ਅਮਰੀਕਾ ’ਚ ਦਾਖਲ ਹੋਏ 20 ਲੱਖ ਤੋਂ ਵੱਧ ਗੈਰਕਾਨੂੰਨੀ ਪ੍ਰਵਾਸੀ
ਸੈਨ ਫਰਾਂਸਿਸਕੋ, 5 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਵਿਚ ਨਾਜਾਇਜ਼ ਤਰੀਕੇ ਨਾਲ ਦਾਖਲ ਹੋ ਰਹੇ ਪ੍ਰਵਾਸੀਆਂ ਨੇ ਸਤੰਬਰ ਵਿਚ ਸਾਰੇ ਰਿਕਾਰਡ ਤੋੜ ਦਿਤੇ ਜਦੋਂ ਬਾਰਡਰ ਏਜੰਟਾਂ ਵੱਲੋਂ 2 ਲੱਖ 10 ਹਜ਼ਾਰ ਵਿਦੇਸ਼ੀ ਨਾਗਰਿਕਾਂ ਨੂੰ ਰੋਕਿਆ ਗਿਆ। ਸੀ.ਬੀ.ਐਸ. ਨਿਊਜ਼ ਦੀ ਰਿਪੋਰਟ ਮੁਤਾਬਕ ਅਗਸਤ ਵਿਚ 1 ਲੱਖ 81 ਹਜ਼ਾਰ ਪ੍ਰਵਾਸੀਆਂ ਨੇ ਬਾਰਡਰ ਪਾਰ ਕੀਤਾ ਅਤੇ ਅਮਰੀਕਾ ਦੇ […]
By : Hamdard Tv Admin
ਸੈਨ ਫਰਾਂਸਿਸਕੋ, 5 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਵਿਚ ਨਾਜਾਇਜ਼ ਤਰੀਕੇ ਨਾਲ ਦਾਖਲ ਹੋ ਰਹੇ ਪ੍ਰਵਾਸੀਆਂ ਨੇ ਸਤੰਬਰ ਵਿਚ ਸਾਰੇ ਰਿਕਾਰਡ ਤੋੜ ਦਿਤੇ ਜਦੋਂ ਬਾਰਡਰ ਏਜੰਟਾਂ ਵੱਲੋਂ 2 ਲੱਖ 10 ਹਜ਼ਾਰ ਵਿਦੇਸ਼ੀ ਨਾਗਰਿਕਾਂ ਨੂੰ ਰੋਕਿਆ ਗਿਆ। ਸੀ.ਬੀ.ਐਸ. ਨਿਊਜ਼ ਦੀ ਰਿਪੋਰਟ ਮੁਤਾਬਕ ਅਗਸਤ ਵਿਚ 1 ਲੱਖ 81 ਹਜ਼ਾਰ ਪ੍ਰਵਾਸੀਆਂ ਨੇ ਬਾਰਡਰ ਪਾਰ ਕੀਤਾ ਅਤੇ ਅਮਰੀਕਾ ਦੇ ਇਤਿਹਾਸ ਵਿਚ ਦੂਜੀ ਵਾਰ ਸਾਲਾਨਾ ਆਧਾਰ ’ਤੇ ਦਾਖਲ ਹੋਏ ਪ੍ਰਵਾਸੀਆਂ ਦਾ ਅੰਕੜਾ 20 ਲੱਖ ਤੋਂ ਟੱਪ ਗਿਆ।
ਬਾਰਡਰ ਏਜੰਟਾਂ ਵੱਲੋਂ ਰੋਕੇ ਪ੍ਰਵਾਸੀਆਂ ਤੋਂ ਇਲਾਵਾ ਸਮਾਰਟ ਫੋਨ ਐਪ ਰਾਹੀਂ ਅਗਾਊਂ ਇਜਾਜ਼ਤ ਲੈ ਕੇ ਅਮਰੀਕਾ ਦਾਖਲ ਹੋਏ ਪ੍ਰਵਾਸੀਆਂ ਦੀ ਗਿਣਤੀ ਵੱਖਰੀ ਹੈ। ਬਾਇਡਨ ਸਰਕਾਰ ਐਪ ਰਾਹੀਂ ਪਨਾਹ ਮੰਗਣ ਵਾਲੀ ਸ਼੍ਰੇਣੀ ਤਹਿਤ ਰੋਜ਼ਾਨਾ ਤਕਰੀਬਨ 1500 ਪ੍ਰਵਾਸੀਆਂ ਨੂੰ ਦਾਖਲਾ ਦੇ ਰਹੀ ਹੈ। ਅਮਰੀਕਾ ਵਿਚ ਪਨਾਹ ਦਾ ਭਰੋਸੇਯੋਗ ਦਾਅਵਾ ਪੇਸ਼ ਕਰਨ ਵਿਚ ਅਸਫਲ ਕੁਝ ਪ੍ਰਵਾਸੀਆਂ ਨੂੰ ਖੁਦ-ਬ-ਖੁਦ ਮੈਕਸੀਕ ਪਰਤਣ ਦਾ ਰਾਹ ਦਿਖਾਇਆ ਗਿਆ ਜਾਂ ਉਨ੍ਹਾਂ ਫਾਸਟ ਟ੍ਰੈਕ ਡਿਪੋਰਟੇਸ਼ਨ ਵਾਲੀ ਸ਼੍ਰੇਣੀ ਵਿਚ ਪਾ ਦਿਤਾ ਗਿਆ। ਪਰ ਸਰਕਾਰੀ ਅੰਕੜੇ ਦਰਸਾਉਂਦੇ ਹਨ ਕਿ ਪਿਛਲੇ ਕੁਝ ਮਹੀਨਿਆਂ ਦੌਰਾਨ ਹਿਰਾਸਤ ਵਿਚ ਲਏ ਜ਼ਿਆਦਾਤਰ ਪ੍ਰਵਾਸੀ ਰਿਹਾਅ ਹੋ ਗਏ ਅਤੇ ਇੰਮੀਗ੍ਰੇਸ਼ਨ ਅਦਾਲਤਾਂ ਮੁਕੱਦਮੇ ਦੀ ਸੁਣਵਾਈ ਸ਼ੁਰੂ ਹੋਣ ਦੀ ਉਡੀਕ ਕਰ ਰਹੇ ਹਨ।
ਅਦਾਲਤਾਂ ਵਿਚ ਮੁਕੱਦਮਿਆਂ ਦਾ ਬੈਕਲਾਗ 25 ਲੱਖ ਤੱਕ ਪਹੁੰਚ ਗਿਆ ਹੈ। ਮਾਇਗ੍ਰੇਸ਼ਨ ਪੌਲਿਸੀ ਇੰਸਟੀਚਿਊਟ ਦਾ ਕਹਿਣਾ ਹੈ ਕਿ ਨਾਜਾਇਜ਼ ਤਰੀਕੇ ਨਾਲ ਅਮਰੀਕਾ ਦਾਖਲ ਹੋਏ ਕਿਸੇ ਪ੍ਰਵਾਸੀ ਦੀ ਅਦਾਲਤ ਵਿਚ ਪਹਿਲੀ ਪੇਸ਼ੀ ਵਾਸਤੇ ਔਸਤ ਉਡੀਕ ਸਮਾਂ ਚਾਰ ਸਾਲ ਤੱਕ ਪਹੁੰਚ ਚੁੱਕਾ ਹੈ। ਪਿਛਲੇ ਸਾਲ 3 ਲੱਖ 13 ਹਜ਼ਾਰ ਮੁਕੱਦਮਿਆਂ ਦਾ ਨਿਪਟਾਰਾ ਕੀਤਾ ਗਿਆ ਪਰ ਸੱਤ ਲੱਖ ਨਵੇਂ ਆ ਗਏ। ਅਮਰੀਕੀ ਨਿਆਂ ਵਿਭਾਗ ਵਿਚ ਇੰਮੀਗ੍ਰੇਸ਼ਨ ਸਮੀਖਿਆ ਇਕਾਈ ਦੇ ਕਾਰਜਕਾਰੀ ਅਫਸਰ ਡੇਵਿਡ ਐਲ. ਨੀਲ ਨੇ ਕਿਹਾ ਕਿ ਐਨਾ ਬੋਝ ਬਰਦਾਸ਼ਤ ਕਰਨਾ ਬਹੁਤ ਮੁਸ਼ਕਲ ਹੈ। ਬਕਾਇਆ ਮੁਕੱਦਮਿਆਂ ਵਿਚੋਂ 40 ਫੀ ਸਦੀ ਅਸਾਇਲਮ ਨਾਲ ਸਬੰਧਤ ਦੱਸੇ ਜਾ ਰਹੇ ਹਨ ਅਤੇ ਨਵੇਂ ਦਾਖਲ ਹੋ ਰਹੇ ਪ੍ਰਵਾਸੀਆਂ ਦੀ ਗਿਣਤੀ ਨੂੰ ਵੇਖਦਿਆਂ ਹਾਲਾਤ ਹੋਰ ਗੁੰਝਲਦਾਰ ਬਣ ਸਕਦੇ ਹਨ। ਹੋਮਲੈਂਡ ਸਕਿਉਰਿਟੀ ਵਿਭਾਗ ਵਿਚ ਬਾਰਡਰ ਐਂਡ ਇੰਮੀਗ੍ਰੇਸ਼ਨ ਪੌਲਿਸੀ ਦੇ ਸਹਾਇਕ ਮੰਤਰੀ ਬਲਾਸ ਨੂਨੈਜ਼ ਨੈਟੋ ਨੇ ਕਿਹਾ ਕਿ ਇੰਮੀਗ੍ਰੇਸ਼ਨ ਅਦਾਲਤਾਂ ਵਿਚ ਮੁਕੱਦਮਿਆਂ ਦੇ ਢੇਰ ਬਾਰੇ ਮਨੁੱਖੀ ਤਸਕਰ ਚੰਗੀ ਤਰ੍ਹਾਂ ਜਾਣਦੇ ਹਨ ਅਤੇ ਉਹ 10 ਤੋਂ 15 ਹਜ਼ਾਰ ਡਾਲਰ ਲੈ ਕੇ ਪ੍ਰਵਾਸੀਆਂ ਨੂੰ ਬਾਰਡਰ ਪਾਰ ਕਰਵਾ ਰਹੇ ਹਨ।
ਇਕ ਵਾਰ ਅਦਾਲਤ ਵਿਚ ਮਾਮਲਾ ਦਾਇਰ ਹੋਣ ਮਗਰੋਂ ਸਬੰਧਤ ਪ੍ਰਵਾਸੀ ਨੂੰ ਕੰਮ ਕਰਨ ਦਾ ਕਾਨੂੰਨੀ ਹੱਕ ਮਿਲ ਜਾਂਦਾ ਹੈ ਅਤੇ ਸੁਣਵਾਈ ਮੁਕੰਮਲ ਹੋਣ ਤੱਕ ਉਹ ਕੰਮ ਜਾਰੀ ਰੱਖ ਸਕਦਾ ਹੈ। ਇਥੇ ਦਸਣਾ ਬਣਦਾ ਹੈ ਕਿ ਕਿਸੇ ਵੀ ਗੈਰਕਾਨੂੰਨੀ ਪ੍ਰਵਾਸੀਆਂ ਦਾ ਜ਼ਿਆਦਾਤਰ ਬੋਝ ਅਮਰੀਕਾ ਦੇ ਸਰਹੱਦੀ ਰਾਜਾਂ ’ਤੇ ਪੈਂਦਾ ਸੀ ਪਰ ਹੁਣ ਇਥੋਂ ਪ੍ਰਵਾਸੀਆਂ ਨੂੰ ਬਸਾਂ ਵਿਚ ਬਿਠਾ ਕੇ ਨਿਊ ਯਾਰਕ ਅਤੇ ਵਾਸ਼ਿੰਗਟਨ ਭੇਜਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਸ਼ਿਕਾਗੋ, ਫਿਲਾਡੈਲਫੀਆ ਅਤੇ ਡੈਨਵਰ ਵਰਗੇ ਸ਼ਹਿਰਾਂ ਵਿਚ ਵੀ ਪ੍ਰਵਾਸੀਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਪ੍ਰਵਾਸੀਆਂ ਦੀ ਆਮਦ ਕਾਰਨ ਹੈਲਥ ਕੇਅਰ ਸੈਕਟਰ ਵੀ ਦਬਾਅ ਹੇਠ ਹੈ ਅਤੇ ਰਾਸ਼ਟਰਪਤ ਜੋਅ ਬਾਇਡਨ ਨੂੰ ਆਪਣੀਆਂ ਇੰਮੀਗ੍ਰੇਸ਼ਨ ਨੀਤੀਆਂ ਵਿਚ ਤਬਦੀਲੀ ਕਰਨ ਦਾ ਸੱਦਾ ਦਿਤਾ ਜਾ ਰਿਹਾ ਹੈ। ਰਿਪਬਲਿਕਨ ਪਾਰਟੀ ਦਾ ਦੋਸ਼ ਹੈ ਕਿ ਟਰੰਪ ਦੇ ਕਾਰਜਕਾਲ ਦੀਆਂ ਰੋਕਾਂ ਖਤਮ ਕਰ ਕੇ ਬਾਇਡਨ ਸਰਕਾਰ ਨੇ ਵੱਡੀ ਭੁੱਲ ਕੀਤੀ। ਇਕ ਇੰਟਰਵਿਊ ਦੌਰਾਨ ਨਿਊ ਯਾਰਕ ਦੀ ਗਵਰਨਰ ਕੈਥੀ ਹੋਚਲ ਨੇ ਕਿਹਾ ਕਿ ਹਜ਼ਾਰਾਂ ਦੀ ਗਿਣਤੀ ਵਿਚ ਪ੍ਰਵਾਸੀ ਸਾਡੇ ਸੂਬੇ ਵਿਚ ਪੁੱਜ ਰਹੇ ਹਨ ਜਿਸ ਨੂੰ ਵੇਖਦਿਆਂ ਕੌਮਾਂਤਰੀ ਸਰਹੱਦ ਪਾਰ ਕਰਨ ਵਾਲਿਆਂ ’ਤੇ ਰੋਕ ਲੱਗਣੀ ਚਾਹੀਦੀ ਹੈ।