ਟਰੂਡੋ ਨੇ ਹੁਣ ਸੰਯੁਕਤ ਰਾਸ਼ਟਰ ’ਚ ਚੁੱਕਿਆ ਨਿੱਜਰ ਦਾ ਮੁੱਦਾ
ਵਾਸ਼ਿੰਗਟਨ, 22 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਨਿੱਜਰ ਕਤਲ ਮਾਮਲੇ ’ਚ ਕੈਨੇਡਾ ਦੀ ਸੰਸਦ ਵਿੱਚ ਭਾਰਤ ਵਿਰੁੱਧ ਬੋਲਣ ਮਗਰੋਂ ਹੁਣ ਸੰਯੁਕਤ ਰਾਸ਼ਟਰ ਵਿੱਚ ਵੀ ਜਸਟਿਨ ਟਰੂਡੋ ਨੇ ਇਹ ਮੁੱਦਾ ਚੁੱਕਿਆ। ਇੱਥੇ ਵੀ ਉਨ੍ਹਾਂ ਨੇ ਕਿਹਾ ਕਿ ਹਰਦੀਪ ਨਿੱਜਰ ਦੇ ਕਤਲ ਵਿੱਚ ਭਾਰਤੀ ਏਜੰਟਾਂ ਦਾ ਹੱਥ ਹੋ ਸਕਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ […]
By : Hamdard Tv Admin
ਵਾਸ਼ਿੰਗਟਨ, 22 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਨਿੱਜਰ ਕਤਲ ਮਾਮਲੇ ’ਚ ਕੈਨੇਡਾ ਦੀ ਸੰਸਦ ਵਿੱਚ ਭਾਰਤ ਵਿਰੁੱਧ ਬੋਲਣ ਮਗਰੋਂ ਹੁਣ ਸੰਯੁਕਤ ਰਾਸ਼ਟਰ ਵਿੱਚ ਵੀ ਜਸਟਿਨ ਟਰੂਡੋ ਨੇ ਇਹ ਮੁੱਦਾ ਚੁੱਕਿਆ। ਇੱਥੇ ਵੀ ਉਨ੍ਹਾਂ ਨੇ ਕਿਹਾ ਕਿ ਹਰਦੀਪ ਨਿੱਜਰ ਦੇ ਕਤਲ ਵਿੱਚ ਭਾਰਤੀ ਏਜੰਟਾਂ ਦਾ ਹੱਥ ਹੋ ਸਕਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਭਾਰਤ ਨੂੰ ਇਸ ਮੁੱਦੇ ਨੂੰ ਗੰਭੀਰਤਾ ਨਾਲ ਲੈਂਦਿਆਂ ਇਸ ਦੀ ਜਾਂਚ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ।
ਉੱਧਰ ਅਮਰੀਕਾ ਵੱਲੋਂ ਇਸ ਮਾਮਲੇ ਵਿੱਚ ਨਵਾਂ ਬਿਆਨ ਸਾਹਮਣੇ ਆਇਆ, ਜਿਸ ਵਿੱਚ ਇਸ ਕੇਸ ਦੀ ਪੜਤਾਲ ਦੀ ਮੰਗ ਦੇ ਨਾਲ ਹੀ ਕਿਹਾ ਗਿਆ ਕਿ ਇਸ ਤਰ੍ਹਾਂ ਦੇ ਕੰਮਾਂ ਲਈ ਕਿਸੇ ਵੀ ਦੇਸ਼ ਨੂੰ ਵਿਸ਼ੇਸ਼ ਛੋਟ ਨਹੀਂ ਦਿੱਤੀ ਜਾਵੇਗੀ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਯੂਐਨ ਯਾਨੀ ਯੁਨਾਈਟੇਡ ਨੇਸ਼ਨ ਵਿੱਚ ਮਨੁੱਖੀ ਅਧਿਕਾਰ ਡਿਕਲੇਅਰ ਕੀਤੇ ਜਾਣ ਦੀ 75ਵੀਂ ਵਰ੍ਹੇਗੰਢ ’ਤੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਕੈਨੇਡਾ ਦੀ ਧਰਤੀ ’ਤੇ ਕੈਨੇਡੀਅਨ ਨਾਗਰਿਕ ਹਰਦੀਪ ਸਿੰਘ ਨਿੱਜਰ ਦੀ ਹੱਤਿਆ ਵਿੱਚ ਭਾਰਤ ਦੇ ਏਜੰਟ ਸ਼ਾਮਲ ਹਨ। ਟਰੂਡੋ ਨੇ ਕਿਹਾ ਕਿ ਜਿਵੇਂ ਉਨ੍ਹਾਂ ਨੇ ਕੈਨੇਡੀਅਨ ਸੰਸਦ ਵਿੱਚ ਸੋਮਵਾਰ ਨੂੰ ਕਿਹਾ ਸੀ ਕਿ ਇਹ ਮੰਨਣ ਦੇ ਭਰੋਸੇਯੋਗ ਕਾਰਨ ਹਨ ਕਿ ਭਾਰਤ ਸਰਕਾਰ ਦੇ ਏਜੰਟ ਕੈਨੇਡਾ ਦੀ ਧਰਤੀ ’ਤੇ ਇੱਕ ਕੈਨੇਡੀਅਨ ਨਾਗਰਿਕ ਦੀ ਹੱਤਿਆ ਵਿੱਚ ਸ਼ਾਮਲ ਸਨ।
ਉਨ੍ਹਾਂ ਨੇ ਭਾਰਤ ਸਰਕਾਰ ਨੂੰ ਇਸ ਮਾਮਲੇ ਦੀ ਜਾਂਚ ਵਿੱਚ ਸਹਿਯੋਗ ਅਤੇ ਅੱਗੇ ਵਧਣ ਦਾ ਸੱਦਾ ਦਿੰਦਿਆਂ ਕਿਹਾ ਕਿ ਉਨ੍ਹਾਂ ਕੋਲ ਸੁਤੰਤਰ ਅਤੇ ਨਿਰਪੱਖ ਨਿਆਇਕ ਵਿਵਸਥਾ ਹੈ, ਠੋਸ ਸਬੂਤ ਅਤੇ ਪ੍ਰਤੀਕਿਰਿਆਵਾਂ ਨੇ ਅਤੇ ਉਹ ਉਨ੍ਹਾਂ ਨੂੰ ਫੌਲੋ ਕਰਨਗੇ। ਉਨ੍ਹਾਂ ਕਿਹਾ ਕਿ ਸੱਚਾਈ ਤੱਕ ਪਹੁੰਚਣ ਲਈ ਭਾਰਤ ਸਰਕਾਰ ਉਨ੍ਹਾਂ ਦਾ ਸਾਥ ਦੇਵੇ।
ਉੱਧਰ ਹੁਣ ਅਮਰੀਕਾ ਵੱਲੋਂ ਇਸ ਮਾਮਲੇ ਨੂੰ ਲੈ ਕੇ ਇੱਕ ਨਵਾਂ ਬਿਆਨ ਸਾਹਮਣੇ ਆਇਆ ਹੈ, ਜਿਸ ਵਿੱਚ ਅਮਰੀਕਾ ਦੇ ਨੈਸ਼ਨਲ ਸਕਿਉਰਿਟੀ ਐਡਵਾਇਜ਼ਰ ਜੈਕ ਸੁਲੀਵਨ ਨੇ ਵਾਈਟ ਹਾਊਸ ਵਿੱਚ ਵੀਰਵਾਰ ਦੇਰ ਰਾਤ ਕਿਹਾ ਕਿ ਉਹ ਹਰਦੀਪ ਸਿੰਘ ਨਿੱਜਰ ਦੇ ਕਤਲ ਮਾਮਲੇ ਵਿੱਚ ਭਾਰਤ ਵਿਰੁੱਧ ਜਾਂਚ ’ਚ ਕੈਨੇਡਾ ਦੇ ਯਤਨਾਂ ਦਾ ਸਮਰਥਨ ਕਰਦੇ ਹਨ। ਉਨ੍ਹਾਂ ਕਿਹਾ ਕਿ ਕੋਈ ਵੀ ਦੇਸ਼ ਹੋਵੇ, ਇਸ ਤਰ੍ਹਾਂ ਦੇ ਕੰਮਾਂ ਲਈ ਕਿਸੇ ਨੂੰ ਵੀ ਵਿਸ਼ੇਸ਼ ਛੂਟ ਨਹੀਂ ਮਿਲੇਗੀ। ਇਸ ਤੋਂ ਇਲਾਵਾ ਫਾਈਨੈਂਸ਼ੀਅਲ ਟਾਈਮਜ਼ ਨੇ ਦਾਅਵਾ ਕੀਤਾ ਹੈ ਕਿ ਜੀ20 ਸੰਮੇਲਨ ਦੌਰਾਨ ਜੋਅ ਬਾਇਡਨ ਸਣੇ ਫਾਈਵ ਆਈਜ਼ ਦੇਸ਼ਾਂ ਨੇ ਕੈਨੇਡਾ ਦੇ ਦੋਸ਼ਾਂ ’ਤੇ ਚਿੰਤਾ ਜਤਾਈ ਸੀ। ਇਨ੍ਹਾਂ ਮੁਲਕਾਂ ਦੇ ਮੁਖੀਆਂ ਨੇ ਪ੍ਰਧਾਨ ਮੰਤਰੀ ਮੋਦੀ ਅੱਗੇ ਨਿੱਜਰ ਦੀ ਮੌਤ ਦਾ ਮੁੱਦਾ ਚੁੱਕਿਆ ਸੀ।
ਦੱਸ ਦੇਈਏ ਕਿ ਨਿੱਜਰ ਮੁੱਦੇ ਨੂੰ ਲੈ ਕੇ ਭਾਰਤ ਅਤੇ ਕੈਨੇਡਾ ਵਿੱਚ ਤਲਖੀ ਤੇਜ਼ੀ ਨਾਲ ਵਧਦੀ ਜਾ ਰਹੀ ਹੈ। ਜਿੱਥੇ ਦੋਵਾਂ ਮੁਲਕਾਂ ਨੇ ਇੱਕ-ਦੂਜੇ ਦੇ ਡਿਪਲੋਮੈਟਸ ਨੂੰ ਦੇਸ਼ ਵਿੱਚ ਕੱਢ ਦਿੱਤਾ, ਉੱਥੇ ਦੋਵਾਂ ਵੱਲੋਂ ਆਪਣੇ ਨਾਗਰਿਕਾਂ ਲਈ ਐਡਵਾਇਜ਼ਰੀ ਵੀ ਜਾਰੀ ਕੀਤੀ ਗਈ। ਭਾਰਤ ਨੇ ਇਸ ਤੋਂ ਵੀ ਇੱਕ ਕਦਮ ਅੱਗੇ ਜਾਂਦੇ ਹੋਏ ਕੈਨੇਡੀਅਨ ਨਾਗਰਿਕਾਂ ਲਈ ਵੀਜ਼ਾ ਸੇਵਾਵਾਂ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀਆਂ। ਉੱਧਰ ਇਸ ਤਣਾਅ ਵਿਚਾਲੇ ਦੋਵਾਂ ਮੁਲਕਾਂ ਦੇ ਨਾਗਰਿਕਾਂ ਵਿੱਚ ਚਿੰਤਾ ਪਾਈ ਜਾ ਰਹੀ ਹੈ।