Begin typing your search above and press return to search.

ਇੰਝ ਦਿੱਤੀ ਜਾਂਦੀ ਹੈ ਫਾਂਸੀ, ਜਾਣੋ ਪੂਰੀ ਪ੍ਰਕਿਰਿਆ

ਚੰਡੀਗੜ੍ਹ, (ਸ਼ਾਹ) : ਜਦੋਂ ਕਿਸੇ ਵੱਡੇ ਅਪਰਾਧੀ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਂਦੀ ਝ ਤਾਂ ਅਕਸਰ ਹੀ ਸਾਡੇ ਜ਼ਿਹਨ ਵਿਚ ਕਈ ਸਵਾਲ ਪੈਦਾ ਹੁੰਦੇ ਨੇ ਕਿ ਦੋਸ਼ੀ ਨੂੰ ਫਾਂਸੀ ਕਿਵੇਂ ਦਿੱਤੀ ਜਾਂਦੀ ਹੈ ? ਜਾਂ ਕੀ ਸੱਚਮੁੱਚ ਹੀ ਫਾਂਸੀ ਦੇਣ ਤੋਂ ਪਹਿਲਾਂ ਦੋਸ਼ੀ ਨੂੰ ਆਖ਼ਰੀ ਇੱਛਾ ਪੁੱਛੀ ਜਾਂਦੀ ਹੈ ? ਜਾਂ ਇਹ ਕਿ ਫਾਂਸੀ ਦੇਣ […]

ਇੰਝ ਦਿੱਤੀ ਜਾਂਦੀ ਹੈ ਫਾਂਸੀ, ਜਾਣੋ ਪੂਰੀ ਪ੍ਰਕਿਰਿਆ
X

Hamdard Tv AdminBy : Hamdard Tv Admin

  |  6 Sept 2023 9:38 AM IST

  • whatsapp
  • Telegram

ਚੰਡੀਗੜ੍ਹ, (ਸ਼ਾਹ) : ਜਦੋਂ ਕਿਸੇ ਵੱਡੇ ਅਪਰਾਧੀ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਂਦੀ ਝ ਤਾਂ ਅਕਸਰ ਹੀ ਸਾਡੇ ਜ਼ਿਹਨ ਵਿਚ ਕਈ ਸਵਾਲ ਪੈਦਾ ਹੁੰਦੇ ਨੇ ਕਿ ਦੋਸ਼ੀ ਨੂੰ ਫਾਂਸੀ ਕਿਵੇਂ ਦਿੱਤੀ ਜਾਂਦੀ ਹੈ ? ਜਾਂ ਕੀ ਸੱਚਮੁੱਚ ਹੀ ਫਾਂਸੀ ਦੇਣ ਤੋਂ ਪਹਿਲਾਂ ਦੋਸ਼ੀ ਨੂੰ ਆਖ਼ਰੀ ਇੱਛਾ ਪੁੱਛੀ ਜਾਂਦੀ ਹੈ ? ਜਾਂ ਇਹ ਕਿ ਫਾਂਸੀ ਦੇਣ ਤੋਂ ਪਹਿਲਾਂ ਜੱਲਾਦ ਵੱਲੋਂ ਦੋਸ਼ੀ ਦੇ ਕੰਨ ਵਿਚ ਕਿਹੜੀ ਗੱਲ ਆਖੀ ਜਾਂਦੀ ਹੈ ? ਦਰਅਸਲ ਫਾਂਸੀ ਦੇਣ ਦੇ ਕੁੱਝ ਖ਼ਾਸ ਨਿਯਮ ਹੁੰਦੇ ਨੇ, ਜਿਨ੍ਹਾਂ ਦੇ ਤਹਿਤ ਹੀ ਦੋਸ਼ੀ ਨੂੰ ਫਾਂਸੀ ’ਤੇ ਲਟਕਾਇਆ ਜਾਂਦੈ ਅਤੇ ਇਨ੍ਹਾਂ ਬਾਰੇ ਜਾਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ। ਸੋ ਆਓ ਤੁਹਾਨੂੰ ਦੱਸਦੇ ਆਂ ਕਿ ਦੋਸ਼ੀ ਨੂੰ ਕਿਵੇਂ ਦਿੱਤੀ ਜਾਂਦੀ ਹੈ ਫਾਂਸੀ ਅਤੇ ਕਿਹੜੀ ਆਖ਼ਰੀ ਇੱਛਾ ਕੀਤੀ ਜਾਂਦੀ ਹੈ ਪੂਰੀ?


ਦਰਅਸਲ ਅਦਾਲਤ ਦੋਂ ਦੋਸ਼ੀ ਨੂੰ ਮੌਤ ਦੀ ਸਜ਼ਾ ਮਿਲਣ ਤੋਂ ਬਾਅਦ ਡੈੱਥ ਵਾਰੰਟ ਜਾਂ ਬਲੈਕ ਵਾਰੰਟ ਜਾਰੀ ਕੀਤਾ ਜਾਂਦਾ ਏ। ਇਸ ਪੇਪਰ ਦੇ ਚਾਰੇ ਪਾਸੇ ਕਾਲੇ ਰੰਗ ਦੀ ਧਾਰੀ ਬਣੀ ਹੁੰਦੀ ਹੈ , ਜਿਸ ਨੂੰ ਦੋਸ਼ੀ ਦੇ ਸਾਹਮਣੇ ਹੀ ਤਿਆਰ ਕੀਤਾ ਜਾਂਦਾ ਏ। ਡੈੱਥ ਵਾਰੰਟ ਬਣਾਉਣ ਮਗਰੋਂ ਜਿਸ ਕਲਮ ਨਾਲ ਉਸ ਨੂੰ ਲਿਖਿਆ ਜਾਂਦਾ ਏ, ਉਸ ਕਲਮ ਨੂੰ ਵੀ ਤੁਰੰਤ ਤੋੜ ਦਿੱਤਾ ਜਾਂਦੈ ਜੋ ਇਸ ਗੱਲ ਦੀ ਨਿਸ਼ਾਨੀ ਹੁੰਦੀ ਹੈ ਕਿ ਦੋਸ਼ੀ ਦੀ ਜ਼ਿੰਦਗੀ ਵੀ ਖ਼ਤਮ ਹੋਣ ਵਾਲੀ ਹੈ।

ਜੱਜ ਸਾਹਿਬ ਵੱਲੋਂ ਕਲਮ ਤੋੜੇ ਜਾਣ ਦਾ ਦਾ ਦੂਜਾ ਤਰਕ ਇਹ ਵੀ ਹੈ ਕਿ ਉਨ੍ਹਾਂ ਨੂੰ ਦੁਬਾਰਾ ਅਜਿਹੇ ਕਿਸੇ ਹੋਰ ਡੈੱਥ ਵਾਰੰਟ ’ਤੇ ਦਸਤਖ਼ਤ ਨਾ ਕਰਨੇ ਪੈਣ। ਫਿਰ ਵਾਰੰਟ ਦੀ ਇਕ ਕਾਪੀ ਵਕੀਲ ਨੂੰ ਦਿੱਤੀ ਜਾਂਦੀ ਹੈ ਅਤੇ ਇਕ ਦੋਸ਼ੀ ਦੇ ਪਰਿਵਾਰ ਨੂੰ। ਜੇਕਰ ਦੋਸ਼ੀ ਕਿਸੇ ਕਾਰਨ ਜੱਜ ਦੇ ਸਾਹਮਣੇ ਪੇਸ਼ ਨਹੀਂ ਹੋ ਸਕਦਾ ਤਾਂ ਉਸ ਨੂੰ ਵੀਡੀਓ ਕਾਨਫਰੰਸਿੰਗ ਜ਼ਰੀਏ ਫਾਂਸੀ ਬਾਰੇ ਦੱਸਿਆ ਜਾਂਦਾ ਏ। ਜੇਕਰ ਦੋਸ਼ੀ ਨੂੰ ਵਾਰੰਟ ਵਿਚ ਕਿਸੇ ਤਰ੍ਹਾਂ ਦੀ ਤਰੁੱਟੀ ਨਜ਼ਰ ਆਉਂਦੀ ਹੈ ਤਾਂ ਉਹ ਆਪਣੇ ਵਕੀਲ ਦੇ ਜ਼ਰੀਏ ਇਸ ਦੇ ਖ਼ਿਲਾਫ਼ ਅਰਜ਼ੀ ਦਾਇਰ ਕਰ ਸਕਦਾ ਏ।

14 ਦਿਨਾਂ ਦਾ ਸਮਾਂ ਜ਼ਰੂਰੀ

ਨਿਯਮਾਂ ਮੁਤਾਬਕ ਡੈੱਥ ਵਾਰੰਟ ਰਿਲੀਜ਼ ਕਰਨ ਅਤੇ ਫਾਂਸੀ ਦੀ ਤੈਅ ਤਰੀਕ ਦੇ ਵਿਚਕਾਰ 14 ਦਿਨਾਂ ਦਾ ਸਮਾਂ ਹੋਣਾ ਜ਼ਰੂਰੀ ਹੁੰਦੈ। ਇਸ ਦੌਰਾਨ ਸਜ਼ਾਯਾਫ਼ਤਾ ਨੂੰ ਬਾਕੀ ਕੈਦੀਆਂ ਤੋਂ ਵੱਖਰਾ ਰੱਖਿਆ ਜਾਂਦਾ ਏ, ਹਾਲਾਂਕਿ ਉਹ ਬਾਕੀ ਕੈਦੀਆਂ ਨੂੰ ਮਿਲ ਸਕਦਾ ਏ ਪਰ ਉਨ੍ਹਾਂ ਦੇ ਨਾਲ ਖਾਣਾ ਨਹੀਂ ਖਾ ਸਕਦਾ ਅਤੇ ਜ਼ਿਆਦਾ ਸਮਾਂ ਨਹੀਂ ਬਿਤਾ ਸਕਦਾ। ਇਸ ਤੋਂ ਇਲਾਵਾ ਦੋਸ਼ੀ ਨੂੰ ਤੈਅ ਸਮੇਂ ਦੇ ਲਈ ਕੈਦਖ਼ਾਨੇ ਤੋਂ ਨਿਕਲ ਕੇ ਘੁੰਮਣ ਅਤੇ ਖੇਡਣ ਦਾ ਸਮਾਂ ਦਿੱਤਾ ਜਾਂਦਾ ਏ ਪਰ ਉਸ ਨੂੰ ਇਕੱਲੇ ਹੀ ਰਹਿਣਾ ਪੈਂਦਾ ਏ।

ਦੋਸ਼ੀ ਚਾਹੇ ਤਾਂ ਇਸ ਦੌਰਾਨ ਆਪਣੇ ਪਰਿਵਾਰ ਵਾਲਿਆਂ ਅਤੇ ਦੋਸਤਾਂ ਨੂੰ ਮਿਲ ਸਕਦਾ ਏ। ਉਹ ਇਕ ਤੋਂ ਜ਼ਿਆਦਾ ਉਨ੍ਹਾਂ ਨੂੰ ਮਿਲਣ ਲਈ ਬੁਲਾ ਸਕਦਾ ਏ ਅਤੇ ਉਨ੍ਹਾਂ ਦੇ ਨਾਲ ਸਮਾਂ ਬਿਤਾ ਸਕਦਾ ਏ। ਦਰਅਸਲ 14 ਦਿਨ ਦਾ ਸਮਾਂ ਇਸ ਲਈ ਤੈਅ ਕੀਤਾ ਜਾਂਦਾ ਏ ਤਾਂਕਿ ਦੋਸ਼ੀ ਖ਼ੁਦ ਨੂੰ ਮਾਨਸਿਕ ਤੌਰ ’ਤੇ ਤਿਆਰ ਕਰ ਸਕੇ। ਕੀ ਵਾਕਈ ਫਾਂਸੀ ਦੇ ਦੋਸ਼ੀ ਨੂੰ ਆਖ਼ਰੀ ਇੱਛਾ ਪੁੱਛੀ ਜਾਂਦੀ ਹੈ? ਤਾਂ ਆਓ ਜਾਣਦੇ ਆਂ ਹੁਣ ਇਸ ਸਵਾਲ ਦਾ ਜਵਾਬ।

ਕੀ ਦੋਸ਼ੀ ਨੂੰ ਸੱਚਮੁੱਚ ਪੁੱਛੀ ਜਾਂਦੀ ਹੈ ਆਖ਼ਰੀ ਇੱਛਾ?
ਫਿਲਮਾਂ ਵਿਚ ਅਕਸਰ ਦੇਖਿਆ ਜਾਂਦਾ ਏ ਕਿ ਸਜ਼ਾਯਾਫ਼ਤਾ ਨੂੰ ਫਾਂਸੀ ’ਤੇ ਚੜ੍ਹਾਉਣ ਤੋਂ ਪਹਿਲਾਂ ਉਸਦੀ ਆਖ਼ਰੀ ਇੱਛਾ ਪੁੱਛੀ ਜਾਂਦੀ ਹੈ ਪਰ ਕੀ ਹਕੀਕਤ ਵਿਚ ਅਜਿਹਾ ਹੁੰਦਾ ਏ? ਇਹ ਸਵਾਲ ਕਈ ਲੋਕਾਂ ਦੇ ਮਨ ਵਿਚ ਆਉਂਦਾ ਹੋਵੇਗਾ। ਕਈ ਲੋਕ ਸੋਚਦੇ ਹੋਣਗੇ ਕਿ ਆਪਣੀ ਆਖ਼ਰੀ ਇੱਛਾ ਵਿਚ ਜੇਕਰ ਕੈਦੀ ਆਪਣੀ ਜ਼ਿੰਦਗੀ ਮੰਗ ਲਵੇ ਤਾਂ ਕੀ ਉਸ ਨੂੰ ਫਾਂਸੀ ’ਤੇ ਨਹੀਂ ਲਟਕਾਇਆ ਜਾਂਦਾ? ਪਰ ਇਹ ਸੱਚ ਨਹੀਂ ਹੈ। ਦਰਅਸਲ ਕੈਦੀ ਤੋਂ ਉਸ ਦੀ ਆਖ਼ਰੀ ਇੱਛਾ ਇਸ ਬਾਰੇ ਵਿਚ ਪੁੱਛੀ ਜਾਂਦੀ ਹੈ ਕਿ ਉਹ ਆਖ਼ਰੀ ਵਾਰ ਕਿਸ ਨੂੰ ਮਿਲਣਾ ਚਾਹੁੰਦਾ ਏ ਅਤੇ ਖ਼ਾਸ ਕਰਕੇ ਕੀ ਖਾਣਾ ਚਾਹੁੰਦਾ ਏ?

ਜੇਕਰ ਕੈਦੀ ਇਸ ਤੋਂ ਹਟ ਕੇ ਕੋਈ ਚੀਜ਼ ਮੰਗਦਾ ਏ ਤਾਂ ਨਿਯਮਾਂ ਮੁਤਾਬਕ ਦੇਖਿਆ ਜਾਂਦਾ ਏ ਕਿ ਉਹ ਇੱਛਾ ਪੂਰੀ ਕੀਤੀ ਜਾ ਸਕਦੀ ਹੈ ਜਾਂ ਨਹੀਂ। ਜੇਕਰ ਉਸ ਨੂੰ ਪੂਰਾ ਕਰਨ ਵਿਚ ਜ਼ਿਆਦਾ ਸਮਾਂ ਲੱਗ ਸਕਦਾ ਏ ਤਾਂ ਉਸ ਨੂੰ ਅਸਵੀਕਾਰ ਮੰਨਿਆ ਜਾਂਦਾ ਏ। ਆਪਣੇ ਆਖ਼ਰੀ 14 ਦਿਨਾਂ ਵਿਚ ਦੋਸ਼ੀ ਆਪਣੇ ਪਸੰਦ ਦੀ ਕਿਤਾਬ ਪੜ੍ਹਨ ਲਈ ਮੰਗ ਸਕਦਾ ਏ, ਤਾਂ ਉਸ ਨੂੰ ਤੁਰੰਤ ਉਹ ਕਿਤਾਬ ਮੁਹੱਈਆ ਕਰਵਾਈ ਜਾਂਦੀ ਹੈ। ਜੇਕਰ ਮੁਜ਼ਰਿਮ ਆਪਣੇ ਆਖ਼ਰੀ ਸਮੇਂ ਵਿਚ ਪੰਡਿਤ, ਮੌਲਵੀ ਜਾਂ ਕਿਸੇ ਹੋਰ ਨੂੰ ਸ਼ਾਮਲ ਕਰਨਾ ਚਾਹੁੰਦਾ ਏ ਤਾਂ ਇਸ ਗੱਲ ਨੂੰ ਲਿਖ ਕੇ ਦੇ ਸਕਦਾ ਏ।

ਚੜ੍ਹਦੇ ਸੂਰਜ ਸਮੇਂ ਹੀ ਕਿਉਂ ਦਿੱਤੀ ਜਾਂਦੀ ਹੈ ਫਾਂਸੀ?

ਫਾਂਸੀ ਦੇ ਦੋਸ਼ੀ ਨੂੰ ਚੜ੍ਹਦੇ ਸੂਰਜ ਦੇ ਸਮੇਂ ਫ਼ਾਂਸੀ ਦਿੱਤੀ ਜਾਂਦੀ ਹੈ। ਅਜਿਹਾ ਇਸ ਲਈ ਕੀਤਾ ਜਾਂਦਾ ਏ, ਤਾਂਕਿ ਜੇਲ੍ਹ ਵਿਚ ਬਾਕੀ ਕੈਦੀਆਂ ਅਤੇ ਅਧਿਕਾਰੀਆਂ ਦੇ ਕੰਮ ਵਿਚ ਰੁਕਾਵਟ ਨਾ ਆਵੇ। ਦੂਜਾ ਕਾਰਨ ਇਹ ਹੁੰਦਾ ਹੇ ਕਿ ਇਸ ਤੋਂ ਬਾਅਦ ਪਰਿਵਾਰ ਵਾਲਿਆਂ ਨੂੰ ਦੋਸ਼ੀ ਦਾ ਅੰਤਿਮ ਸਸਕਾਰ ਕਰਨ ਦਾ ਸਮਾਂ ਮਿਲ ਜਾਂਦਾ ਏ। ਫੰਧੇ ’ਤੇ ਲਟਕਾਉਣ ਦਾ ਸਮਾਂ ਮੌਸਮ ਮੁਤਾਬਕ ਤੈਅ ਕੀਤਾ ਜਾਂਦਾ ਏ। ਨਵੰਬਰ ਤੋਂ ਫਰਵਰੀ ਯਾਨੀ ਸਰਦੀ ਦੇ ਮੌਸਮ ਵਿਚ ਸਵੇਰੇ 8 ਵਜੇ ਦਾ ਸਮਾਂ ਤੈਅ ਕੀਤਾ ਜਾਂਦਾ ਏ, ਉਥੇ ਹੀ ਮਾਰਚ ਅਪ੍ਰੈਲ ਸਤੰਬਰ ਅਤੇ ਅਕਤੂਬਰ ਦੇ ਮਹੀਨੇ ਵਿਚ ਸਵੇਰੇ 7 ਵਜੇ, ਜਦਕਿ ਮਈ ਤੋਂ ਅਗਸਤ ਤੱਕ ਯਾਨੀ ਗਰਮੀ ਵਿਚ ਸਵੇਰੇ 6 ਵਜੇ ਫਾਂਸੀ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਕੈਦੀ ਨੂੰ ਕਿਸੇ ਜਨਤਕ ਛੁੱਟੀ ਵਾਲੇ ਦਿਨ ਫਾਂਸੀ ਨਹੀਂ ਦਿੱਤੀ ਜਾਂਦੀ।

ਕੈਦੀ ਨੂੰ ਫਾਂਸੀ ’ਤੇ ਲਟਕਾਉਣ ਦੀ ਪੂਰੀ ਜ਼ਿੰਮੇਵਾਰੀ ਜੇਲ੍ਹ ਸੁਪਰਡੈਂਟ ਦੀ ਹੁੰਦੀ ਹੈ। ਇਨ੍ਹਾਂ 14 ਦਿਨਾਂ ਵਿਚ ਮੈਡੀਕਲ ਅਫ਼ਸਰ ਉਸ ਦੀ ਲੰਬਾਈ ਅਤੇ ਵਜ਼ਨ ਦੇ ਆਧਾਰ ’ਤੇ ਇਹ ਤੈਅ ਕਰਦਾ ਏ ਕਿ ਫਾਂਸੀ ਦੇ ਤਖ਼ਤੇ ਦੇ ਹੇਠਾਂ ਕਿੰਨੀ ਡੂੰਘਾਈ ਹੋਣੀ ਚਾਹੀਦੀ ਹੈ। ਇਸ ਮਗਰੋਂ ਉਸ ਦੇ ਅਨੁਸਾਰ ਹੀ ਫਾਂਸੀ ਦੀ ਤਖ਼ਤਾ ਅਤੇ ਬਾਕੀ ਚੀਜ਼ਾਂ ਦਾ ਪ੍ਰਬੰਧ ਕੀਤਾ ਜਾਂਦਾ ਏ। ਇਸ ਦੌਰਾਨ ਅਧਿਕਾਰੀ ਇਸ ਗੱਲ ਦਾ ਵੀ ਖ਼ਾਸ ਧਿਆਨ ਰੱਖਦੇ ਨੇ ਕਿ ਦੋਸ਼ੀ ਦੇ ਵਜ਼ਨ ਵਿਚ ਜ਼ਿਆਦਾ ਫ਼ਰਕ ਨਾ ਆਵੇ।

ਜਦੋਂ ਫਾਂਸੀ ਦੇਣ ਵਿਚ ਮਹਿਜ਼ ਦੋ ਦਿਨ ਬਾਕੀ ਰਹਿ ਜਾਂਦੇ ਨੇ ਤਾਂ ਰੇਤੇ ਦੀ ਬੋਰੀ ਨੂੰ ਲਟਕਾ ਕੇ ਦੇਖਿਆ ਜਾਂਦਾ ਏ ਕਿ ਰੱਸੀ ਉਸ ਦਾ ਵਜ਼ਨ ਝੱਲ ਸਕੇਗੀ ਜਾਂ ਨਹੀਂ। ਇਸ ਟ੍ਰਾਇਲ ਦੌਰਾਨ ਹੀ ਤੈਅ ਕੀਤਾ ਜਾਂਦਾ ਏ ਕਿ ਕਿਹੜੀ ਰੱਸੀ ਦਾ ਆਰਡਰ ਦਿੱਤਾ ਜਾਵੇ। ਫਾਂਸੀ ਦੀ ਤਰੀਕ ਤੈਅ ਹੋਣ ਤੋਂ ਬਾਅਦ ਜੱਲਾਦ ਨੂੰ ਵੀ ਇਸ ਦੀ ਜਾਣਕਾਰੀ ਦੇ ਦਿੱਤੀ ਜਾਂਦੀ ਹੈ। ਤਰੀਕ ਤੈਅ ਹੋਣ ਦੇ ਦੋ ਦਿਨ ਪਹਿਲਾਂ ਜੱਲਾਦ ਜੇਲ੍ਹ ਪਹੁੰਚ ਜਾਂਦਾ ਏ। ਉਹ ਦੇਖਦਾ ਏ ਕਿ ਸਾਰੇ ਪ੍ਰਬੰਧ ਠੀਕ ਤਰੀਕੇ ਨਾਲ ਹੋ ਗਏ ਹਨ ਜਾਂ ਨਹੀਂ। ਦਰਅਸਲ ਇਹ ਵੀ ਸੁਪਰਡੈਂਟ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਤੈਅ ਕਰੇ ਕਿ ਫਾਂਸੀ ਦੇਣ ਲਈ ਕਿਸ ਜੱਲਾਦ ਨੂੰ ਬੁਲਾਉਣਾ ਏ।


ਫਾਂਸੀ ਵਾਲੇ ਦਿਨ ਜੱਲਾਦ ਸਭ ਤੋਂ ਪਹਿਲਾਂ ਸਵੇਰੇ ਉਠ ਕੇ ਕੈਦੀ ਦੇ ਕੋਲ ਜਾਂਦਾ ਏ ਅਤੇ ਉਸ ਨੂੰ ਨਹਾਉਣ ਲਈ ਕਹਿੰਦਾ ਏ ਅਤੇ ਫਿਰ ਉਸ ਨੂੰ ਸਾਫ਼ ਸੁਥਰੇ ਕੱਪੜੇ ਪਹਿਨਾਏ ਜਾਂਦੇ ਨੇ। ਇਸ ਮਗਰੋਂ ਕੈਦੀ ਤੋਂ ਪੁੱਛਿਆ ਜਾਂਦਾ ਏ ਕਿ ਉਹ ਬ੍ਰੇਕਫਾਸਟ ਕਰਨਾ ਚਾਹੁੰਦਾ ਏ ਜਾਂ ਨਹੀਂ। ਜੇਕਰ ਕੈਦੀ ਨੇ ਬ੍ਰੇਕਫਾਸਟ ਕਰਨਾ ਹੁੰਦਾ ਏ ਤਾਂ ਉਸ ਤੋਂ ਪੁੱਛ ਕੇ ਉਸ ਦੀ ਪਸੰਦ ਦਾ ਹੀ ਨਾਸ਼ਤਾ ਦਿੱਤਾ ਜਾਂਦਾ ਏ। ਇਸ ਦੌਰਾਨ ਜੇਲ੍ਹ ਸੁਪਰਡੈਂਟ ਦੇ ਨਾਲ ਅਸਿਸਟੈਂਟ ਜੇਲ੍ਹ ਸੁਪਰਡੈਂਟ, ਮੈਡੀਕਲ ਅਫ਼ਸਰ, ਛੇ ਵਾਰਡਨ ਅਤੇ ਜੱਲਾਦ ਵੀ ਉਥੇ ਮੌਜੂਦ ਰਹਿੰਦੇ ਨੇ।

ਇਸ ਮਗਰੋਂ ਜੇਲ੍ਹ ਸੁਪਰਡੈਂਟ ਮੁਜ਼ਰਿਮ ਨੂੰ ਡੈੱਥ ਵਾਰੰਟ ਪੜ੍ਹ ਕੇ ਸੁਣਾਉਂਦਾ ਏ ਅਤੇ ਫਿਰ ਉਸ ਦੇ ਸਾਈਨ ਲਏ ਜਾਂਦੇ ਨੇ। ਇਸ ਤੋਂ ਬਾਅਦ ਦੋਸ਼ੀ ਨੂੰ ਉਸ ਦੇ ਸੈੱਲ ਤੋਂ ਕੱਢ ਕੇ ਉਸ ਥਾਂ ’ਤੇ ਲਿਜਾਇਆ ਜਾਂਦੈ, ਜਿੱਥੇ ਉਸ ਨੂੰ ਫਾਂਸੀ ਦੇਣੀ ਹੁੰਦੀ ਹੈ। ਕੈਦੀ ਦੇ ਹੱਥ ਪਿੱਛੇ ਬੰਨ੍ਹ ਦਿੱਤੇ ਜਾਂਦੇ ਨੇ, ਕੈਦੀ ਨੂੰ ਫਿਰ ਫਾਂਸੀ ਦੇ ਤਖ਼ਤੇ ’ਤੇ ਖੜ੍ਹਾ ਕੀਤਾ ਜਾਂਦੈ ਅਤੇ ਕੁੱਝ ਦੇਰ ਬਾਅਦ ਜੱਲਾਦ ਉਸ ਦੇ ਚਿਹਰੇ ਨੂੰ ਕਾਲੇ ਕੱਪੜੇ ਨਾਲ ਢਕ ਦਿੰਦਾ ਏ।


ਇੱਥੇ ਇਕ ਹੋਰ ਖ਼ਾਸ ਗੱਲ ਇਹ ਹੈ ਕਿ ਦੋਸ਼ੀ ਨੂੰ ਫਾਂਸੀ ’ਤੇ ਲਟਕਾਉਣ ਤੋਂ ਪਹਿਲਾਂ ਜੱਲਾਦ ਦੋਸ਼ੀ ਦੇ ਕੰਨ ਵਿਚ ਕੁੱਝ ਸ਼ਬਦ ਬੋਲਦਾ ਏ ਜੋ ਕੈਦੀ ਦੇ ਧਰਮ ’ਤੇ ਨਿਰਭਰ ਹੁੰਦੇ ਨੇ। ਦਰਅਸਲ ਜੇਕਰ ਦੋਸ਼ੀ ਹਿੰਦੂ ਹੋਵੇ ਤਾਂ ਜੱਲਾਦ ਉਸ ਦੇ ਕੰਨ ਵਿਚ ‘ਰਾਮ ਰਾਮ’ ਬੋਲਦਾ ਏ ਅਤੇ ਜੇਕਰ ਮੁਸਲਿਮ ਹੋਵੇ ਤਾਂ ‘ਸਲਾਮ’ ਕਿਹਾ ਜਾਂਦਾ ਏ। ਇਸੇ ਤਰ੍ਹਾਂ ਹੋਰਨਾਂ ਧਰਮਾਂ ਨਾਲ ਸਬੰਧਤ ਦੋਸ਼ੀਆਂ ਦੇ ਕੰਨ ਵਿਚ ਉਨ੍ਹਾਂ ਦੇ ਧਰਮ ਮੁਤਾਬਕ ਆਖ਼ਰੀ ਸ਼ਬਦ ਬੋਲੇ ਜਾਂਦੇ ਨੇ। ਇਸ ਦੇ ਨਾਲ ਜੱਲਾਦ ਇਹ ਵੀ ਆਖਦਾ ਏ ਕਿ ‘‘ਮੈਂ ਆਪਣੇ ਫ਼ਰਜ਼ ਦੇ ਅੱਗੇ ਮਜਬੂਰ ਹਾਂ। ਮੈਂ ਤੁਹਾਡੇ ਸੱਚ ਦੇ ਮਾਰਗ ’ਤੇ ਚੱਲਣ ਦੀ ਕਾਮਨਾ ਕਰਦਾ ਹਾਂ।’’ ਇਹ ਲਫ਼ਜ਼ ਬੋਲਦਿਆਂ ਹੀ ਜੱਲਾਦ ਲੀਵਰ ਨੂੰ ਖਿੱਚ ਦਿੰਦਾ ਏ, ਜਿਸ ਮਗਰੋਂ ਤਖ਼ਤਾ ਦੋ ਹਿੱਸਿਆਂ ਵਿਚ ਖੁੱਲ੍ਹ ਜਾਦਾ ਏ ਅਤੇ ਦੋਸ਼ੀ ਫਾਂਸੀ ਦੇ ਫੰਧੇ ’ਤੇ ਲਟਕ ਜਾਂਦਾ ਏ। ਕੁੱਝ ਸਮੇਂ ਦੇ ਅੰਦਰ ਹੀ ਉਸ ਦੀ ਮੌਤ ਹੋ ਜਾਂਦੀ ਹੈ।

ਫਾਂਸੀ ਦੇਣ ਤੋਂ ਬਾਅਦ ਦੋਸ਼ੀ ਨੂੰ ਕਰੀਬ ਅੱਧੇ ਘੰਟੇ ਤੱਕ ਫਾਂਸੀ ’ਤੇ ਲਟਕਦੇ ਰਹਿਣ ਦਿੱਤਾ ਜਾਂਦਾ ਏ ਅਤੇ ਇਸ ਮਗਰੋਂ ਮੈਡੀਕਲ ਅਫ਼ਸਰ ਆ ਕੇ ਉਸ ਦੀ ਨਬਜ਼ ਵਗੈਰਾ ਚੈੱਕ ਕਰਦਾ ਏ ਅਤੇ ਉਸ ਦੀ ਮੌਤ ਬਾਰੇ ਪੁਸ਼ਟੀ ਕਰਦਾ ਏ। ਸੁਪਰਡੈਂਟ ਫਾਂਸੀ ਦਾ ਵਾਰੰਟ ਵਾਪਸ ਕਰ ਦਿੰਦਾ ਏ ਅਤੇ ਇਹ ਪੁਸ਼ਟੀ ਕਰਦਾ ਏ ਕਿ ਦੋਸ਼ੀ ਦੀ ਫਾਂਸੀ ਦੀ ਸਜ਼ਾ ਪੂਰੀ ਹੋਈ। ਜੇਲ੍ਹ ਸੁਪਰਡੈਂਟ ਵੱਲੋਂ ਇਹ ਵੀ ਪੁਸ਼ਟੀ ਕੀਤੀ ਜਾਂਦੀ ਹੈ ਕਿ ਦੋਸ਼ੀ ਨੂੰ ਫਾਂਸੀ ਦੇ ਤਖ਼ਤੇ ਤੱਕ ਪਹੁੰਚਾਉਣ ਵਿਚ ਸਾਰੇ ਨਿਯਮਾਂ ਦਾ ਪਾਲਣ ਸਹੀ ਤਰੀਕੇ ਨਾਲ ਕੀਤਾ ਗਿਆ।

ਫਾਂਸੀ ਤੋਂ ਬਾਅਦ ਸੁਪਰਡੈਂਟ ਵੱਲੋਂ ਇੰਸਪੈਕਟਰ ਜਨਰਲ ਨੂੰ ਰਿਪੋਰਟ ਸੌਂਪੀ ਜਾਂਦੀ ਹੈ ਅਤੇ ਫਿਰ ਉਹ ਵਾਰੰਟ ਰਿਪੋਰਟ ਦੇ ਨਾਲ ਲਗਾ ਕੇ ਅਦਾਲਤ ਨੂੰ ਵਾਪਸ ਕਰ ਦਿੱਤਾ ਜਾਂਦਾ ਏ। ਇਸ ਮਗਰੋਂ ਦੋਸ਼ੀ ਦੀ ਲਾਸ਼ ਨੂੰ ਫਾਂਸੀ ਦੇ ਫੰਧੇ ਤੋਂ ਉਤਾਰ ਕੇ ਪੋਸਟਮਾਰਟਮ ਲਈ ਭੇਜਿਆ ਜਾਂਦਾ ਏ। ਪੋਸਟਮਾਰਟਮ ਦੀ ਪ੍ਰਕਿਰਿਆ ਪੂਰੀ ਹੋਣ ਮਗਰੋਂ ਲਾਸ਼ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸੌਂਪੀ ਜਾਂਦੀ ਹੈ ਪਰ ਇਹ ਫ਼ੈਸਲਾ ਪ੍ਰਸਾਸ਼ਨ ਦਾ ਹੁੰਦਾ ਏ ਕਿ ਲਾਸ਼ ਪਰਿਵਾਰ ਨੂੰ ਸੌਂਪੀ ਜਾਵੇਗੀ ਜਾਂ ਫਿਰ ਜੇਲ੍ਹ ਦੇ ਅੰਦਰ ਹੀ ਉਸ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ।


ਸੋ ਤੁਹਾਨੂੰ ਇਹ ਜਾਣਕਾਰੀ ਕਿਵੇਂ ਲੱਗੀ, ਸਾਨੂੰ ਕੁਮੈਂਟ ਜ਼ਰੀਏ ਆਪਣੀ ਰਾਇ ਸਾਂਝੀ ਕਰੋ।

Next Story
ਤਾਜ਼ਾ ਖਬਰਾਂ
Share it