ਟਰੈਵਲ ਏਜੰਟ ਨੇ ਮੁੰਡੇ ਨਾਲ ਮਾਰੀ ਠੱਗੀ, ਸਦਮੇ ’ਚ ਪਿਤਾ ਦੀ ਮੌਤ
ਅਬੋਹਰ, 7 ਫਰਵਰੀ :ਭਾਵੇਂ ਕਿ ਪੰਜਾਬ ਸਰਕਾਰ ਵੱਲੋਂ ਠੱਗ ਟਰੈਵਲ ਏਜੰਟਾਂ ਵਿਰੁੱਧ ਤਕੜਾ ਸ਼ਿਕੰਜਾ ਕਸਿਆ ਜਾ ਰਿਹਾ ਏ ਪਰ ਇਸ ਦੇ ਬਾਵਜੂਦ ਕੁੱਝ ਟਰੈਵਲ ਏਜੰਟ ਲੋਕਾਂ ਨਾਲ ਠੱਗੀਆਂ ਮਾਰਨ ਤੋਂ ਬਾਜ਼ ਨਹੀਂ ਆ ਰਹੇ। ਤਾਜ਼ਾ ਮਾਮਲਾ ਅਬੋਹਰ ਤੋਂ ਸਾਹਮਣੇ ਆਇਆ ਏ, ਜਿੱਥੇ ਇਕ ਟਰੈਵਲ ਏਜੰਟ ਨੇ ਕਥਿਤ ਤੌਰ ’ਤੇ ਨੌਜਵਾਨ ਨੂੰ ਗ਼ਲਤ ਤਰੀਕੇ ਨਾਲ ਇੰਗਲੈਂਡ […]
By : Makhan Shah
ਅਬੋਹਰ, 7 ਫਰਵਰੀ :ਭਾਵੇਂ ਕਿ ਪੰਜਾਬ ਸਰਕਾਰ ਵੱਲੋਂ ਠੱਗ ਟਰੈਵਲ ਏਜੰਟਾਂ ਵਿਰੁੱਧ ਤਕੜਾ ਸ਼ਿਕੰਜਾ ਕਸਿਆ ਜਾ ਰਿਹਾ ਏ ਪਰ ਇਸ ਦੇ ਬਾਵਜੂਦ ਕੁੱਝ ਟਰੈਵਲ ਏਜੰਟ ਲੋਕਾਂ ਨਾਲ ਠੱਗੀਆਂ ਮਾਰਨ ਤੋਂ ਬਾਜ਼ ਨਹੀਂ ਆ ਰਹੇ। ਤਾਜ਼ਾ ਮਾਮਲਾ ਅਬੋਹਰ ਤੋਂ ਸਾਹਮਣੇ ਆਇਆ ਏ, ਜਿੱਥੇ ਇਕ ਟਰੈਵਲ ਏਜੰਟ ਨੇ ਕਥਿਤ ਤੌਰ ’ਤੇ ਨੌਜਵਾਨ ਨੂੰ ਗ਼ਲਤ ਤਰੀਕੇ ਨਾਲ ਇੰਗਲੈਂਡ ਭੇਜ ਦਿੱਤਾ, ਜਿੱਥੇ ਨੌਜਵਾਨ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਏ, ਜਿਵੇਂ ਹੀ ਇਹ ਗੱਲ ਨੌਜਵਾਨ ਦੇ ਪਿਤਾ ਨੂੰ ਪਤਾ ਚੱਲੀ, ਸਦਮੇ ਕਾਰਨ ਉਸ ਦੀ ਮੌਤ ਹੋ ਗਈ ਕਿਉਂਕਿ ਉਸ ਨੇ ਸਾਢੇ 24 ਲੱਖ ਰੁਪਏ ਲਗਾ ਕੇ ਪੁੱਤ ਨੂੰ ਵਿਦੇਸ਼ ਭੇਜਿਆ ਸੀ।
ਅਬੋਹਰ ਪੁਲਿਸ ਵਿਚ ਹੋਮ ਗਾਰਡ ਦੀ ਨੌਕਰੀ ਕਰਨ ਵਾਲੇ ਵਿਅਕਤੀ ਨੇ ਆਪਣੇ ਪੁੱਤਰ ਨੂੰ ਸਾਢੇ 24 ਲੱਖ ਰੁਪਏ ਲਗਾ ਕੇ ਇੰਗਲੈਂਡ ਭੇਜਿਆ ਸੀ ਪਰ ਜਦੋਂ ਉਸ ਨੂੰ ਪਤਾ ਚੱਲਿਆ ਕਿ ਉਸ ਦੇ ਪੁੱਤਰ ਨਾਲ ਟਰੈਵਲ ਏਜੰਟ ਵੱਲੋਂ ਧੋਖਾ ਕੀਤਾ ਗਿਆ ਏ ਤਾਂ ਸਦਮਾ ਨਾ ਸਹਾਰਦੇ ਹੋਏ ਉਸ ਦੀ ਮੌਤ ਹੋ ਗਈ। ਅਬੋਹਰ ਦੇ ਥਾਣਾ ਰੋਡ ਸਥਿਤ ਕੁਆਟਰ ਵਿਚ ਰਹਿਣ ਵਾਲੇ ਮੇਜਰ ਸਿੰਘ ਹੋਮਗਾਰਡ ਦੀ ਬੇਟੀ ਰਮਨਦੀਪ ਕੌਰ ਨੇ ਦੱਸਿਆ ਕਿ ਉਸ ਦੇ ਭਰਾ ਗਗਨਦੀਪ ਸਿੰਘ ਨੂੰ ਕੁੱਝ ਮਹੀਨੇ ਪਹਿਲਾਂ ਉਸ ਦੇ ਪਿਤਾ ਨੇ ਆਪਣਾ ਪੁਸ਼ਤੈਨੀ ਘਰ ਵੇਚ ਕੇ ਅਤੇ ਸਾਰੀ ਪੂੰਜੀ ਲਗਾ ਕੇ ਇੰਗਲੈਂਡ ਭੇਜਿਆ ਸੀ।
ਉਸ ਨੇ ਦੱਸਿਆ ਕਿ ਅਰਨੀਵਾਲਾ ਦੀ ਇਕ ਟਰੈਵਲ ਏਜੰਸੀ ਦੇ ਜ਼ਰੀਏ ਉਨ੍ਹਾਂ ਨੇ ਆਪਣੇ ਭਰਾ ਦੀ ਫਾਈਲ ਅਪਲਾਈ ਕੀਤੀ ਸੀ ਅਤੇ ਕੰਪਨੀ ਨੇ ਉਨ੍ਹਾਂ ਕੋਲੋਂ ਕਰੀਬ ਸਾਢੇ 24 ਲੱਖ ਰੁਪਏ ਲਏ ਸੀ। ਰਮਨਦੀਪ ਨੇ ਦੱਸਿਆ ਕਿ ਉਸ ਦੇ ਭਰਾ ਦਾ ਫ਼ੋਨ ਆਇਆ ਸੀ ਅਤੇ ਉਹ ਆਖ ਰਿਹਾ ਸੀ ਕਿ ਇੰਗਲੈਂਡ ਦੇ ਅਧਿਕਾਰੀ ਨੂੰ ਟੈਕਸ ਜਮ੍ਹਾਂ ਕਰਨ ਦੇ ਲਈ ਪਰੇਸ਼ਾਨ ਕਰ ਰਹੇ ਨੇ ਕਿਉਂਕਿ ਇਮੀਗ੍ਰੇਸ਼ਨ ਵਾਲਿਆਂ ਨੇ ਉਸ ਨੂੰ ਸਹੀ ਤਰੀਕੇ ਨਾਲ ਵਿਦੇਸ਼ ਨਹੀਂ ਭੇਜਿਆ ਪਰ ਜਦੋਂ ਇਹ ਗੱਲ ਉਸ ਦੇ ਪਿਤਾ ਮੇਜਰ ਸਿੰਘ ਨੂੰ ਪਤਾ ਚੱਲੀ ਤਾਂ ਉਹ ਡਿਪ੍ਰੈਸ਼ਨ ਵਿਚ ਚਲੇ ਗਏ ਅਤੇ ਸਦਮਾ ਨਾ ਸਹਾਰਦੇ ਹੋਏ ਉਨ੍ਹਾਂ ਦੀ ਮੌਤ ਹੋ ਗਈ।
ਮ੍ਰਿਤਕ ਮੇਜਰ ਸਿੰਘ ਦੀ ਬੇਟੀ ਮੁਤਾਬਕ ਉਨ੍ਹਾਂ ਵੱਲੋਂ 26 ਦਸੰਬਰ ਨੂੰ ਪੁਲਿਸ ਕੋਲ ਟਰੈਵਲ ਏਜੰਟ ਦੀ ਧੋਖਾਧੜੀ ਵਿਰੁੱਧ ਸ਼ਿਕਾਇਤ ਦਿੱਤੀ ਗਈ ਸੀ ਪਰ ਅਜੇ ਤੱਕ ਉਸ ਦੇ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਮੰਗ ਕੀਤੀ ਕਿ ਧੋਖਾਧੜੀ ਕਰਨ ਵਾਲੇ ਟਰੈਵਲ ਏਜੰਟ ਦੇ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਉਨ੍ਹਾਂ ਦੇ ਪੈਸੇ ਵਾਪਸ ਕਰਵਾਏ ਜਾਣ।
ਮੇਜਰ ਸਿੰਘ ਦੀ ਮੌਤ ਤੋਂ ਬਾਅਦ ਪੀੜਤ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਐ। ਜਿਹੜਾ ਪਰਿਵਾਰ ਬੇਟੇ ਦੇ ਇੰਗਲੈਂਡ ਜਾਣ ਤੋਂ ਕੁੱਝ ਦਿਨ ਪਹਿਲਾਂ ਇੰਨਾ ਖ਼ੁਸ਼ ਸੀ, ਉਨ੍ਹਾਂ ਦੀਆਂ ਖ਼ੁਸ਼ੀਆਂ ਮਾਤਮ ਵਿਚ ਬਦਲ ਗਈਆਂ। ਫਿਲਹਾਲ ਪਰਿਵਾਰ ਵੱਲੋਂ ਟਰੈਵਲ ਏਜੰਟ ’ਤੇ ਕਾਰਵਾਈ ਦੀ ਮੰਗ ਕਰਦਿਆਂ ਇਨਸਾਫ਼ ਦੀ ਗੁਹਾਰ ਲਗਾਈ ਜਾ ਰਹੀ ਐ ਪਰ ਦੇਖਣਾ ਹੋਵੇਗਾ ਕਿ ਪੁਲਿਸ ਵੱਲੋਂ ਇਸ ਮਾਮਲੇ ਵਿਚ ਕੀ ਕਾਰਵਾਈ ਕੀਤੀ ਜਾਂਦੀ ਐ।