ਨਿਊ ਯਾਰਕ ਦੇ ਸਬਵੇਅ ’ਚ ਔਰਤ ਨੂੰ ਜਿਊਂਦੀ ਸਾੜਿਆ
ਨਿਊ ਯਾਰਕ ਵਿਖੇ ਐਤਵਾਰ ਨੂੰ ਇਕ ਔਰਤ ਦੀ ਸਬਵੇਅ ਵਿਚ ਅੱਗ ਲਾ ਕੇ ਹੱਤਿਆ ਕਰ ਦਿਤੀ ਗਈ।
By : Upjit Singh
ਨਿਊ ਯਾਰਕ : ਨਿਊ ਯਾਰਕ ਵਿਖੇ ਐਤਵਾਰ ਨੂੰ ਇਕ ਔਰਤ ਦੀ ਸਬਵੇਅ ਵਿਚ ਅੱਗ ਲਾ ਕੇ ਹੱਤਿਆ ਕਰ ਦਿਤੀ ਗਈ। ਪੁਲਿਸ ਨੇ ਦੱਸਿਆ ਕਿ ਔਰਤ ਵੱਲੋਂ ਪਹਿਨੇ ਕੱਪੜੇ ਬਹੁਤ ਜਲਦ ਅੱਗ ਫੜ ਗਏ ਅਤੇ ਦੇਖਦਿਆਂ ਹੀ ਦੇਖਦਿਆਂ ਉਹ ਜਿਊਂਦੀ ਸੜ ਗਈ। ਨਿਊ ਯਾਰਕ ਸਿਟੀ ਪੁਲਿਸ ਦੀ ਕਮਿਸ਼ਨਰ ਜੈਸਿਕਾ ਟਿਸ਼ ਨੇ ਦੱਸਿਆ ਕਿ ਸ਼ੱਕੀ ਨੇ ਇਕ ਲਾਈਟਰ ਦੀ ਵਰਤੋਂ ਕਰਦਿਆਂ ਔਰਤ ਦੇ ਕੱਪੜਿਆਂ ਨੂੰ ਅੱਗ ਲਾਈ। ਫਿਲਹਾਲ ਔਰਤ ਦੀ ਪਛਾਣ ਨਹੀਂ ਕੀਤੀ ਜਾ ਸਕੀ। ਅੱਗ ਲਾਉਣ ਲਾਉਣ ਤੋਂ ਬਾਅਦ ਸ਼ੱਕੀ ਨੇੜੇ ਹੀ ਬੈਠ ਗਿਆ ਅਤੇ ਸੜਦੀ ਹੋਈ ਔਰਤ ਨੂੰ ਦੇਖਣ ਲੱਗਾ। ਦੱਸਿਆ ਜਾ ਰਿਹਾ ਹੈ ਕਿ ਅੱਗ ਲੱਗਣ ਦੀ ਘਟਨਾ ਤੋਂ ਪਹਿਲਾਂ ਔਰਤ ਸੌਂ ਰਹੀ ਸੀ ਅਤੇ ਉਸ ਨੂੰ ਸ਼ੁਰੂਆਤੀ ਤੌਰ ’ਤੇ ਕੁਝ ਪਤਾ ਨਾ ਲੱਗਾ।
ਪੁਲਿਸ ਨੇ 8 ਘੰਟੇ ਦੇ ਅੰਦਰ ਕਾਬੂ ਕੀਤਾ ਸ਼ੱਕੀ
ਸ਼ੱਕੀ ਅਤੇ ਔਰਤ ਦਰਮਿਆਨ ਕੋਈ ਗੱਲਬਾਤ ਜਾਂ ਤਲਖਕਲਾਮੀ ਨਹੀਂ ਹੋਈ ਅਤੇ ਦੋਵੇਂ ਇਕ-ਦੂਜੇ ਨੂੰ ਜਾਣਦੇ ਵੀ ਨਹੀਂ ਸਨ। ਸਬਵੇਅ ਸਟੇਸ਼ਨ ’ਤੇ ਬੈਠੇ ਸ਼ੱਕੀ ਦੀਆਂ ਤਸਵੀਰਾਂ ਸੀ.ਸੀ.ਟੀ.ਵੀ. ਕੈਮਰਿਆਂ ਵਿਚ ਕੈਦ ਹੋ ਗਈਆਂ ਅਤੇ ਇਨ੍ਹਾਂ ਨੂੰ ਜਨਤਕ ਕਰਦਿਆਂ ਗ੍ਰਿਫ਼ਤਾਰੀ ਵਿਚ ਮਦਦ ਕਰਨ ਵਾਲੇ ਨੂੰ 10 ਹਜ਼ਾਰ ਡਾਲਰ ਦਾ ਇਨਾਮ ਦੇਣ ਦੀ ਪੇਸ਼ਕਸ਼ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਕੁਝ ਸਕੂਲੀ ਬੱਚਿਆਂ ਨੇ ਸ਼ੱਕੀ ਨੂੰ ਗ੍ਰਿਫ਼ਤਾਰ ਕਰਵਾਉਣ ਵਿਚ ਮਦਦ ਕੀਤੀ। ਦੱਸ ਦੇਈਏ ਕਿ ਨਿਊ ਯਾਰਕ ਵਿਖੇ ਹੀ ਪਿਛਲੇ ਦਿਨੀਂ ਇਕ ਨਾਮੀ ਕੰਪਨੀ ਦੇ ਮੁੱਖ ਕਾਰਜਕਾਰੀ ਅਫਸਰ ਦਾ ਕਤਲ ਕਰ ਦਿਤਾ ਗਿਆ ਸੀ। ਗੋਲੀਆਂ ਚਲਾਉਣ ਵਾਲੇ ਨੂੰ ਪੈਨਸਿਲਵੇਨੀਆ ਤੋਂ ਕਾਬੂ ਕੀਤਾ ਗਿਆ ਅਤੇ ਮੰਨਿਆ ਜਾ ਰਿਹਾ ਹੈ ਕਿ ਇਸ ਵਾਰਦਾਤ ਵਿਚ ਕੁਲ ਤਿੰਨ ਜਣੇ ਸ਼ਾਮਲ ਸਨ।