੀਰ ਜ਼ੈਲੈਂਸਕੀ ਨੂੰ ਨਿਸ਼ਾਨਾ ਬਣਾਇਆ ਹੈ। ਇੱਕ ਮੀਡੀਆ ਇੰਟਰਵਿਊ ਵਿੱਚ ਵਿਵੇਕ ਰਾਮਾਸਵਾਮੀ ਨੇ ਆਪਣੇ ਉਸ ਬਿਆਨ ਦਾ ਵੀ ਬਚਾਅ ਕੀਤਾ ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਜੇਕਰ ਉਹ ਅਮਰੀਕਾ ਦੇ ਰਾਸ਼ਟਰਪਤੀ ਚੁਣੇ ਜਾਂਦੇ ਹਨ ਤਾਂ ਉਹ ਯੂਕਰੇਨ ਨੂੰ ਦਿੱਤੀ ਜਾਣ ਵਾਲੀ ਆਰਥਿਕ ਸਹਾਇਤਾ ਵਿੱਚ ਕਟੌਤੀ ਕਰ ਦੇਣਗੇ। ਭਾਰਤੀ ਮੂਲ ਦੇ ਵਿਵੇਕ ਰਾਮਾਸਵਾਮੀ ਨੇ ਕਿਹਾ ਕਿ ਮੈਨੂੰ ਤੁਸ਼ਟੀਕਰਨ ਦੀ ਸਮੱਸਿਆ ਹੈ।
ਮੈਂ ਸਪੱਸ਼ਟ ਹੋਣਾ ਚਾਹੁੰਦਾ ਹਾਂ ਕਿ ਸਾਨੂੰ ਅਮਰੀਕੀ ਲੋਕਾਂ ਨੂੰ ਸੱਚ ਦੱਸਣਾ ਚਾਹੀਦਾ ਹੈ। ਭਾਵੇਂ ਪੁਤਿਨ ਇੱਕ ਦੁਸ਼ਟ ਤਾਨਾਸ਼ਾਹ ਹੈ, ਜੋ ਕਿ ਉਹ ਹੈ, ਇਸਦਾ ਮਤਲਬ ਇਹ ਨਹੀਂ ਹੈ ਕਿ ਯੂਕਰੇਨ ਚੰਗਾ ਹੈ। ਯੂਕਰੇਨ ਉਹ ਦੇਸ਼ ਹੈ ਜਿੱਥੇ 11 ਵਿਰੋਧੀ ਪਾਰਟੀਆਂ ’ਤੇ ਪਾਬੰਦੀ ਲਗਾਈ ਗਈ ਸੀ। ਨਾਲ ਹੀ ਸਾਰੇ ਮੀਡੀਆ ਨੂੰ ਇੱਕ ਸਰਕਾਰੀ ਮੀਡੀਆ ਵਿੱਚ ਮਿਲਾ ਦਿੱਤਾ ਗਿਆ। ਪਿਛਲੇ ਹਫ਼ਤੇ ਹੀ ਉੱਥੋਂ ਦੇ ਰਾਸ਼ਟਰਪਤੀ ਨੇ ਇੱਕ ਨਾਜ਼ੀ ਦੀ ਤਾਰੀਫ਼ ਕਰਦਿਆਂ ਅਮਰੀਕਾ ਨੂੰ ਧਮਕੀ ਦਿੱਤੀ ਸੀ ਕਿ ਜੇਕਰ ਅਮਰੀਕਾ ਉਸ ਨੂੰ ਹੋਰ ਫੰਡ ਨਹੀਂ ਦਿੰਦਾ ਤਾਂ ਉਹ ਯੂਕਰੇਨ ਵਿੱਚ ਆਮ ਚੋਣਾਂ ਨਹੀਂ ਕਰਵਾ ਸਕਣਗੇ। ਵਿਵੇਕ ਰਾਮਾਸਵਾਮੀ ਨੇ ਆਪਣੀ ਚੋਣ ਮੁਹਿੰਮ ’ਤੇ ਭਰੋਸਾ ਪ੍ਰਗਟਾਉਂਦਿਆਂ ਕਿਹਾ ਕਿ ਉਹ ਅਗਲੇ ਸਾਲ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ’ਚ ਪਾਰਟੀ ਦਾ ਉਮੀਦਵਾਰ ਬਣਨ ਵੱਲ ਵਧ ਰਹੇ ਹਨ। ਰਾਮਾਸਵਾਮੀ ਨੇ ਕਿਹਾ ਕਿ ਛੇ ਮਹੀਨੇ ਪਹਿਲਾਂ ਦੇਸ਼ ਦੇ ਜ਼ਿਆਦਾਤਰ ਲੋਕ ਮੇਰੇ ਬਾਰੇ ਨਹੀਂ ਜਾਣਦੇ ਸਨ ਪਰ ਹੁਣ ਮੈਂ ਕਈ ਮਾਮਲਿਆਂ ’ਚ ਤੀਜੇ-ਚੌਥੇ ਸਥਾਨ ’ਤੇ ਹਾਂ।
ਮੈਨੂੰ ਲੱਗਦਾ ਹੈ ਕਿ ਅਸੀਂ ਆਪਣੀ ਮੁਹਿੰਮ ਵਿੱਚ ਤਰੱਕੀ ਕਰ ਰਹੇ ਹਾਂ। ਪਰ ਇਹ ਮੇਰੇ ਜਾਂ ਟਰੰਪ ਬਾਰੇ ਨਹੀਂ ਹੈ, ਇਹ ਅਮਰੀਕਾ ਬਾਰੇ ਹੈ। ਰਾਮਾਸਵਾਮੀ ਨੇ ਕਿਹਾ, ‘ਮੈਂ ਦੇਸ਼ ਦੇ ਨੌਜਵਾਨਾਂ ਤੱਕ ਪਹੁੰਚਣਾ ਚਾਹੁੰਦਾ ਹਾਂ ਤਾਂ ਜੋ ਅਸੀਂ 16 ਸਾਲ ਤੱਕ ਦੇ ਬੱਚਿਆਂ ਨੂੰ ਸੋਸ਼ਲ ਮੀਡੀਆ ਤੋਂ ਦੂਰ ਰੱਖਣ ਲਈ ਨੀਤੀਆਂ ਬਣਾ ਸਕੀਏ। ਸਾਨੂੰ ਅਜਿਹੀ ਚਰਚਾ ਕਰਨੀ ਪਵੇਗੀ ਤਾਂ ਜੋ ਅਸੀਂ ਚੀਨ ਤੋਂ ਆਰਥਿਕ ਆਜ਼ਾਦੀ ਹਾਸਲ ਕਰ ਸਕੀਏ। ਰਾਮਾਸਵਾਮੀ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਜਦੋਂ ਵ੍ਹਾਈਟ ਹਾਊਸ ’ਚ ਸੀਈਓ ਦੀ ਤਾਇਨਾਤੀ ਹੋਣੀ ਚਾਹੀਦੀ ਹੈ। ਰਾਮਾਸਵਾਮੀ ਨੇ ਜੋਅ ਬਾਈਡਨ ਸਰਕਾਰ ਦੀਆਂ ਆਰਥਿਕ ਨੀਤੀਆਂ ਦੀ ਵੀ ਆਲੋਚਨਾ ਕੀਤੀ।