ਆਈਸ ਦਫ਼ਤਰ ਦੇ ਬਾਹਰ ਧਰਨੇ ’ਤੇ ਬੈਠੀਆਂ ਔਰਤਾਂ ਜੇਲ ਵਿਚ ਡੱਕੀਆਂ
ਇੰਮੀਗ੍ਰੇਸ਼ਨ ਪ੍ਰੋਸੈਸਿੰਗ ਸੈਂਟਰ ਦੇ ਬਾਹਰ ਧਰਨੇ ’ਤੇ ਬੈਠੀਆਂ ਇਕ ਦਰਜਨ ਤੋਂ ਵੱਧ ਮਾਵਾਂ ਨੂੰ ਗ੍ਰਿਫ਼ਤਾਰ ਕਰਦਿਆਂ ਸਰਕਾਰੀ ਕੰਮਕਾਜ ਵਿਚ ਅੜਿੱਕੇ ਡਾਹੁਣ ਅਤੇ ਗੈਰਵਾਜਬ ਥਾਂ ’ਤੇ ਧਰਨਾ ਦੇਣ ਦੇ ਦੋਸ਼

By : Upjit Singh
ਸ਼ਿਕਾਗੋ : ਇੰਮੀਗ੍ਰੇਸ਼ਨ ਪ੍ਰੋਸੈਸਿੰਗ ਸੈਂਟਰ ਦੇ ਬਾਹਰ ਧਰਨੇ ’ਤੇ ਬੈਠੀਆਂ ਇਕ ਦਰਜਨ ਤੋਂ ਵੱਧ ਮਾਵਾਂ ਨੂੰ ਗ੍ਰਿਫ਼ਤਾਰ ਕਰਦਿਆਂ ਸਰਕਾਰੀ ਕੰਮਕਾਜ ਵਿਚ ਅੜਿੱਕੇ ਡਾਹੁਣ ਅਤੇ ਗੈਰਵਾਜਬ ਥਾਂ ’ਤੇ ਧਰਨਾ ਦੇਣ ਦੇ ਦੋਸ਼ ਆਇਦ ਕੀਤੇ ਗਏ ਹਨ। ਮੀਡੀਆ ਰਿਪੋਰਟ ਮੁਤਾਬਕ 23 ਸਾਲ ਤੋਂ 59 ਸਾਲ ਉਮਰ ਵਾਲੀਆਂ 14 ਔਰਤਾਂ ਨੇ ਬਰੌਡਵਿਊ ਇੰਮੀਗ੍ਰੇਸ਼ਨ ਪ੍ਰੋਸੈਸਿੰਗ ਸੈਂਟਰ ਦੇ ਬਾਹਰ ਧਰਨਾ ਆਰੰਭ ਕਰਦਿਆਂ ਕਿਹਾ ਕਿ ਸਾਡੇ ਦੋਸਤ ਅਤੇ ਗੁਆਂਢੀ ਆਈਸ ਦੇ ਛਾਪਿਆਂ ਤੋਂ ਡਰੇ ਹੋਏ ਹਨ ਜਿਨ੍ਹਾਂ ਨੂੰ ਅਗਵਾ ਕੀਤਾ ਜਾ ਰਿਹਾ ਹੈ। ਸਿਰਫ ਐਨਾ ਹੀ ਨਹੀਂ ਹਿਰਾਸਤ ਵਿਚ ਲਏ ਪ੍ਰਵਾਸੀਆਂ ਨਾਲ ਜਾਨਵਰਾਂ ਵਰਗਾ ਸਲੂਕ ਹੋ ਰਿਹਾ ਹੈ ਅਤੇ ਬਣਦੀਆਂ ਸਹੂਲਤਾਂ ਮੁਹੱਈਆ ਨਹੀਂ ਕਰਵਾਈਆਂ ਜਾ ਰਹੀਆਂ।
ਸ਼ਿਕਾਗੋ ਵਿਖੇ ਧੱਕੇਸ਼ਾਹੀ ਵਿਰੁੱਧ ਆਵਾਜ਼ ਉਠਾਉਣ ਵਾਲਿਆਂ ਵਿਰੁੱਧ ਕਾਰਵਾਈ
ਸ਼ਿਕਾਗੋ ਦੇ ਪੱਛਮੀ ਇਲਾਕਿਆਂ ਨਾਲ ਸਬੰਧਤ ਔਰਤਾਂ ਨੇ ਉਮੀਦ ਜ਼ਾਹਰ ਕੀਤੀ ਕਿ ਵਾਈਟ ਵੁਮੈਨ ਹੋਣ ਦੇ ਨਾਤੇ ਉਨ੍ਹਾਂ ਵੱਲੋਂ ਦਿਤੇ ਧਰਨੇ ਦਾ ਅਸਰ ਜ਼ਰੂਰ ਹੋਵੇਗਾ ਕਿਉਂਕਿ ਹਰ ਤਬਕੇ ਦੇ ਪ੍ਰਵਾਸੀਆਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਇਸੇ ਦੌਰਾਨ ਇਕ ਔਰਤ ਨੇ ਕਿਹਾ ਕਿ ਸੜਕ ’ਤੇ ਧਰਨਾ ਲਾਉਣਾ ਬਿਲਕੁਲ ਵੀ ਗੈਰਕਾਨੂੰਨੀ ਨਹੀਂ ਕਿਉਂਕਿ ਇਥੇ ਮਨੁੱਖੀ ਹੱਕਾਂ ਦੀ ਗੱਲ ਹੋ ਰਹੀ ਹੈ। ਮਾਵਾਂ ਦੇ ਧਰਨੇ ਦਾ ਜ਼ਿਕਰ ਸੋਸ਼ਲ ਮੀਡੀਆ ’ਤੇ ਹੋਇਆ ਅਤੇ ਲੋਕ ਇਨ੍ਹਾਂ ਔਰਤਾਂ ਦੀ ਪਿੱਠ ਥਾਪੜਦੇ ਨਜ਼ਰ ਆਏ। ਇਕ ਵਰਤੋਂਕਾਰ ਨੇ ਕਿਹਾ ਕਿ ਇਹ ਔਰਤਾਂ ਹੋਰਨਾਂ ਨੂੰ ਵੀ ਪ੍ਰੇਰਿਤ ਕਰ ਰਹੀਆਂ ਹਨ। ਡਿਟੈਨਸ਼ਨ ਸੈਂਟਰਾਂ ਵਿਚ ਬੰਦ ਪ੍ਰਵਾਸੀਆਂ ਨੂੰ ਸਾਫ਼ ਚਾਦਰਾਂ, ਸਾਬਣ, ਤੌਲੀਏ ਅਤੇ ਲੋੜੀਂਦੀ ਖੁਰਾਕ ਲਾਜ਼ਮੀ ਤੌਰ ’ਤੇ ਮੁਹੱਈਆ ਹੋਣੀ ਚਾਹੀਦੀ ਹੈ। ਦੱਸ ਦੇਈਏ ਕਿ ਟਰੰਪ ਸਰਕਾਰ ਵੱਲੋਂ ਸਤੰਬਰ ਵਿਚ ਸ਼ਿਕਾਗੋ ਵਿਖੇ ਅਪ੍ਰੇਸ਼ਨ ਮਿਡਵੇਅ ਬਲਿਟਜ਼ ਆਰੰਭਿਆ ਗਿਆ ਸੀ।


