Begin typing your search above and press return to search.

ਪੰਜਾਬ ਦੀਆਂ ਇਹ ਪੰਜ ਸੀਟਾਂ ਬਣੀਆਂ ‘ਮੁੱਛ ਦਾ ਸਵਾਲ’

ਚੰਡੀਗੜ੍ਹ, ਪਰਦੀਪ ਸਿੰਘ: ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਵਿੱਚ ਸਿਆਸਤ ਭੱਖ ਚੁੱਕੀ ਹੈ। ਉਥੇ ਹੀ ਪੰਜਾਬ ਵਿਚ ਲੋਕ ਸਭਾ ਚੋਣਾਂ ਵਿਚ ਜਿੱਤ ਹਾਸਲ ਕਰਨ ਲਈ ਸਾਰੀਆਂ ਪਾਰਟੀਆਂ ਨੇ ਪੂਰਾ ਅੱਡੀ ਚੋਟੀ ਦਾ ਜ਼ੋਰ ਲਗਾਇਆ ਹੋਇਆ ਹੈ। ਦਰਅਸਲ ਇਸ ਵਾਰ ਪੰਜਾਬ ਵਿਚ ਸਾਰੀਆਂ ਸਿਆਸੀ ਪਾਰਟੀਆਂ ਬਿਨਾਂ ਕਿਸੇ ਗਠਜੋੜ ਤੋਂ ਆਪੋ ਆਪਣੇ ਦਮ ’ਤੇ ਚੋਣਾਂ […]

ਪੰਜਾਬ ਦੀਆਂ ਇਹ ਪੰਜ ਸੀਟਾਂ ਬਣੀਆਂ ‘ਮੁੱਛ ਦਾ ਸਵਾਲ’
X

Editor EditorBy : Editor Editor

  |  28 May 2024 7:57 AM IST

  • whatsapp
  • Telegram

ਚੰਡੀਗੜ੍ਹ, ਪਰਦੀਪ ਸਿੰਘ: ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਵਿੱਚ ਸਿਆਸਤ ਭੱਖ ਚੁੱਕੀ ਹੈ। ਉਥੇ ਹੀ ਪੰਜਾਬ ਵਿਚ ਲੋਕ ਸਭਾ ਚੋਣਾਂ ਵਿਚ ਜਿੱਤ ਹਾਸਲ ਕਰਨ ਲਈ ਸਾਰੀਆਂ ਪਾਰਟੀਆਂ ਨੇ ਪੂਰਾ ਅੱਡੀ ਚੋਟੀ ਦਾ ਜ਼ੋਰ ਲਗਾਇਆ ਹੋਇਆ ਹੈ। ਦਰਅਸਲ ਇਸ ਵਾਰ ਪੰਜਾਬ ਵਿਚ ਸਾਰੀਆਂ ਸਿਆਸੀ ਪਾਰਟੀਆਂ ਬਿਨਾਂ ਕਿਸੇ ਗਠਜੋੜ ਤੋਂ ਆਪੋ ਆਪਣੇ ਦਮ ’ਤੇ ਚੋਣਾਂ ਲੜ ਰਹੀਆਂ ਹਨ, ਜਿਸ ਕਰਕੇ ਕੁੱਝ ਖ਼ਾਸ ਸੀਟਾਂ ਵੱਖ ਵੱਖ ਪਾਰਟੀਆਂ ਦੇ ਲਈ ਮੁੱਛ ਦਾ ਸਵਾਲ ਬਣੀਆਂ ਹੋਈਆਂ।

ਸੀਟਾਂ ਨੂੰ ਲੈ ਕੇ ਭਾਜਪਾ ਦਾ ਵੱਡਾ ਦਾਅਵਾ

ਲੋਕ ਸਭਾ ਚੋਣਾਂ ਦੇ ਚਲਦਿਆਂ ਪਹਿਲੀ ਵਾਰ ਪੰਜਾਬ ਵਿਚ ਵੱਖਰੇ ਸਿਆਸੀ ਸਮੀਕਰਨ ਦੇਖਣ ਨੂੰ ਮਿਲ ਰਹੇ ਹਨ। ਇਸ ਵਾਰ ਸਾਰੀਆਂ ਸਿਆਸੀ ਪਾਰਟੀਆਂ ਆਪੋ ਆਪਣੇ ਦਮ ’ਤੇ ਜ਼ੋਰ ਅਜਮਾਈ ਕਰ ਰਹੀਆਂ ਹਨ। ਜਿਹੜੀ ਭਾਜਪਾ ਦਾ ਪੰਜਾਬ ਵਿਚ ਕੋਈ ਜ਼ਿਆਦਾ ਆਧਾਰ ਨਹੀਂ ਸੀ, ਉਸ ਨੇ ਵੀ ਐਨ ਮੌਕੇ ’ਤੇ ਆ ਕੇ ਧੂੜਾਂ ਪੁੱਟ ਦਿੱਤੀਆਂ ਅਤੇ ਸਾਰੀਆਂ 13 ਦੀਆਂ 13 ਸੀਟਾਂ ਤੋਂ ਉਮੀਦਵਾਰ ਖੜ੍ਹੇ ਕਰ ਦਿੱਤੇ। ਹੁਣ ਭਾਜਪਾ ਵੱਲੋਂ ਆਪਣੇ ਉਮੀਦਵਾਰਾਂ ਦੇ ਪ੍ਰਚਾਰ ਲਈ ਕਈ ਕੇਂਦਰੀ ਨੇਤਾਵਾਂ ਨੂੰ ਪ੍ਰਚਾਰ ਕਰਨ ਵਾਸਤੇ ਚੋਣ ਮੈਦਾਨ ਵਿਚ ਉਤਾਰਿਆ ਗਿਆ ਤਾਂ ਕਿ ਭਾਜਪਾ ਵੱਲੋਂ ਦਿੱਤਾ ਗਿਆ ‘400 ਪਾਰ’ ਦਾ ਨਾਅਰਾ ਪੂਰਾ ਹੋ ਸਕੇ।

ਪ੍ਰਨੀਤ ਕੌਰ ਦੇ ਹੱਕ ਵਿੱਚ ਮੋਦੀ ਨੇ ਕੀਤੀ ਰੈਲੀ

ਉਂਝ ਤਾਂ ਭਾਵੇਂ ਭਾਜਪਾ ਵੱਲੋਂ ਸਾਰੀਆਂ ਸੀਟਾਂ ’ਤੇ ਜਿੱਤ ਹਾਸਲ ਕਰਨ ਲਈ ਪੂਰਾ ਜ਼ੋਰ ਲਗਾਇਆ ਜਾ ਰਿਹਾ ਹੈ ਪਰ ਪਟਿਆਲਾ ਦੀ ਸੀਟ ਭਾਜਪਾ ਲਈ ਮੁੱਛ ਦਾ ਸਵਾਲ ਬਣੀ ਹੋਈ ਕਿਉਂਕਿ ਇਸ ਸੀਟ ਤੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ ਚੋਣ ਮੈਦਾਨ ਵਿਚ ਨਿੱਤਰੀ ਹੋਈ ਹੈ। ਕੈਪਟਨ ਅਮਰਿੰਦਰ ਸਿੰਘ ਬਿਮਾਰੀ ਦੇ ਚਲਦਿਆਂ ਭਾਵੇਂ ਇਸ ਚੋਣ ਵਿਚ ਦਿਖਾਈ ਨਹੀਂ ਦੇ ਰਹੇ ਪਰ ਕਾਂਗਰਸ ਨੂੰ ਖ਼ੋਰਾ ਲਗਾ ਕੇ ਭਾਜਪਾ ਨੂੰ ਇੰਨਾ ਕੁ ਮਜ਼ਬੂਤ ਕਰਨ ਵਾਲੇ ਕੈਪਟਨ ਹੀ ਹਨ। ਇਸ ਕਰਕੇ ਭਾਜਪਾ ਨੇ ਵੀ ਮਹਾਰਾਣੀ ਪ੍ਰਨੀਤ ਕੌਰ ਨੂੰ ਜਿਤਾਉਣ ਦੇ ਲਈ ਉਨ੍ਹਾਂ ਦੇ ਚੋਣ ਪ੍ਰਚਾਰ ਵਿਚ ਪੂਰੀ ਵਾਹ ਲਗਾਈ ਹੋਈ । ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਆਪਣੇ ਪੰਜਾਬ ਦੌਰੇ ਦੀ ਸ਼ੁਰੂਆਤ ਵੀ ਪ੍ਰਨੀਤ ਕੌਰ ਦੇ ਪਟਿਆਲਾ ਹਲਕੇ ਵਿਚ ਰੈਲੀ ਕਰਕੇ ਕੀਤੀ ਗਈ। ਇਸ ਦੌਰਾਨ ਪੀਐਮ ਮੋਦੀ ਨੇ ਪ੍ਰਨੀਤ ਕੌਰ ਦੇ ਲਈ ਸਿਰਫ਼ ਵੋਟਾਂ ਹੀ ਨਹੀਂ ਮੰਗੀਆਂ, ਬਲਕਿ ਉਨ੍ਹਾਂ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੀ ਕਾਫ਼ੀ ਤਾਰੀਫ਼ ਵੀ ਕੀਤੀ ਗਈ। ਸੋ ਪਟਿਆਲੇ ਦੀ ਸੀਟ ਭਾਜਪਾ ਦੇ ਲਈ ਵੱਕਾਰ ਦਾ ਸਵਾਲ ਬਣੀ ਹੋਈ ਹੈ।

ਕਾਂਗਰਸ ਕਰ ਰਹੀ ਜਿੱਤ ਦੇ ਦਾਅਵੇ

ਜੇ ਕਾਂਗਰਸ ਪਾਰਟੀ ਦੀ ਗੱਲ ਕਰੀਏ ਤਾਂ ਕਾਂਗਰਸ ਵੱਲੋਂ ਪੰਜਾਬ ਵਿਚ 13 ਦੀਆਂ 13 ਸੀਟਾਂ ’ਤੇ ਆਪਣੇ ਉਮੀਦਵਾਰ ਖੜ੍ਹੇ ਕੀਤੇ ਗਏ ਨੇ। ਭਾਵੇਂ ਕਿ ਕਾਂਗਰਸ ਦੇ ਕੇਂਦਰੀ ਨੇਤਾਵਾਂ ਵੱਲੋਂ ਵੀ ਪੰਜਾਬ ਦੇ ਵੱਖ ਵੱਖ ਹਲਕਿਆਂ ਵਿਚ ਜਾ ਕੇ ਆਪਣੇ ਉਮੀਦਵਾਰਾਂ ਲਈ ਚੋਣ ਪ੍ਰਚਾਰ ਕੀਤਾ ਜਾ ਰਿਹਾ ਏ ਪਰ ਕਾਂਗਰਸ ਪਾਰਟੀ ਲਈ ਲੁਧਿਆਣਾ ਦੀ ਸੀਟ ’ਤੇ ਜਿੱਤ ਹਾਸਲ ਕਰਨਾ ਮੁੱਛ ਦਾ ਸਵਾਲ ਬਣਿਆ ਹੋਇਆ ਏ ਕਿਉਂਕਿ ਇਸ ਸੀਟ ਤੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਚੋਣ ਮੈਦਾਨ ਵਿਚ ਉਤਰੇ ਹੋਏ ਨੇ। ਕਾਂਗਰਸ ਨੂੰ ਲਗਦਾ ਏ ਕਿ ਜੇਕਰ ਰਾਜਾ ਵੜਿੰਗ ਇਹ ਚੋਣ ਹਾਰ ਗਏ ਤਾਂ ਅਗਲੀਆਂ ਵਿਧਾਨ ਸਭਾ ਚੋਣਾਂ ਲਈ ਇਹ ਚੰਗਾ ਸੰਕੇਤ ਨਹੀਂ ਹੋਵੇਗਾ। ਇਸ ਲਈ ਕਿਸੇ ਵੀ ਹਾਲਤ ਵਿਚ ਕਾਂਗਰਸ ਪਾਰਟੀ ਲੁਧਿਆਣਾ ਦੀ ਸੀਟ ਜਿੱਤਣਾ ਚਾਹੁੰਦੀ ਐ, ਜਿਸ ਕਰਕੇ ਇਸ ਸੀਟ ’ਤੇ ਕਾਂਗਰਸ ਨੇ ਰਾਜਾ ਵੜਿੰਗ ਨੂੰ ਜਿਤਾਉਣ ਲਈ ਪੂਰੀ ਤਾਕਤ ਲਗਾਈ ਹੋਈ ਐ। ਇਹ ਗੱਲ ਵਿਰੋਧੀਆਂ ਨੂੰ ਵੀ ਚੰਗੀ ਤਰ੍ਹਾਂ ਪਤਾ ਏ, ਇਸ ਕਰਕੇ ਲੁਧਿਆਣਾ ਸੀਟ ’ਤੇ ਭਾਜਪਾ ਵੱਲੋਂ ਖ਼ਾਸ ਤੌਰ ’ਤੇ ਵੱਡੇ ਕੇਂਦਰੀ ਨੇਤਾਵਾਂ ਨੂੰ ਲਿਆ ਕੇ ਚੋਣ ਪ੍ਰਚਾਰ ਕਰਵਾਇਆ ਜਾ ਰਿਹਾ ਏ, ਜਿਨ੍ਹਾਂ ਵਿਚ ਪ੍ਰਮੁੱਖ ਤੌਰ ’ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਉਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਧਾਮੀ ਦਾ ਨਾਮ ਵੀ ਸ਼ਾਮਲ ਐ।

ਸੰਗਰੂਰ ਦੀ ਸੀਟ ਬਣੀ ਮੁੱਛ ਦਾ ਸਵਾਲ

ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਲਈ ਸੰਗਰੂਰ ਸੀਟ ‘ਇੱਜ਼ਤ ਦਾ ਸਵਾਲ’ ਬਣੀ ਹੋਈ ਐ ਕਿਉਂਕਿ ਇਕ ਤਾਂ ਇਹ ਹਲਕਾ ਮੁੱਖ ਮੰਤਰੀ ਭਗਵੰਤ ਮਾਨ ਦਾ ਹਲਕਾ ਏ, ਦੂਜਾ ਇਸ ਹਲਕੇ ਤੋਂ ਪਹਿਲਾ ਆਮ ਆਦਮੀ ਪਾਰਟੀ ਜ਼ਿਮਨੀ ਚੋਣ ਹਾਰ ਚੁੱਕੀ ਐ, ਜਿਸ ਕਰਕੇ ਹੁਣ ਇਸ ਸੀਟ ਨੂੰ ਜਿੱਤਣ ਲਈ ਆਮ ਆਦਮੀ ਪਾਰਟੀ ਨੇ ਪੂਰੀ ਤਾਕਤ ਝੋਕੀ ਹੋਈ ਐ। ਆਮ ਆਦਮੀ ਪਾਰਟੀ ਵੱਲੋਂ ਇਸ ਸੀਟ ਤੋਂ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਏ। ਉਂਝ ਕਾਂਗਰਸ ਦੇ ਸਾਬਕਾ ਵਿਧਾਇਕ ਦਲਬੀਰ ਸਿੰਘ ਗੋਲਡੀ ਦੇ ਆਪ ਵਿਚ ਸ਼ਾਮਲ ਹੋਣ ਨਾਲ ਆਪ ਉਮੀਦਵਾਰ ਨੂੰ ਕਾਫ਼ੀ ਫ਼ਾਇਦਾ ਹੋ ਗਿਆ, ਪਰ ਫਿਰ ਵੀ ਆਮ ਆਦਮੀ ਪਾਰਟੀ ਲਈ ਇਸ ਸੀਟ ਤੋਂ ਵੱਡੀਆਂ ਚੁਣੌਤੀਆਂ ਮੌਜੂਦ ਨੇ। ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਤਾਂ ਸੰਗਰੂਰ ਨੂੰ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ‘ਰਾਜਧਾਨੀ’ ਤੱਕ ਕਿਹਾ ਜਾਂਦਾ ਏ, ਅਜਿਹੇ ਵਿਚ ਇਹ ਸੀਟ ਜਿੱਤਣੀ ਆਮ ਆਦਮੀ ਦੇ ਲਈ ਕਾਫ਼ੀ ਅਹਿਮ ਮੰਨੀ ਜਾ ਰਹੀ ਐ ਕਿਉਂਕਿ ਇਸ ਦਾ ਪ੍ਰਭਾਵ ਅਗਲੀਆਂ ਵਿਧਾਨ ਸਭਾ ਚੋਣਾਂ ’ਤੇ ਵੀ ਪੈਣਾ ਲਾਜ਼ਮੀ ਹੈ।

ਬਠਿੰਡਾ ਲਈ ਅਕਾਲੀ ਦਲ ਨੇ ਲਾਇਆ ਅੱਡੀ ਚੋਟੀ ਦਾ ਜ਼ੋਰ
ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ ਤਾਂ ਉਸ ਦੇ ਲਈ ਬਠਿੰਡਾ ਸੀਟ ਜਿੱਤਣੀ ਮੁੱਛ ਦਾ ਸਵਾਲ ਬਣੀ ਹੋਈ ਐ ਕਿਉਂਕਿ ਇਸ ਸੀਟ ਤੋਂ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੀ ਨੂੰਹ ਅਤੇ ਸੁਖਬੀਰ ਬਾਦਲ ਦੀ ਧਰਮ ਪਤਨੀ ਹਰਸਿਮਰਤ ਕੌਰ ਬਾਦਲ ਵੱਲੋਂ ਚੋਣ ਲੜੀ ਜਾ ਰਹੀ ਐ ਜੋ ਇਸ ਹਲਕੇ ਤੋਂ ਮੌਜੂਦਾ ਸਾਂਸਦ ਵੀ ਐ। ਅਕਾਲੀ ਦਲ ਇਸ ਸੀਟ ’ਤੇ ਹਰ ਹਾਲ ਵਿਚ ਆਪਣੀ ਜਿੱਤ ਨੂੰ ਯਕੀਨੀ ਬਣਾਉਣਾ ਚਾਹੁੰਦਾ ਏ, ਜਿਸ ਦੇ ਲਈ ਸੁਖਬੀਰ ਬਾਦਲ ਵੱਲੋਂ ਕਈ ਵਾਰ ਬਠਿੰਡੇ ਦੇ ਇਲਾਕਿਆਂ ਵਿਚ ਚੋਣ ਪ੍ਰਚਾਰ ਕੀਤਾ ਜਾ ਚੁੱਕਿਆ ਏ। ਭਾਵੇਂ ਕਿ ਹਰਸਿਮਰਤ ਕੌਰ ਬਾਦਲ ਇਸ ਹਲਕੇ ਤੋਂ ਤਿੰਨ ਵਾਰ ਸਾਂਸਦ ਰਹਿ ਚੁੱਕੇ ਨੇ ਪਰ ਇਸ ਵਾਰ ਦੀ ਲੜਾਈ ਇੰਨੀ ਆਸਾਨ ਨਹੀਂ ਕਿਉਂਕਿ ਇਸ ਵਾਰ ਭਾਜਪਾ ਦੀ ਉਮੀਦਵਾਰ ਪਰਮਪਾਲ ਕੌਰ ਵੀ ਚੋਣ ਮੈਦਾਨ ਵਿਚ ਕੁੱਦੀ ਹੋਈ ਐ, ਜਦਕਿ ਆਮ ਆਦਮੀ ਪਾਰਟੀ ਵੱਲੋਂ ਵੱਡੇ ਬਾਦਲ ਨੂੰ ਹਰਾਉਣ ਵਾਲੇ ਦਿੱਗਜ਼ ਆਗੂ ਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਏ। ਸੋ ਇਹ ਸੀਟ ਅਕਾਲੀ ਦਲ ਦੇ ਲਈ ਇੱਜ਼ਤ ਦਾ ਸਵਾਲ ਬਣੀ ਹੋਈ ਐ ਕਿਉਂਕਿ ਜੇਕਰ ਅਕਾਲੀ ਦਲ ਇਹ ਸੀਟ ’ਤੇ ਜਿੱਤ ਹਾਸਲ ਕਰਦਾ ਏ ਤਾਂ ਅਗਲੀਆਂ ਵਿਧਾਨ ਸਭਾ ਚੋਣਾਂ ’ਚ ਇਸ ਦਾ ਅਕਾਲੀ ਦਲ ਦੇ ਹੱਕ ਵਿਚ ਚੰਗਾ ਸੰਕੇਤ ਜਾਵੇਗਾ।

ਇਸ ਦੇ ਨਾਲ ਹੀ ਕੁੱਝ ਲੋਕਾਂ ਵੱਲੋਂ ਇਹ ਵੀ ਆਖਿਆ ਜਾ ਰਿਹਾ ਏ ਕਿ ਬਠਿੰਡਾ ਸੀਟ ’ਤੇ ਅਕਾਲੀ ਦਲ ਅਤੇ ਭਾਜਪਾ ਵਿਚਾਲੇ ਅੰਦਰਖਾਤੇ ਗੱਲਬਾਤ ਹੋ ਚੁੱਕੀ ਐ, ਜਿਸ ਤਹਿਤ ਅਕਾਲੀ ਦਲ ਵੱਲੋਂ ਭਾਜਪਾ ਦੀ ਚੰਡੀਗੜ੍ਹ ਵਿਚ ਹਮਾਇਤ ਕੀਤੀ ਜਾਵੇਗੀ ਅਤੇ ਭਾਜਪਾ ਬਠਿੰਡੇ ਵਿਚ ਅਕਾਲੀ ਦਲ ਦੀ ਹਮਾਇਤ ਕਰੇਗੀ। ਵੈਸੇ ਇਹ ਗੱਲ ਕੁੱਝ ਹਜ਼ਮ ਨਹੀਂ ਹੁੰਦੀ ਕਿਉਂਕਿ ਜੇਕਰ ਅਜਿਹਾ ਹੁੰਦਾ ਤਾਂ ਭਾਜਪਾ ਪਰਮਪਾਲ ਕੌਰ ਨੂੰ ਆਈਏਐਸ ਤੋਂ ਅਸਤੀਫ਼ਾ ਦਿਵਾ ਕੇ ਚੋਣ ਮੈਦਾਨ ਵਿਚ ਕਿਉਂ ਉਤਾਰਦੀ? ਉਂਝ ਰਾਜਨੀਤੀ ਵਿਚ ਅਜਿਹਾ ਹੋਣਾ ਕੋਈ ਵੱਡੀ ਗੱਲ ਵੀ ਨਹੀਂ। ਇਸ ਦੇ ਉਲਟ ਕੁੱਝ ਲੋਕ ਇਹ ਆਖ ਰਹੇ ਨੇ ਕਿ ਭਾਜਪਾ ਉਮੀਦਵਾਰ ਪਰਮਪਾਲ ਕੌਰ ਨੂੰ ਜਿੱਤ ਭਾਵੇਂ ਨਾ ਮਿਲੇ ਪਰ ਉਹ ਹਰਸਿਮਰਤ ਕੌਰ ਬਾਦਲ ਦਾ ਖੇਡ ਵਿਗਾੜ ਸਕਦੀ ਐ ਕਿਉਂਕਿ ਰਾਮ ਰਹੀਮ ਦੇ ਪੈਰੋਕਾਰਾਂ ਦੀਆਂ ਵੋਟਾਂ ਭਾਜਪਾ ਨੂੰ ਜਾਣਗੀਆਂ, ਜਿਸ ਕਰਕੇ ਪਰਮਪਾਲ ਕੌਰ ਦੀ ਵੋਟ ਗਿਣਤੀ ਜ਼ਰੂਰ ਵਧ ਜਾਵੇਗੀ ਪਰ ਉਹ ਨਾ ਤਾਂ ਖ਼ੁਦ ਜਿੱਤ ਸਕੇਗੀ ਅਤੇ ਨਾ ਹੀ ਹਰਸਿਮਰਤ ਕੌਰ ਬਾਦਲ ਨੂੰ ਜਿੱਤਣ ਦੇਵੇਗੀ, ਯਾਨੀ ਕਿ ਤੀਜੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੂੰ ਇਸ ਦਾ ਫ਼ਾਇਦਾ ਮਿਲ ਸਕਦਾ ਏ।

ਵਿਰਸਾ ਸਿੰਘ ਵਲਟੋਹਾ ਤੇ ਅੰਮ੍ਰਿਤਪਾਲ ਦੇ ਫਸੇ ਸਿੰਗ

ਇਸ ਤੋਂ ਇਲਾਵਾ ਪੰਜਾਬ ਦੀ ਖਡੂਰ ਸਾਹਿਬ ਸੀਟ ਵੀ ਇਸ ਸਮੇਂ ਕਾਫ਼ੀ ਚਰਚਾ ਵਿਚ ਆਈ ਐ, ਜਿਸ ਨੂੰ ਪੰਥਕ ਸੀਟ ਮੰਨਿਆ ਜਾਂਦਾ ਏ। ਪਹਿਲਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੀ ਸੀਟ ’ਤੇ ਕਾਫ਼ੀ ਅਹਿਮ ਮੰਨਿਆ ਜਾਂਦਾ ਸੀ ਪਰ ਇਸ ਵਾਰ ਖਡੂਰ ਸਾਹਿਬ ਦੀ ਸੀਟ ਜ਼ਿਆਦਾ ਚਰਚਾ ਵਿਚ ਆਈ ਹੋਈ ਐ ਜੋ ਜ਼ਿਆਦਾਤਰ ਸਿੱਖ ਜਥੇਬੰਦੀਆਂ ਲਈ ‘ਮੁੱਛ ਦਾ ਸਵਾਲ’ ਬਣੀ ਹੋਈ ਐ। ਇਸ ਸੀਟ ਤੋਂ ਅੰਮ੍ਰਿਤਪਾਲ ਸਿੰਘ ਚੋਣ ਲੜ ਰਹੇ ਨੇ ਜੋ ਐਨਐਸਏ ਦੇ ਤਹਿਤ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਵਿਚ ਬੰਦ ਨੇ। ਇਹ ਉਹੀ ਸੀਟ ਐ, ਜਿਸ ’ਤੇ ਕਿਸੇ ਸਮੇਂ ਸਿਮਰਨਜੀਤ ਸਿੰਘ ਮਾਨ ਇੰਨੀ ਵੱਡੀ ਲੀਡ ਨਾਲ ਚੋਣ ਜਿੱਤੇ ਸੀ ਕਿ ਅੱਜ ਤੱਕ ਉਨ੍ਹਾਂ ਦਾ ਰਿਕਾਰਡ ਨਹੀਂ ਟੁੱਟ ਸਕਿਆ। ਅੰਮ੍ਰਿਤਪਾਲ ਸਿੰਘ ਵੱਲੋਂ ਭਾਵੇਂ ਅਜ਼ਾਦ ਉਮੀਦਵਾਰ ਵਜੋਂ ਇਹ ਚੋਣ ਲੜੀ ਜਾ ਰਹੀ ਐ ਪਰ ਮਾਨ ਦਲ ਵੱਲੋਂ ਅੰਮ੍ਰਿਤਪਾਲ ਸਿੰਘ ਦਾ ਸਮਰਥਨ ਕੀਤਾ ਜਾ ਰਿਹਾ ਏ, ਜਿਸ ਕਰਕੇ ਇੱਥੋਂ ਮਾਨ ਦਲ ਨੇ ਆਪਣਾ ਉਮੀਦਵਾਰ ਖੜ੍ਹਾ ਨਹੀਂ ਕੀਤਾ।

ਸੋ ਪੰਜਾਬ ਦੀ ਪਟਿਆਲਾ, ਸੰਗਰੂਰ, ਲੁਧਿਆਣਾ, ਬਠਿੰਡਾ ਅਤੇ ਖਡੂਰ ਸਾਹਿਬ ਸੀਟਾਂ ਵੱਖ ਵੱਖ ਪਾਰਟੀਆਂ ਦੇ ਲਈ ਇੱਜ਼ਤ ਦਾ ਸਵਾਲ ਬਣੀਆਂ ਹੋਈਆਂ ਨੇ ਪਰ ਜਨਤਾ ਜਨਾਰਦਨ ਜਿੱਤ ਦਾ ਸਿਹਰਾ ਕਿਸ ਪਾਰਟੀ ਉਮੀਦਵਾਰ ਦੇ ਸਿਰ ਸਜਾਏਗੀ, ਇਹ ਚਾਰ ਜੂਨ ਨੂੰ ਨਤੀਜਾ ਆਉਣ ਮਗਰੋਂ ਹੀ ਪਤਾ ਚੱਲ ਸਕੇਗਾ।

ਰਿਪੋਰਟ- ਸ਼ਾਹ

ਇਹ ਵੀ ਪੜ੍ਹੋ: PM ਮੋਦੀ ਨੇ ਵਿਰੋਧੀ ਧਿਰ ‘ਤੇ ਕੱਸਿਆ ਤੰਜ, “ਪਿਛਲੇ 24 ਸਾਲਾਂ ਤੋਂ ਗਾਲ੍ਹਾਂ ਖਾ-ਖਾ ਕੇ ਗਾਲ੍ਹੀ ਪਰੂਫ ਬਣ ਗਿਆ”

Next Story
ਤਾਜ਼ਾ ਖਬਰਾਂ
Share it