ਇਹ ਛੇ ਉਮੀਦਵਾਰ ਦੇ ਰਹੇ ਪੀਐਮ ਮੋਦੀ ਨੂੰ ਟੱਕਰ
ਵਾਰਾਨਸੀ, ਪਰਦੀਪ ਸਿੰਘ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਰਾਨਸੀ ਲੋਕ ਸਭਾ ਹਲਕੇ ਤੋਂ ਚੋਣ ਲੜ ਰਹੇ ਹਨ, ਜਿੱਥੇ ਆਖ਼ਰੀ ਪੜਾਅ ਯਾਨੀ ਇਕ ਜੂਨ ਨੂੰ ਵੋਟਿੰਗ ਹੋਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਹਲਕੇ ਤੋਂ ਤੀਜੀ ਵਾਰ ਚੋਣ ਮੈਦਾਨ ਵਿਚ ਨਿੱਤਰੇ ਹੋਏ । ਸ਼ੁਰੂ ਵਿਚ ਇਸ ਸੀਟ ਤੋਂ ਕੁੱਲ 41 ਉਮੀਦਵਾਰਾਂ ਨੇ ਕਾਗਜ਼ ਦਾਖ਼ਲ ਕੀਤੇ ਸੀ, ਜਿਨ੍ਹਾਂ ਵਿਚੋਂ […]
By : Editor Editor
ਵਾਰਾਨਸੀ, ਪਰਦੀਪ ਸਿੰਘ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਰਾਨਸੀ ਲੋਕ ਸਭਾ ਹਲਕੇ ਤੋਂ ਚੋਣ ਲੜ ਰਹੇ ਹਨ, ਜਿੱਥੇ ਆਖ਼ਰੀ ਪੜਾਅ ਯਾਨੀ ਇਕ ਜੂਨ ਨੂੰ ਵੋਟਿੰਗ ਹੋਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਹਲਕੇ ਤੋਂ ਤੀਜੀ ਵਾਰ ਚੋਣ ਮੈਦਾਨ ਵਿਚ ਨਿੱਤਰੇ ਹੋਏ । ਸ਼ੁਰੂ ਵਿਚ ਇਸ ਸੀਟ ਤੋਂ ਕੁੱਲ 41 ਉਮੀਦਵਾਰਾਂ ਨੇ ਕਾਗਜ਼ ਦਾਖ਼ਲ ਕੀਤੇ ਸੀ, ਜਿਨ੍ਹਾਂ ਵਿਚੋਂ ਪੀਐਮ ਮੋਦੀ ਨੂੰ ਮਿਲਾ ਕੇ ਸਿਰਫ਼ ਸੱਤ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਹੀ ਜਾਂਚ ਪ੍ਰਕਿਰਿਆ ਵਿਚ ਪਾਸ ਹੋ ਸਕੇ।
2019 ਵਿੱਚ ਮੋਦੀ ਨੇ ਜਿੱਤੀ ਸੀ ਸੀਟ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਗਾਤਾਰ ਤੀਜੀ ਵਾਰ ਵਾਰਾਨਸੀ ਸੀਟ ਤੋਂ ਚੋਣ ਮੈਦਾਨ ਵਿਚ ਨਿੱਤਰੇ ਹੋਏ, ਜਿਨ੍ਹਾਂ ਦੇ ਮੁਕਾਬਲੇ ਵਿਚ ਛੇ ਉਮੀਦਵਾਰ ਚੋਣ ਲੜ ਰਹੇ ਹਨ। 1991 ਦੇ ਬਾਅਦ ਤੋਂ ਭਾਜਪਾ ਲਗਾਤਾਰ ਸੱਤ ਵਾਰ ਇਹ ਸੀਟ ਜਿੱਤ ਚੁੱਕੀ ਸੀ। ਸਿਰਫ਼ 2004 ਵਿਚ ਕਾਂਗਰਸ ਦੇ ਰਾਜੇਸ਼ ਕੁਮਾਰ ਮਿਸ਼ਰਾ ਨੇ ਭਾਜਪਾ ਦਾ ਖੇਡ ਵਿਗਾੜ ਦਿੱਤਾ ਸੀ। ਨਰਿੰਦਰ ਮੋਦੀ ਦੀ ਸੀਟ ਆਖੇ ਜਾਣ ਤੋਂ ਪਹਿਲਾਂ ਇਹ ਸੀਟ ਭਾਜਪਾ ਦੇ ਦਿੱਗਜ਼ ਨੇਤਾ ਮੁਰਲੀ ਮਨੋਹਰ ਜੋਸ਼ੀ ਨੇ ਇਹ ਸੀਟ ਭਾਜਪਾ ਲਈ ਜਿੱਤੀ ਸੀ। ਫਿਰ ਸਾਲ 2014 ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਹਿਲੀ ਵਾਰ ਵਾਰਾਨਸੀ ਤੋਂ ਚੋਣ ਲੜੀ ਅਤੇ ਪ੍ਰਧਾਨ ਮੰਤਰੀ ਬਣੇ। ਉਨ੍ਹਾਂ ਨੂੰ ਕਰੀਬ 3.72 ਲੱਖ ਵੋਟਾਂ ਪਈਆਂ ਸੀ, ਜਦਕਿ ਦੂਜੇ ਨੰਬਰ ’ਤੇ ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਰਹੇ ਸੀ। ਸਾਲ 2019 ਵਿਚ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਿਰ ਇਸ ਸੀਟ ਤੋਂ ਜਿੱਤੇ ਅਤੇ ਉਨ੍ਹਾਂ ਦੀ ਮੁੜ ਤੋਂ ਸਰਕਾਰ ਬਣੀ ਤਾਂ ਉਨ੍ਹਾਂ ਦੀ ਜਿੱਤ ਦਾ ਫ਼ਰਕ ਪਹਿਲਾਂ ਨਾਲੋਂ ਵਧ ਗਿਆ। ਦੂਜੀ ਵਾਰ ਉਹ 4 ਲੱਖ 59 ਹਜ਼ਾਰ ਵੋਟਾਂ ਦੇ ਨਾਲ ਜੇਤੂ ਰਹੇ ਜਦਕਿ ਦੂਜੇ ਨੰਬਰ ’ਤੇ ਸਮਾਜਵਾਦੀ ਪਾਰਟੀ ਦੀ ਉਮੀਦਵਾਰ ਸ਼ਾਲਿਨੀ ਯਾਦਵ ਰਹੀ। ਦਰਅਸਲ ਇੱਥੇ ਜ਼ਿਆਦਾਵਰ ਵੋਟਰ ਜਨਰਲ ਜਾਤੀਆਂ ਦੇ ਨੇ, ਜਿਵੇਂ ਕਿ ਬ੍ਰਾਹਮਣ, ਭੂਮੀਹਾਰ ਅਤੇ ਜੈਸਵਾਲ। ਇਸ ਤੋਂ ਇਲਾਵਾ ਮੁਸਲਿਮ ਅਤੇ ਓਬੀਸੀ ਸਮਾਜ ਦੇ ਲੋਕਾਂ ਦੀ ਵੀ ਕਾਫ਼ੀ ਗਿਣਤੀ ਐ।
ਕਈ ਦਿੱਗਜ ਨੇ ਲੜੀ ਚੋਣ
ਹੁਣ ਗੱਲ ਕਰਦੇ ਆਂ, ਇਸ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖ਼ਿਲਾਫ਼ ਚੋਣ ਲੜਨ ਵਾਲੇ ਉਮੀਦਵਾਰਾਂ ਦੀ, ਜਿਨ੍ਹਾਂ ਵਿਚ ਪਹਿਲਾ ਨਾਮ ਐ ਕਾਂਗਰਸ ਪਾਰਟੀ ਦੇ ਉਮੀਦਵਾਰ ਅਜੈ ਰਾਏ ਦਾ, ਜੋ ਇਸ ਹਲਕੇ ਦੇ ਪੁਰਾਣੇ ਨੇਤਾ ਨੇ। ਉਨ੍ਹਾਂ ਦੀ ਛਵ੍ਹੀ ਵੀ ਕਾਫ਼ੀ ਮਜ਼ਬੂਤ ਹੈ। ਉਹ ਪੰਜ ਵਾਰ ਵਿਧਾਇਕ ਰਹਿ ਚੁੱਕੇ ਹਨ, ਚਾਰ ਵਾਰ ਕੋਲਾਸਲਾ ਸੀਟ ਤੋਂ ਅਤੇ ਇਕ ਵਾਰ ਪਿੰਡਰਾ ਸੀਟ ਤੋਂ। ਕੋਲਾਸਲਾ ਤੋਂ ਤਿੰਨ ਵਾਰ ਉਹ ਭਾਜਪਾ ਦੀ ਟਿਕਟ ’ਤੇ ਚੁਣੇ ਗਏ ਸੀ ਅਤੇ ਇਕ ਵਾਰ ਆਜ਼ਾਦ। ਕਾਂਗਰਸ ਪਾਰਟੀ ਦੇ ਹਰੇਕ ਕੰਮ ਵਿਚ ਮੋਹਰੀ ਹੋ ਕੇ ਰੋਲ ਨਿਭਾਉਂਦੇ ਨੇ। ਇਸ ਸਮੇਂ ਅਜੇ ਰਾਏ ਕਾਂਗਰਸ ਪਾਰਟੀ ਦੇ ਉਤਰ ਪ੍ਰਦੇਸ਼ ਤੋਂ ਪ੍ਰਧਾਨ ਨੇ। ਉਨ੍ਹਾਂ ਵੱਲੋਂ ਦਿੱਤੇ ਗਏ ਐਫੀਡੇਵਿਟ ਮੁਤਾਬਕ ਉਨ੍ਹਾਂ ’ਤੇ ਕੁੱਲ 18 ਕੇਸ ਦਰਜ ਨੇ। ਅਜੇ ਰਾਏ ਨੇ ਸਾਲ 2009 ਵਿਚ ਸਮਾਜਵਾਦੀ ਪਾਰਟੀ ਦੀ ਟਿਕਟ ਤੋਂ ਅਤੇ 2014 ਅਤੇ 2019 ਵਿਚ ਇਸੇ ਸੀਟ ਤੋਂ ਚੋਣ ਲੜੀ ਸੀ ਅਤੇ ਬੁਰੀ ਤਰ੍ਹਾਂ ਹਾਰੇ ਸੀ। ਦੋਵੇਂ ਵਾਰ ਉਹ ਤੀਜੇ ਨੰਬਰ ’ਤੇ ਆਉਂਦੇ ਰਹੇ ਪਰ ਇਸ ਦੌੜ ਵਿਚ ਦੂਜੀ ਪੁਜ਼ੀਸ਼ਨ ਦਾ ਸਭ ਤੋਂ ਮਸ਼ਹੂਰ ਚਿਹਰਾ ਬਣ ਗਏ।
ਦੂਜੇ ਨੰਬਰ ’ਤੇ ਪੀਐਮ ਮੋਦੀ ਦੇ ਖ਼ਿਲਾਫ਼ ਚੋਣ ਲੜਨ ਵਾਲਿਆਂ ਵਿਚ ਬਹੁਜਨ ਸਮਾਜ ਪਾਰਟੀ ਦੇ ਅਥਰ ਜਮਾਲ ਲਾਰੀ ਦਾ ਨਾਮ ਆਉਂਦਾ ਏ,, ਜੋ ਵਾਰਾਨਸੀ ਵਿਚ ਖੱਡੀ ਕਾਰੋਬਾਰੀ ਨੇ। 60 ਦੇ ਦਹਾਕੇ ਤੋਂ ਹੀ ਸਮਾਜਵਾਦੀ ਰਾਜਨੀਤੀ ਨਾਲ ਜੁੜੇ ਹੋਏ ਨੇ ਪਰ ਉਨ੍ਹਾਂ ਨੇ ਅੱਜ ਤੱਕ ਕਦੇ ਵੀ ਕੋਈ ਚੋਣ ਨਹੀਂ ਜਿੱਤੀ। ਇਕ ਰਿਪੋਰਟ ਦੇ ਮੁਤਾਬਕ ਅਥਰ ਜਮਾਲ ਵਿਦਿਆਰਥੀ ਜੀਵਨ ਦੇ ਸਮੇਂ ਤੋਂ ਹੀ ਰਾਜਨੀਤੀ ਵਿਚ ਸਰਗਰਮ ਸਨ। ਸਾਲ 1971 ਵਿਚ ਗੋਰਖ਼ਪੁਰ ਦੇ ਡੀਏਵੀ ਇੰਟਰ ਕਾਲਜ ਵਿਚ ਯੂਨੀਅਨ ਚੋਣ ਜਿੱਤੀ ਸੀ। ਐਮਰਜੈਂਸੀ ਦੌਰਾਨ ਅੰਡਰਗਰਾਊਂਡ ਹੋ ਗਏ ਸੀ ਜਦੋਂ 1977 ਵਿਚ ਜਨਤਾ ਪਾਰਟੀ ਬਣੀ ਤਾਂ ਪਾਰਟੀ ਜੁਆਇਨ ਕਰ ਲਈ ਅਤੇ ਪਾਰਟੀ ਵਿਚ ਵੱਖ ਵੱਖ ਅਹੁਦਿਆਂ ’ਤੇ ਰਹੇ। ਸਾਲ 1984 ਵਿਚ ਅਥਰ ਜਮਾਲ ਲਾਰੀ ਨੇ ਪਹਿਲੀ ਲੋਕ ਸਭਾ ਚੋਣ ਜਨਤਾ ਪਾਰਟੀ ਦੀ ਟਿਕਟ ’ਤੇ ਲੜੀ ਪਰ ਉਹ ਚੋਣ ਹਾਰ ਗਏ। ਇਸ ਤੋਂ ਬਾਅਦ ਸਾਲ 1991 ਵਿਚ ਉਨ੍ਹਾਂ ਨੇ ਜਨਤਾ ਦਲ ਦੀ ਟਿਕਟ ’ਤੇ ਵਾਰਾਨਸੀ ਕੈਂਟ ਤੋਂ ਚੋਣ ਲੜੀ ਅਤੇ ਭਾਜਪਾ ਦੀ ਜਯੋਤਸਨਾ ਸ੍ਰੀਵਾਸਤਵ ਤੋਂ ਮਹਿਜ਼ 5 ਹਜ਼ਾਰ ਵੋਟਾਂ ਨਾਲ ਹਾਰ ਗਏ। ਜਨਤਾ ਦਲ ਦੇ ਰਲੇਵੇਂ ਤੋਂ ਬਾਅਦ ਅਥਰ ਜਮਾਲ ਨੇ 1995 ਵਿਚ ਸੋਨੇ ਲਾਲ ਪਟੇਲ ਦੀ ਅਗਵਾਈ ਵਾਲੀ ‘ਆਪਣਾ ਦਲ’ ਪਾਰਟੀ ਜੁਆਇਨ ਕਰ ਲਈ। ਉਥੇ ਉਨ੍ਹਾਂ ਨੂੰ ਸੂਬਾ ਇੰਚਾਰਜ ਬਣਾ ਦਿੱਤਾ ਗਿਆ। ਸਾਲ 2004 ਵਿਚ ਉਨ੍ਹਾਂ ਨੇ ਆਪਣਾ ਦਲ ਦੀ ਟਿਕਟ ’ਤੇ ਵਾਰਾਨਸੀ ਤੋਂ ਲੋਕ ਸਭਾ ਚੋਣ ਲੜੀ ਪਰ ਇਸ ਵਾਰ ਵੀ ਹਾਰ ਗਏ ਅਤੇ ਤੀਜੇ ਨੰਬਰ ’ਤੇ ਰਹੇ। ਇਸ ਤੋਂ ਬਾਅਦ ਉਹ ਸਾਲ 2012 ਵਿਚ ਮੁਖ਼ਤਾਰ ਅੰਸਾਰੀ ਦੀ ‘ਕੌਮੀ ਏਕਤਾ ਦਲ’ ਤੋਂ ਟਿਕਟ ਮਿਲਿਆ ਅਤੇ ਵਾਰਾਨਸੀ ਦੱਖਣ ਵਿਧਾਨ ਸਭਾ ਖੇਤਰ ਤੋਂ ਚੋਣ ਲੜੀ, ਫਿਰ ਤੀਜੇ ਨੰਬਰ ’ਤੇ ਰਹੇ। ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਸਮਾਜਵਾਦੀ ਪਾਰਟੀ ਦਾ ਸਮਰਥਨ ਕੀਤਾ ਪਰ ਚੋਣਾਂ ਤੋਂ ਬਾਅਦ ਬਸਪਾ ਵਿਚ ਸ਼ਾਮਲ ਹੋ ਗਏ।
ਇਸੇ ਤਰ੍ਹਾਂ ਤੀਜੇ ਉਮੀਦਵਾਰ ਦਾ ਨਾਮ ਐ ਗਗਨ ਪ੍ਰਕਾਸ਼ ਯਾਦਵ ਜੋ ਕਈ ਸਾਲਾਂ ਤੋਂ ‘ਆਪਣਾ ਦਲ’ ਪਾਰਟੀ ਵਿਚ ਨੇ ਅਤੇ ਉਨ੍ਹਾਂ ਨੇ ਹਮੇਸ਼ਾਂ ਵਿਦਿਆਰਥੀਆਂ ਅਤੇ ਕਿਸਾਨਾਂ ਦੇ ਲਈ ਆਵਾਜ਼ ਬੁਲੰਦ ਕੀਤੀ ਐ। ਕੁੱਝ ਦਿਨ ਇਕ ਸੜਕ ਹਾਦਸੇ ਵਿਚ ਉਨ੍ਹਾਂ ਦੇ ਭਰਾ ਦੀ ਮੌਤ ਹੋ ਗਈ, ਜਿਸ ਕਾਰਨ ਉਨ੍ਹਾਂ ਦਾ ਚੋਣ ਪ੍ਰਚਾਰ ਕਈ ਦਿਨਾਂ ਤੋਂ ਰੁਕਿਆ ਹੋਇਆ ਏ।
ਪੀਐਮ ਖ਼ਿਲਾਫ਼ ਚੋਣ ਲੜਨ ਵਾਲੇ ਚੌਥੇ ਉਮੀਦਵਾਰ ਦਾ ਨਾਮ ਐ ਸ਼ਿਵ ਕੁਮਾਰ ਜੋ ‘ਯੁੱਗ ਤੁਲਸੀ ਪਾਰਟੀ’ ਤੋਂ ਚੋਣ ਲੜ ਰਹੇ ਨੇ। ਸ਼ਿਵ ਕੁਮਾਰ ਮੂਲ ਰੂਪ ਵਿਚ ਹੈਦਰਾਬਾਦ ਦੇ ਰਹਿਣ ਵਾਲੇ ਨੇ ਅਤੇ ਉਹ ਤਿਰੂਮਾਲਾ ਤਿਰੂਪਤੀ ਦੇਵਸਥਾਨਮ ਦੇ ਸਾਬਕਾ ਬੋਰਡ ਮੈਂਬਰ ਨੇ। ਸ਼ਿਵ ਕੁਮਾਰ ਅਤੇ ਯੁੱਗ ਤੁਲਸੀ ਪਾਰਟੀ ਕੁੱਝ ਮਹੀਨੇ ਪਹਿਲਾਂ ਖ਼ਬਰਾਂ ਆਈ ਸੀ ਕਿਉਂਕਿ ਭਾਰਤ ਰਾਸ਼ਟਰ ਸਮਿਤੀ ਨੇ ਇਨ੍ਹਾਂ ਦੇ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਨ੍ਹਾਂ ਦੀ ਪਾਰਟੀ ਦੇ ਰੰਗ ਝੰਡੇ ਅਤੇ ਸਿੰਬਲ ਕਾਫ਼ੀ ਮਿਲਦੇ ਜੁਲਦੇ ਨੇ। ਸ਼ਿਵ ਕੁਮਾਰ ਦਾ ਕਹਿਣਾ ਏ ਕਿ ਉਨ੍ਹਾਂ ਨੇ ਜ਼ਿੰਦਗੀ ਭਰ ਗਊ ਰੱਖਿਆ ’ਤੇ ਕੰਮ ਕੀਤਾ ਏ ਅਤੇ ਹੈਦਰਾਬਾਦ ਵਿਚ ਤਿੰਨ ਗਊਸ਼ਾਲਾਵਾਂ ਦੇ ਮਾਲਕ ਨੇ। ਗਾਂ ਨੂੰ ਭਾਰਤ ਦਾ ਰਾਸ਼ਟਰੀ ਪਸ਼ੂ ਐਲਾਨ ਕਰਨਾ ਉਨ੍ਹਾਂ ਦਾ ਸਭ ਤੋਂ ਵੱਡਾ ਮੁੱਦਾ ਏ।
ਹੁਣ ਗੱਲ ਕਰਦੇ ਆਂ ਪੀਐਮ ਮੋਦੀ ਵਿਰੁੱਧ ਚੋਣ ਲੜਨ ਵਾਲੇ ਪੰਜਵੇਂ ਉਮੀਦਵਾਰ ਸੰਜੇ ਕੁਮਾਰ ਤਿਵਾਰੀ ਦੀ ਜੋ ਨਵੀਂ ਦਿੱਲੀ ਵਿਚ ਰਹਿਣ ਵਾਲੇ ਇਕ ਸਮਾਜਿਕ ਵਰਕਰ ਨੇ। ਉਨ੍ਹਾਂ ਦਾ ਦਾਅਵਾ ਏ ਕਿ ਉਹ ਕਾਮਿਆਂ ਅਤੇ ਮਜ਼ਦੂਰਾਂ ਦੀ ਭਲਾਈ ਲਈ ਅੰਦੋਲਨਾਂ ਦਾ ਹਿੱਸਾ ਰਹੇ ਨੇ। ਚੋਣ ਲੜਨ ਸਬੰਧੀ ਆਪਣੇ ਫ਼ੈਸਲੇ ’ਤੇ ਤਿਵਾਰੀ ਦਾ ਕਹਿਣਾ ਏ ਕਿ ਉਹ ਗਾਂਧੀਵਾਦੀ ਵਿਚਾਰਾਂ ਦਾ ਪਾਲਣ ਕਰਦੇ ਨੇ ਅਤੇ ਪੀਐਮ ਮੋਦੀ ਦੇ ਆਲੋਚਕ ਨੇ, ਇਸ ਕਰਕੇ ਉਨ੍ਹਾਂ ਵੱਲੋਂ ਇੱਥੋਂ ਚੋਣ ਲੜਨ ਦਾ ਫ਼ੈਸਲਾ ਕੀਤਾ ਗਿਆ ਏ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਚੋਣ ਲੜਨ ਵਾਲੇ ਛੇਵੇਂ ਉਮੀਦਵਾਰ ਦਾ ਨਾਮ ਐ ਦਿਨੇਸ਼ ਕੁਮਾਰ ਯਾਦਵ ਜੋ ਆਜ਼ਾਦ ਤੌਰ ’ਤੇ ਚੋਣ ਲੜ ਰਹੇ ਨੇ। ਦਿਨੇਸ਼ ਯਾਦਵ ਸਿਕਰੌਲ ਤੋਂ ਤਿੰਨ ਵਾਰ ਕੌਂਸਲਰ ਰਹਿ ਚੁੱਕੇ ਨੇ ਅਤੇ ਪਿਛਲੇ ਕਰੀਬ 15 ਸਾਲਾਂ ਤੋਂ ਰਾਜਨੀਤੀ ਵਿਚ ਸਰਗਰਮ ਦੱਸੇ ਜਾਂਦੇ ਨੇ। ਇਹ ਵੀ ਕਿਹਾ ਜਾ ਰਿਹਾ ਏ ਕਿ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਤੱਕ ਦਿਨੇਸ਼ ਕੁਮਾਰ ਯਾਦਵ ਭਾਜਪਾ ਦੇ ਨਾਲ ਸਨ ਪਰ ਫਿਰ ਉਨ੍ਹਾਂ ਨੇ ਦੇਸ਼ ਦੇ ਲੋਕਤੰਤਰਿਕ ਸਿਧਾਂਤਾਂ ਦੇ ਤਹਿਤ ਚੋਣ ਲੜਨ ਦਾ ਫ਼ੈਸਲਾ ਕੀਤਾ। ਸਾਰੇ ਉਮੀਦਵਾਰਾਂ ਵੱਲੋਂ ਆਪੋ ਆਪਣੇ ਪੱਧਰ ’ਤੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਏ ਪਰ ਦੇਖਣਾ ਹੋਵੇਗਾ ਕਿ ਵਾਰਾਨਸੀ ਦੀ ਸੀਟ ਤੋਂ ਇਸ ਵਾਰ ਜਿੱਤ ਦਾ ਸਿਹਰਾ ਕਿਸ ਉਮੀਦਵਾਰ ਦੇ ਸਿਰ ਸਜੇਗਾ।
ਇਹ ਵੀ ਪੜ੍ਹੋ: 52 ਡਿਗਰੀ ਦੌਰਾਨ ਮੌਸਮ ਨੇ ਲਈ ਕਰਵਟ, ਅਚਾਨਕ ਹੋਈ ਬੱਦਲਵਾਈ, ਮੀਂਹ ਦੀ ਸੰਭਾਵਨਾ