ਅਮਰੀਕਾ ਵਿਚ ਹਵਾਵਾਂ ਦਾ ਕਹਿਰ, ਸੜਕਾਂ ’ਤੇ ਜਾਂਦੇ ਟਰੱਕ ਪਲਟੇ
ਅਮਰੀਕਾ ਵਿਚ ਮੌਸਮ ਕਹਿਰ ਢਾਹ ਰਿਹਾ ਹੈ ਅਤੇ ਕਈ ਰਾਜਾਂ ਵਿਚ 130 ਕਿਲੋਮੀਟਰ ਪ੍ਰਤੀ ਘੰਟਾ ਰਫ਼ਤਾਰ ਵਾਲੀਆਂ ਤੇਜ਼ ਹਵਾਵਾਂ ਕਰ ਕੇ ਖਤਰਨਾਕ ਹਾਦਸੇ ਵਾਪਰ ਚੁੱਕੇ ਹਨ।

ਹਿਊਸਟਨ : ਅਮਰੀਕਾ ਵਿਚ ਮੌਸਮ ਕਹਿਰ ਢਾਹ ਰਿਹਾ ਹੈ ਅਤੇ ਕਈ ਰਾਜਾਂ ਵਿਚ 130 ਕਿਲੋਮੀਟਰ ਪ੍ਰਤੀ ਘੰਟਾ ਰਫ਼ਤਾਰ ਵਾਲੀਆਂ ਤੇਜ਼ ਹਵਾਵਾਂ ਕਰ ਕੇ ਖਤਰਨਾਕ ਹਾਦਸੇ ਵਾਪਰ ਚੁੱਕੇ ਹਨ। ਦੂਜੇ ਪਾਸੇ ਓਕਲਾਹੋਮਾ ਵਿਚ 150 ਥਾਵਾਂ ’ਤੇ ਲੱਗੀ ਜੰਗਲਾਂ ਦੀ ਅੱਗ ਨੇ ਨੱਕ ਵਿਚ ਦਮ ਕੀਤਾ ਹੋਇਆ ਹੈ। ਨਿਊ ਮੈਕਸੀਕੋ, ਟੈਕਸਸ, ਓਕਲਾਹੋਮਾ ਅਤੇ ਕੈਨਸਸ ਰਾਜਾਂ ਵਿਚ ਹਾਦਸਿਆਂ ਦੌਰਾਨ ਤਿੰਨ ਜਣਿਆਂ ਦੀ ਮੌਤ ਹੋ ਗਈ ਅਤੇ ਦਰਜਨਾਂ ਹੋਰ ਜ਼ਖਮੀ ਹੋ ਗਏ। ਨੈਸ਼ਨਲ ਵੈਦਰ ਸਰਵਿਸ ਮੁਤਾਬਕ ਅਮਰੀਕਾ ਦੇ 10 ਕਰੋੜ ਲੋਕ ਮੌਸਮੀ ਕਹਿਰ ਝੱਲ ਰਹੇ ਹਨ ਅਤੇ ਵੀਕਐਂਡ ’ਤੇ ਵਾਵਰੋਲਿਆਂ ਰਾਹੀਂ ਵੱਡੀ ਤਬਾਹੀ ਹੋਣ ਦਾ ਖਦਸ਼ਾ ਜ਼ਾਹਰ ਕੀਤਾ ਗਿਆ ਹੈ।
ਸੜਕ ਹਾਦਸਿਆਂ ਵਿਚ 3 ਹਲਾਕ, ਦਰਜਨਾਂ ਜ਼ਖਮੀ
ਪੱਛਮੀ ਓਕਲਾਹੋਮਾ ਵਿਚ 48 ਫੁੱਟ ਲੰਮਾ ਟਰੱਕ ਚਲਾ ਰਹੇ ਚਾਰਲਸ ਡੈਨੀਅਲ ਦੀ ਹੈਰਾਨੀ ਦਾ ਕੋਈ ਟਿਕਾਣਾ ਨਾ ਰਿਹਾ ਜਦੋਂ ਹਵਾ ਦੇ ਜ਼ੋਰ ਅੱਗੇ ਟਰੱਕ ਕੀੜੀ ਦੀ ਚਾਲ ਅੱਗੇ ਵਧਣ ਲੱਗਾ। ਕਈ ਥਾਵਾਂ ’ਤੇ ਸੜਕ ਤੋਂ ਟੇਢੀਆਂ ਵਗਦੀਆਂ ਹਵਾਵਾਂ ਨੇ ਟਰੱਕ ਹੀ ਪਲਟਾ ਦਿਤੇ। ਓਕਲਾਹੋਮਾ ਦੇ ਸਟੌਰਮ ਪ੍ਰਡਿਕਸ਼ਨ ਸੈਂਟਰ ਦੇ ਬਿਲ ਬੰਟਿੰਗ ਨੇ ਦੱਸਿਆ ਕਿ ਮਾਰਚ ਮਹੀਨੇ ਦੌਰਾਨ ਅਜਿਹਾ ਮੌਸਮ ਕੋਈ ਗੈਰਸਾਧਾਰਣ ਗੱਲ ਨਹੀਂ ਪਰ ਲੋਕਾਂ ਨੂੰ ਬੇਹੱਦ ਜ਼ਰੂਰੀ ਹੋਣ ’ਤੇ ਹੀ ਘਰਾਂ ਬਾਹਰ ਨਿਕਲਣਾ ਚਾਹੀਦਾ ਹੈ। ਉਧਰ ਜੰਗਲਾਂ ਦੀ ਅੱਗ ਬੁਝਾਉਣ ਵਿਚ ਜੁਟੇ ਫਾਇਰ ਫਾਈਟਰਜ਼ ਦਾ ਕਹਿਣਾ ਸੀ ਕਿ ਤੂਫਾਨ ਕਾਰਨ ਅੱਗ ਬੁਝਣ ਦੀ ਬਜਾਏ ਹੋਰ ਤੇਜ਼ੀ ਨਾਲ ਫੈਲਦੀ ਜਾ ਰਹੀ ਹੈ ਅਤੇ ਹਾਲਾਤ ਕਾਬੂ ਹੇਠ ਲਿਆਉਣ ਵਿਚ ਸਮਾਂ ਲੱਗ ਸਕਦਾ ਹੈ।
ਓਕਲਾਹੋਮਾ ਵਿਚ 150 ਥਾਵਾਂ ’ਤੇ ਲੱਗੀ ਜੰਗਲਾਂ ਦੀ ਅੱਗ
ਕੁਝ ਥਾਵਾਂ ’ਤੇ ਸਮੁੰਦਰੀ ਤੂਫ਼ਾਨ ਤੋਂ ਵੀ ਤੇਜ਼ ਰਫ਼ਤਾਰ ਨਾਲ ਹਵਾਵਾਂ ਚੱਲਣ ਦੀ ਰਿਪੋਰਟ ਹੈ ਜਿਨ੍ਹਾਂ ਦੀ ਰਫ਼ਤਾਰ 160 ਕਿਲੋਮੀਟਰ ਪ੍ਰਤੀ ਘੰਟਾ ਤੱਕ ਦਰਜ ਕੀਤੀ ਗਈ। ਮਿਜ਼ੂਰੀ ਸੂਬੇ ਦੇ ਬੇਕਰਜ਼ਫੀਲਡ ਇਲਾਕੇ ਵਿਚ ਪੰਜ ਵਾਵਰੋਲੇ ਆਉਣ ਦੀ ਪੇਸ਼ੀਨਗੋਈ ਮਗਰੋਂ ਲੋਕਾਂ ਵਿਚ ਘਬਰਾਹਟ ਪੈਦਾ ਹੋ ਗਈ। ਹਾਲਾਤ ਦੀ ਗੰਭੀਰਤ ਨੂੰ ਵੇਖਦਿਆਂ ਲੋਕਾਂ ਨੂੰ ਤੁਰਤ ਸੁਰੱਖਿਅਤ ਟਿਕਾਣਿਆਂ ਵੱਲ ਜਾਣ ਦਾ ਸੁਝਾਅ ਦਿਤਾ ਗਿਆ ਹੈ।