ਟਰੂਡੋ ਨੇ ਨਾਜ਼ੀ ਫ਼ੌਜੀ ਦੇ ਸਨਮਾਨ ਮਾਮਲੇ ’ਚ ਮੰਗੀ ਮਾਫ਼ੀ
ਔਟਵਾ, 26 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਦੀ ਸੰਸਦ ਵਿੱਚ ਸਾਬਕਾ ਨਾਜ਼ੀ ਫ਼ੌਜੀ ਦਾ ਸਨਮਾਨ ਕੀਤੇ ਜਾਣ ਦੇ ਮਾਮਲੇ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮਾਫ਼ੀ ਮੰਗੀ ਹੈ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਸੰਸਦ ਹੀ ਨਹੀਂ, ਸਗੋਂ ਪੂਰੇ ਕੈਨੇਡਾ ਲਈ ਸ਼ਰਮਿੰਦਗੀ ਵਾਲੀ ਗੱਲ ਹੈ। ਘਟਨਾ ਕਾਫ਼ੀ ਨਿਰਾਸ਼ ਕਰਨ ਵਾਲੀ ਹੈ। ਟਰੂਡੋ ਨੇ ਕਿਹਾ ਕਿ […]
By : Hamdard Tv Admin
ਔਟਵਾ, 26 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਦੀ ਸੰਸਦ ਵਿੱਚ ਸਾਬਕਾ ਨਾਜ਼ੀ ਫ਼ੌਜੀ ਦਾ ਸਨਮਾਨ ਕੀਤੇ ਜਾਣ ਦੇ ਮਾਮਲੇ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮਾਫ਼ੀ ਮੰਗੀ ਹੈ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਸੰਸਦ ਹੀ ਨਹੀਂ, ਸਗੋਂ ਪੂਰੇ ਕੈਨੇਡਾ ਲਈ ਸ਼ਰਮਿੰਦਗੀ ਵਾਲੀ ਗੱਲ ਹੈ। ਘਟਨਾ ਕਾਫ਼ੀ ਨਿਰਾਸ਼ ਕਰਨ ਵਾਲੀ ਹੈ।
ਟਰੂਡੋ ਨੇ ਕਿਹਾ ਕਿ ਸਪਿਕਰ ਨੇ ਇਸ ਮਾਮਲੇ ਵਿੱਚ ਆਪਣੀ ਗ਼ਲਤੀ ਮੰਨ ਲਈ ਅਤੇ ਮਾਫ਼ੀ ਵੀ ਮੰਗੀ, ਪਰ ਕੈਨੇਡਾ ਦੀ ਵਿਰੋਧੀ ਧਿਰ ਸਪੀਕਰ ਦੇ ਅਸਤੀਫ਼ੇ ਦੀ ਮੰਗ ’ਤੇ ਅੜੀ ਹੋਈ ਹੈ।
ਦਰਅਸਲ, ਕੈਨੇਡਾ ਦੇ ਪ੍ਰਧਾਨ ਮੰਤਰੀ ਦਫ਼ਤਰ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੂੰ ਇਸ ਗੱਲ ਦੀ ਭਿਣਕ ਤੱਕ ਨਹੀਂ ਸੀ ਕਿ ਸੰਸਦ ਵਿੱਚ ਨਾਜ਼ੀ ਫ਼ੌਜੀ ਨੂੰ ਕਿਸ ਦੇ ਕਹਿਣ ’ਤੇ ਸੱਦਿਆ ਗਿਆ। ਬਾਅਦ ਵਿੱਚ ਜਾਂਚ ’ਚ ਸਾਹਮਣੇ ਆਇਆ ਕਿ ਹੁੰਕਾ ਨੂੰ ਸਪਿਕਰ ਐਂਥਨੀ ਰੋਟਾ ਨੇ ਬੁਲਾਇਆ ਸੀ।
ਰਿਪੋਰਟ ਮੁਤਾਬਕ ਕੈਨੇਡਾ ਦੀ ਸੰਸਦ ਨੇ ਨਾਜ਼ੀ ਫ਼ੌਜੀ ਨੂੰ 2 ਵਾਰ ਸਟੈਂਡਿੰਗ ਓਵੇਸ਼ਨ ਦਿੱਤਾ ਸੀ। ਇਸ ਦੌਰਾਨਸੰਸਦ ਵਿੱਚ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੋਮੀਰ ਜ਼ੈਲੇਂਸਕੀ ਵੀ ਮੌਜੂਦ ਸਨ, ਜੋ ਖੁਦ ਦੇ ਯਹੂਦੀ ਹੋਣ ਦਾ ਦਾਅਵਾ ਕਰਦੇ ਹਨ। ਉਹ ਜੰਗ ਸ਼ੁਰੂ ਹੋਣ ਬਾਅਦ ਪਹਿਲੀ ਵਾਰ ਕੈਨੇਡਾ ਦੇ ਦੌਰੇ ’ਤੇ ਆਏ ਸੀ।
ਉੱਧਰ ਯੂਕਰੇਨ ਨਾਲ ਜੰਗ ਦੀ ਸ਼ੁਰੂਆਤ ਤੋਂ ਲੈ ਕੇ ਰੂਸ ਦਾਅਵਾ ਕਰਦਾ ਆ ਰਿਹਾ ਹੈ ਕਿ ਉਹ ਨਾਜ਼ੀਆਂ ਵਿਰੁੱਧ ਲੜਾਈ ਲੜ ਰਿਹਾ ਹੈ। ਟਰੂਡੋ ਨੇ ਕਿਹਾ ਕਿ ਰੂਸ ਹੁਣ ਕੈਨੇਡਾ ਦੀ ਘਟਨਾ ਦਾ ਫਾਇਦਾ ਚੁੱਕੇਗਾ। ਸਾਨੂੰ ਰੂਸੀ ਪ੍ਰੋਪੇਗੰਡਾ ਨੂੰ ਰੋਕਣਾ ਚਾਹੀਦਾ ਹੈ। ਉੱਥੇ ਹੀ ਕੈਨੇਡਾ ਦੀ ਵਿਰੋਧੀ ਧਿਰ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਪਿਅਰ ਪੌਇਲੀਐਵ ਨੇ ਸਾਰਾ ਦੋਸ਼ ਜਸਟਿਨ ਟਰੂਡੋ ’ਤੇ ਲਾਇਆ।
ਕੈਨੇਡਾ ਦੀ ਸੰਸਦ ਦੇ ਸਪਿਕਰ ਨੇ ਸਾਰਾ ਦੋਸ਼ ਖੁਦ ਲੈ ਕੇ ਮਾਫ਼ੀ ਤਾਂ ਮੰਗ ਲਈ, ਪਰ ਇਸ ਬਾਰੇ ਕੁਝ ਨਹੀਂ ਕਿਹਾ ਕਿ ਉਹ ਅਸਤੀਫ਼ਾ ਦੇਣਗੇ ਜਾਂ ਨਹੀਂ। ਸਪਿਕਰ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਨਾਜ਼ੀ ਫ਼ੌਜੀ ਯਾਰੋਸਲਾਵ ਹੁੰਕਾ ਦੂਜੀ ਵਿਸ਼ਵ ਜੰਗ ਵਿੱਚ ਹਿਟਲਰ ਵੱਲੋਂ ਲੜਿਆ ਸੀ। ਉੱਧਰ ਕੈਨੇਡਾ ਦੀ ਸੰਸਦ ਦੀ ਨੇਤਾ ਕੈਰਿਨਾ ਗੋਲਡ ਇੱਕ ਯਹੂਦੀ ਭਾਈਚਾਰੇ ਨਾਲ ਸਬੰਧਤ ਹਨ। ਹਿਟਲਰ ਦੇ ਨਾਜ਼ੀ ਫ਼ੌਜੀਆਂ ਨੇ ਦੂਜੀ ਵਿਸ਼ਵ ਜੰਗ ਸਮੇਂ ਲੱਖਾਂ ਯਹੂਦੀਆਂ ਦੀ ਜਾਨ ਲੈ ਲਈ ਸੀ।