ਅਕਾਲੀ-ਭਾਜਪਾ ਵਿਚਾਲੇ ਹੋਵੇਗਾ ਗਠਜੋੜ!
ਚੰਡੀਗੜ੍ਹ, 22 ਸਤੰਬਰ :ਅਗਾਮੀ ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੇ ਜ਼ੋਰ ਸ਼ੋਰ ਨਾਲ ਤਿਆਰੀ ਸਰਗਰਮੀ ਸ਼ੁਰੂ ਕਰ ਦਿੱਤੀ ਐ ਪਰ ਸ਼੍ਰੋਮਣੀ ਅਕਾਲੀ ਦਲ ਅਜੇ ਤੱਕ ਗਠਜੋੜ ਦੇ ਚੱਕਰਾਂ ਵਿਚ ਹੀ ਫਸਿਆ ਹੋਇਆ ਏ ਕਿਉਂਕਿ ਇਕ ਵਾਰ ਫਿਰ ਤੋਂ ਅਕਾਲੀ ਭਾਜਪਾ ਵਿਚਾਲੇ ਗਠਜੋੜ ਹੋਣ ਦੀਆਂ ਚਰਚਾਵਾਂ ਦਾ ਬਜ਼ਾਰ ਪੂਰੀ ਤਰ੍ਹਾਂ […]
By : Hamdard Tv Admin
ਚੰਡੀਗੜ੍ਹ, 22 ਸਤੰਬਰ :
ਅਗਾਮੀ ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੇ ਜ਼ੋਰ ਸ਼ੋਰ ਨਾਲ ਤਿਆਰੀ ਸਰਗਰਮੀ ਸ਼ੁਰੂ ਕਰ ਦਿੱਤੀ ਐ ਪਰ ਸ਼੍ਰੋਮਣੀ ਅਕਾਲੀ ਦਲ ਅਜੇ ਤੱਕ ਗਠਜੋੜ ਦੇ ਚੱਕਰਾਂ ਵਿਚ ਹੀ ਫਸਿਆ ਹੋਇਆ ਏ ਕਿਉਂਕਿ ਇਕ ਵਾਰ ਫਿਰ ਤੋਂ ਅਕਾਲੀ ਭਾਜਪਾ ਵਿਚਾਲੇ ਗਠਜੋੜ ਹੋਣ ਦੀਆਂ ਚਰਚਾਵਾਂ ਦਾ ਬਜ਼ਾਰ ਪੂਰੀ ਤਰ੍ਹਾਂ ਗਰਮ ਐ। ਭਾਵੇਂ ਕਿ ਜਨਤਕ ਤੌਰ ’ਤੇ ਦੋਵੇਂ ਪਾਰਟੀਆਂ ਦੇ ਆਗੂਆਂ ਵੱਲੋਂ ਇਕੱਲੇ ਇਕੱਲੇ ਚੋਣ ਮੈਦਾਨ ਵਿਚ ਨਿੱਤਰਨ ਦੇ ਦਾਅਵੇ ਕੀਤੇ ਜਾ ਰਹੇ ਨੇ ਪਰ ਅੰਦਰੂਨੀ ਤੌਰ ’ਤੇ ਖ਼ਬਰਾਂ ਇਹ ਮਿਲ ਰਹੀਆਂ ਨੇ ਕਿ ਦੋਵੇਂ ਪਾਰਟੀਆਂ ਵਿਚਾਲੇ ਸੀਟ ਬਟਵਾਰੇ ਦੇ ਫਾਰਮੂਲੇ ’ਤੇ ਚਰਚਾ ਕੀਤੀ ਜਾ ਰਹੀ ਐ।
2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਵਿਚ ਸਿਆਸੀ ਹਲਚਲ ਹੋਣੀ ਸ਼ੁਰੂ ਹੋ ਚੁੱਕੀ ਐ, ਜਿਸ ਦੇ ਚਲਦਿਆਂ ਇਕ ਵਾਰ ਫਿਰ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵਿਚਾਲੇ ਗਠਜੋੜ ਨੂੰ ਲੈ ਕੇ ਚਰਚਾ ਨੇ ਕਾਫ਼ੀ ਜ਼ੋਰ ਫੜਿਆ ਹੋਇਆ ਏ। ਸੂਤਰਾਂ ਅਨੁਸਾਰ ਅੰਦਰਖ਼ਾਤੇ ਦੋਵੇਂ ਪਾਰਟੀਆਂ ਵਿਚਾਲੇ ਸੰਭਾਵਿਤ ਸੀਟਾਂ ਦੇ ਬਟਵਾਰੇ ਨੂੰ ਲੈ ਕੇ ਗੱਲਬਾਤ ਚੱਲ ਰਹੀ ਐ।
ਇਹ ਵੀ ਕਿਹਾ ਜਾ ਰਿਹਾ ਏ ਕਿ ਆਖ਼ਰੀ ਫ਼ੈਸਲਾ ਉਦੋਂ ਹੀ ਹੋਵੇਗਾ, ਜਦੋਂ ਇਹ ਪਤਾ ਚੱਲ ਜਾਵੇਗਾ ਕਿ ਪੰਜਾਬ ਵਿਚ ਕਾਂਗਰਸ ਅਤੇ ਆਪ ਗਠਜੋੜ ਕਰਦੇ ਨੇ ਜਾਂ ਨਹੀਂ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਦੋਵੇਂ ਪਾਰਟੀਆਂ ਵਿਚਾਲੇ ਗਠਜੋੜ ਨੂੰ ਲੈ ਕੇ ਹੋ ਰਹੀ ਗੱਲਬਾਤ ਮੁੱਖ ਤੌਰ ’ਤੇ ਤਿੰਨ ਮੁੱਦਿਆਂ ’ਤੇ ਕੇਂਦਰਤ ਦੱਸੀ ਜਾ ਰਹੀ ਐ, ਜਿਨ੍ਹਾਂ ਵਿਚ ਸੀਟਾਂ ਦਾ ਬਟਵਾਰਾ, ਇਕ ਪਰਿਵਾਰ ਇਕ ਟਿਕਟ ਫਾਰਮੂਲਾ ਅਤੇ ਸਾਬਕਾ ਅਕਾਲੀ ਨੇਤਾ ਸੁਖਦੇਵ ਸਿੰਘ ਢੀਂਡਸਾ ਨੂੰ ਇਸ ਗਠਜੋੜ ਵਿਚ ਸ਼ਾਮਲ ਕਰਨਾ।
ਉਂਝ ਇਹ ਵੀ ਕਨਸੋਆਂ ਮਿਲ ਰਹੀਆਂ ਨੇ ਕਿ ਅਕਾਲੀ ਦਲ ਦੇ ਨੇਤਾਵਾਂ ਵੱਲੋਂ ਸੀਟ ਬਟਵਾਰੇ ਦੇ ਲਈ 60:40 ਦੇ ਅਨੁਪਾਤ ਦਾ ਪ੍ਰਸਤਾਵ ਦਿੱਤਾ ਗਿਆ ਏ ਜਦਕਿ ਭਾਜਪਾ ਫਿਫਟੀ ਫਿਫਟੀ ਅਨੁਪਾਤ ’ਤੇ ਜ਼ੋਰ ਦੇ ਰਹੀ ਐ। ਯਾਨੀ ਕਿ ਸੀਟਾਂ ਦੇ ਬਟਵਾਰੇ ਨੂੰ ਲੈ ਕੇ ਦੋਵੇਂ ਪਾਰਟੀਆਂ ਵਿਚਾਲੇ ਪੇਚ ਫਸ ਸਕਦਾ ਏ ਪਰ ਨਾਲ ਹੀ ਇਹ ਗੱਲ ਵੀ ਸਪੱਸ਼ਟ ਮੰਨੀ ਜਾ ਰਹੀ ਐ ਕਿ ਇਸ ਵਾਰ ਅਕਾਲੀ ਦਲ ਦੀ ਮਨਮਰਜ਼ੀ ਨਹੀਂ ਚੱਲੇਗੀ ਬਲਕਿ ਅਕਾਲੀ ਦਲ ਨੂੰ ਭਾਜਪਾ ਦੀ ਮੰਨਣੀ ਪਵੇਗੀ ਕਿਉਂਕਿ ਮੌਜੂਦਾ ਸਮੇਂ ਅਕਾਲੀ ਦਲ ਅਜਿਹੀ ਸਥਿਤੀ ਵਿਚ ਨਹੀਂ ਕਿ ਭਾਜਪਾ ’ਤੇ ਕਿਸੇ ਤਰ੍ਹਾਂ ਦਾ ਕੋਈ ਦਬਾਅ ਪਾ ਸਕੇ।
ਪੰਜਾਬ ਵਿਚ ਇਸ ਸਮੇਂ ਦੋਵੇਂ ਪਾਰਟੀਆਂ ਲਗਭਗ ਇਕੋ ਮੁਹਾਣੇ ’ਤੇ ਖੜ੍ਹੀਆਂ ਹੋਈਆਂ ਨੇ ਬਲਕਿ ਕੇਂਦਰ ਵਿਚ ਸੱਤਾ ਹੋਣ ਕਰਕੇ ਭਾਜਪਾ ਨੂੰ ਜ਼ਿਆਦਾ ਮਜ਼ਬੂਤ ਕਿਹਾ ਜਾ ਸਕਦਾ ਏ। ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਭਾਜਪਾ ਵੱਲੋਂ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਆਗੂ ਸੁਖਦੇਵ ਸਿੰਘ ਢੀਂਡਸਾ ਨੂੰ ਜ਼ਿਆਦਾ ਤਵੱਜੋ ਦਿੱਤੀ ਜਾ ਰਹੀ ਐ।
ਇਸ ਦੇ ਨਾਲ ਹੀ ਭਾਜਪਾ ਆਪਣੇ ‘ਇਕ ਪਰਿਵਾਰ ਇਕ ਟਿਕਟ’ ਦੇ ਫਾਰਮੂਲੇ ਨੂੰ ਲੈ ਕੇ ਵੀ ਪੂਰੀ ਤਰ੍ਹਾਂ ਵਚਨਬੱਧ ਐ, ਜਦਕਿ ਅਕਾਲੀ ਦਲ ਵਿਚ ਅਜਿਹੀ ਕੋਈ ਵਚਨਬੱਧਤਾ ਨਹੀਂ ਬਲਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਕਈ ਰਿਸ਼ਤੇਦਾਰ ਟਿਕਟਾਂ ਲਈ ਪਹਿਲਾਂ ਹੀ ਲਾਈਨ ਵਿਚ ਖੜ੍ਹੇ ਹੋਏ ਨੇ।
ਭਾਜਪਾ ਨਾਲ ਨਾਤਾ ਜੋੜ ਕੇ ਅਕਾਲੀ ਦਲ ਨੂੰ ਇਹ ਫਾਰਮੂਲਾ ਅਪਣਾਉਣਾ ਪਵੇਗਾ। ਯਾਨੀ ਜੇਕਰ ਹਰਸਿਮਰਤ ਬਾਦਲ ਚੋਣ ਲੜੇਗੀ ਤਾਂ ਬਾਦਲ ਪਰਿਵਾਰ ਦਾ ਕੋਈ ਰਿਸ਼ਤੇਦਾਰ ਜਾਂ ਹੋਰ ਮੈਂਬਰ ਚੋਣ ਨਹੀਂ ਲੜ ਸਕੇਗਾ ਪਰ ਜੇਕਰ ਦੇਖਿਆ ਜਾਵੇ ਤਾਂ ਦਿੱਗਜ਼ ਅਕਾਲੀ ਨੇਤਾਵਾਂ ਦੇ ਪਰਿਵਾਰਕ ਮੈਂਬਰ ਬੇਟੇ, ਬੇਟੀਆਂ, ਭਣੋਈਏ ਅਤੇ ਬਹੂਆਂ ਪਾਰਟੀ ਦੀਆਂ ਗਤੀਵਿਧੀਆਂ ਵਿਚ ਸਰਗਰਮ ਰੂਪ ਵਿਚ ਸ਼ਾਮਲ ਨੇ। ਇਸ ਲਈ ਦੇਖਣਾ ਹੋਵੇਗਾ ਕਿ ਅਕਾਲੀ ਦਲ ਭਾਜਪਾ ਦੇ ਫਾਰਮੂਲੇ ਨੂੰ ਅਪਣਾਏਗਾ ਜਾਂ ਨਹੀਂ।
ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋ ਕੇ ਵੱਖਰਾ ਅਕਾਲੀ ਦਲ ਬਣਾਉਣ ਵਾਲੇ ਸੁਖਦੇਵ ਸਿੰਘ ਢੀਂਡਸਾ ਦਾ ਭਾਜਪਾ ਵਿਚ ਕਾਫ਼ੀ ਮਾਣ ਸਨਮਾਨ ਕੀਤਾ ਜਾਂਦਾ ਏ ਕਿਉਂਕਿ ਅਕਾਲੀ ਦਲ ਛੱਡਣ ਮਗਰੋਂ ਉਨ੍ਹਾਂ ਦੇ ਬਹੁਤ ਸਾਰੇ ਭਾਜਪਾ ਨੇਤਾਵਾਂ ਨਾਲ ਗੂੜ੍ਹੇ ਸਬੰਧ ਸਥਾਪਿਤ ਹੋ ਚੁੱਕੇ ਨੇ ਅਤੇ ਉਨ੍ਹਾਂ ਨੇ ਵਿਧਾਨ ਸਭਾ ਚੋਣਾਂ ਵੇਲੇ ਭਾਜਪਾ ਦੀ ਮਦਦ ਵੀ ਕੀਤੀ ਸੀ।
ਭਾਵੇਂ ਕਿ ਉਸ ਵਿਚ ਜ਼ਿਆਦਾ ਸਫ਼ਲਤਾ ਹਾਸਲ ਨਹੀਂ ਹੋ ਸਕੀ ਸੀ, ਉਹ ਵੱਖਰੀ ਗੱਲ ਐ। ਇਹ ਵੀ ਕਿਹਾ ਜਾ ਰਿਹਾ ਏ ਕਿ ਸੁਖਦੇਵ ਢੀਂਡਸਾ ਨੂੰ ਲੈ ਕੇ ਦੋਵੇਂ ਪਾਰਟੀਆਂ ਵਿਚਾਲੇ ਕੁੱਝ ਅੜਚਨਾਂ ਪੈਦਾ ਹੋ ਸਕਦੀਆਂ ਨੇ ਕਿਉਂਕਿ ਕੁੱਝ ਦਿਨ ਪਹਿਲਾਂ ਹੀ ਦਿੱਲੀ ਤੋਂ ਭਾਜਪਾ ਨੇਤਾ ਮਨਜਿੰਦਰ ਸਿੰਘ ਸਿਰਸਾ ਨੇ ਜਨਤਕ ਤੌਰ ’ਤੇ ਇਹ ਬਿਆਨ ਦਿੱਤਾ ਸੀ ਕਿ ਪਾਰਟੀ ਢੀਂਡਸਾ ਦੇ ਨਾਲ ਗਠਜੋੜ ਕਰਕੇ ਲੋਕ ਸਭਾ ਚੋਣਾਂ ਲੜੇਗੀ, ਜਿਸ ਤੋਂ ਭਾਜਪਾ ਵਿਚ ਢੀਂਡਸਾ ਸਾਬ੍ਹ ਦੀ ਕਾਫ਼ੀ ਜ਼ਿਆਦਾ ਅਹਿਮੀਅਤ ਹੋਣ ਦੇ ਸੰਕੇਤ ਮਿਲਦੇ ਨੇ।
ਫਿਲਹਾਲ ਲੋਕ ਸਭਾ ਚੋਣਾਂ ਨੂੰ ਲੈ ਕੇ ਅੰਦਰਖ਼ਾਤੇ ਅਕਾਲੀ ਦਲ ਹੀ ਨਹੀਂ ਬਲਕਿ ਸਾਰੀਆਂ ਸਿਆਸੀ ਪਾਰਟੀਆਂ ਵਿਚ ਕਾਫ਼ੀ ਹਲਚਲ ਮੱਚੀ ਹੋਈ ਐ ਪਰ ਮੌਜੂਦਾ ਸਮੇਂ ਸਾਰਿਆਂ ਦੀਆਂ ਨਜ਼ਰਾਂ ਅਕਾਲੀ ਦਲ ’ਤੇ ਟਿਕੀਆਂ ਹੋਈਆਂ ਨੇ ਕਿ ਉਸ ਦਾ ਭਾਜਪਾ ਨਾਲ ਗਠਜੋੜ ਸਿਰੇ ਚੜ੍ਹੇਗਾ ਜਾਂ ਨਹੀਂ।
ਸੋ ਤੁਹਾਡਾ ਇਸ ਮਾਮਲੇ ਨੂੰ ਲੈ ਕੇ ਕੀ ਕਹਿਣਾ ਏ, ਸਾਨੂੰ ਕੁਮੈਂਟ ਜ਼ਰੀਏ ਆਪਣੀ ਰਾਇ ਸਾਂਝੀ ਕਰੋ। ਹੋਰ ਜਾਣਕਾਰੀ ਅਤੇ ਤਾਜ਼ਾ ਖ਼ਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ